'ਇਸਲਾਮ ਦੀ ਬੇਅਦਬੀ ਦੇ ਕਨੂੰਨ ਦਾ ਹੁੰਦਾ ਹੈ ਗਲਤ ਇਸਤੇਮਾਲ'

ਕੀ ਪਾਕਿਸਤਾਨ ਵਿੱਚ ਇਸਲਾਮ ਦੀ ਬੇਅਦਬੀ ਦੇ ਕਨੂੰਨ ਵਿੱਚ ਸੁਧਾਰ ਆਏਗਾ?

ਜਿਸ ਕਨੂੰਨ ਨੂੰ ਆਲੋਚਕਾਂ ਦੀ ਨਜ਼ਰ ਵਿੱਚ ਨਿੱਜੀ ਰੰਜਿਸ਼ ਲਈ ਵੱਧ ਇਸਤੇਮਾਲ ਕੀਤਾ ਜਾਂਦਾ ਹੈ।

ਇਸ ਸਾਲ ਯੂਨੀਵਰਸਿਟੀ ਦੇ ਵਿਦਿਆਰਥੀ ਮਸ਼ਾਲ ਖ਼ਾਨ ਦੇ ਕਤਲ ਤੋਂ ਬਾਅਦ ਉਮੀਦ ਜਗੀ ਸੀ ਕਿ ਸਰਕਾਰ ਇਸ ਕਨੂੰਨ ਵਿੱਚ ਸੁਧਾਰ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰੇਗੀ।

6 ਮਹੀਨੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਕੁਝ ਖ਼ਾਸ ਕੰਮ ਨਹੀਂ ਹੋਇਆ।

ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਨੇ ਪਾਕਿਸਤਾਨ 'ਚ ਇਸਲਾਮ ਦੀ ਬੇਅਦਬੀ ਦੇ ਕਨੂੰਨ ਨਾਲ ਜੁੜੇ ਦੋ ਬਹੁ-ਚਰਚਿਤ ਮਾਮਲਿਆਂ ਦਾ ਜਾਇਜ਼ਾ ਲਿਆ।

ਮਸ਼ਾਲ ਦੇ ਪਿਤਾ ਨਾਲ ਮੁਲਾਕਾਤ

ਹਾਲ ਵਿੱਚ ਹੀ ਮੈਂ ਇਕਬਾਲ ਖ਼ਾਨ ਨੂੰ ਮਿਲਣ ਦੇ ਲਈ ਹਰੀਪੁਰ ਗਈ। ਹਰੀਪੁਰ ਇਸਲਾਮਾਬਾਦ ਦੇ ਉੱਤਰ-ਪੱਛਮ 'ਚ ਸਥਿਤ ਹੈ।

ਇਕਬਾਲ ਖ਼ਾਨ ਦੇ ਪੁੱਤਰ ਮਸ਼ਾਲ 'ਤੇ ਇਸਲਾਮ ਦੀ ਬੇਅਦਬੀ ਦੇ ਇਲਜ਼ਾਮ ਲੱਗੇ ਸੀ ਅਤੇ ਅਪ੍ਰੈਲ ਵਿੱਚ ਭੀੜ ਨੇ ਯੂਨੀਵਰਸਿਟੀ ਕੈਂਪਸ ਵਿੱਚ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।

ਮਸ਼ਾਲ ਖ਼ਾਨ ਦੇ ਪਿਤਾ ਨਾਲ ਇਹ ਮੇਰੀ ਪਹਿਲੀ ਮੁਲਾਕਾਤ ਸੀ।

ਜਦੋਂ ਮੈਂ ਉੱਥੇ ਪਹੁੰਚੀ ਤਾਂ ਮੈਂ ਖੁਦ ਨੂੰ ਹਮਦਰਦੀ ਤੇ ਮਨੁੱਖੀ ਜਜ਼ਬਾਤਾਂ ਦੇ ਸਮੁੰਦਰ ਵਿੱਚ ਡੁਬੋ ਲਿਆ। ਕਿਉਂਕਿ ਮੈਂ ਉਸ ਸ਼ਖਸ ਨਾਲ ਮਿਲਣ ਜਾ ਰਹੀ ਸੀ, ਜੋ ਇੱਕ ਦਰਦਨਾਕ ਤੇ ਦੁਖਦਾਈ ਤਜਰਬੇ ਵਿੱਚੋਂ ਲੰਘਿਆ ਸੀ।

