ਲੋਕਸਭਾ ਚੋਣਾਂ 2019: ਭਾਜਪਾ ਨੂੰ ਝਟਕਾ, ਦੋ ਦਿਨਾਂ 'ਚ 23 ਆਗੂਆਂ ਨੇ ਛੱਡੀ ਪਾਰਟੀ

ਭਾਰਤੀ ਜਨਤਾ ਪਾਰਟੀ ਨੂੰ ਨੌਰਥ-ਈਸਟ 'ਚ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਲੰਘੇ ਦੋ ਦਿਨਾਂ 'ਚ ਇਸਦੇ 23 ਆਗੂਆਂ ਨੇ ਪਾਰਟੀ ਛੱਡ ਦਿੱਤੀ ਹੈ।

ਇਕੱਲੇ ਅਰੁਣਾਚਲ ਪ੍ਰਦੇਸ਼ ਵਿੱਚ ਦੋ ਮੰਤਰੀਆਂ ਅਤੇ 6 ਵਿਧਾਇਕਾਂ ਸਣੇ 20 ਆਗੂਆਂ ਨੇ ਮੰਗਲਵਾਰ ਨੂੰ ਭਾਜਪਾ ਦਾ ਸਾਥ ਛੱਡ ਕੇ ਨੈਸ਼ਨਲ ਪੀਪਲਜ਼ ਪਾਰਟੀ (ਐੱਨਪੀਪੀ) ਨਾਲ ਹੱਥ ਮਿਲਾ ਲਿਆ ਹੈ।

ਗ੍ਰਹਿ ਮੰਤਰੀ ਕੁਮਾਰ ਵਾਈ, ਸੈਰ ਸਪਾਟਾ ਮੰਤਰੀ ਜਰਕਾਰ ਗਾਮਲਿਨ, ਭਾਜਪਾ ਦੇ ਜਨਰਲ ਸਕੱਤਰ ਜਰਪੁਮ ਗਾਮਬਿਨ ਸਣੇ ਵਿਧਾਇਕਾਂ ਦੇ ਪਾਰਟੀ ਛੱਡ ਐੱਨਪੀਪੀ 'ਚ ਜਾਣ ਨਾਲ ਹੁਣ ਸੂਬੇ ਦੀ ਵਿਧਾਨ ਸਭਾ 'ਚ ਐੱਨਪੀਪੀ ਦੇ ਵਿਧਾਇਕਾਂ ਦੀ ਗਿਣਤੀ 13 ਹੋ ਗਈ ਹੈ।

ਹਾਲਾਂਕਿ 60 ਮੈਂਬਰੀ ਵਿਧਾਨ ਸਭਾ 'ਚ ਹੁਣ ਵੀ ਭਾਜਪਾ ਕੋਲ 40 ਵਿਧਾਇਕਾਂ ਦਾ ਸਮਰਥਨ ਹਾਸਿਲ ਹੈ।

ਲੰਘੇ ਐਤਵਾਰ ਹੀ ਭਾਜਪਾ ਨੇ ਰਾਜ ਵਿਧਾਨ ਸਭਾ ਲਈ 54 ਸੀਟਾਂ 'ਤੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ।

ਅਰੁਣਾਚਲ ਪ੍ਰਦੇਸ਼ 'ਚ 11 ਅਪ੍ਰੈਲ ਨੂੰ ਚੋਣ

ਅਰੁਣਾਚਲ ਪ੍ਰਦੇਸ਼ ਵਿੱਚ 11 ਅਪ੍ਰੈਲ ਨੂੰ ਦੋ ਲੋਕਸਭਾ ਸੀਟਾਂ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਲਈ ਵੀ ਵੋਟਾਂ ਪੈਣਗੀਆਂ।

ਇਹ ਵੀ ਪੜ੍ਹੋ:-

ਈਟਾਨਗਰ 'ਚ ਮੀਡੀਆ ਨਾਲ ਗੱਲਬਾਤ ਦੌਰਾਨ ਐੱਨਪੀਪੀ ਦੇ ਜਨਰਲ ਸਕੱਤਰ ਥੌਮਸ ਸੰਗਮਾ ਨੇ ਕਿਹਾ ਕਿ ਐੱਨਪੀਪੀ ਹੁਣ 60 ਮੈਂਬਰੀ ਵਿਧਾਨ ਸਭਾ 'ਚ ਘੱਟੋ-ਘੱਟ 30-40 ਸੀਟਾਂ 'ਤੇ ਉਮੀਦਵਾਰ ਉਤਾਰਣ ਦੀ ਕੋਸ਼ਿਸ਼ ਕਰੇਗੀ।

