You’re viewing a text-only version of this website that uses less data. View the main version of the website including all images and videos.
‘ਮੇਰੀ ਮਾਂ ਦਾ ਸਿਰਫ਼ ਇੰਨਾ ਕਸੂਰ ਸੀ... ਉਸ ਨੇ ਵਿਚਾਰ ਜ਼ਾਹਿਰ ਕੀਤੇ ਸਨ’: ਕਤਲ ਹੋਈ ਪੱਤਰਕਾਰ ਦੇ ਪੁੱਤਰ ਦੀ ਲੜਾਈ ਜਾਰੀ
ਮਾਲਟਾ ਵਿੱਚ ਕਤਲ ਕੀਤੀ ਗਈ ਪੱਤਰਕਾਰ, ਦਾਫ਼ਨੇ ਕੈਰੁਆਨਾ ਗਲੀਜ਼ੀਆ, ਦੇ ਬੇਟੇ ਮੈਥਿਊ ਮੁਤਾਬਕ ਪ੍ਰੈੱਸ ਦੀ ਆਜ਼ਾਦੀ ਪਹਿਲਾਂ ਨਾਲੋਂ ਵਧੇਰੇ ਮਹੱਤਵਪੂਰਨ ਹੈ — ਜਾਣੋ ਕਿਉਂ, ਉਸੇ ਦੀ ਜ਼ੁਬਾਨੀ, ਪ੍ਰੈੱਸ ਆਜ਼ਾਦੀ ਦਿਹਾੜਾ ਮੌਕੇ:
ਮੈਨੂੰ ਮੇਰੀ ਮਾਂ ਕਤਲ ਦੀ ਜਾਂਚ ਕਰ ਰਹੇ ਵਿਅਕਤੀ ਨਾਲ ਹਰ ਕੁਝ ਮਹੀਨਿਆਂ ਬਾਅਦ ਬੈਠਣਾ ਪੈਂਦਾ ਹੈ। ਉਸ ਵਿਅਕਤੀ ਨਾਲ ਮੇਰੇ ਪਰਿਵਾਰ ਦਾ ਪਹਿਲੀ ਵਾਰ ਸਾਹਮਣਾ 6 ਸਾਲ ਪਹਿਲਾਂ ਹੋਇਆ, ਜਦੋਂ ਉਹ ਮੇਰੀ ਮਾਂ ਨੂੰ ਗ੍ਰਿਫ਼ਤਾਰ ਕਰਨ ਆਇਆ ਸੀ।
ਦਰਅਸਲ ਮੇਰੀ ਮਾਂ ਨੇ ਚੋਣਾਂ ਵਾਲੇ ਦਿਨ ਪ੍ਰਧਾਨ ਮੰਤਰੀ ਉਮੀਦਵਾਰ ਬਾਰੇ ਇੱਕ ਵਿਅੰਗਾਤਮਕ ਬਲਾਗ਼ ਛਾਪਿਆ ਸੀ ਅਤੇ ਉਸ ਉਮੀਦਵਾਰ ਦੇ ਕਿਸੇ ਸਮਰਥਕ ਨੇ ਪੁਲਿਸ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ।
ਇਸ ਲਈ ਮੇਰੀ ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਇੱਕ ਜਾਸੂਸ ਨੂੰ ਸਾਡੇ ਘਰ ਰਾਤ ਨੂੰ ਭੇਜਿਆ ਗਿਆ। ਮੇਰੀ ਮਾਂ ਦਾ ਸਿਰਫ਼ ਇੰਨਾ ਕਸੂਰ ਸੀ ਕਿ ਉਨ੍ਹਾਂ ਨੇ ਉਮੀਦਵਾਰ ਬਾਰੇ ਆਪਣੇ ਵਿਚਾਰ ਜ਼ਾਹਿਰ ਕੀਤੇ ਸਨ।