ਪਰ ਮੈਂ ਇਹ ਵੀ ਜਾਣਦੀ ਸੀ ਕਿ ਇਕਬਾਲ ਖ਼ਾਨ ਵਿੱਚ ਉੱਭਰਨ ਦੀ ਸ਼ਕਤੀ ਸੀ।

ਜਿਸ ਦਿਨ ਉਨ੍ਹਾਂ ਦੇ ਹੋਨਹਾਰ ਪੁੱਤਰ ਨੂੰ ਭੀੜ ਨੇ ਕਤਲ ਕਰ ਦਿੱਤਾ ਸੀ, ਉਸ ਦਿਨ ਵੀ ਇਕਬਾਲ ਖ਼ਾਨ ਨੇ ਇੱਕ ਪਲ਼ ਲਈ ਵੀ ਆਪਣਾ ਦਿਮਾਗੀ ਤਵਾਜ਼ਨ ਨਹੀਂ ਗੁਆਇਆ ਸੀ।

ਮੈਨੂੰ ਉਹ ਦਿਨ ਯਾਦ ਹੈ। ਮੈਂ ਉਨ੍ਹਾਂ ਤੋਂ ਕਾਫੀ ਪ੍ਰਭਾਵਿਤ ਹੋਈ ਸੀ।

ਮੀਡੀਆ ਨਾਲ ਗੱਲਬਾਤ ਕਰਨ ਦੌਰਾਨ ਉਨ੍ਹਾਂ ਨੇ ਆਪਣੇ ਜਜ਼ਬਾਤਾਂ ਨੂੰ ਕਾਬੂ ਵਿੱਚ ਰੱਖਿਆ ਅਤੇ ਇੱਕ ਹੰਝੂ ਤੱਕ ਨਹੀਂ ਵਹਾਇਆ ਸੀ।

ਇਨਸਾਫ਼ ਲਈ ਪੱਕਾ ਇਰਾਦਾ

"ਇਕਬਾਲ ਖ਼ਾਨ ਨਾਲ ਮੇਰੀ ਮੁਲਾਕਾਤ ਹਰੀਪੁਰ ਜੇਲ੍ਹ ਦੇ ਬਾਹਰ ਹੋਈ।

ਉੱਥੇ ਉਹ ਆਪਣੇ ਪੁੱਤਰ ਦੇ ਕਤਲ ਮਾਮਲੇ ਦੀ ਸੁਣਵਾਈ ਲਈ ਆਏ ਹੋਏ ਸਨ। ਜੋ ਕਿ ਬੀਤੇ 6 ਮਹੀਨਿਆਂ ਦੀ ਪਹਿਲੀ ਕਨੂੰਨੀ ਪ੍ਰਕਿਰਿਆ ਸੀ।

ਤਕਰੀਬਨ 57 ਲੋਕਾਂ 'ਤੇ ਇਲਜ਼ਾਮ ਲੱਗੇ ਸੀ। ਇਸ ਮਾਮਲੇ ਦੀ ਕਈ ਸਾਲ ਲੰਬੇ ਚੱਲਣ ਦੀ ਉਮੀਦ ਹੈ।

ਇਕਬਾਲ ਖ਼ਾਨ ਨੇ ਆਪਣੇ ਪੁੱਤਰ ਨੂੰ ਇਨਸਾਫ਼ ਦੁਵਾਉਣ ਦਾ ਪੱਕਾ ਇਰਾਦਾ ਕਰ ਲਿਆ ਹੈ।

ਉਨ੍ਹਾਂ ਕਿਹਾ, "ਇਸ ਦੇਸ ਦੇ ਇਤਿਹਾਸ ਵਿੱਚ ਕਦੇ ਵੀ ਇਨਸਾਫ਼ ਨਹੀਂ ਕੀਤਾ ਗਿਆ। ਮੈਂ ਇਹ ਪੱਕਾ ਕਰਨਾ ਚਾਹੁੰਦਾ ਹਾਂ ਕਿ ਕਿਤੇ ਇਨਸਾਫ਼ ਦਾ ਵੀ ਮਸ਼ਾਲ ਵਾਂਗ ਕਤਲ ਨਾ ਕੀਤਾ ਜਾਏ। ਇਹ ਸਰਕਾਰ ਤੇ ਅਦਾਲਤ ਦੋਵਾਂ ਦੀ ਪ੍ਰੀਖਿਆ ਹੋਵੇਗੀ।"

