ਤੇਜ਼ਾਬ ਹਮਲਾ: ਦੋ ਸਾਲ ਬਾਅਦ ਇੱਕ ਦੋਸ਼ੀ ਨੂੰ 18 ਸਾਲ, ਦੂਜੇ ਨੂੰ 15 ਸਾਲ ਦੀ ਸਜ਼ਾ

    • ਲੇਖਕ, ਗੁਰਪ੍ਰੀਤ ਚਾਵਲਾ
    • ਰੋਲ, ਬੀਬੀਸੀ ਪੰਜਾਬੀ ਲਈ

ਗੁਰਦਾਸਪੁਰ ਦੇ ਤੇਜ਼ਾਬ ਸੁੱਟਣ ਦੇ ਮਾਮਲੇ ਵਿੱਚ ਦੋ ਸਾਲ ਬਾਅਦ ਦੋ ਦੋਸ਼ੀਆਂ ਨੂੰ ਅਦਾਲਤ ਨੇ ਸਜ਼ਾ ਸੁਣਾਈ ਹੈ।

ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਮੁੱਖ ਦੋਸ਼ੀ ਸਾਜਨ ਮਸੀਹ ਨੂੰ 18 ਸਾਲ ਅਤੇ ਦੂਜੇ ਦੋਸ਼ੀ ਲਵਪ੍ਰੀਤ ਸਿੰਘ ਉਰਫ ਲੱਬਾ ਨੂੰ 15 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਅਦਾਲਤ ਨੇ ਦੋਹਾਂ ਦੋਸ਼ੀਆਂ ਨੂੰ ਇੱਕ-ਇੱਕ ਲੱਖ ਰੁਪਏ ਦਾ ਜੁਰਮਾਨਾ ਪੀੜਤਾਂ ਨੂੰ ਮੁਆਵਜ਼ੇ ਵਜੋਂ ਦੇਣ ਦਾ ਹੁਕਮ ਦਿੱਤਾ ਹੈ।

ਉਧਰ ਤੇਜ਼ਾਬ ਵੇਚਣ ਵਾਲੇ ਨੌਜਵਾਨ ਸੰਤੋਖ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ।

ਕਸਬਾ ਡੇਰਾ ਬਾਬਾ ਨਾਨਕ ਨੇੜਲੇ ਪਿੰਡ ਧਰਮਾਬਾਦ ਵਿੱਚ 6 ਨਾਬਾਲਿਗ ਕੁੜੀਆਂ 'ਤੇ 16 ਮਾਰਚ 2016 ਨੂੰ ਤੇਜ਼ਾਬ ਨਾਲ ਹਮਲਾ ਕੀਤਾ ਗਿਆ ਸੀ ਅਤੇ ਇਸ ਵਾਰਦਾਤ ਵਿੱਚ ਇੱਕ ਕੁੜੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ।

ਇਹ ਕੁੜੀਆਂ ਅੱਠਵੀਂ ਜਮਾਤ ਵਿੱਚ ਪੜ੍ਹਦੀਆਂ ਸਨ। ਘਟਨਾ ਦਾ ਮੁੱਖ ਦੋਸ਼ੀ ਸਾਜਨ ਮਸੀਹ ਸਾਥਣ ਵਿਦਿਆਰਥਣਾਂ ਨੂੰ ਤੰਗ ਕਰਦਾ ਸੀ, ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਪ੍ਰਿੰਸੀਪਲ ਨੂੰ ਕਰ ਦਿੱਤੀ ਸੀ। ਸਾਜਨ ਮਸੀਹ ਨੂੰ ਸਕੂਲ ਵਿੱਚੋਂ ਕੱਢ ਦਿੱਤਾ ਸੀ।

ਉਸੇ ਹੀ ਰੰਜਿਸ਼ ਕਾਰਨ ਸਾਜਨ ਮਸੀਹ ਨੇ ਆਪਣੇ ਇਕ ਸਾਥੀ ਦੋਸਤ ਲਵਪ੍ਰੀਤ ਸਿੰਘ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਜਿਸ ਕੁੜੀ ਨੂੰ ਉਹ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ ਉਹ ਪਿੱਛੇ ਸੀ ਅਤੇ ਨਿਸ਼ਾਨਾ ਦੂਜੀ ਕੁੜੀ ਬਣ ਗਈ ਸੀ।

ਪੁਲਿਸ ਵੱਲੋਂ ਇਸ ਕੇਸ ਵਿੱਚ ਤੇਜ਼ਾਬ ਵੇਚਣ ਵਾਲੇ ਨੌਜਵਾਨ ਸੰਤੋਖ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ ਪਰ ਅਦਾਲਤ ਨੇ ਉਸ ਨੂੰ ਬਰੀ ਕਰ ਦਿਤਾ ਗਿਆ ਹੈ।

ਪੀੜਤਾਂ ਨੇ ਕਿਹਾ ਕਿ ਉਹ ਇਸ ਫੈਸਲੇ ਤੋਂ ਖੁਸ਼ ਹਨ ਕਿ ਦੋ ਸਾਲ ਲੜਾਈ ਲੜਨ ਤੋਂ ਬਾਅਦ ਉਹਨਾਂ ਨੂੰ ਇਨਸਾਫ਼ ਮਿਲਿਆ ਹੈ।

ਇਸ ਦੇ ਨਾਲ ਹੀ ਉਹਨਾਂ ਤੇਜ਼ਾਬ ਵੇਚਣ ਵਾਲੇ ਨੌਜਵਾਨ ਸੰਤੋਖ ਸਿੰਘ ਦੇ ਬਰੀ ਹੋਣ ਤੇ ਦੁੱਖ ਜ਼ਾਹਿਰ ਕੀਤਾ ਅਤੇ ਕਿਹਾ ਕਿ ਉਸਦੇ ਖਿਲਾਫ਼ ਉਹ ਉੱਚ ਅਦਾਲਤ ਵਿੱਚ ਜਾਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)