ਨਜ਼ਰੀਆ:'ਕਾਂਗਰਸ ਕਰਨਾਟਕ ’ਚ ਜਿੱਤਦੀ-ਜਿੱਤਦੀ ਹਾਰ ਗਈ'

    • ਲੇਖਕ, ਸਾਗਰਿਕਾ ਘੋਸ਼
    • ਰੋਲ, ਕਸਲਟਿੰਗ ਐਡੀਟਰ, ਟਾਈਮਜ਼ ਆਫ ਇੰਡੀਆ

ਕਰਨਾਟਕ ਦੀਆਂ ਵਿਧਾਨਸਭਾ ਚੋਣਾਂ ਵਿੱਚ ਨਰਿੰਦਰ ਮੋਦੀ ਦੇ ਜਾਦੂ ਅਤੇ ਹਿੰਦੁਤਵ ਕਾਰਡ ਦੇ ਅਸਰ ਨੇ ਚੋਣਾਂ ਨੂੰ ਜਿੱਤਣ ਵਿੱਚ ਆਪਣਾ ਲੋਹਾ ਸਾਬਿਤ ਕਰ ਦਿੱਤਾ ਹੈ।

ਭਾਜਪਾ ਨੇ ਜਿਸ ਤਰ੍ਹਾਂ ਉਸ ਸੂਬੇ ਵਿੱਚ ਕਾਂਗਰਸ ਨੂੰ ਮਾਤ ਦਿੱਤੀ ਹੈ ਜਿੱਥੇ ਉਸ ਦੇ ਸਥਾਨਕ ਨੇਤਾ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿੱਚ ਘਿਰੇ ਹਨ ਅਤੇ ਸੱਤਾਵਿਰੋਧੀ ਲਹਿਰ ਵੀ ਸੀ, ਤਾਂ ਕੀ ਇਸ ਨੂੰ ਕਾਂਗਰਸ ਮੁਕਤ ਭਾਰਤ ਦਾ ਸੰਕੇਤ ਮੰਨਿਆ ਜਾਣਾ ਚਾਹੀਦਾ ਹੈ?

ਕਰਨਾਟਕ ਦੀਆਂ ਰੋਮਾਂਚਕ ਚੋਣਾਂ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਨੇ ਕਿਹਾ ਸੀ ਕਿ 21ਵੀਂ ਸਦੀ ਵਿੱਚ ਉਹ 7ਵੀਂ ਸਦੀ ਦੇ ਸ਼ਾਸਕਾ ਪੁਲਾਕੇਸਿਨ (ਦੂਜੇ) ਵਾਂਗ ਹਨ।

ਉਨ੍ਹਾਂ ਕਿਹਾ ਸੀ ਜਿਵੇਂ ਪੁਲਾਕੇਸਿਨ (ਦੂਜੇ) ਨੇ ਉੱਤਰ ਭਾਰਤ ਦੇ ਤਾਕਤਵਰ ਰਾਜਾ ਹਰਸ਼ਵਰਧਨ ਨੂੰ ਹਰਾਇਆ ਸੀ ਉਹ ਵੀ ਠੀਕ ਉਸੇ ਤਰ੍ਹਾਂ ਕਰਨਗੇ।

ਪਰ ਮੰਦਭਾਗਾ ਰਿਹਾ ਕਿ 21ਵੀਂ ਸਦੀ ਦੇ ਹਰਸ਼ਵਰਧਨ ਨੇ ਪੁਲਾਕੇਸਿਨ (ਦੂਜੇ) ਨੂੰ ਮਾਤ ਦੇ ਦਿੱਤੀ ਹੈ ਅਤੇ ਦਿੱਲੀ ਦੀ ਸੱਤਾਧਾਰੀ ਪਾਰਟੀ ਸਿੱਧਾਰਮਈਆ ਦੇ ਗੜ੍ਹ ਵਿੱਚ ਉਨ੍ਹਾਂ ਤੋਂ ਅੱਗੇ ਨਿਕਲ ਗਈ ਹੈ।

ਵੋਟ ਸ਼ੇਅਰ ਘੱਟ ਪਰ ਸੀਟਾਂ ਜ਼ਿਆਦਾ

ਮੋਦੀ ਦੀ ਅਗਵਾਈ ਵਾਲੀ ਭਾਜਪਾ ਨੇ ਕਰਨਾਟਕ ਦੀਆਂ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 100 ਸੀਟਾਂ ਦੇ ਮਨੋਵਿਗਿਆਨਿਕ ਅੰਕੜੇ ਨੂੰ ਪਾਰ ਕਰ ਲਿਆ ਹੈ।