ਇਹ ਵੀ ਪੜ੍ਹੋ
ਮੈਂ ਉਸ ਵੇਲੇ ਕਿਤੇ ਹੋਰ ਕੰਮ ਕਰ ਰਿਹਾ ਸੀ ਅਤੇ ਲੋਕ ਮੈਨੂੰ ਰਾਤ 1.30 ਵਜੇ ਮੇਰੀ ਮਾਂ ਦੀਆਂ ਪੁਲਿਸ ਸਟੇਸ਼ਨ ਤੋਂ ਰਿਹਾਅ ਹੋਣ ਦੀਆਂ ਵੀਡੀਓ ਭੇਜ ਰਹੇ ਸਨ, ਜਿਨ੍ਹਾਂ 'ਚ ਮੇਰੀ ਮਾਂ ਮੇਰੇ ਪਿਤਾ ਦੀ ਕਮੀਜ਼ ਪਹਿਨੇ ਹੋਈ ਸੀ।
ਕੁਝ ਘੰਟਿਆਂ ਬਾਅਦ ਮੇਰੀ ਮਾਂ ਨੇ ਆਪਣੀ ਵੈੱਬਸਾਈਟ 'ਤੇ ਆਪਣੇ ਨਾਲ ਹੋਏ ਸ਼ੋਸ਼ਣ ਬਾਰੇ ਲਿਖਿਆ। ਉਨ੍ਹਾਂ ਨੇ ਲਿਖਿਆ ਕਿ ਉਹ ਉਮੀਦਵਾਰ, ਜੋ ਪ੍ਰਧਾਨ ਮੰਤਰੀ ਬਣ ਵੀ ਗਿਆ, ਅਸੁਰੱਖਿਅਤ ਮਹਿਸੂਸ ਕਰਦਾ ਸੀ।
ਮੇਰੀ ਮਾਂ ਕਾਰ ਬੰਬ ਧਮਾਕੇ ਵਿੱਚ ਉਸ ਵੇਲੇ ਮਾਰੀ ਗਈ ਜਦੋਂ ਉਹ ਬੈਂਕ ਜਾ ਰਹੀ ਸੀ। ਦਰਅਸਲ ਉਨ੍ਹਾਂ ਦੇ ਖਾਤੇ ਸਰਕਾਰ ਦੇ ਇੱਕ ਮੰਤਰੀ ਦੀ ਅਪੀਲ 'ਤੇ ਸੀਲ ਕੀਤੇ ਗਏ ਸਨ ਅਤੇ ਉਹ ਖਾਤਾ ਦੁਬਾਰਾ ਖੁਲਵਾਉਣ ਲਈ ਜਾ ਰਹੇ ਸਨ।
ਉਨ੍ਹਾਂ ਦੀ ਉਮਰ 53 ਸਾਲ ਸੀ। ਉਨ੍ਹਾਂ ਨੂੰ ਪੱਤਰਕਾਰ ਵਜੋਂ ਕੰਮ ਕਰਦਿਆਂ 30 ਸਾਲ ਹੋ ਗਏ ਸਨ। ਉਨ੍ਹਾਂ ਦੀ ਕਾਰ ਦੀ ਸੀਟ ਹੇਠਾਂ ਬੰਬ ਰੱਖਿਆ ਗਿਆ ਸੀ।
ਉਨ੍ਹਾਂ ਦੀ ਮੌਤ ਤੋਂ ਬਾਅਦ ਸਰਕਾਰ ਦੇ ਸਮਰਥਕਾਂ ਨੇ ਜਸ਼ਮ ਮਨਾਇਆ। ਕੁਝ ਲੋਕਾਂ ਨੇ ਇੱਥੋਂ ਤੱਕ ਕਿਹਾ ਕਿ ਮੇਰੀ ਮਾਂ ਨੇ ਆਪਣੀ ਮੌਤ ਦੀ ਆਪ ਹੀ ਤਿਆਰੀ ਕਰ ਲਈ ਸੀ।
ਇਹ ਗੱਲ ਬਿਲਕੁਲ ਉਸੇ ਤਰ੍ਹਾਂ ਸੀ ਜਿਵੇਂ ਅਮਰੀਕੀ ਪੱਤਰਕਾਰ ਜੇਮਸ ਫੋਲੀ ਲਈ ਕਹੀ ਗਈ ਸੀ, ਜਿਨ੍ਹਾਂ ਦਾ ਕਤਲ ਸੀਰੀਆ 'ਚ ਕਰ ਦਿੱਤਾ ਗਿਆ ਸੀ।
ਕਤਲ ਦਾ ਇਹ ਮਾਮਲਾ ਇੰਨਾ ਅਹਿਮ ਕਿਉਂ?
