You’re viewing a text-only version of this website that uses less data. View the main version of the website including all images and videos.
ਇਟਲੀ: ਡਰਾਈਵਰ ਨੇ ਬੱਚਿਆਂ ਨਾਲ ਭਰੀ ਸਕੂਲ ਬੱਸ ਅਗਵਾ ਕਰਕੇ ਲਗਾਈ ਅੱਗ
ਇਟਲੀ ਦੇ ਸ਼ਹਿਰ ਮਿਲਾਨ ਵਿੱਚ ਕਰੀਬ 51 ਬੱਚਿਆਂ ਨਾਲ ਭਰੀ ਸਕੂਲ ਬੱਸ ਨੂੰ ਉਸੇ ਦੇ ਡਰਾਈਵਰ ਨੇ ਅਗਵਾ ਕਰਕੇ ਅੱਗ ਲਗਾ ਦਿੱਤੀ।
ਕੁਝ ਬੱਚਿਆਂ ਨੂੰ ਵਿੱਚ ਬੰਨ੍ਹ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਬੱਸ ਦੀਆਂ ਟੁੱਟੀਆਂ ਪਿਛਲੀਆਂ ਖਿੜਕੀਆਂ ਰਾਹੀਂ ਬਚਾਇਆ ਗਿਆ। ਇਸ ਦੌਰਾਨ ਕਿਸੇ ਬੱਚੇ ਨੂੰ ਗੰਭੀਰ ਸੱਟ ਨਹੀਂ ਲੱਗੀ।
14 ਲੋਕਾਂ ਨੂੰ ਧੂੰਏ ਕਾਰਨ ਸਾਹ ਲੈਣ ਵਿੱਚ ਦਿੱਕਤ ਆਈ।
47 ਸਾਲਾ ਡਰਾਈਵਰ ਇਟਲੀ ਦੇ ਸੈਨੇਗਲ ਤੋਂ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਡਰਾਈਵਰ 'ਤੇ ਇਲਜ਼ਾਮ ਲੱਗੇ ਹਨ ਕਿ ਉਸ ਨੇ ਕਿਹਾ ਸੀ, "ਕੋਈ ਨਹੀਂ ਬਚੇਗਾ।"
ਮਿਲਾਨ ਦੇ ਸਰਕਾਰੀ ਵਕੀਲ ਫਰਾਂਸੈਸਕੋ ਗਰੈਕੋ ਨੇ ਕਿਹਾ, "ਇਹ ਚਮਤਕਾਰ ਹੈ ਨਹੀਂ ਤਾਂ ਇੱਕ ਕਤਲੇਆਮ ਹੋ ਸਕਦਾ ਸੀ।"
ਬੱਸ ਵਿੱਚ ਬੈਠੇ ਇੱਕ ਅਧਿਆਪਕ ਮੁਤਾਬਕ ਮੁਲਜ਼ਮ ਇਟਲੀ ਇਮੀਗ੍ਰੇਸ਼ਨ ਪਾਲਿਸੀ ਅਤੇ ਭੂ-ਮੱਧ ਸਾਗਰ ਵਿੱਚ ਪਰਵਾਸੀਆਂ ਦੀ ਮੌਤ ਤੋਂ ਨਾਰਾਜ਼ ਸੀ।
ਇਹ ਵੀ ਪੜ੍ਹੋ-
ਪੁਲਿਸ ਮੁਤਾਬਕ ਮੁਲਜ਼ਮਾ ਦਾ ਨਾਮ ਓਸੇਨੌ ਸਾਏ ਹੈ।