ਇਕਬਾਲ ਖ਼ਾਨ ਨੇ ਅੱਗੇ ਕਿਹਾ, "ਜੇਕਰ ਇਸ ਮਾਮਲੇ ਵਿੱਚ ਇਨਸਾਫ਼ ਹੋਇਆ ਤਾਂ ਇਹ ਇੱਕ ਮਿਸਾਲ ਹੋਵੇਗੀ। ਇਸ ਨਾਲ ਪੂਰੀ ਦੁਨੀਆਂ ਵਿੱਚ ਦੇਸ ਦੇ ਅਕਸ ਵਿੱਚ ਵੀ ਸੁਧਾਰ ਹੋਵੇਗਾ।"

ਗੰਭੀਰ ਅੰਕੜੇ

ਪਾਕਿਸਤਾਨ ਵਿੱਚ 1991 'ਚ ਇਸਲਾਮ ਦੀ ਬੇਅਦਬੀ ਦਾ ਕਨੂੰਨ ਲਿਆਇਆ ਗਿਆ।

ਹੁਣ ਤੱਕ 2500 ਲੋਕਾਂ ਦੀ ਮੌਤ ਇਸਲਾਮ ਦੀ ਬੇਅਦਬੀ ਨਾਲ ਜੁੜੀ ਹਿੰਸਾ ਦੌਰਾਨ ਹੋ ਚੁੱਕੀ ਹੈ।

ਆਲੋਚਕਾਂ ਦਾ ਮੰਨਣਾ ਹੈ ਕਿ ਲੋਕ ਇਸ ਕਨੂੰਨ ਦੀ ਵਰਤੋਂ ਆਪਣੀ ਨਿੱਜੀ ਰੰਜਿਸ਼ ਲਈ ਵੀ ਕਰਦੇ ਹਨ।

ਇਕਬਾਲ ਖ਼ਾਨ ਤਾਜ਼ਾ ਪੀੜ੍ਹਤ ਹਨ। ਜਿਨ੍ਹਾਂ ਨੇ ਝੁੱਕਣ ਤੋਂ ਇਨਕਾਰ ਕਰ ਦਿੱਤਾ ਅਤੇ ਕਨੂੰਨ ਦੇ ਖ਼ਿਲਾਫ਼ ਆਵਾਜ਼ ਚੁੱਕੀ।

ਨਾਲ ਹੀ ਕਨੂੰਨ ਵਿੱਚ ਸੁਧਾਰ ਕਰਨ ਦੀ ਵੀ ਵਕਾਲਤ ਕੀਤੀ।

ਪਾਕਿਸਤਾਨ ਦਾ ਇਤਿਹਾਸ ਸਾਨੂੰ ਦੱਸਦਾ ਹੈ ਕਿ ਇਹ ਲੜਾਈ ਲੰਬੀ ਚੱਲੇਗੀ।

ਨਾਲ ਹੀ ਜਜ਼ਬਾਤੀ ਅਤੇ ਸਰੀਰਕ ਤੌਰ 'ਤੇ ਬੁਰੇ ਤਰੀਕੇ ਨਾਲ ਪ੍ਰਭਾਵਿਤ ਵੀ ਕਰੇਗੀ।

ਅਤੇ ਸੰਭਾਵਿਤ ਤੌਰ 'ਤੇ ਖ਼ਤਰਨਾਕ ਵੀ ਹੋ ਸਕਦੀ ਹੈ।

ਆਸਿਆ ਦੀ ਲੰਬੀ ਉਡੀਕ

ਈਸਾਈ ਮਹਿਲਾ ਆਸਿਆ ਬੀਬੀ ਨਾਲ ਜੁੜਿਆ ਇੱਕ ਹੋਰ ਇਸਲਾਮ ਦੀ ਬੇਅਦਬੀ ਦਾ ਬਹੁ-ਚਰਚਿਤ ਮਾਮਲਾ ਬੀਤੇ 9 ਸਾਲਾਂ ਤੋਂ ਅਦਾਲਤ ਵਿੱਚ ਚੱਲ ਰਿਹਾ ਹੈ।