ਉਨ੍ਹਾਂ ਨੇ ਕਿਹਾ, ''ਜੇ ਸਾਰੀਆਂ ਸੀਟਾਂ 'ਤੇ ਜਿੱਤ ਦਰਜ ਕਰਦੇ ਹਾਂ ਤਾਂ ਅਸੀਂ ਆਪਣੀ ਸਰਕਾਰ ਬਣਾਵਾਂਗੇ।''

ਮਣਿਪੁਰ, ਮੇਘਾਲਿਆ 'ਚ ਵੀ ਭਾਜਪਾ ਸਰਕਾਰ 'ਚ ਹੈ ਐੱਨਪੀਪੀ

ਫ਼ਿਲਹਾਲ ਸੂਬੇ 'ਚ ਐੱਨਪੀਪੀ ਅਤੇ ਭਾਜਪਾ ਦੇ ਗੱਠਜੋੜ ਦੀ ਸਰਕਾਰ ਹੈ। ਐੱਨਪੀਪੀ ਪੂਰਬੀ ਉੱਤਰ ਲੋਕਤੰਤਰਿਕ ਗੱਠਜੋੜ ਦੀ ਵੀ ਮੈਂਬਰ ਹੈ ਪਰ ਦੋਵੇਂ ਪਾਰਟੀਆਂ ਲੋਕ ਸਭਾ ਚੋਣਾਂ 'ਚ ਇਕੱਠੇ ਨਹੀਂ ਆ ਰਹੀਆਂ।

ਐੱਨਪੀਪੀ ਤੇ ਭਾਜਪਾ ਦੀ ਮਣਿਪੁਰ ਸਰਕਾਰ ਹੈ। ਨਾਗਾਲੈਂਡ 'ਚ ਵੀ ਇਹ ਭਾਜਪਾ ਅਤੇ ਐੱਨਡੀਪੀਪੀ ਦੀ ਅਗਵਾਈ ਵਾਲੀ ਸਰਕਾਰ ਦਾ ਹਿੱਸਾ ਹੈ।

ਤ੍ਰਿਪੁਰਾ 'ਚ ਭਾਜਪਾ ਦੇ ਉੱਪ-ਪ੍ਰਧਾਨ ਸੁਬਲ ਭੌਮਿਕ ਸਣੇ ਭਾਜਪਾ ਦੇ ਤਿੰਨ ਆਗੂ ਮੰਗਲਵਾਰ ਨੂੰ ਕਾਂਗਰਸ 'ਚ ਸ਼ਾਮਿਲ ਹੋ ਗਏ। ਕਾਂਗਰਸ 'ਚ ਸ਼ਾਮਿਲ ਦੋਵੇਂ ਆਗੂ ਸਾਬਕਾ ਮੰਤਰੀ ਹਨ।

ਕਾਂਗਰਸ 'ਚ ਸ਼ਾਮਿਲ ਹੋਣ ਤੋਂ ਬਾਅਦ ਭੌਮਿਕ ਨੇ ਕਿਹਾ ਕਿ ਕੁਝ ਲੋਕ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਲਈ ਟਿਕਟ ਦਿੱਤੇ ਜਾਣ ਦੇ ਖ਼ਿਲਾਫ਼ ਹਨ।

ਇਹ ਵੀ ਜ਼ਰੂਰ ਪੜ੍ਹੋ:

ਉਨ੍ਹਾਂ ਨੇ ਕਿਹਾ, ''ਮੈਂ ਉਸ ਪਾਰਟੀ 'ਤੇ ਬੋਝ ਨਹੀਂ ਬਣਨਾ ਚਾਹੁੰਦਾ ਜਿਸ 'ਚ ਲੋਕਤੰਤਰ ਨਹੀਂ ਹੈ ਇਸ ਲਈ ਮੈਂ ਕਾਂਗਰਸ 'ਚ ਮੁੜ ਜਾਣ ਦਾ ਫ਼ੈਸਲਾ ਕੀਤਾ ਹੈ।''

1970 ਦੇ ਦਹਾਕੇ ਦੇ ਅੰਤ ਤੱਕ ਭੌਮਿਕ ਕਾਂਗਰਸ 'ਚ ਸਨ। ਕਾਂਗਰਸ ਦੀ ਟਿਕਟ 'ਤੇ 2008 'ਚ ਉਹ ਵਿਧਾਇਕ ਬਣੇ।