ਪੁਲਿਸ ਬੁਲਾਰੇ ਮਾਰਕੋ ਪਲਮੀਰੀ ਨੇ ਦੱਸਿਆ, "ਉਹ ਚੀਕ ਰਿਹਾ ਸੀ ਕਿ ਸਮੁੰਦਰ 'ਚ ਹੋ ਰਹੀਆਂ ਮੌਤਾਂ ਨੂੰ ਰੋਕੋ, ਮੈਂ ਕਤਲੇਆਮ ਨੂੰ ਅੰਜਾਮ ਦੇਵਾਂਗਾ।"
ਵਕੀਲ ਦਾ ਕਹਿਣਾ ਹੈ ਕਿ ਉਸ 'ਤੇ ਅਗਵਾ ਕਰਨ, ਸਮੂਹਿਕ ਹੱਤਿਆ, ਅੱਗ ਲਗਾਉਣ ਅਤੇ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਦੇ ਇਲਜ਼ਾਮ ਲੱਗਣਗੇ।
ਗਰੈਕੋ ਦਾ ਕਹਿਣਾ ਹੈ ਕਿ ਅਧਿਕਾਰੀ ਉਸ 'ਤੇ ਅੱਤਵਾਦ ਦੇ ਇਲਜ਼ਾਮ ਲਗਾਉਣ ਦਾ ਵੀ ਮੁਲੰਕਣ ਕਰ ਰਹੇ ਹਨ।
ਪ੍ਰੈਸ ਕਾਨਫਰੰਸ ਵਿੱਚ ਕਿਹਾ ਗਿਆ ਕਿ ਮੁਲਜ਼ਮ ਪਹਿਲਾਂ ਵੀ ਕੁੱਟਮਾਰ, ਨਸ਼ੇ 'ਚ ਡਰਾਈਵਿੰਗ, ਆਦਿ ਦਾ ਦੋਸ਼ੀ ਰਹਿ ਚੁੱਕਿਆ ਹੈ।
ਘਟਨਾ ਨੂੰ ਕਿਵੇਂ ਦਿੱਤਾ ਅੰਜਾਮ
ਬੱਚਿਆਂ ਦੀਆਂ ਦੋ ਕਲਾਸਾਂ ਅਤੇ ਉਨ੍ਹਾਂ ਦੇ ਸੁਪਰਵਾਈਜ਼ਰ ਨੂੰ ਸਕੂਲ ਤੋਂ ਜਿਮ ਲੈ ਕੇ ਜਾਇਆ ਜਾ ਰਿਹਾ ਸੀ।
ਡਰਾਈਵਰ ਨੇ ਅਚਾਨਕ ਰਸਤਾ ਬਦਲ ਲਿਆ ਅਤੇ ਉਹ ਮਿਲਾਨ ਏਅਰਪੋਰਟ ਵੱਲ ਤੁਰ ਪਿਆ।
ਜਦੋਂ ਮੁਲਜ਼ਮ ਨੇ ਬੱਚਿਆਂ ਨੂੰ ਚਾਕੂ ਨਾਲ ਧਮਕੀ ਦਿੱਤੀ ਤਾਂ ਰੈਮੀ ਨਾਮ ਦੇ 13 ਸਾਲਾ ਮੁੰਡੇ ਨੇ ਆਪਣੇ ਮਾਪਿਆਂ ਨੂੰ ਫੋਨ ਕੀਤਾ ਜਿਨ੍ਹਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਉਦੋਂ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਬੱਸ ਹੌਲੀ ਹੋਣ ਤੋਂ ਪਹਿਲਾਂ ਪੁਲਿਸ ਦੀਆਂ ਗੱਡੀਆਂ ਵਿੱਚ ਜਾ ਵੱਜੀ।
ਜਦੋਂ ਬੱਸ ਰੁਕੀ ਤਾਂ ਡਰਾਈਵਰ ਨੇ ਛਾਲ ਮਾਰੀ ਅਤੇ ਬੱਸ ਨੂੰ ਅੱਗ ਲਗਾ ਦਿੱਤੀ, ਉਸ ਨੇ ਪਹਿਲਾਂ ਅੰਦਰ ਪੈਟ੍ਰੋਲ ਛਿੜਕਿਆ ਸੀ।
