ਕਰਤਾਰਪੁਰ ਲਾਂਘਾ - ਸਥਾਨਕ ਕਿਸਾਨ ਲਾਂਘਾ ਖੁੱਲ੍ਹਣ ਤੋਂ ਖੁਸ਼ ਪਰ ਸਰਕਾਰ ਤੋਂ ਖ਼ਫ਼ਾ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

"ਲਾਂਘਾ ਬਣ ਰਿਹਾ ਹੈ ਸਾਨੂੰ ਇਸ ਗੱਲ ਦੀ ਖ਼ੁਸ਼ੀ ਹੈ ਪਰ ਮਾਯੂਸ ਵੀ ਹਾਂ ਕਿ ਅਸੀਂ ਇੱਥੋਂ ਉੱਜੜ ਜਾਣਾ ਹੈ" ਇਹ ਸ਼ਬਦ ਸਨ ਗੁਰਾਦਾਸਪੁਰ ਦੇ 52 ਸਾਲਾ ਜੋਗਿੰਦਰ ਸਿੰਘ ਦੇ, ਜਿਨ੍ਹਾਂ ਦੀ ਡੇਢ ਏਕੜ ਜ਼ਮੀਨ ਲਾਂਘੇ ਦੀ ਉਸਾਰੀ ਲਈ ਸਰਕਾਰ ਲੈਣਾ ਚਾਹੁੰਦੀ ਹੈ।

26 ਨਵੰਬਰ 2018 ਨੂੰ ਭਾਰਤ ਵਾਲੇ ਪਾਸਿਓਂ ਗੁਰਦਾਸਪੁਰ ਵਿੱਚ ਇੱਕ ਵੱਡੇ ਸਮਾਗਮ ਵਿੱਚ ਭਾਰਤ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਲਾਂਘੇ ਦਾ ਨੀਂਹ ਪੱਥਰ ਰੱਖਿਆ ਤੇ 29 ਨਵੰਬਰ 2018 ਨੂੰ ਪਾਕਿਸਤਾਨ ਵਾਲੇ ਪਾਸਿਓਂ ਇਮਰਾਨ ਖ਼ਾਨ ਨੇ ਇਸ ਦਾ ਨੀਂਹ ਪੱਥਰ ਰੱਖਿਆ।

ਦੋਹਾਂ ਪਾਸਿਓਂ 2019 ਵਿੱਚ ਆਉਣ ਵਾਲੇ ਗੁਰੂ ਨਾਨਕ ਦੇਵ ਜੀ ਦੇ 550 ਵੇਂ ਗੁਰਪੁਰਬ ਤੱਕ ਇਸ ਨੂੰ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਹੋਇਆ ਪਰ ਕਰਤਾਰਪੁਰ ਤੋਂ ਡੇਰਾ ਬਾਬਾ ਨਾਨਕ ਨਾਲ ਲੱਗਦੀ ਕੌਮਾਂਤਰੀ ਸਰਹੱਦ ਉੱਤੇ ਕੰਮ ਜੰਗੀ ਪੱਧਰ 'ਤੇ ਜਾਰੀ ਹੈ।

ਇਹ ਵੀ ਪੜ੍ਹੋ:

ਭਾਰਤੀ ਪੰਜਾਬ ਦੇ ਗੁਰਦਾਸਪੁਰ ਵਿੱਚ ਲਾਂਘੇ ਲਈ ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਰਾਹੀਂ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ। ਜਿਹੜੇ ਕਿਸਾਨਾਂ ਦੀ ਜ਼ਮੀਨ ਇਸ ਪ੍ਰੋਜੈਕਟ ਤਹਿਤ ਲਈ ਜਾ ਰਹੀ ਹੈ ਉਨ੍ਹਾਂ ਵਿੱਚ ਖ਼ੁਸ਼ੀ ਤੇ ਗ਼ਮ ਦੇ ਮਿਲੇ ਜੁਲੇ ਭਾਵ ਹਨ।