ਪੰਜ ਬੱਚਿਆਂ ਦੀ ਮਾਂ ਆਸਿਆ ਆਪਣੇ ਪਿੰਡ ਦੇ ਫਾਰਮ ਵਿੱਚ ਕੰਮ ਕਰਦੀ ਸੀ।

ਇੱਕ ਦਿਨ ਉਸਦਾ ਕਥਿਤ ਤੌਰ 'ਤੇ ਇੱਕੋ ਗਿਲਾਸ ਵਿੱਚ ਪਾਣੀ ਪੀਣ ਨੂੰ ਲੈ ਕੇ ਮੁਸਲਿਮ ਸਹ-ਕਰਮੀਆਂ ਨਾਲ ਝਗੜਾ ਹੋ ਗਿਆ।

ਕੁਝ ਦਿਨਾਂ ਬਾਅਦ ਸਥਾਨਕ ਮਸਜਿਦ ਦੇ ਮੌਲਵੀ ਨੇ ਆਸਿਆ 'ਤੇ ਪੈਂਗਬਰ ਮੁਹੰਮਦ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਇਸਤੇਮਾਲ ਕਰਨ ਦਾ ਇਲਜ਼ਾਮ ਲਾਇਆ।

ਅਤੇ ਉਸਦੇ ਖਿਲਾਫ਼ ਇਸਲਾਮ ਦੀ ਬੇਅਦਬੀ ਕਨੂੰਨ ਤਹਿਤ ਮਾਮਲਾ ਦਰਜ ਕਰਵਾਇਆ।

ਪਾਕਿਸਤਾਨ ਵਿੱਚ ਪੈਂਗਬਰ ਮੁਹੰਮਦ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਇਸਤੇਮਾਲ ਕਰਨ 'ਤੇ ਮੌਤ ਦੀ ਸਜ਼ਾ ਦਾ ਤਜਵੀਜ਼ ਹੈ।

ਸਥਾਨਕ ਅਦਾਲਤ ਨੇ ਆਸੀਆ ਬੀਬੀ ਨੂੰ ਮੌਤ ਦੀ ਸਜ਼ਾ ਸੁਣਾਈ। ਆਸੀਆ ਨੇ ਫੈਸਲੇ ਖਿਲਾਫ਼ ਲਹੌਰ ਹਾਈਕੋਰਟ ਵਿੱਚ ਅਪੀਲ ਕੀਤੀ।

ਹਾਈਕੋਰਟ ਨੇ ਸਥਾਨਕ ਅਦਾਲਤ ਦੇ ਫੈਸਲੇ 'ਤੇ ਰੋਕ ਲਾ ਦਿੱਤੀ ਸੀ।

ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ। ਜਿੱਥੇ ਉਸਨੂੰ ਚੱਲਦਿਆਂ 2 ਸਾਲ ਹੋ ਚੁੱਕੇ ਹਨ।

ਅਦਾਲਤੀ ਸਿਸਟਮ ਦੀ ਹੌਲ਼ੀ ਰਫ਼ਤਾਰ ਕਰਕੇ ਆਸਿਆ ਸਾਲਾਂ ਤੋਂ ਜੇਲ੍ਹ ਵਿੱਚ ਹੈ ਤੇ ਉਸਦਾ ਪਰਿਵਾਰ ਕਿਤੇ ਲੁਕਿਆ ਹੋਇਆ ਹੈ।

ਪਤੀ ਦਾ ਠੋਸ ਇਰਾਦਾ

ਮੈਂ ਆਸੀਆ ਦੇ ਪਤੀ ਆਸ਼ਿਕ ਮਸੀਹ ਨਾਲ ਆਖ਼ਰੀ ਮੁਲਾਕਾਤ ਜਨਵਰੀ 2015 ਵਿੱਚ ਕੀਤੀ ਸੀ।

ਉਹ ਸ਼ਬਦਾਂ ਦੇ ਇਸਤੇਮਾਲ ਦੌਰਾਨ ਸਾਵਧਾਨੀ ਵਰਤ ਰਹੇ ਸਨ।

ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਇਸਦਾ ਮਾੜਾ ਪ੍ਰਭਾਵ ਉਨ੍ਹਾਂ ਦੀ ਪਤਨੀ ਦੇ ਜੀਵਨ 'ਤੇ ਪੈ ਸਕਦਾ ਹੈ।

