You’re viewing a text-only version of this website that uses less data. View the main version of the website including all images and videos.
ਕੀ ਅੱਤਵਾਦੀ ਹਿੰਦੂ, ਸਿੱਖ ਜਾਂ ਮੁਸਲਮਾਨ ਧਰਮਾਂ ਦੇ ਨੁਮਾਇੰਦੇ ਹੋ ਸਕਦੇ ਨੇ - ਨਜ਼ਰੀਆ
- ਲੇਖਕ, ਸ਼ਮੀਲ
- ਰੋਲ, ਸੀਨੀਅਰ ਪੱਤਰਕਾਰ, ਰੈੱਡ ਐੱਫ਼ ਐੱਮ, ਕੈਨੇਡਾ
ਕੈਨੇਡਾ ਨੂੰ ਅੱਤਵਾਦ ਦੇ ਖ਼ਤਰੇ ਸਬੰਧੀ ਪਬਲਿਕ ਰਿਪੋਰਟ 2018 ( ਪਬਲਿਕ ਰਿਪੋਰਟ ਆਨ ਟੈਰੇਰਿਜ਼ਮ ਥਰੈੱਟ ਟੂ ਕੈਨੇਡਾ) ਨੂੰ ਲੈ ਕੇ ਇੱਕ ਵਿਵਾਦ ਕੈਨੇਡੀਅਨ ਸਿੱਖ ਕਮਿਊਨਿਟੀ ਵਿੱਚ ਪੈਦਾ ਹੋਇਆ, ਜਿਸ ਨੇ ਜਸਟਿਨ ਟਰੂਡੋ ਦੀ ਸਰਕਾਰ ਲਈ ਇੱਕ ਵੱਡੀ ਸਿਆਸੀ ਸਿਰਦਰਦੀ ਵੀ ਪੈਦਾ ਕੀਤੀ।
ਸਿੱਖ ਸੰਗਠਨਾਂ ਦੇ ਲਗਾਤਾਰ ਵਿਰੋਧ ਅਤੇ ਵਿਰੋਧੀ ਪਾਰਟੀਆਂ ਦੁਆਰਾ ਲਈ ਪੁਜੀਸ਼ਨ ਕਾਰਨ ਸਰਕਾਰ ਨੂੰ ਇਸ ਰਿਪੋਰਟ ਦੀ ਭਾਸ਼ਾ ਵਿਚ ਕੁੱਝ ਤਬਦੀਲੀਆਂ ਕਰਨੀਆਂ ਪਈਆਂ।
ਇਸ ਸਾਰੇ ਵਿਵਾਦ ਬਾਰੇ ਜਾਨਣ ਲਈ ਉਸ ਰਿਪੋਰਟ ’ਤੇ ਨਜ਼ਰ ਮਾਰਨੀ ਜ਼ਰੂਰੀ ਹੈ, ਜਿਸ ਦੇ ਅਧਾਰ 'ਤੇ ਇਹ ਸਮੁੱਚਾ ਵਿਵਾਦ ਉੱਠਿਆ।
ਇਹ ਰਿਪੋਰਟ ਕੈਨੇਡਾ ਦੀ ਫੈਡਰਲ ਸਰਕਾਰ ਦੇ ਮਹਿਕਮੇ ਪਬਲਿਕ ਸੇਫਟੀ ਕੈਨੇਡਾ ਰਾਹੀਂ ਤਿਆਰ ਕੀਤੀ ਜਾਂਦੀ ਹੈ। ਮੁਲਕ ਦੀ ਮੌਜੂਦਾ ਲਿਬਰਲ ਸਰਕਾਰ ਵਿੱਚ ਰਾਲਫ ਗੁਡੇਲ ਪਬਲਿਕ ਸੇਫਟੀ ਮਨਿਸਟਰ ਹਨ। ਹਰ ਥਾਂ ਹੀ ਸਰਕਾਰੀ ਮਹਿਕਮੇ ਲਗਾਤਾਰ ਆਪਣੇ ਮਹਿਕਮੇ ਸਬੰਧੀ ਰਿਪੋਰਟਾਂ ਤਿਆਰ ਕਰਦੇ ਰਹਿੰਦੇ ਹਨ।
ਅੰਦਰੂਨੀ ਖ਼ਤਰੇ ਸਬੰਧੀ ਰਿਪੋਰਟਾਂ