3 ਏਕੜ ਜ਼ਮੀਨ ਦੇ ਮਾਲਕ ਜੋਗਿੰਦਰ ਸਿੰਘ ਖੇਤੀ ਦੇ ਨਾਲ ਡੇਅਰੀ ਫਾਰਮਿੰਗ ਦਾ ਕੰਮ ਵੀ ਕਰਦੇ ਹਨ ਅਤੇ ਅਕਵਾਇਰ ਕੀਤੀ ਜਾ ਰਹੀ ਜ਼ਮੀਨ 'ਚ ਉਨ੍ਹਾਂ ਦਾ ਮੱਝਾਂ ਦਾ ਵਾੜਾ ਵੀ ਸ਼ਾਮਲ ਹੈ।

ਜੋਗਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਬਹੁਤ ਹੀ ਉਪਜਾਊ ਹੈ ਅਤੇ ਸਰਕਾਰ ਭਾਅ ਨਿਸ਼ਚਿਤ ਕੀਤੇ ਬਿਨਾਂ ਉਨ੍ਹਾਂ ਦੀ ਜ਼ਮੀਨ ਲੈ ਰਹੀ ਹੈ।

ਡੇਰਾ ਬਾਬਾ ਨਾਨਕ ਵਿਖੇ ਵੀ ਸਰਕਾਰ ਵੱਲੋਂ ਜ਼ਮੀਨ ਐਕਵਾਇਰ ਕਰਨ ਦਾ ਕੰਮ ਚੱਲ ਰਿਹਾ ਹੈ।

ਇਸ ਸਬੰਧ ਵਿੱਚ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ, "ਉਹ ਪਹਿਲਾਂ ਤੋਂ ਨਿਰਧਾਰਿਤ ਕੀਤੇ ਗਏ ਏਜੰਡੇ ਦੇ ਹਿਸਾਬ ਨਾਲ ਹੀ ਕੰਮ ਕਰ ਰਹੇ ਹਨ ਕਿਉਂਕਿ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਉਨ੍ਹਾਂ ਨੂੰ ਇਸ ਮੁੱਦੇ 'ਤੇ ਕੋਈ ਨਵਾਂ ਹੁਕਮ ਨਹੀਂ ਦਿੱਤਾ ਗਿਆ।"

ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ 6 ਮਾਰਚ 2019 ਨੂੰ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਮੁਤਾਬਕ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਅਤੇ ਸ਼ਰਧਾਲੂਆਂ ਦੀ ਚਿਰੋਕਣੀ ਮੰਗ ਕਰਤਾਰਪੁਰ ਸਾਹਿਬ ਲਾਂਘੇ ਨੂੰ ਪੂਰਾ ਕਰਨ ਲਈ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਦੀ ਪਹਿਲੀ ਉੱਚ ਪੱਧਰੀ ਮੀਟਿੰਗ 14 ਮਾਰਚ ਨੂੰ ਵਾਹਗਾ-ਅਟਾਰੀ ਸਰਹੱਦ 'ਤੇ ਕੀਤੀ ਜਾਵੇਗੀ।

ਭਾਰਤ ਨੇ ਇਹ ਤਜਵੀਜ਼ ਵੀ ਕੀਤੀ ਹੈ ਕਿ ਲਾਂਘੇ ਦੀ ਸੇਧ 'ਤੇ ਇਕ ਤਕਨੀਕੀ ਪੱਧਰ' ਤੇ ਚਰਚਾ ਉਸੇ ਬੈਠਕ 'ਚ ਹੀ ਹੋਣੀ ਚਾਹੀਦੀ ਹੈ।

ਲਾਂਘੇ ਲਈ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦੇ ਮਾਲਕ ਨਾਖ਼ੁਸ਼

ਡੇਰਾ ਬਾਬਾ ਨਾਨਕ ਅਤੇ ਇਸ ਦੇ ਨੇੜਲੇ ਪਿੰਡਾਂ ਦੇ ਕਿਸਾਨਾਂ ਬਾਰੇ ਜ਼ਮੀਨੀ ਹਕੀਕਤ ਜਾਣਨ ਲਈ ਬੀਬੀਸੀ ਪੰਜਾਬੀ ਦੀ ਟੀਮ ਇੱਥੇ ਪਹੁੰਚੀ।

ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਲਾਂਘੇ ਲਈ ਐਕਵਾਇਰ ਕੀਤੀ ਜਾਣੀ ਹੈ ਉਹ ਸਾਰੇ ਇੱਕ ਥਾਂ ਉੱਤੇ ਹੀ ਇਕੱਠੇ ਹੋਏ ਬੈਠੇ ਸਨ।

ਅਜੇ ਗੱਲਬਾਤ ਦੀ ਰਸਮੀ ਸ਼ੁਰੂਆਤ ਹੋਈ ਹੀ ਸੀ ਕਿ ਸੂਚਨਾ ਮਿਲੀ ਕਿ ਸਰਕਾਰੀ ਮੁਲਜ਼ਮ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦੀ ਨਿਸ਼ਾਨਦੇਹੀ ਕਰ ਰਹੇ ਹਨ।

ਕਿਸਾਨ ਤੁਰੰਤ ਗੱਲਬਾਤ ਵਿਚਾਲੇ ਛੱਡ ਕੇ ਖੇਤਾਂ ਵਾਲੇ ਪਾਸੇ ਚਾਲਾ ਪਾ ਦਿੰਦੇ ਹਨ। ਕਿਸਾਨ ਜਾਂਦੇ ਸਾਰ ਹੀ ਉੱਥੇ ਨਿਸ਼ਾਨਦੇਹੀ ਕਰ ਰਹੀ ਟੀਮ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੰਦੇ ਹਨ ਅਤੇ ਆਖਦੇ ਹਨ ਪਹਿਲਾ ਉਨ੍ਹਾਂ ਦੀ ਜ਼ਮੀਨ ਦਾ ਮੁਆਵਜ਼ਾ ਤੈਅ ਕੀਤਾ ਜਾਵੇ ਫਿਰ ਅੱਗੇ ਦੀ ਕਾਰਵਾਈ ਹੋਵੇ।

ਇਸ ਦੌਰਾਨ ਕਿਸਾਨ ਟੀਮ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕਰਨੀ ਸ਼ੁਰੂ ਕਰ ਦਿੰਦੇ ਹਨ। ਮਾਹੌਲ ਗਰਮ ਹੁੰਦਾ ਵੇਖ ਨਿਸ਼ਾਨਦੇਹੀ ਕਰਨ ਵਾਲੀ ਟੀਮ ਆਪਣਾ ਕੰਮ ਬੰਦ ਕਰ ਦਿੰਦੀ ਹੈ ਅਤੇ ਮੌਕੇ ਉੱਤੇ ਮੌਜੂਦ ਪੁਲਿਸ ਅਧਿਕਾਰੀ ਕਿਸਾਨਾਂ ਨੂੰ ਸ਼ਾਂਤ ਕਰਦੇ ਹਨ।

ਕਿਸਾਨ ਜੈਮਲ ਸਿੰਘ ਨੇ ਦੱਸਿਆ, "ਇੱਕ ਥਾਂ ਤੋਂ ਉੱਜੜ ਕੇ ਦੂਜੀ ਥਾਂ 'ਤੇ ਫਿਰ ਤੋਂ ਜ਼ਿਦਗੀ ਦੀ ਸ਼ੁਰੂਆਤ ਕਰਨੀ ਬਹੁਤ ਔਖੀ ਹੈ।"

"ਪਰ ਇਸ ਦੇ ਬਾਵਜੂਦ ਅਸੀਂ ਲੋਕਾਂ ਦੀ ਆਸਥਾ ਦੇ ਮੱਦੇਨਜ਼ਰ ਜ਼ਮੀਨ ਦੇਣ ਲਈ ਤਿਆਰ ਵੀ ਹਾਂ ਬਸ਼ਰਤੇ ਸਰਕਾਰ ਸਾਨੂੰ ਇਸ ਦਾ ਸਹੀ ਮੁੱਲ ਦੇਵੇ।"

ਉਨ੍ਹਾਂ ਦੱਸਿਆ ਕਿ ਡੇਰਾ ਬਾਬਾ ਨਾਨਕ ਦੇ ਕਿਸਾਨ ਜ਼ਿਆਦਾਤਰ ਸਬਜ਼ੀਆਂ ਦੀ ਖੇਤੀ ਕਰਦੇ ਹਨ ਸ਼ਹਿਰ ਨੇੜੇ ਹੋਣ ਕਾਰਨ ਉਨ੍ਹਾਂ ਨੂੰ ਇਸ ਦਾ ਮੁੱਲ ਵੀ ਵਧੀਆ ਮਿਲਦਾ ਹੈ।

