ਪਾਕਿਸਤਾਨ ਦੀ ਯੂਨੀਵਰਸਿਟੀ 'ਚ ਇਸਲਾਮ ਦੀ ਨਿੰਦਾ ਕਾਰਨ ਮਸ਼ਾਲ ਖ਼ਾਨ ਦੇ ਕਤਲ ਲਈ ਦੋ ਨੂੰ ਉਮਰ ਕੈਦ, ਦੋ ਰਿਹਾਅ

    • ਲੇਖਕ, ਅਜ਼ੀਜ਼ੁੱਲਾਹ ਖ਼ਾਨ
    • ਰੋਲ, ਬੀਬੀਸੀ ਉਰਦੂ

ਪਾਕਿਸਤਾਨ ਦੇ ਬਹੁ-ਚਰਚਿਤ ਮਸ਼ਾਲ ਖ਼ਾਨ ਕਤਲ ਕਾਂਡ ਵਿੱਚ ਅੱਤਵਾਦ ਵਿਰੋਧੀ ਅਦਾਲਤ ਨੇ ਦੋ ਲੋਕਾਂ ਨੂੰ ਉਮਰ ਕੈਦ ਦੀ ਸਜ਼ੀ ਸੁਣਾਈ ਹੈ ਜਦਕਿ ਬਾਕੀਆਂ ਨੂੰ ਬਰੀ ਕਰ ਦਿੱਤਾ ਹੈ।

ਇਹ ਘਟਨਾ ਪਖ਼ਤੂਨਖਵਾ ਸੂਬੇ ਦੀ ਹੈ। 13 ਅਪ੍ਰੈਲ 2017 ਨੂੰ ਮਰਦਾਨ ਸ਼ਹਿਰ ਦੀ ਅਬਦੁਲ ਵਲੀ ਖ਼ਾਨ ਯੂਨੀਵਰਸਿਟੀ ਵਿੱਚ ਕੁਝ ਵਿਦਿਆਰਥੀਆਂ ਨੇ ਇਸਲਾਮ ਦੀ ਨਿੰਦਾ ਦੇ ਇਲਜ਼ਾਮ ਵਿੱਚ ਮਸ਼ਾਲ ਖ਼ਾਨ ਦਾ ਕਤਲ ਕਰ ਦਿੱਤਾ ਸੀ।

ਉਮਰ ਕੈਦ ਦੀ ਸਜ਼ਾ ਮਿਲਣ ਵਾਲਿਆਂ ਵਿੱਚ ਪਾਕਿਸਤਾਨ ਦੀ ਸੱਤਾ ਧਿਰ ਸਿਆਸੀ ਪਾਰਟੀ ਤਿਹਰੀਕ-ਏ-ਇਨਸਾਫ਼ ਦੇ ਤਹਿਸੀਲ ਕਾਉਂਸਲਰ ਆਰਿਫ਼ ਖ਼ਾਨ ਵੀ ਹਨ।

ਅਦਾਲਤ ਦਾ ਇਹ ਫ਼ੈਸਲਾ ਉਨ੍ਹਾਂ 4 ਲੋਕਾਂ ਬਾਰੇ ਸੀ ਜੋ ਫਰਵਰੀ 2018 ਨੂੰ ਪਹਿਲੀ ਸੁਣਵਾਈ ਦੌਰਾਨ ਅਦਾਲਤ ਤੋਂ ਫਰਾਰ ਹੋ ਗਏ ਸਨ।

25 ਨੂੰ ਚਾਰ ਸਾਲ ਦੀ ਸਜ਼ਾ ਅਤੇ 26 ਬਰੀ

ਇਸ ਮਾਮਲੇ ਵਿੱਚ 57 ਵਿਅਕਤੀ ਕਾਬੂ ਕੀਤੇ ਗਏ ਸਨ, ਜਿਨ੍ਹਾਂ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਕਰਮਚਾਰੀ ਸ਼ਾਮਲ ਸਨ।

