You’re viewing a text-only version of this website that uses less data. View the main version of the website including all images and videos.
ਸ਼੍ਰੀਦੇਵੀ ਨੂੰ ਰਾਜ ਪੱਧਰੀ ਸਨਮਾਨ ਦੇਣਾ ਕੀ ਸਹੀ ਹੈ?
- ਲੇਖਕ, ਭਰਤ ਸ਼ਰਮਾ
- ਰੋਲ, ਬੀਬੀਸੀ ਪੱਤਰਕਾਰ
ਇਸ ਤੋਂ ਵੱਡਾ ਇੱਤਫਾਕ ਹੋਰ ਕੀ ਹੋ ਸਕਦਾ ਹੈ ਕਿ ਸਾਲ 1997 ਵਿੱਚ 28 ਫਰਵਰੀ ਨੂੰ ਸ਼੍ਰੀਦੇਵੀ ਦੀ ਫਿਲਮ ਜੁਦਾਈ ਰਿਲੀਜ਼ ਹੋਈ ਸੀ ਅਤੇ ਸਾਲ 2018 ਵਿੱਚ ਇਸੇ ਦਿਨ ਉਨ੍ਹਾਂ ਨੇ ਦੁਨੀਆਂ ਤੋਂ ਅੰਤਿਮ ਵਿਦਾਈ ਲਈ।
28 ਫਰਵਰੀ ਨੂੰ ਵਿਲੇ ਪਾਰਲੇ ਦੇ ਸ਼ਮਸ਼ਾਨ ਘਾਟ ਵਿੱਚ ਸ਼੍ਰੀਦੇਵੀ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਕਈ ਵੱਡੀ ਹਸਤੀਆਂ ਮੌਜੂਦ ਰਹੀਆਂ।
ਸ਼੍ਰੀਦੇਵੀ ਦੇ ਪਰਿਵਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ, "ਬੀਤੇ ਕੁਝ ਦਿਨ ਸਾਡੇ ਪਰਿਵਾਰ ਲਈ ਕਾਫੀ ਮੁਸ਼ਕਿਲ ਸਨ। ਸ਼੍ਰੀਦੇਵੀ ਆਪਣੇ ਪਿੱਛੇ ਇੱਕ ਵਿਰਾਸਤ ਛੱਡ ਗਏ ਹਨ।''
"ਉਨ੍ਹਾਂ ਦਾ ਹੁਨਰ ਲਾਜਵਾਬ ਸੀ। ਦਰਸ਼ਕਾਂ ਨਾਲ ਜੁੜਨ ਦਾ ਉਨ੍ਹਾਂ ਦਾ ਵੱਖਰਾ ਅੰਦਾਜ਼ ਸੀ ਅਤੇ ਪਰਿਵਾਰ ਨਾਲ ਵੀ ਉਨ੍ਹਾਂ ਦਾ ਜੁੜਾਅ ਅਜਿਹਾ ਹੀ ਸੀ।''
ਸਾਰਾ ਸਰਕਾਰੀ ਇੰਤਜ਼ਾਮ
24 ਫਰਵਰੀ ਦੀ ਰਾਤ ਦੁਬਈ ਦੇ ਇੱਕ ਹੋਟਲ ਵਿੱਚ ਆਖਰੀ ਸਾਹ ਲੈਣ ਵਾਲੀਂ ਸ਼੍ਰੀਦੇਵੀ ਦੀ ਦੇਹ ਮੰਗਲਵਾਰ ਨੂੰ ਆਪਣੇ ਦੇਸ ਪਰਤ ਗਈ।
ਮੰਗਲਵਾਰ ਰਾਤ ਅੰਧੇਰੀ ਦੇ ਲੋਖੰਡਵਾਲਾ ਸਥਿੱਤ ਗ੍ਰੀਨ ਐਕਸਰਸ ਵਿੱਚ ਸ਼੍ਰੀਦੇਵੀ ਦੀ ਦੇਹ ਪਹੁੰਚੀ ਅਤੇ ਬੁੱਧਵਾਰ ਸਵੇਰੇ ਉਨ੍ਹਾਂ ਦਾ ਆਖਰੀ ਸਫ਼ਰ ਸ਼ੁਰੂ ਹੋਇਆ।