ਉਨ੍ਹਾਂ ਨੇ ਅੱਗੇ ਕਿਹਾ, "ਪਰ ਇੱਥੋਂ ਉੱਜੜ ਕੇ ਦੂਜੀ ਥਾਂ 'ਤੇ ਸਾਨੂੰ ਝੋਨੇ ਵਾਲੀ ਜ਼ਮੀਨ ਲੈਣੀ ਪੈਣੀ ਹੈ ਅਤੇ ਸਾਡੇ ਖ਼ਰਚੇ ਵੀ ਵੱਧ ਜਾਣਗੇ। ਇਸ ਲਈ ਅਸੀਂ ਸਰਕਾਰ ਤੋਂ ਬਣਦੇ ਮੁਆਵਜ਼ੇ ਦੀ ਮੰਗ ਕਰ ਰਹੇ ਹਾਂ।"

ਜੋਗਿੰਦਰ ਸਿੰਘ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ, "ਬਾਰਡਰ ਇਲਾਕੇ ਵਿੱਚ ਪਹਿਲਾਂ ਹੀ ਦਿੱਕਤਾਂ ਬਹੁਤ ਜ਼ਿਆਦਾ ਹਨ ਅਤੇ ਇਸ ਜ਼ਮੀਨ ਦੇ ਸਿਰ 'ਤੇ ਹੀ ਘਰ ਦਾ ਗੁਜ਼ਾਰਾ ਚੱਲਦਾ ਹੈ। ਹੁਣ ਉਹ ਵੀ ਸਰਕਾਰ ਸਾਥੋਂ ਤੋਂ ਲੈ ਰਹੀ ਹੈ, ਹੁਣ ਪਤਾ ਨਹੀਂ ਨਵੀਂ ਥਾਂ 'ਤੇ ਕਿੱਥੇ ਟਿਕਾਣਾ ਬਣਾਉਣਾ ਪਵੇਗਾ।"

ਇਸ ਤੋਂ ਬਾਅਦ ਉਹ ਫਿਰ ਵਾੜੇ ਵਿਚ ਕੰਮ ਕਰਨ ਲੱਗੀ ਜਾਂਦੀ ਹੈ।

ਦੂਜੇ ਪਾਸੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਕਿਸਾਨਾਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਮਾਮਲਾ ਛੇਤੀ ਹੀ ਸੁਲਝਾ ਲਿਆ ਜਾਵੇਗਾ।

ਇਹ ਵੀ ਪੜ੍ਹੋ-

ਲਾਂਘੇ ਲਈ ਕਿੰਨੀ ਜ਼ਮੀਨ ਚਾਹੀਦੀ ਹੈ?

ਇਸ ਲਾਂਘੇ ਲਈ 100 ਏਕੜ ਦੇ ਕਰੀਬ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ।

ਡੇਰਾ ਬਾਬਾ ਨਾਨਕ ਦੇ ਐੱਸਡੀਐੱਮ ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ, "ਲਾਂਘੇ ਲਈ ਚਾਰ ਪਿੰਡਾਂ (ਪੱਖੋਕੇ, ਡੇਰਾ ਬਾਬਾ ਨਾਨਕ, ਜੋੜੀਆਂ ਖੁਰਦ ਅਤੇ ਚੰਦੂ ਨੰਗਲ) ਦੀ 100 ਏਕੜ ਦੇ ਕਰੀਬ ਜ਼ਮੀਨ ਐਕਵਾਇਰ ਕੀਤੀ ਜਾਵੇਗੀ।"