ਹਾਲਾਂਕਿ ਉਹ ਬਹੁਮਤ ਹਾਸਿਲ ਨਹੀਂ ਕਰ ਸਕੀ। ਭਾਜਪਾ ਅਤੇ ਕਾਂਗਰਸ ਦਾ ਵੋਟ ਫੀਸਦ 37 ਫੀਸਦ ਅਤੇ 38 ਫੀਸਦ ਰਿਹਾ ਹੈ।

ਵੋਟ ਫੀਸਦ ਵਿੱਚ ਜਿਸ ਤਰੀਕੇ ਨਾਲ ਕਰੀਬੀ ਟੱਕਰ ਰਹੀ ਹੈ, ਉਹ ਦੱਸਦੀ ਹੈ ਕਿ ਭਾਜਪਾ ਕਾਂਗਰਸ ਦੇ ਮੁਕਾਬਲੇ ਆਪਣੇ ਵੋਟ ਸ਼ੇਅਰ ਨੂੰ ਵੋਟਾਂ ਵਿੱਚ ਬਦਲਣ ਵਿੱਚ ਜ਼ਿਆਦਾ ਮਾਹਿਰ ਹੈ।

ਕਿਉਂਕਿ ਭਾਜਪਾ ਦੇ ਵੋਟ ਜਿੱਥੇ ਹਨ ਉੱਥੇ ਇੱਕਜੁੱਟ ਹਨ। ਅਜਿਹੇ ਵਿੱਚ ਉਹ ਵਧੇਰੇ ਸੀਟਾਂ 'ਤੇ ਜਿੱਤ ਹਾਸਿਲ ਕਰ ਲੈਂਦੇ ਹਨ ਜਦਕਿ ਵੋਟ ਫੀਸਦ ਘੱਟ ਰਹਿੰਦਾ ਹੈ।

ਜਨਤਾ ਦਲ ਸੈਕੁਲਰ ਬਣੀ ਤੀਜੀ ਤਾਕਤ

ਇਨ੍ਹਾਂ ਚੋਣਾਂ ਵਿੱਚ ਤੀਜੀ ਸਭ ਤੋਂ ਵੱਡੀ ਤਾਕਤ ਬਣੀ ਜਨਤਾ ਦਲ ਸੈਕੁਲਰ ਦੀ ਕਮਾਨ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵੇਗੌੜਾ ਅਤੇ ਉਨ੍ਹਾਂ ਦੇ ਬੇਟੇ ਐਚਡੀ ਕੁਮਾਰਸਵਾਮੀ ਦੇ ਹੱਥਾਂ ਵਿੱਚ ਹੈ।

ਜੇਡੀਐੱਸ ਦੀ ਮਜ਼ਬੂਤ ਸਥਿਤੀ ਦੱਸੀ ਜਾਂਦੀ ਹੈ। ਵੋੱਕਾਲਿਗਾ ਖੇਤਰ ਵਿੱਚ ਜਾਤੀ ਆਧਾਰਿਤ ਖੇਤਰੀ ਸਿਆਸਤ ਵਿੱਚ ਬਦਲਾਅ ਨਹੀਂ ਹੋਇਆ ਹੈ।

ਇਸ ਖੇਤਰ ਵਿੱਚ ਜੇਡੀਐੱਸ ਨੇ ਨਾ ਸਿਰਫ ਕਾਂਗਰਸ ਦੀ ਚੁਣੌਤੀ ਦਾ ਸਾਹਮਣਾ ਕਰਕੇ ਉਸਨੂੰ ਮਾਤ ਦਿੱਤੀ ਹੈ ਬਲਕਿ ਇਹ ਪਾਰਟੀ ਕਰਨਾਟਕ ਦੀ ਖੇਤਰੀ ਪਛਾਣ ਦੀ ਹਮਾਇਤ ਕਰਨ ਵਾਲੀ ਪ੍ਰਮੁੱਖ ਪਾਰਟੀ ਦੇ ਰੂਪ ਵਿੱਚ ਵੀ ਸਾਹਮਣੇ ਆਈ ਹੈ।

ਇਨ੍ਹਾਂ ਚੋਣਾਂ ਤੋਂ ਕਾਂਗਰਸ ਨੂੰ ਇਹ ਸਬਕ ਲੈਣਾ ਚਾਹੀਦਾ ਹੈ ਕਿ ਕਾਂਗਰਸ ਭਾਜਪਾ ਨੂੰ ਸਿੱਧੇ ਟੱਕਰ ਦੇ ਕੇ ਚੋਣਾਂ ਨਹੀਂ ਜਿੱਤ ਸਕਦੀ ਹੈ ਅਤੇ ਉਸ ਨੂੰ ਖੇਤਰੀ ਪਾਰਟੀਆਂ ਦੇ ਨਾਲ ਗਠਜੋੜ ਕਰਨਾ ਪਵੇਗਾ।

ਭਾਜਪਾ ਨੇ ਕੀ ਅਤੇ ਕਿਉਂ ਕੀਤਾ?

ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨੇ ਕਰੜੀ ਮਿਹਨਤ ਕੀਤੀ ਪਰ ਭਾਜਪਾ ਨੇ ਉਸ ਤੋਂ ਵੀ ਵੱਧ ਮਿਹਨਤ ਕੀਤੀ ਹੈ।

ਮੁੱਖ ਮੰਤਰੀ ਸਿੱਧਾਰਮਈਆ ਪਛੜੀ ਜਾਤੀਆਂ ਦਾ ਇੱਕ ਗਠਜੋੜ ਬਣਾਉਣ ਵਿੱਚ ਸਫ਼ਲ ਹੋਏ।

ਕਰਨਾਟਕ ਸੂਬੇ ਦਾ ਝੰਡਾ ਲਹਿਰਾਇਆ, ਮੈਟਰੋ ਸਟੇਸ਼ਨਾਂ ਦੇ ਨਾਂ ਹਿੰਦੀ ਤੋਂ ਬਦਲ ਕੇ ਕੰਨੜ ਵਿੱਚ ਕੀਤੇ ਅਤੇ ਲੋਕ ਭਲਾਈ ਦੀਆਂ ਤਕਰੀਬਨ 11 ਸਕੀਮਾਂ ਵੀ ਸ਼ੁਰੂ ਕੀਤੀਆਂ।

ਇਨ੍ਹਾਂ ਸਕੀਮਾਂ ਵਿੱਚ ਚੌਲ ਅਤੇ ਦੁੱਧ ਵੰਡਿਆ ਜਾਂਦਾ ਸੀ ਜਿਸ ਨਾਲ ਗਰੀਬ ਵੋਟਰਾਂ ਨੂੰ ਆਪਣੇ ਵੱਲ ਖਿੱਚਿਆ ਜਾ ਸਕੇ।

ਪਰ ਭਾਜਪਾ ਨੇ ਇਸ ਰਣਨੀਤੀ ਦੇ ਜਵਾਬ ਵਿੱਚ ਖਾਸਕਰ ਸਮੁੰਦਰੀ ਕੰਢੇ ਦੇ ਇਲਾਕਿਆਂ ਵਿੱਚ ਹਿੰਦੁਤਵ ਕਾਰਡ ਖੇਡਿਆ।

ਭਾਜਪਾ ਨੇ ਉਨ੍ਹਾਂ ਜਾਤੀਆਂ ਦੇ ਨਾਲ ਰਣਨੀਤਿਕ ਗਠਜੋੜ ਕੀਤਾ ਜੋ ਕਾਂਗਰਸ ਦੀ ਪਹੁੰਚ ਤੋਂ ਬਾਹਰ ਸਨ।

ਇਸ ਤੋਂ ਬਾਅਦ 21 ਰੈਲੀਆਂ ਦੇ ਨਾਲ ਨਰਿੰਦਰ ਮੋਦੀ ਨੇ ਅਸਰਦਾਰ ਚੋਣ ਮੁਹਿੰਮ ਸ਼ੁਰੂ ਕੀਤੀ।

ਮੋਦੀ ਦੀਆਂ ਰੈਲੀਆਂ ਦਾ ਅਸਰ

ਮੋਦੀ ਦੀਆਂ ਰੈਲੀਆਂ ਵਿੱਚ ਰੌਕ ਕੰਸਰਟ ਜਿਹਾ ਮਾਹੌਲ ਹੁੰਦਾ ਹੈ, ਰੈਲੀ ਦੌਰਾਨ ਮੋਦੀ ਦੇ ਭਾਸ਼ਣ ਅਤੇ ਭੀੜ ਵਿੱਚੋਂ ਉੱਚੀਆਂ ਆਵਾਜ਼ਾਂ ਵਿੱਚ ਜੈ ਸ਼੍ਰੀ ਰਾਮ ਦੇ ਨਾਅਰੇ ਸੁਣਾਈ ਦਿੰਦੇ ਹਨ।

