ਪਾਕਿਸਤਾਨ: ਆਸੀਆ ਬੀਬੀ ਹੋਈ ਰਿਹਾਅ ਪਰ ਮੰਜ਼ਿਲ 'ਤੇ ਸਵਾਲ ਬਾਕੀ

ਪਾਕਿਸਤਾਨ 'ਚ ਈਸ਼ ਨਿੰਦਾ ਦੇ ਇਲਜ਼ਾਮ ਤੋਂ ਬਰੀ ਹੋ ਚੁੱਕੀ ਈਸਾਈ ਔਰਤ ਆਸੀਆ ਬੀਬੀ ਦੇ ਵਕੀਲ ਨੇ ਦੱਸਿਆ ਹੈ ਕਿ ਆਸੀਆ ਨੂੰ ਜੇਲ੍ਹ 'ਚੋਂ ਰਿਹਾਅ ਕਰ ਦਿੱਤਾ ਗਿਆ ਹੈ।

ਹੇਠਲੀ ਅਦਾਲਤ ਵੱਲੋਂ ਮਿਲੀ ਮੌਤ ਦੀ ਸਜ਼ਾ ਦੇ ਖਿਲਾਫ ਅਪੀਲ 'ਚ ਸੁਪਰੀਮ ਕੋਰਟ ਨੇ ਉਸ ਨੂੰ ਪਿਛਲੇ ਮਹੀਨੇ ਬਰੀ ਕੀਤਾ ਸੀ। ਕੱਟੜਪੰਥੀਆਂ ਨੂੰ ਇਹ ਗੱਲ ਨਹੀਂ ਜਚੀ, ਇਸ ਲਈ ਉਹ ਲਗਾਤਾਰ ਹਿੰਸਕ ਮੁਜ਼ਾਹਰੇ ਕਰ ਰਹੇ ਹਨ।

ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਅਫਸਰ ਮੁਤਾਬਕ ਆਸੀਆ ਬੀਬੀ ਦੇਸ ਛੱਡ ਕੇ ਨਹੀਂ ਗਈ ਹੈ।

ਸਰਕਾਰ ਨੇ ਪ੍ਰਦਰਸ਼ਨਕਾਰੀਆਂ ਨਾਲ ਕਥਿਤ ਤੌਰ 'ਤੇ ਗੱਲਬਾਤ ਤੋਂ ਬਾਅਦ ਇਹ ਕਿਹਾ ਸੀ ਕਿ ਉਹ ਆਸੀਆ ਨੂੰ ਦੇਸ ਛੱਡ ਕੇ ਨਹੀਂ ਜਾਣ ਦੇਵੇਗੀ।

ਆਸੀਆ ਨੇ ਉੰਝ ਵੀ ਪੈਗੰਬਰ ਮੁਹੰਮਦ ਦੀ ਨਿਖੇਧੀ ਦੇ ਇਲਜ਼ਾਮ 'ਚ ਅੱਠ ਸਾਲ ਇਕੱਲੇ ਜੇਲ੍ਹ ਦੀ ਕੋਠੜੀ 'ਚ ਕੱਟੇ ਹਨ।

ਇਹ ਵੀ ਜ਼ਰੂਰ ਪੜ੍ਹੋ

ਆਸੀਆ ਦੇ ਪਤੀ ਨੇ ਆਪਣੇ ਪਰਿਵਾਰ ਨੂੰ ਖ਼ਤਰਾ ਦੱਸਦਿਆਂ ਕਈ ਦੇਸ਼ਾਂ ਤੋਂ ਸ਼ਰਨ ਮੰਗੀ ਸੀ ਅਤੇ ਕਈ ਦੇਸ਼ਾਂ ਨੇ ਸ਼ਰਨ ਦੇਣ ਵੱਲ ਇਸ਼ਾਰਾ ਵੀ ਕੀਤਾ ਸੀ।

ਉਨ੍ਹਾਂ ਦੇ ਵਕੀਲ ਸੈਫ਼-ਉਲ-ਮੁਲੂਕ, ਜੋ ਆਪ ਵੀ ਨੀਦਰਲੈਂਡ 'ਚ ਸ਼ਰਨ ਲੈ ਚੁੱਕੇ ਹਨ, ਨੇ ਕਿਹਾ ਕਿ ਆਸੀਆ ਨੂੰ ਮੁਲਤਾਨ ਜੇਲ੍ਹ 'ਚੋਂ ਰਿਹਾਅ ਕਰ ਦਿੱਤਾ ਗਿਆ ਹੈ।