ਪਰ ਹੁਣ ਉਨ੍ਹਾਂ ਦਾ ਡਰ ਨਿਰਾਸ਼ਾ ਵਿੱਚ ਬਦਲ ਗਿਆ ਹੈ।

ਮੈਂ ਆਸ਼ਿਕ ਮਸੀਹ ਨਾਲ ਇੱਕ ਗੁਪਤ ਥਾਂ 'ਤੇ ਮੁਲਾਕਾਤ ਕੀਤੀ। ਆਸ਼ਿਕ ਮਸੀਹ ਨੇ ਕਿਹਾ, "9 ਸਾਲਾਂ ਵਿੱਚ ਕੁਝ ਤਾਂ ਹੋਣਾ ਚਾਹੀਦਾ ਸੀ। ਕਾਫ਼ੀ ਲੰਬਾ ਵਕਤ ਗੁਜ਼ਰ ਚੁੱਕਿਆ ਹੈ।"

ਉਨ੍ਹਾਂ ਕਿਹਾ, "ਇਹ ਬਹੁਤ ਦੁਖਦਾਈ ਤੇ ਥਕਾ ਦੇਣ ਵਾਲਾ ਤਜਰਬਾ ਸੀ। ਕਿਉਂਕਿ ਸਾਡੀ ਆਵਾਜ਼ ਨਹੀਂ ਸੁਣੀ ਜਾ ਰਹੀ ਸੀ।"

ਧਮਕੀਆਂ ਦੇ ਬਾਵਜੂਦ ਆਸ਼ਿਕ ਮਸੀਹ ਆਪਣੇ ਪਰਿਵਾਰ ਨੂੰ ਇੱਕਠੇ ਰੱਖਣ ਵਿੱਚ ਕਾਮਯਾਬ ਰਿਹਾ। ਪਰ ਸਰਕਾਰ ਤੋਂ ਉਹ ਖੁਦ ਨੂੰ ਹਾਰਿਆ ਮਹਿਸੂਸ ਕਰ ਰਿਹਾ ਸੀ।

ਉਸਨੇ ਕਿਹਾ, "ਸਾਨੂੰ ਲੱਗਦਾ ਹੈ ਕਿ ਮਾਮਲੇ ਵਿੱਚ ਦੇਰੀ ਜਾਨਬੁੱਝ ਕੇ ਕੀਤੀ ਗਈ। ਮੈਂ ਦਾਅਵਾ ਨਹੀਂ ਕਰ ਸਕਦਾ ਕਿ ਇਹ ਦੇਰੀ ਵਾਜਿਬ ਕਨੂੰਨੀ ਕਾਰਨਾਂ ਕਰਕੇ ਹੋਈ, ਜਾਂ ਇਸ ਲਈ ਪ੍ਰਸ਼ਾਸਨ 'ਤੇ ਮੌਲਵੀਆਂ ਦਾ ਦਬਾਅ ਸੀ।

ਪੀੜ੍ਹਤਾਂ ਦੀ ਸਮਾਜ ਵੱਲੋਂ ਅਣਦੇਖੀ

ਇਕਬਾਲ ਖ਼ਾਨ ਤੇ ਆਸ਼ਿਕ ਮਸੀਹ ਇੱਕੋ ਲੜਾਈ ਲੜ ਰਹੇ ਹਨ। ਪਰ ਦੋਵੇਂ ਮਾਮਲੇ ਪੂਰੇ ਤਰੀਕੇ ਨਾਲ ਇੱਕ-ਦੂਜੇ ਨਾਲੋਂ ਵੱਖ ਹਨ।

ਜਦੋਂ ਪੰਜਾਬ ਦੇ ਸਾਬਕਾ ਗਵਰਨਰ ਸਲਮਾਨ ਤਾਸੀਰ ਨੇ ਆਸਿਆ ਦੀ ਹਮਾਇਤ ਕੀਤੀ, ਤਾਂ 2011 ਵਿੱਚ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮ ਨੇ ਹੀ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ।