ਇਨ੍ਹਾਂ ਰੈਲੀਆਂ ਵਿੱਚ ਮੋਦੀ ਅਜਿਹੇ ਨੇਤਾ ਅਤੇ ਗੁਰੂ ਦੇ ਰੂਪ ਵਿੱਚ ਸਾਹਮਣੇ ਆਉਂਦੇ ਹਨ ਜਿਨ੍ਹਾਂ ਨੂੰ ਦੇਖ-ਸੁਣ ਕੇ ਦਿਲ ਨੂੰ ਰਾਹਤ ਮਿਲਦੀ ਹੋਵੇ।

ਸਟੇਜ ਤੇ ਭਾਵਨਾਵਾਂ ਨਾਲ ਜੁੜਿਆ ਸੰਗੀਤ ਵਜ ਰਿਹਾ ਹੁੰਦਾ ਹੈ ਜਿਸ ਨਾਲ ਉਨ੍ਹਾਂ ਨੂੰ ਦੇਖਣ ਆਈ ਭੀੜ ਤਾਲੀਆਂ ਵਜਾਉਂਦੀ ਰਹਿੰਦੀ ਹੈ।

ਇਹ ਰਿਐਲਿਟੀ ਟੀਵੀ ਅਤੇ ਇੰਦਰਾ ਗਾਂਧੀ ਦੇ ਦੌਰ ਵਿੱਚ ਹੋਣ ਵਾਲੀ ਸਿਆਸਤ ਵਾਂਗ ਨਜ਼ਰ ਆਉਂਦੀ ਹੈ ਪਰ ਇਸਦਾ ਰੁਖ ਵਧੇਰੇ ਹਮਲਾਵਰ ਹੈ।

ਇਨ੍ਹਾਂ ਚੋਣਾਂ ਵਿੱਚ ਮੋਦੀ ਨੇ 20 ਤੋਂ ਵੱਧ ਰੈਲੀਆਂ ਕੀਤੀਆਂ ਤਾਂ ਉੱਥੇ ਹੀ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ 62 ਰੈਲੀਆਂ ਪ੍ਰਬੰਧਿਤ ਕੀਤੀਆਂ।

ਅਮਿਤ ਸ਼ਾਹ ਬੀਤੇ ਤਿੰਨ ਮਹੀਨਿਆਂ ਤੋਂ ਕਰਨਾਟਕ ਵਿੱਚ ਹਫ਼ਤੇ ਵਿੱਚ ਤਿੰਨ ਦਿਨ ਰਹਿੰਦੇ ਸਨ।

ਮੈਂ ਸੰਘ ਦੀ ਪੈਦਲ ਸੇਨਾ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਜੋ ਹਰ ਸਵੇਰ ਪਿੰਡਾਂ ਤੋਂ ਲੈ ਕੇ ਕਸਬਿਆਂ ਤੱਕ ਘਰ-ਘਰ ਜਾ ਕੇ ਵੋਟਰਾਂ ਨੂੰ ਮਿਲਦੀ ਸੀ।

ਕਰਨਾਟਕ ਇੱਕ ਸੂਬਾ ਪੱਧਰੀ ਚੋਣਾਂ ਹੀ ਹਨ ਪਰ ਧਾਰਨਾ ਦੇ ਆਧਾਰ 'ਤੇ ਇਸਦੀ ਮਹੱਤਤਾ ਜ਼ਿਆਦਾ ਹੈ ਕਿਉਂਕਿ ਇਸ ਤੋਂ ਠੀਕ ਇੱਕ ਸਾਲ ਬਾਅਦ 2019 ਦੀਆਂ ਆਮ ਚੋਣਾਂ ਹੋਣ ਵਾਲੀਆਂ ਹਨ।

ਭਾਜਪਾ ਭਾਵੇਂ ਕਿਸੇ ਵੀ ਤਰੀਕੇ ਨਾਲ ਜਿੱਤ ਦਰਜ ਕਰ ਲਏ ਪਰ ਦੱਖਣੀ ਸੂਬਿਆਂ ਵਿੱਚ ਭਾਜਪਾ ਸਰਕਾਰ ਨਹੀਂ ਬਣਾ ਸਕੇਗੀ।

ਪਰ ਉੱਤਰ ਭਾਰਤ ਵਿੱਚ ਆਗਾਮੀ ਮਹੀਨਿਆਂ ਵਿੱਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਵਿੱਚ ਹੋਣ ਵਾਲੇ ਸੰਭਾਵਿਤ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇਗੀ।

