You’re viewing a text-only version of this website that uses less data. View the main version of the website including all images and videos.
ਖਾਣਾ ਖਾਣ ਦੇ ਸਮੇਂ ਦਾ ਤੁਹਾਡੀ ਸਿਹਤ 'ਤੇ ਕੀ-ਕੀ ਅਸਰ ਹੋ ਸਕਦੈ?
- ਲੇਖਕ, ਜੇਮਜ਼ ਗੈਲਾਘਰ
- ਰੋਲ, ਸਿਹਤ ਤੇ ਵਿਗਿਆਨ ਪੱਤਰਕਾਰ, ਬੀਬੀਸੀ
ਵਿਗਿਆਨੀਆਂ ਮੁਤਾਬਕ ਸਰੀਰ ਦੇ ਅੰਦਰੂਨੀ ਕੰਮ-ਕਾਜ ਦੀ ਘੜੀ (ਬਾਡੀ ਕਲੌਕ) 'ਚ ਆਉਂਦੇ ਬਦਲਾਵਾਂ ਨਾਲ ਲੋਕਾਂ ਦੇ ਮੂਡ 'ਚ ਵਿਗਾੜ ਦਾ ਖ਼ਤਰਾ ਵੱਧ ਹੁੰਦਾ ਹੈ।
ਸਰੀਰ ਦੇ ਤਕਰੀਬਨ ਹਰ ਸੈੱਲ ਵਿੱਚ ਅੰਦਰੂਨੀ ਬਾਡੀ ਕਲੌਕ ਚੱਲਦਾ ਹੈ ਅਤੇ ਸਰੀਰ ਦੇ ਅੰਗਾਂ ਦੇ ਹਿਸਾਬ ਨਾਲ ਇਸ ਦੇ ਕੰਮ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ।
ਲੈਨਸੇਟ ਸਾਇਕੈਟਰੀ ਵੱਲੋਂ 91 ਹਜ਼ਾਰ ਲੋਕਾਂ 'ਤੇ ਕੀਤੇ ਗਏ ਇੱਕ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਸਾਡੇ ਸਰੀਰਕ ਕੰਮ-ਕਾਜ ਦੀ ਘੜੀ (ਬਾਡੀ ਕਲੌਕ) ਵਿੱਚ ਵਿਗਾੜ ਦੀ ਵਜ੍ਹਾ ਤਣਾਅ, ਬਾਇਪੋਲਰ ਡਿਸਆਰਡਰ ਅਤੇ ਹੋਰ ਬਿਮਾਰੀਆਂ ਹਨ।
ਗਲਾਸਗੋ ਦੇ ਖੋਜਕਾਰਾਂ ਮੁਤਾਬਕ ਇਹ ਨਵਾਂ ਅਧਿਐਨ ਸਮਾਜ ਲਈ ਇੱਕ ਚਿਤਾਵਨੀ ਹੈ ਕਿਉਂਕਿ ਸਮਾਜ ਕੁਦਰਤੀ ਤੌਰ-ਤਰੀਕਿਆਂ ਤੋਂ ਵਾਂਝਾ ਹੋ ਰਿਹਾ ਹੈ।
ਹਾਲਾਂਕਿ ਇਸ ਅਧਿਐਨ 'ਚ ਮੋਬਾਈਲ ਫ਼ੋਨ ਦੀ ਵਰਤੋਂ ਨੂੰ ਨਹੀਂ ਦੇਖਿਆ ਗਿਆ।