ਘਰ ਤੋਂ ਸ਼ਮਸਾਨ ਭੂਮੀ ਦਾ ਫਾਸਲਾ 5 ਕਿਲੋਮੀਟਰ ਤੋਂ ਵੱਧ ਸੀ ਅਤੇ ਪੂਰੇ ਰਸਤੇ ਵਿੱਚ ਪੁਲਿਸ ਦਲ ਅਤੇ ਐਸਆਰਪੀਐਫ ਦੇ ਜਵਾਨ ਤਾਇਨਾਤ ਸਨ।
ਇਸ ਦੌਰਾਨ ਜਿਸ ਇੱਕ ਗੱਲ ਨੇ ਕਈ ਲੋਕਾਂ ਦਾ ਧਿਆਨ ਖਿੱਚਿਆ, ਉਹ ਸੀ ਤਿਰੰਗੇ ਵਿੱਚ ਲਪਟੀ ਸ਼੍ਰੀਦੇਵੀ ਦੀ ਲਾਸ਼ ਅਤੇ ਉਹ ਇਸ ਲਈ ਕਿਉਂਕਿ ਉਨ੍ਹਾਂ ਨੂੰ ਰਾਜ ਪੱਧਰੀ ਸਨਮਾਨ ਦਿੱਤਾ ਗਿਆ ਸੀ।
ਰਾਜ ਪੱਧਰੀ ਸਨਮਾਨ ਦਾ ਮਤਲਬ ਹੈ ਕਿ ਇਸ ਦਾ ਸਾਰਾ ਇੰਤਜ਼ਾਮ ਸੂਬਾ ਸਰਕਾਰ ਵੱਲੋਂ ਕੀਤਾ ਗਿਆ ਸੀ ਜਿਸ ਵਿੱਚ ਪੂਰਾ ਪੁਲਿਸ ਬੰਦੋਬਸਤ ਸੀ। ਦੇਹ ਨੂੰ ਤਿਰੰਗੇ ਵਿੱਚ ਲਪੇਟਣ ਤੋਂ ਇਲਾਵਾ ਬੰਦੂਕਾਂ ਨਾਸ ਸਲਾਮੀ ਵੀ ਦਿੱਤੀ ਗਈ।
ਆਮ ਤੌਰ 'ਤੇ ਰਾਜ ਪੱਧਰੀ ਸਨਮਾਨ ਵੱਡੇ ਨੇਤਾਵਾਂ ਨੂੰ ਦਿੱਤਾ ਜਾਂਦਾ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਅਤੇ ਹੋਰ ਸੰਵਿਧਾਨਕ ਅਹੁਦਿਆਂ 'ਤੇ ਬੈਠੇ ਲੋਕ ਸ਼ਾਮਲ ਹੁੰਦੇ ਹਨ।
ਜਿਸ ਨੂੰ ਰਾਜ ਪੱਧਰੀ ਸਨਮਾਨ ਦੇਣ ਦਾ ਫੈਸਲਾ ਕੀਤਾ ਜਾਂਦਾ ਹੈ, ਉਨ੍ਹਾਂ ਦੇ ਅੰਤਿਮ ਸਫ਼ਰ ਦਾ ਇੰਤਜ਼ਾਮ ਸੂਬਾ ਜਾਂ ਕੇਂਦਰ ਸਰਕਾਰ ਵੱਲੋਂ ਕੀਤਾ ਜਾਂਦਾ ਹੈ।
ਦੇਹ ਨੂੰ ਤਿਰੰਗੇ ਵਿੱਚ ਲਪੇਟਿਆ ਜਾਂਦਾ ਹੈ ਅਤੇ ਗਨ ਸਲੂਟ ਵੀ ਦਿੱਤਾ ਜਾਂਦਾ ਹੈ।
ਪਹਿਲਾਂ ਇਹ ਸਨਮਾਨ ਕੁਝ ਖਾਸ ਲੋਕਾਂ ਨੂੰ ਹੀ ਦਿੱਤਾ ਜਾਂਦਾ ਸੀ ਪਰ ਹੁਣ ਅਜਿਹਾ ਨਹੀਂ ਰਹਿ ਗਿਆ ਹੈ।
ਹੁਣ ਸੂਬਾ ਪੱਧਰੀ ਸਨਮਾਨ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਜਾਣ ਵਾਲਾ ਵਿਅਕਤੀ ਕੀ ਅਹੁਦਾ ਰੱਖਦਾ ਹੈ।