2019 ਦੀਆਂ ਚੋਣਾਂ ਸੌਖੀਆਂ ਨਹੀਂ

ਸਾਲ 2019 ਦੀਆਂ ਆਮ ਚੋਣਾਂ ਅਜੇ ਵੀ ਮੋਦੀ ਦੇ ਲਈ ਖੱਬੇ ਹੱਥ ਦੀ ਖੇਡ ਨਹੀਂ ਹੈ। ਕਾਂਗਰਸ ਦੀ ਹਾਰ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਪਾਰਟੀ ਲਈ ਬਹੁਤ ਵੱਡਾ ਝਟਕਾ ਹੈ ਕਿਉਂਕਿ ਹੁਣ ਕਾਂਗਰਸ ਸਿਰਫ਼ ਪੰਜਾਬ, ਮਿਜ਼ੋਰਮ ਅਤੇ ਪੁੱਡੂਚੇਰੀ ਵਿੱਚ ਹੀ ਮੌਜੂਦ ਹੈ।

ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦੀ ਇੰਨੀ ਵੱਡੀ ਹਾਰ ਹੋਈ ਹੈ ਕਿ ਇਸ ਨਾਲ 2019 ਦੇ ਲਈ ਉਨ੍ਹਾਂ ਦੇ ਆਤਮ ਵਿਸ਼ਵਾਸ ਵਿੱਚ ਕਮੀ ਆਈ ਹੈ।

ਪਰ ਜੇਕਰ ਸਰਦੀਆਂ ਵਿੱਚ ਹੋਣ ਵਾਲੀਆਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀਆਂ ਚੋਣਾਂ ਨੂੰ ਵੇਖੀਏ ਤਾਂ ਭਾਜਪਾ ਆਖਰੀ ਦੋ ਸੂਬਿਆਂ ਵਿੱਚ ਸੱਤਾਧਾਰੀ ਪਾਰਟੀ ਹੈ ਅਤੇ ਰਾਜਸਥਾਨ ਵਿੱਚ ਤਾਂ ਉਸ ਨੂੰ ਜਿਮਨੀ ਚੋਣਾਂ ਵਿੱਚ ਵੀ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਭਾਜਪਾ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਹ ਉਨ੍ਹਾਂ ਚੋਣਾਂ ਵਿੱਚ ਬਿਹਤਰ ਪ੍ਰਦਰਸ਼ਨ ਕਰਦੀ ਹੈ ਜਿੱਥੇ ਉਹ ਸੱਤਾਧਾਰੀ ਪਾਰਟੀ ਨਾ ਹੋ ਕੇ (ਗੁਜਰਾਤ ਵਿੱਚ ਇਹ ਵੇਖਿਆ ਜਾ ਚੁੱਕਾ ਹੈ) ਚੁਣੌਤੀ ਦੇਣ ਦੇ ਹਾਲਾਤ ਵਿੱਚ ਹੁੰਦੀ ਹੈ।

ਪਰ ਕਰਨਾਟਕ ਵਿੱਚ ਮਜਬੂਤ ਨੇਤਾ, ਆਪਣੇ ਕੰਮ ਦੇ ਲਈ ਮਸ਼ਹੂਰ ਮੁੱਖ ਮੰਤਰੀ ਅਤੇ ਜਾਤੀਆਂ ਦੇ ਮੁਫ਼ੀਦ ਗਠਜੋੜ ਦੀ ਮੌਜੂਦਗੀ ਵਿੱਚ ਜਿੱਤ ਹਾਸਿਲ ਕਰਨਾ ਕਾਂਗਰਸ ਨੂੰ ਭਵਿੱਖ ਦੇ ਲਈ ਮਜਬੂਤੀ ਦੇ ਸਕਦੀ ਸੀ।

ਪਰ ਇਨ੍ਹਾਂ ਚੋਣਾਂ ਵਿੱਚ ਇਸ ਨੂੰ ਜਿੱਤਣਾ ਚਾਹੀਦਾ ਸੀ, ਜਿੱਤ ਸਕਦੀ ਸੀ, ਜਿੱਤਦੀ ਹੋਈ ਦਿਖੀ ਪਰ ਕਾਂਗਰਸ ਇਹ ਚੋਣਾਂ ਹਾਰ ਗਈ।