ਯੂਰੋਪੀਅਨ ਰਾਜਦੂਤਾਂ ਦੇ ਸਾਹਮਣੇ ਮੇਰੇ ਭਰਾ ਨੇ ਕਿਹਾ, “ਤੱਥ ਅਤੇ ਵਿਚਾਰਾਂ ਦਾ ਪ੍ਰਸਾਰ ਰੁਕਣਾ ਨਹੀਂ ਚਾਹੀਦਾ, ਪੱਤਰਕਾਰ ਜਮਾਤ ਤਾਂ ਸਮਾਜ ਵਿੱਚ ਮੌਜੂਦ ਵਿਚਾਰ ਅਤੇ ਲੋਕਾਂ ਦੀ ਆਵਾਜ਼ ਹੁੰਦੀ ਹੈ।"
"ਪੱਤਰਕਾਰ ਅਤੇ ਖੁੱਲ੍ਹੇ ਵਿਚਾਰਾਂ ਦੇ ਚਲਦਿਆਂ ਹੀ ਇੱਕ ਸਮਾਜ ਰਹਿਣ ਲਾਇਕ ਬਣਦਾ ਹੈ।"
ਮਾਂ ਦੇ ਕਤਲ ਤੋਂ ਬਾਅਦ ਸਾਨੂੰ ਸਮਰਥਨ ਦੀ ਲੋੜ ਸੀ। ਅਸੀਂ ਚਾਹੁੰਦੇ ਸੀ ਕਿ ਲੋਕ ਸਾਡੇ ਇਸ ਦੁੱਖ 'ਚ ਸਾਡਾ ਸਾਥ ਦੇਣ। ਇੱਕ ਵਾਰ ਮੇਰੇ ਇੱਕ ਦੋਸਤ ਨੇ ਮੈਨੂੰ ਕਿਹਾ ਕਿ ਚੰਗੇ ਲੋਕ ਸਾਡੇ ਚਾਰੇ ਪਾਸੇ ਹੁੰਦੇ ਹਨ, ਸਾਨੂੰ ਉਨ੍ਹਾਂ ਨੂੰ ਲੱਭਣਾ ਪੈਂਦਾ ਹੈ।
ਅਸੀਂ ਸਾਰੇ ਚਾਹੁੰਦੇ ਹਾਂ ਕਿ ਇੱਕ ਅਜਿਹੇ ਸਮਾਜ 'ਚ ਰਹੀਏ ਜਿੱਥੇ ਸਾਰਿਆਂ ਲਈ ਕਾਨੂੰਨ ਇੱਕੋ-ਜਿਹਾ ਹੋਵੇ, ਮਨੁੱਖੀ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇ ਪਰ ਸਾਡੀਆਂ ਵਧੇਰੇ ਖੁਆਇਸ਼ਾਂ ਕਦੇ ਪੂਰੀਆਂ ਨਹੀਂ ਹੋ ਸਕਦੀਆਂ। ਜਦੋਂ ਤੱਕ ਸਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਸਾਡੇ ਨੇੜੇ ਜੋ ਬੁਰੇ ਲੋਕ ਮੌਜੂਦ ਹਨ — ਇਹ ਕਿਸੇ ਬਿਮਾਰੀ ਵਾਂਗ ਹਨ — ਉਦੋਂ ਤੱਕ ਅਕਸਰ ਦੇਰ ਹੋ ਜਾਂਦੀ ਹੈ।
ਦਾਫਨੇ ਕਾਰੁਆਨਾ ਗਲੀਜ਼ੀਆ ਦਾ ਕਤਲ