ਇਹ ਵੀ ਪੜ੍ਹੋ-

ਫਰਵਰੀ 2018 ਦੀ ਸ਼ੁਰੂਆਤ ਵਿੱਚ ਅੱਤਵਾਦ-ਵਿਰੋਧੀ ਅਦਾਲਤ ਐਬਟਾਬਾਦ ਨੇ ਮੁੱਖ ਮੁਲਜ਼ਮ ਇਮਰਾਨ ਨੂੰ ਮੌਤ ਦੀ ਸਜ਼ੀ ਸੁਣਾਈ ਸੀ ਜਦਕਿ ਪੰਜ ਹੋਰ - ਬਿਲਾਲ ਬਖ਼ਸ਼, ਫਜ਼ਲ ਰਾਜ਼ਿਕ, ਮੁਜੀਬੁਲਾਹ, ਅਸ਼ਫਾਕ ਖ਼ਾਨ ਅਤੇ ਮੁਦਿਸਰ ਬਸ਼ੀਰ - ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਇਸ ਦੇ ਨਾਲ ਹੀ ਇਨ੍ਹਾਂ ਸਾਰਿਆਂ ਨੂੰ ਡੇਢ-ਡੇਢ ਲੱਖ ਰੁਪਏ ਜੁਰਮਾਨਾ ਵੀ ਲਗਾਇਆ ਸੀ।

ਇਨ੍ਹਾਂ ਤੋਂ ਇਲਾਵਾ 25 ਵਿਅਕਤੀਆਂ ਨੂੰ ਚਾਰ ਸਾਲ ਦੀ ਸਜ਼ਾ ਅਤੇ 26 ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ:-

ਇਸ ਵਾਰਦਾਤ ਨੂੰ ਯੂਨੀਵਰਸਿਟੀ ਵਿੱਚ ਹੀ ਅੰਜਾਮ ਦਿੱਤਾ ਗਿਆ ਸੀ ਅਤੇ ਇਸ ਦੀ ਮੌਬਾਈਲ 'ਤੇ ਵੀਡੀਓ ਵੀ ਬਣਾਈ ਗਈ ਸੀ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵੱਡੇ ਪੱਧਰ 'ਤੇ ਫੈਲਾਇਆ ਗਿਆ ਸੀ ਅਤੇ ਅਖ਼ੀਰ ਇਸੇ ਨੇ ਦੋਸ਼ੀਆਂ ਨੂੰ ਪਛਾਣਨ ਵਿੱਚ ਮਦਦ ਵੀ ਕੀਤੀ ਸੀ।

ਮਸ਼ਾਲ ਖ਼ਾਨ ਕੌਣ ਸੀ?

ਮਸ਼ਾਲ ਖ਼ਾਨ 26 ਮਾਰਚ 1992 ਨੂੰ ਜ਼ਿਲ੍ਹਾ ਸਵਾਬੀ ਦੇ ਪਿੰਡ ਜ਼ੈਦਾ ਵਿੱਚ ਪੈਦਾ ਹੋਏ ਸਨ। ਚਾਰ ਭੈਣਾਂ ਅਤੇ ਭਰਾਵਾਂ ਵਿੱਚੋਂ ਉਹ ਸਭ ਤੋਂ ਹੁਸ਼ਿਆਰ ਸਨ।

ਲੰਮੇ ਕੱਦ, ਸੂਝ-ਸਿਆਣਪ ਤੇ ਪੜ੍ਹਾਈ-ਲਿਖਾਈ ਕਰਕੇ ਉਹਨਾਂ ਦੀ ਅਬਦੁਲ ਵਲੀ ਖ਼ਾਨ ਯੂਨੀਵਰਸਿਟੀ ਵਿੱਚ ਵੱਖਰੀ ਪਛਾਣ ਬਣੀ ਹੋਈ ਸੀ।

ਇਸ ਯੂਨੀਵਰਸਿਟੀ ਵਿੱਚ ਪੱਤਰਕਾਰੀ ਵਿਭਾਗ ਵਿੱਚ ਛੇਵੇਂ ਸਮੈਸਟਰ ਦੇ ਵਿਦਿਆਰਥੀ ਮਸ਼ਾਲ ਇੱਕ ਵਾਰ ਰੂਸ ਵੀ ਜਾ ਚੁੱਕੇ ਸਨ।

ਉਹ ਚੈਖ਼ਵ ਯੂਨੀਵਰਸਿਟੀ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਗਏ ਸਨ ਪਰ ਪਿਤਾ ਦੀ ਮੁਰਾਦ ਪੂਰੀ ਨਾ ਹੋ ਸਕੀ।

ਮਸ਼ਾਲ ਦਾ ਮੰਨਣਾ ਸੀ ਕਿ ਉਹਨਾਂ ਅੰਦਰ ਇੱਕ ਕਵੀ ਤੇ ਲੇਖਕ ਵਸਦਾ ਹੈ। ਇਸੇ ਕਰਕੇ ਉਹ ਇੰਜੀਨੀਅਰਿੰਗ ਵਿਚਾਲੇ ਛੱਡ ਕੇ ਵਤਨ ਪਰਤ ਆਏ ਸਨ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)