ਰਾਹੁਲ ਨੂੰ ਸੀ ਜਿੱਤ ਦੀ ਦਰਕਾਰ

ਗੁਜਰਾਤ ਵਿੱਚ ਨੈਤਿਕ ਜਿੱਤ ਦੇ ਬਾਅਦ ਰਾਹੁਲ ਗਾਂਧੀ ਨੂੰ ਇੱਕ ਅਸਲ ਜਿੱਤ ਦੀ ਲੋੜ ਸੀ ਪਰ ਕੋਸ਼ਿਸ਼ ਕਰਨ ਦੇ ਬਾਵਜੂਦ ਉਹ ਅਜਿਹਾ ਕਰਨ ਵਿੱਚ ਸਫ਼ਲ ਨਹੀਂ ਹੋ ਸਕੇ।

ਅਜਿਹੇ ਵਿੱਚ ਕੀ ਉਨ੍ਹਾਂ ਵੱਲੋਂ ਕਾਂਗਰਸ ਪਾਰਟੀ ਦੀ ਅਗਵਾਈ ਕੀਤੇ ਜਾਣ 'ਤੇ ਸਵਾਲ ਚੁੱਕੇ ਜਾਣਗੇ?

ਮੋਦੀ ਦੀ ਅਗਵਾਈ ਵਾਲੀ ਭਾਜਪਾ ਦੇ ਸਾਹਮਣੇ ਇਸ ਸਮੇਂ ਇੱਕ ਤਰੀਕੇ ਨਾਲ ਵਿਰੋਧੀ ਧਿਰ ਮੌਜੂਦ ਹੀ ਨਹੀਂ ਹੈ।

ਮੋਦੀ ਹੁਣ 2019 ਦੀਆਂ ਚੋਣਾਂ ਨੂੰ ਰਾਸ਼ਟਰਪਤੀ ਚੋਣਾਂ ਵਰਗਾ ਰੰਗ ਦੇਣ ਦੀ ਕੋਸ਼ਿਸ਼ ਕਰਨਗੇ ਜੋ ਉਨ੍ਹਾਂ ਦੀ ਸ਼ਖਸ਼ੀਅਤ 'ਤੇ ਆਧਾਰਿਤ ਹੋਣਗੀਆਂ ਅਤੇ ਇੰਦਰਾ ਗਾਂਧੀ ਦੇ 1971 ਵਾਲੇ ਨਾਅਰੇ, "ਮੈਂ ਕਹਿੰਦੀ ਹਾਂ ਗਰੀਬੀ ਹਟਾਓ ਉਹ ਕਹਿੰਦੇ ਹਨ ਇੰਦਰਾ ਹਟਾਓ'' ਵਰਗਾ ਕੋਈ ਨਾਅਰਾ ਲੈ ਕੇ ਆਉਣਗੇ।

ਜੇ ਕਿਸੇ ਚੋਣਾਂ ਵਿੱਚ ਮੋਦੀ ਬਨਾਮ ਸਾਰਿਆਂ ਦਾ ਮੁਕਾਬਲਾ ਹੁੰਦਾ ਹੈ ਤਾਂ ਉਹ ਮੋਦੀ ਨੂੰ ਮਜਬੂਤ ਹੀ ਕਰੇਗਾ।

ਪਰ ਮੋਦੀ ਕਰਨਾਟਕ ਵਿੱਚ ਮਿਸ਼ਨ 150 ਨੂੰ ਹਾਸਿਲ ਕਰਨ ਵਿੱਚ ਅਸਫਲ ਹੋਏ ਹਨ ਜਦਕਿ ਕਰਨਾਟਕ ਵਿੱਚ ਜਾਤੀ ਅਤੇ ਭਾਈਚਾਰੇ ਅਜੇ ਵੀ ਕਾਫ਼ੀ ਵੰਡੇ ਹੋਏ ਹਨ।

ਭਾਰਤ ਵਿੱਚ ਅਣਗਿਣਤ ਜਾਤੀਆਂ ਅਤੇ ਸੱਭਿਆਚਾਰਾਂ ਦੇ ਸਮੂਹ ਵਿੱਚ ਸਥਾਨਕ ਰਾਜਨੀਤਿਕ ਸ਼ਕਤੀਆਂ ਦੇ ਲਈ ਹਮੇਸ਼ਾ ਥਾਂ ਬਣੀ ਰਹੇਗੀ ਭਾਵੇਂ ਦਿੱਲੀ ਵਿੱਚ ਕਿੰਨਾ ਸ਼ਕਤੀਸ਼ਾਲੀ ਸਿਆਸੀ ਵਿਅਕਤੀ ਰਾਜ ਕਰਦਾ ਹੋਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)