- ਅਕਤੂਬਰ 2017: ਖੋਜੀ ਪੱਤਰਕਾਰ ਦਾਫਨੇ ਕਾਰੁਆਨਾ ਗਲੀਜ਼ੀਆ ਦੀ ਇੱਕ ਕਾਰ ਬੰਬ ਧਮਾਕੇ 'ਚ ਮੌਤ ਹੋ ਗਈ। ਧਮਾਕਾ ਉਸ ਦੇ ਘਰ ਤੋਂ ਥੋੜ੍ਹੀ ਦੂਰ ਹੋਇਆ, ਮੀਡੀਆ ਮੁਤਾਬਕ ਉਸ ਦੇ ਬੇਟੇ ਨੇ ਧਮਾਕਾ ਸੁਣਿਆ ਅਤੇ ਬਾਹਰ ਵੱਲ ਭੱਜਿਆ।
- ਪ੍ਰਧਾਨ ਮੰਤਰੀ ਜੋਸੈਫ ਮਸਕਟ ਨੇ ਇਸ ਨੂੰ ਬੇਰਹਿਮੀ ਨਾਲ ਕੀਤਾ ਕਤਲ ਦੱਸਿਆ, ਗਲੀਜ਼ੀਆ ਦੇ ਪਰਿਵਾਰ ਨੇ ਮਾਲਟਾ ਦੇ ਆਗੂਆਂ ਨੂੰ ਉਨ੍ਹਾਂ ਦੇ ਅੰਤਿਮ ਸੰਸਕਾਰ 'ਚ ਨਹੀਂ ਸ਼ਾਮਿਲ ਹੋਣ ਦਿੱਤਾ।
- ਗਲੀਜ਼ੀਆ ਨੇ ਉਸ ਸਾਲ ਦੀ ਸ਼ੁਰੂਆਤ ਵਿੱਚ ਹੀ ਪ੍ਰਧਾਨ ਮੰਤਰੀ ਜੋਸੇਫ਼ ਮਸਕਟ 'ਤੇ ਵੀ ਗ਼ਲਤ ਨੀਤੀਆਂ ਦੇ ਇਲਜ਼ਾਮ ਲਗਾਏ ਸਨ।
- ਗਲੀਜ਼ੀਆ ਦੀ ਮੌਤ ਮਿਸਟਰ ਮਸਕਟ ਦੀ ਲੇਬਰ ਪਾਰਟੀ ਵੱਲੋਂ ਚੋਣਾਂ ਜਿੱਤਣ ਤੋਂ 4 ਮਹੀਨੇ ਬਾਅਦ ਹੋਈ ਹੈ।
- ਗਲੀਜ਼ੀਆ ਵੱਲੋਂ ਪਨਾਮਾ ਪੇਪਰ ਕਾਂਡ ਵਿੱਚ ਮਸਕਟ ਅਤੇ ਉਸ ਦੀ ਪਤਨੀ 'ਤੇ ਇਲਜ਼ਾਮ ਲਗਾਏ ਗਏ ਸਨ ਜਿਸ ਦੇ ਚਲਦਿਆਂ ਉਸ ਨੇ ਚੋਣਾਂ ਵੀ ਪਹਿਲਾਂ ਕਰਵਾ ਲਈਆਂ।
- ਦਸੰਬਰ 2017: ਇਸ ਮਾਮਲੇ 'ਚ ਤਿੰਨਾਂ ਲੋਕਾਂ ਦੀ ਗ੍ਰਿਫ਼ਤਾਰੀ ਹੋਈ, ਸੰਭਾਵਨਾ ਜਤਾਈ ਗਈ ਕਿ ਕੁਝ ਲੋਕਾਂ ਨੂੰ ਇਸ ਕਤਲ ਦੀ ਸੁਪਾਰੀ ਦਿੱਤੀ ਗਈ ਹੋਵੇਗੀ।
- ਜੁਲਾਈ 2018: ਮਾਲਟਾ ਸਰਕਾਰ ਵੱਲੋਂ ਕੀਤੀ ਗਈ ਜਾਂਚ 'ਚ ਮੈਜਿਸਟ੍ਰੇਟ ਨੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਨੂੰ ਭ੍ਰਿਸ਼ਟਾਚਾਰ ਦੇ ਉਸ ਮਾਮਲੇ 'ਚ ਕਲੀਨ ਚਿੱਟ ਦੇ ਦਿੱਤੀ ਜਿਸ ਦੇ ਇਲਜ਼ਾਮ ਦਾਫ਼ਨੇ ਨੇ ਆਪਣੀ ਰਿਪੋਰਟ 'ਚ ਲਗਾਏ ਸਨ।