ਪਬਲਿਕ ਸੇਫਟੀ ਕੈਨੇਡਾ ਦੁਆਰਾ ਮੁਲਕ ਵਿੱਚ ਅੰਦਰੂਨੀ ਸੁਰੱਖਿਆ ਨੂੰ ਖਤਰੇ ਸਬੰਧੀ ਰਿਪੋਰਟਾਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਇਸੇ ਤਰ੍ਹਾਂ ਦੀ ਇੱਕ ਰਿਪੋਰਟ 2018 ਵਿੱਚ ਮੁਲਕ ਅੰਦਰ ਅੱਤਵਾਦੀ ਹਿੰਸਾ ਦੇ ਸੰਭਾਵੀ ਖਤਰਿਆਂ ਬਾਰੇ ਤਿਆਰ ਕੀਤੀ ਗਈ ਸੀ।
ਇਹ ਵੀ ਪੜ੍ਹੋ:
ਰਿਪੋਰਟ ਨੇ ਪੰਜ ਤਰ੍ਹਾਂ ਦੇ ਅਜਿਹੇ ਅੱਤਵਾਦੀ ਗਰੁੱਪਾਂ ਦੀ ਪਛਾਣ ਕੀਤੀ ਹੈ, ਜਿਹੜੇ ਇਸ ਸਾਲ ਵਿੱਚ ਮੁਲਕ ਅੰਦਰ ਜਨਤਕ ਸੁਰੱਖਿਆ ਨੂੰ ਕੋਈ ਖਤਰਾ ਬਣ ਸਕਦੇ ਸਨ।
ਇਨ੍ਹਾਂ ਪੰਜ ਗਰੁੱਪਾਂ ਵਿੱਚ ਸਭ ਤੋਂ ਉੱਤੇ ਸੁੰਨੀ ਇਸਲਾਮਿਕ ਇੰਤਹਾਪਸੰਦੀ ਹੈ, ਜਿਸ ਵਿੱਚ ਅਲਕਾਇਦਾ ਅਤੇ ਇਸਲਾਮਿਕ ਸਟੇਟ ਜਿਹੇ ਸੁੰਨੀ ਇਸਲਾਮਿਕ ਵਿਚਾਰਧਾਰਾ ਨਾਲ ਜੁੜੇ ਕੱਟੜਵਾਦੀ ਗਰੁੱਪ ਹਨ।
ਦੂਜਾ ਵਰਗ ਸੱਜੇ-ਪੱਖੀ ਅੱਤਵਾਦ ਹੈ, ਜਿਹੜਾ ਬਹੁ-ਗਿਣਤੀ ਗੋਰੀ ਕਮਿਊਨਿਟੀ ਵਿੱਚ ਪੈਦਾ ਹੋਏ ਨਸਲਵਾਦੀ ਹਿੰਸਕ ਗਰੁੱਪਾਂ ਜਾਂ ਵਿਅਕਤੀਆਂ ਵੱਲੋਂ ਹੋ ਸਕਦਾ ਹੈ, ਜਿਸ ਤਰ੍ਹਾਂ 29 ਜਨਵਰੀ, 2017 ਨੂੰ ਕਿਊਬੈਕ ਵਿੱਚ ਕਿਸੇ ਨਸਲੀ ਹਿੰਸਾ ਤੋਂ ਪ੍ਰੇਰਿਤ ਸ਼ਖ਼ਸ ਇੱਕ ਮਸਜਿਦ ਵਿੱਚ ਗੋਲੀ ਚਲਾ ਕੇ ਕਈ ਲੋਕ ਮਾਰ ਦਿੱਤੇ ਸੀ। ਕੁਝ ਦਿਨ ਪਹਿਲਾਂ ਨਿਊਜ਼ੀਲੈਂਡ ਦੀ ਇੱਕ ਮਸਜਿਦ ਵਿੱਚ ਗੋਲੀਆਂ ਚਲਾਉਣ ਵਾਲਾ ਵਿਅਕਤੀ ਵੀ ਇਸੇ ਤਰਾਂ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਸੀ।
ਤੀਜੇ ਵਰਗ ਵਿੱਚ ਸਿੱਖ ਖਾਲਿਸਤਾਨੀ ਗਰੁੱਪਾਂ ਵੱਲੋਂ ਅੱਤਵਾਦੀ ਹਿੰਸਾ ਦੇ ਖਤਰੇ ਦੀ ਗੱਲ ਕੀਤੀ ਗਈ ਸੀ, ਜਿਸ ਵਿੱਚ ਬੱਬਰ ਖਾਲਸਾ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਨਾਂ ਦੇ ਦੋ ਗਰੁੱਪਾਂ ਦਾ ਸਪੱਸ਼ਟ ਜ਼ਿਕਰ ਕੀਤਾ। ਚੌਥਾ ਵਰਗ ਸ਼ੀਆ ਇੰਤਹਾਪਸੰਦੀ ਗਰੁੱਪਾਂ ਦਾ ਹੈ, ਜਿਸ ਵਿੱਚ ਲੈਬਨਾਨ ਦਾ ਗਰੁੱਪ ਹਿਜ਼ਬੁੱਲਾ ਸ਼ਾਮਲ ਹੈ। ਇਸ ਗਰੁੱਪ ਦੇ ਹਮਾਇਤੀ ਜਾਂ ਇਸ ਲਈ ਫੰਡ ਜੁਟਾਉਣ ਵਾਲੇ ਗਲੋਬਲ ਨੈੱਟਵਰਕ ਦੇ ਬੰਦੇ ਕੈਨੇਡਾ ਅੰਦਰ ਵੀ ਹਨ।