ਬੀਬੀਸੀ ਰੇਡੀਓ 4 ਦੇ ਇੱਕ ਪ੍ਰੋਗਰਾਮ ਵਿੱਚ ਗਲਾਸਗੋ ਯੂਨੀਵਰਸਿਟੀ ਦੇ ਖੋਜਕਾਰਾਂ ਵਿੱਚੋਂ ਇੱਕ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ 'ਸੰਭਾਵਿਤ' ਸੀ ਕਿ ਅਧਿਐਨ ਵਿੱਚ ਜਿਨ੍ਹਾਂ ਲੋਕਾਂ 'ਚ ਮੁਸ਼ਕਿਲਾਂ ਸਾਹਮਣੇ ਆਈਆਂ ਉਨ੍ਹਾਂ ਵਿੱਚ ਰਾਤ ਵੇਲੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਲੋਕ ਸ਼ਾਮਿਲ ਹਨ।
ਖੋਜਕਾਰ ਨੇ ਅੱਗੇ ਕਿਹਾ, ''ਮੈਂ ਆਪਣੇ ਮੋਬਾਈਲ ਫ਼ੋਨ ਨੂੰ ਰਾਤ 10 ਵਜੇ ਤੋਂ ਪਹਿਲਾਂ ਬੰਦ ਕਰ ਦਿੰਦਾ ਹਾਂ ਅਤੇ ਇਸ ਤਰ੍ਹਾਂ ਹੋਣਾ ਚਾਹੀਦਾ ਹੈ, ਕਿਉਂਕਿ ਸੌਣ ਦੇ ਸਮੇਂ ਸਾਡਾ ਕੰਮ ਮੋਬਾਈਲ ਦੀ ਸਕਰੀਨ ਵੱਲ ਦੇਖੀ ਜਾਣਾ ਨਹੀਂ ਹੈ।''
ਇਹ ਅਧਿਐਨ ਜਿਨ੍ਹਾਂ ਲੋਕਾਂ 'ਤੇ ਕੀਤਾ ਗਿਆ ਉਨ੍ਹਾਂ ਨੇ ਇੱਕ ਹਫ਼ਤੇ ਲਈ ਐਕਟੀਵਿਟੀ ਮੋਨੀਟਰ ਪਹਿਨੇ, ਤਾਂ ਜੋ ਉਨ੍ਹਾਂ ਦੀ ਬਾਡੀ ਕਲੌਕ 'ਚ ਆ ਰਹੇ ਬਦਲਾਵਾਂ ਨੂੰ ਵੇਖਿਆ ਜਾਵੇ।
ਜਿਹੜੇ ਰਾਤ ਦੇ ਸਮੇਂ ਵੱਧ ਸਰਗਰਮ ਅਤੇ ਦਿਨ ਵੇਲੇ ਘੱਟ ਸਰਗਰਮ ਸਨ, ਉਨ੍ਹਾਂ ਨੂੰ 'ਵਿਘਨ' ਪਾਉਣ ਵਾਲੇ ਲੋਕਾਂ ਦੀ ਸ਼੍ਰੇਣੀ 'ਚ ਰੱਖਿਆ ਗਿਆ।
ਇਸ ਤਰ੍ਹਾਂ ਦੇ ਲੋਕਾਂ ਦੀ ਗਿਣਤੀ 6 ਤੋਂ 10 ਫੀਸਦੀ ਸੀ।
ਮਨੋਰੋਗ ਮਾਹਿਰ ਪ੍ਰੋਫ਼ੈਸਰ ਸਮਿਥ ਨੇ ਬੀਬੀਸੀ ਨੂੰ ਦੱਸਿਆ, ''ਇਹ ਕੋਈ ਵੱਡਾ ਅੰਤਰ ਨਹੀਂ ਹੈ, ਪਰ ਇਹ ਅਧਿਐਨ ਰੋਚਕ ਨਤੀਜਿਆਂ ਨਾਲੋਂ ਬਹੁਤ ਵਧੀਆ ਹੈ।''
ਅਧਿਐਨ ਵਿੱਚ ਇਹ ਵੇਖਿਆ ਗਿਆ ਕਿ ਬਾਡੀ ਕਲੌਕ ਵਿੱਚ ਵਿਗਾੜ ਦੇ ਕਾਰਨ ਲੋਕਾਂ ਵਿੱਚ ਬਹੁਤਾ ਤਣਾਅ, ਬਾਇਪੋਲਰ ਡਿਸਆਰਡਰ, ਵੱਧ ਇੱਕਲਾਪਣ, ਘੱਟ ਖ਼ੁਸ਼ੀ, ਮਾੜੀ ਪ੍ਰਤੀਕ੍ਰਿਆ ਅਤੇ ਮੂਡ 'ਚ ਬਦਲਾਅ ਆਉਂਦੇ ਹਨ।
ਹਾਲਾਂਕਿ ਅਧਿਐਨ ਇਹ ਨਹੀ ਦੱਸ ਸਕਦਾ ਕਿ ਸਰੀਰ ਵਿੱਚ ਵਿਘਨ ਅਤੇ ਵਿਗਾੜ ਕਾਰਨ ਮਾਨਸਿਕ ਬਿਮਾਰੀ ਆਉਂਦੀ ਹੈ ਜਾਂ ਫ਼ਿਰ ਇਹ ਸਿਰਫ਼ ਇੱਕ ਲੱਛਣ ਹੈ। ਇਸ 'ਤੇ ਹੋਰ ਕੰਮ ਹੋਣਾ ਅਜੇ ਬਾਕੀ ਹੈ।