7 ਸਾਲ ਬਾਅਦ ਵੀ ਪਾਕਿਸਤਾਨ ਦਾ ਸਮਾਜ ਇਹ ਨਹੀਂ ਮੰਨ ਰਿਹਾ ਹੈ ਕਿ ਭੀੜ ਵੱਲੋਂ ਮਸ਼ਾਲ ਖ਼ਾਨ ਦਾ ਕਤਲ ਕੀਤਾ ਗਿਆ ਸੀ।

ਨਾ ਹੀ ਉਹ ਇਸਲਾਮ ਦੀ ਬੇਅਦਬੀ ਦੇ ਮੁਲਜ਼ਮਾਂ ਦੇ ਹੱਕ ਵਿੱਚ ਸੜਕਾਂ 'ਤੇ ਉੱਤਰਨ ਲਈ ਤਿਆਰ ਹਨ।

ਕਿਤੇ-ਕਿਤੇ ਵਿਰੋਧ ਵੀ ਹੈ

ਮਾਰਡਨ ਯੂਨੀਵਰਸਿਟੀ ਕੈਂਪਸ ਵਿੱਚ ਵਾਪਰੇ ਦੁਖਾਂਤ ਨੇ ਸੱਤਾ ਵਿੱਚ ਬੈਠੇ ਲੋਕਾਂ ਦੇ ਵਿਵੇਕ ਨੂੰ ਵੀ ਹਿਲਾ ਕੇ ਰੱਖ ਦਿੱਤਾ ਸੀ।

ਸੰਸਦ ਵਿੱਚ ਪਹਿਲੀ ਵਾਰ ਇਸਲਾਮ ਦੀ ਬੇਅਦਬੀ ਦੇ ਕਨੂੰਨ ਵਿੱਚ ਸੁਧਾਰ ਕਰਨ ਬਾਰੇ ਗੱਲ ਕੀਤੀ ਗਈ ਸੀ।

ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਸਖ਼ਤ ਸ਼ਬਦਾਂ ਵਿੱਚ ਬਿਆਨ ਜਾਰੀ ਕਰਦਿਆਂ ਹੋਇਆਂ ਕਿਹਾ, ਮੈਂ ਭੀੜ ਦੇ ਇਸ ਅਸੰਵੇਦਨਸ਼ੀਲ ਵਤੀਰੇ ਨਾਲ ਗਹਿਰੇ ਸਦਮੇ ਵਿੱਚ ਹਾਂ।

ਵਿਰੋਧੀ ਧਿਰ ਦੇ ਨੇਤਾ ਇਮਰਾਨ ਖ਼ਾਨ, ਜਿਨ੍ਹਾਂ ਨੂੰ ਮੌਲਵੀਆਂ ਦੀ ਹਮਾਇਤ ਵੀ ਹਾਸਿਲ ਹੈ, ਉਨ੍ਹਾਂ ਨੇ ਵੀ ਮਸ਼ਾਲ ਖ਼ਾਨ ਦੇ ਕਤਲ ਦੀ ਨਿੰਦਾ ਕੀਤੀ।

ਹਰ ਪਾਸੇ ਡਰ ਦਾ ਮਾਹੌਲ

6 ਮਹੀਨਿਆਂ ਵਿੱਚ ਕਨੂੰਨ ਵਿੱਚ ਸੁਧਾਰ ਕਰਨ ਦਾ ਮੁੱਦਾ ਠੰਡਾ ਪੈ ਗਿਆ ਹੈ। ਪਰ ਮੰਨੇ-ਪਰਮੰਨੇ ਮਨੁੱਖੀ ਕਾਰਕੁਨ ਹੁਸੈਨ ਨੱਕੀ ਇਸ ਤੇ ਹੈਰਾਨ ਨਹੀਂ ਹਨ।

ਉਨ੍ਹਾਂ ਮੁਤਾਬਕ, ਲੋਕ ਆਪਣੀ ਮੌਤ ਤੋਂ ਡਰਦੇ ਹਨ, ਇਸਲਈ ਇਸਲਾਮ ਦੀ ਬੇਅਦਬੀ ਦੇ ਮਾਮਲੇ ਕਈ ਸਾਲਾਂ ਤੱਕ ਚੱਲਦੇ ਹਨ।