- ਅਗਸਤ 2018: ਦਾਫਨੇ ਕਰੁਆਨਾ ਗਲੀਜ਼ੀਆ ਦੇ ਪਰਿਵਾਰ ਨੇ ਪੂਰੇ ਮਾਮਲੇ ਦੀ ਜਨਤਕ ਜਾਂਚ ਦੀ ਮੰਗ ਕੀਤੀ।
ਸਾਡੀ ਮਾਂ ਦੀ ਮੌਤ ਤੋਂ ਬਾਅਦ ਮੇਰੇ ਭਰਾਵਾਂ, ਮੇਰੇ ਪਿਤਾ ਅਤੇ ਮੈਂ ਆਪਣੇ ਲਈ ਕਈ ਟੀਚੇ ਤੈਅ ਕੀਤੇ।
ਮੈਂ ਆਪਣੀ ਮਾਂ ਨੂੰ ਨਿਆਂ ਦਿਵਾਉਣਾ ਚਾਹੁੰਦਾ ਸੀ, ਉਨ੍ਹਾਂ ਦੀ ਕਤਲ ਦੀ ਜਾਂਚ ਕਰਵਾ ਕੇ ਉਹ ਨਿਸ਼ਚਿਤ ਕਰਨਾ ਚਾਹੁੰਦਾ ਸੀ ਕਿ ਉਸ ਤਰ੍ਹਾਂ ਦੀ ਘਟਨਾ ਦੁਬਾਰਾ ਕਦੇ ਨਾ ਹੋਵੇ।
ਇਨ੍ਹਾਂ ਸਾਰੇ ਕੰਮਾਂ ਕਰਕੇ ਸਾਡੇ ਕੋਲ ਕੰਮਾਂ ਲਈ ਬਹੁਤ ਘੱਟ ਸਮਾਂ ਬਚਦਾ ਸੀ।
ਤੁਰਕੀ ਦੇ ਖੋਜੀ ਪੱਤਰਕਾਰ ਯੂਗਰ ਮੁਮਕੂ ਦੇ ਬੱਚੇ ਨੇ ਮੈਨੂੰ ਦੱਸਿਆ ਸੀ ਕਿ ਜਦੋਂ ਉਨ੍ਹਾਂ ਦੇ ਪਿਤਾ ਦੀ ਕਾਰ ਬੰਬ ਧਮਾਕੇ 'ਚ ਹੱਤਿਆ ਕੀਤੀ ਗਈ ਤਾਂ ਪੁਲਿਸ ਮੁਖੀ ਨੇ ਜਾਂਚ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਪੁਲਿਸ ਮੁਖੀ ਨੇ ਕਿਹਾ ਸੀ, "ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਸਾਡੇ ਸਾਹਮਣੇ ਬਹੁਤ ਵੱਡੀਆਂ ਕੰਧਾਂ ਖੜ੍ਹੀਆਂ ਹਨ।"
ਪੱਤਰਕਾਰ ਦੀ ਪਤਨੀ ਨੇ ਪੁਲਿਸ ਮੁਖੀ ਨੂੰ ਜਵਾਬ ਦਿੱਤਾ ਸੀ, "ਤੁਸੀਂ ਇੱਕ-ਇੱਕ ਕਰਕੇ ਇੱਟਾਂ ਹਟਾਉਣੀਆਂ ਸ਼ੁਰੂ ਕਰੋ, ਜਦੋਂ ਤੱਕ ਪੂਰੀ ਕੰਧ ਨਹੀਂ ਹਟ ਜਾਂਦੀ।"