2013 'ਚ ਰਾਜ ਵਿਧਾਨ ਸਭਾ 'ਚ ਕਾਂਗਰਸ ਦੀ ਹਾਰ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਾਰਟੀ ਪ੍ਰਗਤੀਸ਼ੀਲ ਗ੍ਰਾਮੀਣ ਕਾਂਗਰਸ ਦੇ ਗਠਨ ਲਈ ਕਾਂਗਰਸ ਨੂੰ ਛੱਡਿਆ। ਹਾਲਾਂਕਿ 2014 'ਚ ਉਹ ਭਾਜਪਾ 'ਚ ਸ਼ਾਮਿਲ ਹੋ ਗਏ ਸਨ।

ਨੌਰਥ ਈਸਟ 'ਚ ਰਾਹੁਲ ਨੇ ਕੀ ਕਿਹਾ?

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਸ਼ੁੱਕਰਵਾਰ ਨੂੰ ਤ੍ਰਿਪੁਰਾ 'ਚ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਮੋਦੀ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ।

ਰਾਹੁਲ ਗਾਂਧੀ ਨੇ ਕਿਹਾ, ''ਅਸੀਂ ਜਾਣਦੇ ਹਾਂ ਕਿ ਇੱਥੇ ਵੱਖ-ਵੱਖ ਤਰ੍ਹਾਂ ਦੀ ਮੁਸ਼ਕਿਲਾਂ ਹਨ, ਇਸ ਲਈ ਕਾਂਗਰਸ ਦੀ ਸਰਕਾਰ ਨੇ ਅਰੁਣਾਚਲ ਨੂੰ ਵਿਸ਼ੇਸ਼ ਦਰਜਾ ਦਿੱਤਾ ਸੀ, ਸਿਰਫ਼ ਦਰਜਾ ਹੀ ਨਹੀਂ ਦਿੱਤਾ ਸੀ, ਸਗੋਂ ਦਿਲ ਨਾਲ ਰਿਸ਼ਤਾ ਜੋੜਿਆ ਸੀ।"

"ਜੋ ਸਪੈਸ਼ਲ ਸਟੇਟਸ ਖੋਹਿਆ ਗਿਆ ਹੈ, ਉਸਨੂੰ ਅਸੀਂ ਲਾਗੂ ਕਰਾਂਗੇ। ਜਿਵੇਂ ਹੀ ਕੇਂਦਰ 'ਚ ਕਾਂਗਰਸ ਦੀ ਸਰਕਾਰ ਬਣੇਗੀ ਅਸੀਂ ਇਹ ਫ਼ੈਸਲਾ ਲਵਾਂਗੇ।''

ਕਾਂਗਰਸ ਪ੍ਰਧਾਨ ਨੇ ਕਿਹਾ, ''ਫ਼ੈਸਲਾ ਲੈਣ ਤੋਂ ਪਹਿਲਾਂ ਅਰੁਣਾਚਲ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਆਖ਼ਿਰ ਉਹ ਕੀ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰਾ ਇਹ ਮੰਨਣਾ ਹੈ ਕਿ ਫ਼ੈਸਲੇ ਸੂਬੇ ਦੇ ਹਿਸਾਬ ਨਾਲ ਹੋਣੇ ਚਾਹੀਦੇ ਹਨ।''

ਉਨ੍ਹਾਂ ਅੱਗੇ ਕਿਹਾ, ''ਭਾਜਪਾ ਨੌਰਥ-ਈਸਟ ਦੀ ਸੰਸਕ੍ਰਿਤੀ ਨੂੰ ਬਰਬਾਦ ਕਰਨਾ ਚਾਹੁੰਦੀ ਹੈ। ਇਹ ਭਾਜਪਾ ਅਤੇ ਆਰਐੱਸਐੱਸ ਦੀ ਸੋਚ ਹੈ।"

"ਜੋ ਲੋਕ ਆਰਐੱਸਐੱਸ ਨਾਲ ਜੁੜੇ ਹਨ, ਉਨ੍ਹਾਂ ਨੂੰ ਯੂਨੀਵਰਸਿਟੀਆਂ 'ਚ ਥਾਂ ਦਿੱਤੀ ਜਾ ਰਹੀ ਹੈ। ਆਰਐੱਸਐੱਸ ਦੇ ਲੋਕਾਂ ਨੂੰ ਚਾਂਸਲਰ ਬਣਾਇਆ ਜਾ ਰਿਹਾ ਹੈ।''

ਤੁਹਾਨੂੰ ਇਹ ਵੀਡੀਓਜ਼ ਵੀਪਸੰਦਆ ਸਕਦੀਆਂ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)