ਸਾਬਕਾ ਕਾਨੂੰਨ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਐਮ ਸੀ ਨਨਾਇਯਾਹ ਨੇ ਰੈਡਿਫ ਨੂੰ ਕਿਹਾ ਸੀ, "ਹੁਣ ਇਹ ਸੂਬਾ ਸਰਕਾਰ ਦੇ ਵਿਵੇਕ 'ਤੇ ਨਿਰਭਰ ਕਰਦਾ ਹੈ। ਉਹ ਇਸ ਬਾਰੇ ਫੈਸਲਾ ਕਰਦੀ ਹੈ ਕਿ ਵਿਅਕਤੀ ਵਿਸ਼ੇਸ਼ ਦਾ ਕਦ ਕੀ ਹੈ।''
"ਇਸੇ ਹਿਸਾਬ ਨਾਲ ਤੈਅ ਕੀਤਾ ਜਾਂਦਾ ਹੈ ਕਿ ਸੂਬਾ ਪੱਧਰੀ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ ਜਾਂ ਨਹੀਂ। ਹੁਣ ਕੋਈ ਅਜਿਹਾ ਦਿਸ਼ਾ-ਨਿਰਦੇਸ਼ ਨਹੀਂ ਹੈ।''
ਸਰਕਾਰ ਰਾਜਨੀਤੀ, ਸਾਹਿਤ, ਕਾਨੂੰਨ, ਵਿਗਿਆਨ ਅਤੇ ਸਿਨੇਮਾ ਵਰਗੇ ਖੇਤਰਾਂ ਵਿੱਚ ਅਹਿਮ ਕਿਰਦਾਰ ਅਦਾ ਕਰਨ ਵਾਲੇ ਲੋਕਾਂ ਦੇ ਜਾਣ 'ਤੇ ਉਨ੍ਹਾਂ ਨੂੰ ਸੂਬਾ ਪੱਧਰੀ ਸਨਮਾਨ ਦਿੰਦੀ ਹੈ।
ਮੁੱਖ ਮੰਤਰੀ ਦਾ ਫੈਸਲਾ?
ਇਸ ਬਾਰੇ ਫੈਸਲਾ ਆਮ ਤੌਰ 'ਤੇ ਸੂਬੇ ਦਾ ਮੁੱਖ ਮੰਤਰੀ ਆਪਣੀ ਕੈਬਨਿਟ ਦੇ ਸੀਨੀਅਰ ਸਾਥੀਆਂ ਨਾਲ ਚਰਚਾ ਕਰਨ ਤੋਂ ਬਾਅਦ ਕਰਦਾ ਹੈ।
ਇੱਕ ਵਾਰ ਫੈਸਲਾ ਹੋ ਜਾਣ 'ਤੇ ਸੂਬੇ ਦੇ ਸੀਨੀਅਰ ਪੁਲਿਸ ਅਫਸਰਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਜਿਨ੍ਹਾਂ ਵਿੱਚ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਹੋਰ ਉੱਚ ਅਧਿਕਾਰ ਸ਼ਾਮਿਲ ਹਨ। ਇਨ੍ਹਾਂ ਸਾਰਿਆਂ 'ਤੇ ਸੂਬਾ ਪੱਧਰੀ ਸਨਮਾਨ ਦੀਆਂ ਤਿਆਰੀਆਂ ਦੀ ਜ਼ਿੰਮਾ ਹੁੰਦਾ ਹੈ।
ਅਜਿਹਾ ਦੱਸਿਆ ਜਾਂਦਾ ਹੈ ਕਿ ਆਜ਼ਾਦ ਭਾਰਤ ਵਿੱਚ ਪਹਿਲਾ ਰਾਜ ਪੱਧਰੀ ਸਨਮਾਨ ਮਹਾਤਮਾ ਗਾਂਧੀ ਦਾ ਹੋਇਆ ਸੀ।
ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਲਾਲ ਬਹਾਦੁਰ ਸ਼ਾਸਤਰੀ ਅਤੇ ਇੰਦਰਾ ਗਾਂਧੀ ਨੂੰ ਵੀ ਰਾਜ ਪੱਧਰੀ ਸਨਮਾਨ ਦੇ ਨਾਲ ਵਿਦਾਈ ਦਿੱਤੀ ਗਈ ਸੀ।