ਇਹ ਵੀ ਪੜ੍ਹੋ-
ਜਦੋਂ ਦਾ ਮੇਰੇ ਮਾਂ ਦਾ ਕਤਲ ਹੋਇਆ ਹੈ, ਕੁਝ ਇਸ ਤਰ੍ਹਾਂ ਹੀ ਅਸੀਂ ਕਰ ਰਹੇ ਹਾਂ।
ਸ਼ੁਰੂਆਤ 'ਚ ਮੇਰਾ ਮੰਨਣਾ ਸੀ ਕਿ ਮੈਂ ਜੋ ਵੀ ਕਰਾਂਗਾ ਉਸ ਵਿੱਚ ਬਿਹਤਰੀਨ ਕਰ ਸਕਾਂ। ਹੁਣਾ ਮੇਰਾ ਮੰਨਣਾ ਹੈ ਕਿ ਜਿੰਨਾ ਮਹੱਤਵਪੂਰਨ ਕਿਸੇ ਕੰਮ ਦਾ ਸਿੱਟਾ ਹੁੰਦਾ ਹੈ, ਓਨੀ ਹੀ ਮਹੱਤਵਪੂਰਨ ਉਸ ਕੰਮ ਦੀ ਪ੍ਰਕਿਰਿਆ ਵੀ ਹੁੰਦੀ ਹੈ।
ਅਸੀਂ ਆਜ਼ਾਦ ਖ਼ਿਆਲ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਦੇ ਨੁਮਾਇੰਦੇ ਆਪਣਾ ਕੰਮ ਸਹੀ ਢੰਗ ਨਾਲ ਕਰਨ।
ਇਸ ਮੁਹਿੰਮ ਤਹਿਤ ਕਈ ਲੋਕ ਸਾਡੇ ਨਾਲ ਤੁਰੇ, ਇਹ ਸਾਰੇ ਲੋਕ ਚਾਹੁੰਦੇ ਹਨ ਕਿ ਦੁਨੀਆਂ 'ਚ ਮਨੁੱਖੀ ਅਧਿਕਾਰ ਅਤੇ ਆਜ਼ਾਦ ਵਿਚਾਰਾਂ ਦਾ ਸਨਮਾਨ ਹੁੰਦਾ ਰਹੇ।
ਸਾਲ 2017 'ਚ ਮਾਲਦੀਵ ਦੇ ਪ੍ਰਸਿੱਧ ਲੇਖਕ ਯਮੀਨ ਰਸ਼ੀਦ ਦਾ ਕਤਲ ਉਨ੍ਹਾਂ ਦੇ ਘਰ ਦੇ ਬਾਹਰ ਹੀ ਕਰ ਦਿੱਤਾ ਗਿਆ ਸੀ।
ਉਨ੍ਹਾਂ ਦੇ ਕਤਲ ਤੋਂ ਪੰਜ ਦਿਨ ਪਹਿਲਾਂ ਉਨ੍ਹਾਂ ਨੇ ਸਾਨੂੰ ਕਿਹਾ ਸੀ, "ਆਜ਼ਾਦੀ ਦੀ ਸ਼ੁਰੂਆਤ ਮਨ ਦੀ ਆਜ਼ਾਦੀ ਨਾਲ ਹੁੰਦੀ ਹੈ।" ਉਨ੍ਹਾਂ ਨੇ ਸਵਾਲ ਕੀਤਾ, "ਜਦੋਂ ਤੱਰ ਤੁਹਾਡਾ ਦਿਲ-ਦਿਮਾਗ ਹੀ ਆਜ਼ਾਦ ਨਹੀਂ ਹੋਣਗੇ, ਉਦੋਂ ਤੱਕ ਤੁਸੀਂ ਕਿਸੇ ਵੀ ਦੂਜੀ ਆਜ਼ਾਦੀ ਦਾ ਕੀ ਕਰੋਗੇ?"