ਬਾਡੀ ਕਲੌਕ ਦਾ ਪੂਰੇ ਸਰੀਰ ਵਿੱਚ ਇੱਕ ਪ੍ਰਭਾਵਸ਼ਾਲੀ ਅਸਰ ਪੈਂਦਾ ਹੈ।
ਰੋਜ਼ਾਨਾ ਦੀਆਂ ਗਤੀਵਿਧੀਆਂ ਦਾ ਵਿਅਕਤੀ ਦੇ ਮੂਡ, ਹਾਰਮੋਨਜ਼ ਦੇ ਪੱਧਰ, ਸਰੀਰਕ ਤਾਪਮਾਨ ਅਤੇ ਪਾਚਨ ਪ੍ਰਣਾਲੀ 'ਤੇ ਅਸਰ ਪੈਂਦਾ ਹੈ।
ਇੱਥੋਂ ਤੱਕ ਕਿ ਦਿਨ ਦੀ ਸ਼ੁਰੂਆਤ ਵਿੱਚ ਸਵੇਰ ਵੇਲੇ ਦਿਲ ਦੇ ਦੌਰੇ ਦਾ ਖਦਸ਼ਾ ਵਧੇਰੇ ਹੁੰਦਾ ਹੈ।
ਪ੍ਰੋ. ਸਮਿਥ ਕਹਿੰਦੇ ਹਨ, ''ਅਧਿਐਨ ਸਾਨੂੰ ਦੱਸਦਾ ਹੈ ਕਿ ਮੂਡ ਵਿੱਚ ਆਉਂਦੇ ਬਦਲਾਵਾਂ ਅਤੇ ਵਿਗਾੜ ਨੂੰ ਧਿਆਨ 'ਚ ਰੱਖਦੇ ਹੋਏ ਬਾਡੀ ਕਲੌਕ ਬਹੁਤ ਜ਼ਰੂਰੀ ਹੈ।''
''ਇਸ ਦੇ ਨਾਲ ਹੀ ਬਾਡੀ ਕਲੌਕ ਨੂੰ ਅਧਿਐਨ ਵਿੱਚ ਪ੍ਰਾਥਮਿਕਤਾ ਦਿੱਤੇ ਜਾਣ ਦੇ ਨਾਲ-ਨਾਲ ਸਮਾਜ ਨੂੰ ਲਾਮਬੰਦ ਕਰਨ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ।''
91 ਹਜ਼ਾਰ ਲੋਕਾਂ 'ਤੇ ਹੋਏ ਅਧਿਐਨ ਵਿੱਚ ਯੂਕੇ ਦੇ ਬਾਇਓਬੈਂਕ ਰਿਸਰਚ ਪ੍ਰੋਜੈਕਟ ਦਾ ਡਾਟਾ ਵਰਤਿਆ ਗਿਆ ਹੈ। ਹਾਲਾਂਕਿ ਅਧਿਐਨ 'ਚ ਸ਼ਾਮਿਲ ਬਹੁਤੇ ਲੋਕ ਬਜ਼ੁਰਗ ਸਨ।
ਔਕਸਫ਼ੋਰਡ ਯੂਨੀਵਰਸਿਟੀ ਦੇ ਡਾ. ਐਡਨ ਡੋਹਰਟੀ ਕਹਿੰਦੇ ਹਨ, ''ਜਿਹੜੇ ਲੋਕਾਂ 'ਤੇ ਅਧਿਐਨ ਕੀਤਾ ਗਿਆ (ਬਜ਼ੁਰਗ) ਉਹ ਮਾਨਸਿਕ ਸਿਹਤ ਦੀ ਜਾਂਚ ਲਈ ਢੁਕਵੇਂ ਨਹੀਂ ਹਨ, ਕਿਉਂਕਿ 75 ਫੀਸਦੀ ਬਿਮਾਰੀਆਂ 24 ਸਾਲ ਤੋਂ ਵੀ ਘੱਟ ਉਮਰ ਵਿੱਚ ਸ਼ੁਰੂ ਹੋ ਜਾਂਦੀਆਂ ਹਨ।''
ਉਨ੍ਹਾਂ ਅੱਗੇ ਕਿਹਾ ਕਿ ਇਸ ਅਧਿਐਨ ਨਾਲ ਨਾਬਾਲਗਾਂ ਵਿੱਚ ਨਵੇਂ ਅਧਿਐਨ ਦਾ ਰਾਹ ਖੁੱਲ੍ਹਿਆ ਹੈ ਤਾਂ ਜੋ ਮਾਨਸਿਕ ਬਿਮਾਰੀਆਂ ਦੇ ਕਾਰਨਾਂ, ਨਤੀਜਿਆਂ, ਰੋਕਥਾਮ ਅਤੇ ਇਲਾਜ ਨੂੰ ਸਮਝਿਆ ਜਾ ਸਕੇ।