ਪੁਲਿਸ ਪਿਛਲੀਆਂ ਖਿੜਕੀਆਂ ਦੇ ਸ਼ੀਸ਼ੇ ਤੋੜਨ 'ਚ ਸਫ਼ਲ ਰਹੀ ਅਤੇ ਇਸ ਤੋਂ ਪਹਿਲਾਂ ਕਿ ਬੱਸ ਅੱਗ ਦੀਆਂ ਲਪਟਾਂ 'ਚ ਘਿਰ ਜਾਂਦੀ ਪੁਲਿਸ ਨੇ ਸਾਰੇ ਬੱਚਿਆਂ ਨੂੰ ਬਾਹਰ ਕੱਢ ਲਿਆ।
ਏਐਫਪੀ ਖ਼ਬਰ ਏਜੰਸੀ ਮੁਤਾਬਕ, ਗ੍ਰਹਿ ਮੰਤਰਾਲੇ ਦੇ ਅਧਿਕਾਰੀ ਡਰਾਈਵਰ ਦੀ ਇਟਲੀ ਦੀ ਨਾਗਰਿਕਤਾ ਨੂੰ ਰੱਦ ਕਰਨ ਦੀਆਂ ਸੰਭਾਵਨਾਂ ਦੀ ਭਾਲ ਕਰ ਰਹੇ ਹਨ।
ਇਹ ਵੀ ਪੜ੍ਹੋ-
ਦਸੰਬਰ ਵਿੱਚ ਜਾਰੀ ਫਰਮਾਨ ਮੁਤਾਬਕ ਜੇਕਰ ਪਰਵਾਸੀ ਕੋਈ ਗੰਭੀਰ ਅਪਰਾਧ ਕਰਦੇ ਹਨ ਤਾਂ ਉਨ੍ਹਾਂ ਨੂੰ ਦੇਸ 'ਚੋਂ ਕੱਢਣਾ ਅਤੇ ਉਨ੍ਹਾਂ ਦੀ ਨਾਗਰਿਕਤਾ ਰੱਦ ਕਰਨਾ ਸੌਖਾ ਹੋ ਗਿਆ ਹੈ।
ਪਰਵਾਸੀਆਂ ਪ੍ਰਤੀ ਇਟਲੀ ਦਾ ਸਖ਼ਤ ਰੁਖ਼
ਜੂਨ ਵਿੱਚ ਸੱਤਾ 'ਚ ਆਈ ਸੱਜੇ ਪੱਖੀ ਲੀਗ ਪਾਰਟੀ ਅਤੇ ਫਾਈਵ ਸਟਾਰ ਮੁਹਿੰਮ ਨੇ ਇਮੀਗ੍ਰੇਸ਼ਨ ਦੇ ਖਿਲਾਫ ਮਜ਼ਬੂਤ ਰੁਖ਼ ਅਖ਼ਤਿਆਰ ਕੀਤਾ ਹੈ।
ਭੂ-ਮੱਧ ਸਾਗਰ ਰਾਹੀਂ ਯੂਰਪ ਵਿੱਚ ਦਾਖ਼ਲ ਹੋਣ ਵਾਲੇ ਪਰਵਾਸੀਆਂ ਦੇ ਰਾਹ ਵਿੱਚ ਪੈਂਦੀਆਂ ਇਟਲੀ ਨੇ ਆਪਣੀਆਂ ਬੰਦਰਗਾਹਾਂ ਨੂੰ ਬੰਦ ਕਰ ਦਿੱਤਾ ਹੈ।
ਮੰਗਲਵਾਰ ਨੂੰ ਲੀਬੀਆ ਦੇ ਤਟ ਤੋਂ ਇੱਕ ਰਬੜ ਦੀ ਬੇੜੀ 'ਚੋਂ ਚੈਰਿਟੀ ਜਹਾਜ਼ ਨੇ ਕਰੀਬ 50 ਲੋਕਾਂ ਨੂੰ ਬਚਾ ਕੇ ਲੈਂਪੇਡੂਸਾ ਦੀਪ 'ਤੇ ਪਹੁੰਚਾਇਆ।
ਇਟਲੀ ਦੇ ਅਧਿਕਾਰੀਆਂ ਨੇ ਆਦੇਸ਼ ਦਿੱਤਾ ਹੈ ਕਿ ਜਹਾਜ਼ ਨੂੰ ਜ਼ਬਤ ਕਰ ਲਿਆ ਜਾਵੇ ਅਤੇ ਗੁਪਤ ਪਰਵਾਸ 'ਚ ਮਦਦ ਲਈ ਇਸ ਦੀ ਜਾਂਚ ਕੀਤੀ ਜਾਵੇ।
ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕਰੀਬ 2 ਲੱਖ ਲੋਕਾਂ ਨੇ ਮਿਲਾਨ 'ਚ ਨਸਲਵਾਦ ਵਿਰੋਧੀ ਮਾਰਚ 'ਚ ਹਿੱਸਾ ਲਿਆ।