ਇਸ ਦੀ ਜ਼ਿੰਮੇਵਾਰੀ ਦਰਅਸਲ ਹਰ ਇੱਕ ਸ਼ਖ਼ਸ 'ਤੇ ਹੈ।
ਬੇਸ਼ੱਕ ਇਹ ਜ਼ਿੰਮੇਵਾਰੀ ਅਸੀਂ ਆਪਣਿਆਂ ਮੋਢਿਆਂ 'ਤੇ ਚੁੱਕੀ ਹੈ ਪਰ ਇਸ ਦਾ ਭਾਰ ਅਸੀਂ ਇਕੱਲੇ ਨਹੀਂ ਚੁੱਕ ਸਕਦੇ।
ਪ੍ਰੈੱਸ ਆਜ਼ਾਦੀ ਦਿਹਾੜਾ
ਸੰਯੁਕਤ ਰਾਸ਼ਟਰ ਨੇ ਸਾਲ 1993 'ਚ 3 ਮਈ ਨੂੰ ਵਿਸ਼ਵ ਪ੍ਰੈੱਸ ਆਜ਼ਾਦੀ ਦਿਹਾੜੇ ਵਜੋਂ ਮਾਨਤਾ ਦਿੱਤੀ ਸੀ।
ਸਾਲ 2019 ’ਚ ਇਸ ਦਾ ਕੇਂਦਰੀ ਮੁੱਦਾ ਹੈ — ‘ਪੱਤਰਕਾਰਤਾ ਅਤੇ ਚੋਣਾਂ ਦੇ ਦੌਰ 'ਚ ਗ਼ਲਤ ਸੂਚਾਨਾਵਾਂ ਦਾ ਪ੍ਰਸਾਰ’।
ਪ੍ਰੈੱਸ ਆਜ਼ਾਦੀ ਦਿਹਾੜੇ ਨੂੰ ਮਾਨਤਾ ਦਾ ਉਦੇਸ਼ ਦੁਨੀਆਂ ਭਰ ਦੇ ਆਜ਼ਾਦ ਵਿਚਾਰਾਂ ਅਤੇ ਪੱਤਰਕਾਰਤਾ ਦਾ ਬਚਾਅ ਕਰਨ ਦੇ ਨਾਲ-ਨਾਲ ਉਨ੍ਹਾਂ ਪੱਤਰਕਾਰਾਂ ਨੂੰ ਸ਼ਰਧਾਂਜਲੀ ਦੇਣਾ ਹੈ ਜੋ ਮਾਰੇ ਗਏ।
ਕੌਮਾਂਤਰੀ ਪੱਤਰਕਾਰਤਾ ਫੈਡਰੇਸ਼ਨ ਮੁਤਾਬਕ ਪਿਛਲੇ ਸਾਲ 95 ਪੱਤਰਕਾਰਾਂ ਅਤੇ ਮੀਡੀਆ ਨਾਲ ਜੁੜੇ ਲੋਕਾਂ ਦੀ ਮੌਤ, ਕਤਲ ਬੰਬ ਧਮਾਕ ਅਤੇ ਸਰਹੱਦ 'ਤੇ ਹੋਣ ਵਾਲੀ ਗੋਲੀਬਾਰੀ 'ਚ ਹੋਈ।
ਮੈਨੂੰ ਪਤਾ ਹੈ ਕਿ ਮੇਰੇ ਵਰਗੇ ਹੋਰ ਵੀ ਕਈ ਲੋਕ ਹਨ। ਸਾਨੂੰ ਸਾਊਦੀ ਦੇ ਪੱਤਰਕਾਰ ਖਾਸ਼ੋਜੀ ਵੀ ਯਾਦ ਹਨ, ਜਿਨ੍ਹਾਂ ਨੇ ਦੁਨੀਆਂ ਭਰ ਦੇ ਲੋਕਾਂ ਦੀ ਪਿਆਰ ਹਾਸਿਲ ਕੀਤਾ।
ਸਿਰਫ਼ ਇੱਕ ਵਿਅਕਤੀ ਦੀ ਨਫ਼ਰਤ ਕਾਰਨ ਉਨ੍ਹਾਂ ਦਾ ਕਤਲ ਦਿੱਤਾ ਗਿਆ।
ਉਨ੍ਹਾਂ ਵਰਗੇ ਸਾਰੇ ਪੱਤਰਕਾਰ, ਜਿਸ ਵਿੱਚ ਮੇਰੀ ਮਾਂ ਵੀ ਸ਼ਾਮਿਲ ਹੈ, ਉਨ੍ਹਾਂ ਦਾ ਕਤਲ ਸਿਰਫ਼ ਇਸ ਲਈ ਕਰ ਦਿੱਤੀ ਕਿਉਂਕਿ ਉਨ੍ਹਾਂ ਨੇ ਇੱਕ ਵਿਅਕਤੀ ਜਾਂ ਵਿਵਸਥਾ ਦੇ ਖ਼ਿਲਾਫ਼ ਆਵਾਜ਼ ਚੁੱਕੀ ਸੀ।
ਉਨ੍ਹਾਂ ਦੇ ਕਤਲ ਦੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਦੀਆਂ ਕੋਸ਼ਿਸ਼ਾਂ ਤੱਕ ਨਹੀਂ ਕੀਤੀ ਗਈ।