"ਜਿਸ ਵਿੱਚ 58 ਏਕੜ 'ਚ ਲਾਂਘੇ ਲਈ ਅਤੇ 50 ਏਕੜ ਵਿੱਚ ਇੰਟੀਗ੍ਰੇਟਿਡ ਚੈੱਕ ਪੋਸਟ ਬਣੇਗਾ। ਜ਼ਮੀਨ ਐਕਵਾਇਰ ਕਰਨ ਦੇ ਲਈ ਐਸਡੀਐਮ ਡੇਰਾ ਬਾਬਾ ਨਾਨਕ ਨੂੰ ਨੋਡਲ ਏਜੰਸੀ ਬਣਾਇਆ ਗਿਆ ਹੈ ਜੋ ਕਿਸਾਨਾਂ ਤੋਂ ਜ਼ਮੀਨ ਲੈ ਕੇ ਨੈਸ਼ਨਲ ਹਾਈਵੇ ਅਥਾਰਿਟੀ ਨੂੰ ਦੇਵੇਗਾ।"

ਕਿੱਥੇ ਹੈ ਕਰਤਾਰਪੁਰ

ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿੱਚ ਸਥਿਤ ਹੈ, ਜਿਹੜਾ ਕਿ ਡੇਰਾ ਬਾਬਾ ਨਾਨਕ ਦੇ ਨਾਲ ਲਗਦੇ ਭਾਰਤ-ਪਾਕਿਸਤਾਨ ਦੀ ਸਰਹੱਦ ਤੋਂ ਚਾਰ ਕਿੱਲੋਮੀਟਰ ਦੂਰ ਹੈ।

ਇਹ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਹੈ, ਲਾਹੌਰ ਤੋਂ ਇਹ 130 ਕਿੱਲੋਮੀਟਰ ਦੂਰ ਹੈ। ਪਰ ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅ ਨੇ ਇਸ ਸਫ਼ਰ ਨੂੰ ਬੇਹੱਦ ਲੰਬਾ ਬਣਾ ਦਿੱਤਾ ਹੈ।

ਹੁਣ ਤੱਕ ਕਰਤਾਰਪੁਰ ਸਾਹਿਬ ਦੇ ਦਰਸ਼ਨ ਸ਼ਰਧਾਲੂ ਡੇਰਾ ਬਾਬਾ ਨਾਨਕ ਵਿਖੇ ਭਾਰਤ ਵਾਲੇ ਪਾਸੇ ਤੋਂ ਦੂਰਬੀਨ ਰਾਹੀਂ ਕਰਦੇ ਹਨ ਪਰ ਇਸ ਲਾਂਘੇ ਦੇ ਬਣਨ ਨਾਲ ਭਾਰਤੀ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨ ਸਿੱਧੇ ਤੌਰ 'ਤੇ ਕਰ ਸਕਣਗੇ।

ਕਰਤਾਰਪੁਰ ਸਾਹਿਬ ਵਿੱਖੇ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖ਼ਰੀ 17-18 ਸਾਲ ਬਤੀਤ ਕੀਤੇ ਸਨ। ਵੰਡ ਤੋਂ ਬਾਅਦ ਇਹ ਪਾਕਿਸਤਾਨ ਰਹਿ ਗਿਆ ਤੇ ਸਿੱਖ ਲਗਪਗ ਪੌਣੀ ਸਦੀ ਤੋਂ ਪਾਕਿਸਤਾਨ ਵਿੱਚ ਰਹਿ ਗਏ ਹੋਰ ਗੁਰਦਵਾਰਿਆਂ ਸਮੇਤ ਇਸ ਦੇ ਵੀ ਖੁੱਲ੍ਹੇ ਦਰਸ਼ਨ ਦੀਦਾਰਿਆਂ ਦੀ ਮੰਗ ਕਰਦੇ ਆ ਰਹੇ ਸਨ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਨਵਜੋਤ ਸਿੰਘ ਸਿੱਧੂ ਇਸਲਾਮਾਬਾਦ ਗਏ। ਸਨ ਬਾਅਦ ਵਿੱਚ 19 ਅਗਸਤ 2018 ਨੂੰ ਸਿੱਧੂ ਨੇ ਦੱਸਿਆ ਕਿ ਉੱਥੋਂ ਦੇ ਫੌਜ ਮੁਖੀ ਬਾਜਵਾ ਨੇ ਉਨ੍ਹਾਂ ਨੂੰ ਆ ਕੇ ਦੱਸਿਆ ਕਿ ਪਾਕਿਸਤਾਨ ਸਰਕਾਰ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਵਿਚਾਰ ਕਰ ਰਹੀ ਹੈ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)