ਹੋਰ ਕਿਸ ਨੂੰ ਮਿਲਿਆ ਸਨਮਾਨ
ਇਸ ਤੋਂ ਇਲਾਵਾ ਮਦਰ ਟੇਰੇਸਾ ਨੂੰ ਵੀ ਰਾਜ ਪੱਧਰੀ ਸਨਮਾਨ ਦਿੱਤਾ ਗਿਆ ਸੀ। ਉਸ ਸਿਆਸਤ ਨਾਲ ਸੰਬੰਧ ਨਹੀਂ ਰੱਖਦੀ ਸਨ ਪਰ ਸਮਾਜ ਸੇਵਾ ਵਿੱਚ ਅਹਿਮ ਯੋਗਦਾਨ ਦੇਣ ਦੇ ਲਈ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਗਿਆ ਸੀ।
ਇਸ ਦੇ ਇਲਾਵਾ ਲੱਖਾਂ ਚੇਲਿਆਂ ਵਾਲੇ ਸਤਯ ਸਾਈਂ ਬਾਬਾ ਅਪ੍ਰੈਲ. 2011 ਵਿੱਚ ਜਦੋਂ ਦੁਨੀਆਂ ਛੱਡ ਗਏ ਸੀ ਤਾਂ ਸੂਬਾ ਸਰਕਾਰ ਨੇ ਉਨ੍ਹਾਂ ਨੂੰ ਵੀ ਰਾਜ ਪੱਧਰੀ ਸਨਮਾਨ ਦਿੱਤਾ ਗਿਆ ਸੀ।
ਗ੍ਰਹਿ ਮੰਤਰਾਲੇ ਦੇ ਆਲਾ ਅਫ਼ਸਰ ਰਹੇ ਐਸ ਸੀ ਸ਼੍ਰੀਵਾਸਤਵ ਨੇ ਬੀਬੀਸੀ ਨੂੰ ਦੱਸਿਆ ਕਿ ਸੂਬਾ ਸਰਕਾਰ ਆਪਣੇ ਪੱਧਰ ਤੇ ਫੈਸਲਾ ਕਰਦੀ ਹੈ ਕਿ ਕਿਸੇ ਵਿਅਕਤੀ ਨੂੰ ਸੂਬਾ ਪੱਧਰੀ ਸਨਮਾਨ ਦਿੱਤਾ ਜਾਏ ਅਤੇ ਉਸ ਨੂੰ ਇਸ ਬਾਰੇ ਪੂਰਾ ਹੱਕ ਹੈ।
ਪਰ ਕੀ ਸ਼੍ਰੀਦੇਵੀ ਇਹ ਸਨਮਾਨ ਹਾਸਿਲ ਕਰਨ ਵਾਲੀ ਫ਼ਿਲਮੀ ਦੁਨੀਆਂ ਦੀ ਪਹਿਲੀ ਸ਼ਖਸੀਅਤ ਹੈ। ਐਸ ਸੀ ਸ਼੍ਰੀਵਾਸਤਵ ਨੇ ਜਵਾਬ ਦਿੱਤਾ, "ਮੈਨੂੰ ਲੱਗਦਾ ਹੈ ਅਜਿਹਾ ਨਹੀਂ ਹੈ। ਉਨ੍ਹਾਂ ਤੋਂ ਪਹਿਲਾਂ ਸ਼ਸ਼ੀ ਕਪੂਰ ਨੂੰ ਵੀ ਰਾਜ ਪੱਧਰੀ ਸਨਮਾਨ ਦਿੱਤਾ ਗਿਆ ਸੀ।''
ਪਿਛਲੇ ਸਾਲ ਦਸੰਬਰ ਵਿੱਚ ਸ਼ਸ਼ੀ ਕਪੂਰ ਦਾ ਦੇਹਾਂਤ ਹੋਇਆ ਸੀ ਅਤੇ ਉਨ੍ਹਾਂ ਨੂੰ ਵੀ ਰਾਜ ਪੱਧਰੀ ਸਨਮਾਨ ਦੇ ਨਾਲ ਵਿਦਾਈ ਦਿੱਤੀ ਗਈ ਸੀ।
ਭਾਵੇਂ ਰਾਜੇਸ਼ ਖੰਨਾ, ਵਿਨੋਦ ਖੰਨਾ ਅਤੇ ਸ਼ਮੀ ਕਪੂਰ ਵਰਗੇ ਦਿੱਗਜ ਅਦਾਕਾਰਾਂ ਨੂੰ ਰਾਜ ਪੱਧਰੀ ਸਨਮਾਨ ਨਹੀਂ ਦਿੱਤਾ ਗਿਆ ਸੀ।
ਖਾਸ ਗੱਲ ਹੈ ਕਿ ਜੇ ਸੂਬਾ ਸਰਕਾਰ ਰਾਜ ਪੱਧਰੀ ਸਨਮਾਨ ਦੇਣ ਦਾ ਫੈਸਲਾ ਕਰਦੀ ਹੈ ਤਾਂ ਇਸ ਦਾ ਅਸਰ ਪੂਰੇ ਸੂਬੇ ਵਿੱਚ ਨਜ਼ਰ ਆਉਂਦਾ ਹੈ।