ਅਦਾਲਤਾਂ ਵਿੱਚ ਵੀ ਖੌਫ਼ ਹੈ। ਕਿਉਂਕਿ ਕਰੜੀ ਸੁਰੱਖਿਆ ਵਾਲੀਆਂ ਅਦਾਲਤਾਂ ਵਿੱਚ ਵੀ ਕੱਟੜਪੰਥੀਆਂ ਦੇ ਹਮਾਇਤੀ ਮੌਜੂਦ ਹਨ।

ਉਹ ਖੁੱਲ੍ਹ ਕੇ ਆਪਣੇ ਵਿਚਾਰ ਪੇਸ਼ ਕਰਦੇ ਹਨ ਅਤੇ ਉਨ੍ਹਾਂ ਦੇ ਖਿਲਾਫ਼ ਕੋਈ ਕਾਰਵਾਈ ਵੀ ਨਹੀਂ ਕੀਤੀ ਜਾ ਸਕਦੀ।

ਘੱਟ ਗਿਣਤੀ ਸਮਾਜ ਵੱਲੋਂ ਕਈ ਸਾਲਾਂ ਤੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪਰ ਉਨ੍ਹਾਂ ਨੂੰ ਅਣਸੁਣਾ ਕੀਤਾ ਜਾ ਰਿਹਾ ਹੈ।

ਹੋਰ ਮਸ਼ਾਲ ਖ਼ਾਨ ਬਚਾਉਣੇ ਜ਼ਰੂਰੀ

ਭਾਵੇਂ ਅਜੇ ਤੱਕ ਕਿਸੇ ਨੂੰ ਵੀ ਇਸਲਾਮ ਦੀ ਬੇਅਦਬੀ ਦੇ ਕਨੂੰਨ ਤਹਿਤ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਹੈ। ਪਰ ਦਰਜਨਾਂ ਮੁਲਜ਼ਮ ਸਾਲਾਂ ਤੋਂ ਸਲਾਖ਼ਾਂ ਤੇ ਪਿੱਛੇ ਜ਼ਿੰਦਗੀ ਕੱਟ ਰਹੇ ਹਨ।

ਮਸ਼ਾਲ ਨੂੰ ਉਸੇ ਦਿਨ ਮਾਰ ਦਿੱਤਾ ਗਿਆ, ਪਰ ਆਸਿਆ ਅਜੇ ਵੀ ਮੌਤ ਤੋਂ ਬਚਣ ਦਾ ਇੰਤਜ਼ਾਰ ਕਰ ਰਹੀ ਹੈ।

ਮਸ਼ਾਲ ਖ਼ਾਨ ਦੇ ਪਿਤਾ ਇਕਬਾਲ ਖ਼ਾਨ ਜਾਣਦੇ ਹਨ ਕਿ ਉਨ੍ਹਾਂ ਦਾ ਪੁੱਤਰ ਕਦੇ ਵਾਪਸ ਨਹੀਂ ਆਏਗਾ। ਉਹ ਬਜ਼ੁਰਗ ਵੀ ਹੋ ਚੱਲੇ ਹਨ ਅਤੇ ਉਨ੍ਹਾਂ ਕੋਲ ਸਾਧਨ ਵੀ ਸੀਮਿਤ ਹਨ।

ਮਸ਼ਾਲ ਖ਼ਾਨ ਦੀ ਮੌਤ ਤੋਂ ਬਾਅਦ ਪਾਕਿਸਤਾਨ ਦੇ ਸਮਾਜ ਵਿੱਚ ਕੋਈ ਵੱਡਾ ਬਦਲਾਅ ਨਜ਼ਰ ਨਹੀਂ ਆ ਰਿਹਾ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਪੁੱਤਰ ਦੀ ਵਿਰਾਸਤ ਨੂੰ ਕਦੇ ਮਰਨ ਨਹੀਂ ਦੇਣਗੇ ਅਤੇ ਕਈ ਹੋਰ ਮਸ਼ਾਲ ਦੀ ਸੁਰੱਖਿਆ ਲਈ ਲੜਾਈ ਜਾਰੀ ਰੱਖਣਗੇ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)