ਇਹੀ ਕਾਰਨ ਹੈ ਕਿ ਅਸੀਂ ਉਸ ਕੰਧ ਦੀ ਪਹਿਲੀ ਇੱਟ ਹਟਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਅਸੀਂ ਮਾਲਟਾ ਸਰਕਾਰ ਤੋਂ ਮੇਰੀ ਮਾਂ ਦੇ ਕਤਲ ਦੀ ਜਨਤਕ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਇਸ ਤੋਂ ਬਾਅਦ ਦੂਜੀ ਇੱਟ ਪੁੱਟਾਂਗੇ
ਹਰ ਰੋਜ਼ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਕਾਸ਼ ਮੇਰੀ ਮਾਂ ਨੇ ਦੇਸ ਲਈ ਬਲੀਦਾਨ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਉਹ ਅੱਜ ਸਾਡੇ ਵਿਚਕਾਰ ਜ਼ਿੰਦਾ ਹੁੰਦੀ।
ਪਰ ਜਿਵੇਂ ਕਿ ਅਜ਼ਰਬਾਈਜਾਨ ਦੀ ਜੇਲ੍ਹ 'ਚ ਬੰਦ ਪੱਤਰਕਾਰ ਖਦੀਜਾ ਇਸਮਾਲੋਵਾ ਨੇ ਕਿਹਾ ਹੈ, "ਜੇਕਰ ਅਸੀਂ ਕਿਸੇ ਨਾਲ ਪਿਆਰ ਕਰਦੇ ਹਾਂ ਤਾਂ ਅਸੀਂ ਉਨ੍ਹਾਂ ਨੂੰ ਉਂਝ ਰਹਿਣਾ ਦੇਣਾ ਚਾਹੁੰਦੇ ਹਾਂ ਜਿਵੇਂ ਅਸਲ 'ਚ ਉਹ ਹੁੰਦੇ ਹਨ। ਇਹੀ ਕਾਰਨ ਹੈ ਕਿ ਮੇਰੀ ਮਾਂ ਇੱਕ ਫਾਈਟਰ ਤੇ ਹੀਰੋ ਸੀ।"
ਇੱਕ ਗੱਲ ਜੋ ਮੇਰੀ ਮਾਂ ਨੂੰ ਨਹੀਂ ਪਤਾ ਹੋਵੇਗੀ ਉਹ ਇਹ ਹੈ, ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਨੇ ਮਾਲਟਾ 'ਚ ਹਜ਼ਾਰਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਅਤੇ ਹਮੇਸ਼ਾ ਚਾਹੁੰਦਾ ਹਾਂ ਕਿ ਮੇਰੀ ਮਾਂ ਕਿਸੇ ਨਾ ਕਿਸੇ ਤਰੀਕੇ ਦੂਜੇ ਬਹਾਦਰ ਪੱਤਰਕਾਰਾਂ ਦੀ ਪ੍ਰੇਰਣਾ ਬਣੀ ਰਹੇ।
(ਲੇਖਕ ਬਾਰੇ: ਮੈਥਿਊ ਕਰੁਆਨਾ ਗਲੀਜ਼ੀਆ ਇੱਕ ਖੋਜੀ ਪੱਤਰਪਾਰ ਹਨ। ਉਹ ਪੱਤਰਕਾਰ ਦਾਫਨੇ ਕਰੁਆਨਾ ਗਲੀਜ਼ੀਆ ਦੇ ਬੇਟੇ ਹਨ, ਜਿੰਨ੍ਹਾਂ ਦੀ ਮੌਤ ਅਕਤੂਬਰ 2017 ਵਿੱਚ ਇੱਕ ਕਾਰ ਬੰਬ ਧਮਾਕੇ 'ਚੋ ਹੋਈ ਸੀ)
ਇਹ ਵੀ ਪੜ੍ਹੋ
ਇਹ ਵੀਡੀਓ ਵੀ ਜ਼ਰੂਰ ਦੇਖੋ