ਪਰ ਜੇ ਕੇਂਦਰ ਸਰਕਾਰ ਇਹ ਫੈਸਲਾ ਕਰਦੀ ਹੈ ਤਾਂ ਪੂਰੇ ਭਾਰਤ ਵਿੱਚ ਇਹ ਪ੍ਰਕਿਰਿਆ ਨਿਭਾਈ ਜਾਂਦੀ ਹੈ।
ਜਦੋਂ ਕੇਂਦਰ ਸਰਕਾਰ ਵੱਲੋਂ ਕੌਮੀ ਸੋਗ ਦਾ ਐਲਾਨ ਕੀਤਾ ਜਾਂਦਾ ਹੈ ਤਾਂ:
- ਫਲੈਗ ਕੋਡ ਆਫ ਇੰਡੀਆ ਦੇ ਅਨੁਸਾਰ ਕੌਮੀ ਝੰਡਾ ਅੱਧਾ ਝੁਕਾ ਦਿੱਤਾ ਜਾਂਦਾ ਹੈ। ਇਸ ਗੱਲ ਦਾ ਫੈਸਲਾ ਸਿਰਫ਼ ਰਾਸ਼ਟਰਪਤੀ ਕਰਦੇ ਹਨ ਕਿ ਇਹ ਕਿੰਨੇ ਵਕਤ ਲਈ ਕਰਨਾ ਹੈ।
- ਜਨਤਕ ਛੁੱਟੀ ਕੀਤੀ ਜਾਂਦੀ ਹੈ
- ਤਾਬੂਤ ਨੂੰ ਤਿਰੰਗੇ ਵਿੱਚ ਲਪੇਟਿਆ ਜਾਂਦਾ ਹੈ
- ਅੰਤਿਮ ਸੰਸਕਾਰ ਦੇ ਵਕਤ ਬੰਦੂਕਾਂ ਨਾਲ ਸਲਾਮੀ ਦਿੱਤੀ ਜਾਂਦੀ ਹੈ
ਇੱਕ ਵਾਰ ਫਿਰ ਵਾਪਸ ਆਉਂਦੇ ਹਾਂ ਸ਼੍ਰੀਦੇਵੀ ਦੇ ਰਾਜ ਪੱਧਰੀ ਸਨਮਾਨ ਨਾਲ ਹੋਈ ਵਿਵਾਦ 'ਤੇ। ਜਦੋਂ ਤਿਰੰਗੇ ਨਾਲ ਲਿਪਟੀ ਮ੍ਰਿਤਕ ਦੇਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਾਂ ਕਈ ਲੋਕਾਂ ਨੇ ਇਸ ਬਾਰੇ ਸਵਾਲ ਚੁੱਕਣ ਵਿੱਚ ਵੀ ਦੇਰ ਨਹੀਂ ਲਗਾਈ।
ਤੁਸ਼ਾਰ ਨੇ ਲਿਖਿਆ, "ਸ਼੍ਰੀਦੇਵੀ ਦੀ ਦੇਹ ਨੂੰ ਤਿਰੰਗੇ ਵਿੱਚ ਕਿਉਂ ਲਪੇਟਿਆ ਗਿਆ ਹੈ? ਕੀ ਉਨ੍ਹਾਂ ਨੇ ਦੇਸ ਦੇ ਲਈ ਕੁਰਬਾਨੀ ਦਿੱਤੀ ਹੈ?''
"ਕੀ ਕਿਸੇ ਫਿਲਮੀ ਸਿਤਾਰੇ ਦੇ ਦੇਹਾਂਤ ਦੀ ਤੁਲਨਾ ਸਰਹੱਦ 'ਤੇ ਮਾਰੇ ਜਾਣ ਵਾਲੇ ਫੌਜੀ ਨਾਲ ਕੀਤੀ ਜਾ ਸਕਦੀ ਹੈ? ਕੀ ਬਾਲੀਵੁਡ ਵਿੱਚ ਕੰਮ ਕਰਨਾ ਦੇਸ ਦੀ ਸੇਵਾ ਕਰਨ ਦੇ ਬਰਾਬਰ ਹੈ?
ਇੰਡੀਆ ਫਰਸਟ ਹੈਂਡਲ ਤੋਂ ਲਿਖਿਆ ਗਿਆ ਹੈ, "ਮੈਨੂੰ ਲੱਗਦਾ ਹੈ ਕਿ ਹਰ ਕਿਸਾਨ ਨੂੰ ਇਸ ਤਰ੍ਹਾਂ ਸਨਮਾਨ ਮਿਲਣਾ ਚਾਹੀਦਾ ਹੈ ਜਿਵੇਂ ਦਾ ਸਨਮਾਨ ਸ਼੍ਰੀਦੇਵੀ ਨੂੰ ਦਿੱਤਾ ਗਿਆ ਹੈ।''