ਕੀ ਹੈ ਆਸੀਆ ਮਾਮਲਾ

  • ਆਸੀਆ ਬੀਬੀ ਜਿਨ੍ਹਾਂ ਦਾ ਪੂਰਾ ਨਾਮ ਆਸੀਆ ਨੋਰੀਨ ਹੈ, ਉਨ੍ਹਾਂ ਦਾ ਸਾਲ 2009 ਦੇ ਜੂਨ ਮਹੀਨੇ ਵਿੱਚ ਕੁਝ ਔਰਤਾਂ ਨਾਲ ਝਗੜਾ ਹੋ ਗਿਆ ਸੀ।
  • ਇਹ ਝਗੜਾ ਪਾਣੀ ਦੀ ਇੱਕ ਬਾਲਟੀ ਨੂੰ ਲੈ ਕੇ ਹੋਇਆ ਸੀ। ਔਰਤਾਂ ਦਾ ਕਹਿਣਾ ਸੀ ਕਿ, ਕਿਉਂਕਿ ਆਸੀਆ ਨੇ ਪਾਣੀ ਲੈਣ ਲਈ ਕੱਪ ਦੀ ਵਰਤੋਂ ਕੀਤੀ ਹੈ ਇਸ ਲਈ ਹੁਣ ਉਹ ਇਹ ਪਾਣੀ ਇਸਤੇਮਾਲ ਨਹੀਂ ਕਰ ਸਕਦੀਆਂ ਕਿਉਂਕਿ ਇਹ ਭਿੱਟਿਆ ਗਿਆ ਹੈ।
  • ਸਰਾਕਾਰੀ ਪੱਖ ਦਾ ਇਲਜ਼ਾਮ ਸੀ ਕਿ ਔਰਤਾਂ ਨੇ ਆਸੀਆ ਨੂੰ ਦੀਨ ਕਬੂਲਣ ਲਈ ਕਿਹਾ ਜਿਸ ਦੇ ਜੁਆਬ ਵਿੱਚ ਆਸੀਆ ਨੇ ਪੈਗੰਬਰ ਮੁਹੰਮਦ ਖਿਲ਼ਾਫ ਮਾੜੀ ਟਿੱਪਣੀ ਕਰ ਦਿੱਤੀ।
  • ਇਸ ਤੋਂ ਬਾਅਦ ਇਲਜ਼ਾਮ ਲਾਉਣ ਵਾਲਿਆਂ ਨੇ ਕਿਹਾ ਕਿ ਆਸੀਆ ਨੂੰ ਉਨ੍ਹਾਂ ਦੇ ਘਰ ਵਿੱਚ ਹੀ ਕੁੱਟਿਆ ਗਿਆ ਜਿਸ ਮਗਰੋਂ ਆਸੀਆ ਨੇ ਈਸ਼ ਨਿੰਦਾ ਮੰਨ ਲਈ। ਆਸੀਆ ਨੂੰ ਪੁਲਿਸ ਦੀ ਜਾਂਚ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ।

ਈਸ਼ ਨਿੰਦਾ ਅਤੇ ਧਰੁਵੀਕਰਨ

ਇਸਲਾਮ ਪਾਕਿਸਤਾਨ ਦਾ ਕੌਮੀ ਧਰਮ ਹੈ ਅਤੇ ਉੱਥੋਂ ਦੇ ਕਾਨੂੰਨੀ ਨਿਜ਼ਾਮ ਦਾ ਧੁਰਾ ਹੈ। ਈਸ਼ ਨਿੰਦਾ ਖਿਲਾਫ਼ ਲੋਕਾਂ ਦੀ ਕਾਫੀ ਹਮਾਇਤ ਹੈ।

ਕੱਟੜਪੰਥੀ ਪਾਰਟੀਆਂ ਅਕਸਰ ਆਪਣਾ ਲੋਕ ਅਧਾਰ ਵਧਾਉਣ ਲਈ ਅਜਿਹੇ ਕੇਸਾਂ ਵਿੱਚ ਸਖ਼ਤ ਸਜ਼ਾ ਦੀ ਮੰਗ ਕਰਦੀਆਂ ਹਨ।

ਜਦਕਿ ਆਲੋਚਕਾਂ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਵਿੱਚ ਕਾਨੂੰਨ ਨੂੰ ਨਿੱਜੀ ਬਦਲਾ ਲੈਣ ਲਈ ਵਰਤਿਆ ਜਾਂਦਾ ਹੈ ਅਤੇ ਬਿਨਾਂ ਠੋਸ ਸਬੂਤਾਂ ਦੇ ਵੀ ਸਜ਼ਾ ਸੁਣਾਈ ਜਾਂਦੀ ਹੈ।

ਜਿਨ੍ਹਾਂ ਲੋਕਾਂ ਨੂੰ ਸਜ਼ਾ ਦਿੱਤੀ ਗਈ ਹੈ ਉਨ੍ਹਾਂ ਵਿੱਚੋਂ ਬਹੁਤੇ ਲੋਕ ਅਹਿਮਦੀਆ ਭਾਈਚਾਰੇ ਨਾਲ ਸੰਬੰਧਿਤ ਸਨ ਪਰ 1990 ਦੇ ਦਹਾਕੇ ਤੋਂ ਬਾਅਦ ਬਹੁਤ ਸਾਰੇ ਈਸਾਈਆਂ ਨੂੰ ਵੀ ਸਜ਼ਾਵਾਂ ਦਿੱਤੀਆਂ ਗਈਆਂ ਹਨ।

ਪਾਕਿਸਤਾਨ ਵਿੱਚ ਈਸਾਈਆਂ ਦੀ ਵਸੋਂ ਕੁੱਲ ਜਨਸੰਖਿਆ ਦਾ ਮਹਿਜ਼ 1.6 ਫੀਸਦੀ ਹੈ।

ਇਹ ਵੀ ਜ਼ਰੂਰ ਪੜ੍ਹੋ

ਈਸਾਈ ਭਾਈਚਾਰੇ ਦੇ ਬਹੁਤ ਸਾਰੇ ਲੋਕ ਪਾਕਿਸਤਾਨ ਦੇ ਅਸਹਿਣਸ਼ੀਲਤਾ ਵਾਲੇ ਮਾਹੌਲ ਕਰਕੇ ਦੇਸ ਛੱਡਣ ਲਈ ਮਜ਼ਬੂਰ ਹੋਏ ਹਨ।

ਸਾਲ 1990 ਤੋਂ ਬਾਅਦ ਈਸ਼ ਨਿੰਦਾ ਦੇ ਮਾਮਲਿਆਂ ਵਿੱਚ ਘੱਟੋ-ਘੱਟ 65 ਲੋਕਾਂ ਦੀਆਂ ਮੌਤਾਂ ਰਿਪੋਰਟ ਹੋਈਆਂ ਹਨ।

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER,YouTube 'ਤੇ ਜੁੜੋ)