ਪੰਜਵੇਂ ਵਰਗ ਵਿੱਚ ਉਹ ਕੈਨੇਡੀਅਨ ਅੱਤਵਾਦੀ ਸਨ, ਜਿਹੜੇ ਇਸਲਾਮਿਕ ਜਾਂ ਅਲ-ਕਾਇਦਾ ਜਿਹੇ ਸੰਗਠਨਾਂ ਦੀ ਹਮਾਇਤ ਲਈ ਕੈਨੇਡਾ ਵਿੱਚੋਂ ਦੂਜੇ ਮੁਲਕਾਂ 'ਚ ਗਏ ਜਾਂ ਅਜੇ ਵੀ ਉੱਥੇ ਸਰਗਰਮ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਵੇਲੇ 190 ਅਜਿਹੇ ਕੈਨੇਡੀਅਨ ਅੱਤਵਾਦੀ ਸੀਰੀਆ, ਇਰਾਕ ਆਦਿ ਮੁਲਕਾਂ ਵਿੱਚ ਸਰਗਰਮ ਹਨ।
ਸਿੱਖ ਸੰਗਠਨਾਂ ਦਾ ਇਤਰਾਜ਼ ਸੀ ਕਿ ਰਿਪੋਰਟ ਵਿੱਚ ਸਿੱਖ ਅੱਤਵਾਦ ਦੇ ਖਤਰੇ ਦੀ ਗੱਲ ਕਰਨ ਨਾਲ ਸਮੁੱਚੀ ਸਿੱਖ ਕਮਿਊਨਿਟੀ ਸ਼ੱਕ ਦੇ ਘੇਰੇ ਵਿੱਚ ਆ ਜਾਵੇਗੀ ਅਤੇ ਇਸ ਨਾਲ ਸਿੱਖਾਂ ਦੀ ਬਦਨਾਮੀ ਹੋ ਰਹੀ ਹੈ।
ਵਿਰੋਧੀ ਧਿਰਾਂ ਦਾ ਤਿੱਖਾ ਰਵੱਈਆ
ਵਿਰੋਧ ਕਰਨ ਵਾਲਿਆਂ ਵਿੱਚ ਸਭ ਤੋਂ ਮੋਹਰੀ ਵਰਲਡ ਸਿੱਖ ਆਰਗੇਨਾਈਜੇਸ਼ਨ ਸੀ ਅਤੇ ਮੁਲਕ ਦੀ ਮੁੱਖ ਵਿਰੋਧੀ ਪਾਰਟੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਅਤੇ ਐਨ ਡੀ ਪੀ ਵੀ ਇਸ ਮੁੱਦੇ 'ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਸੀ।
ਸਿੱਖ ਸੰਗਠਨਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਇਸ ਰਿਪੋਰਟ ਵਿੱਚੋਂ ਸਿੱਖਾਂ ਦਾ ਜ਼ਿਕਰ ਹਟਾਇਆ ਜਾਵੇ। ਇਸ ਨੂੰ ਲੈ ਕੇ ਸਿੱਖ ਸੰਗਠਨਾਂ ਵੱਲੋਂ ਕੈਨੇਡਾ ਦੀ ਲਿਬਰਲ ਸਰਕਾਰ 'ਤੇ ਦਬਾਅ ਪਾਇਆ ਗਿਆ ਅਤੇ ਵੈਨਕੂਵਰ ਖੇਤਰ ਵਿੱਚ ਸਲਾਨਾ ਨਗਰ ਕੀਰਤਨ ਦੇ ਪ੍ਰਬੰਧਕਾਂ ਨੇ ਇਹ ਕਹਿ ਦਿੱਤਾ ਕਿ ਜੇ ਇਸ ਰਿਪੋਰਟ ਵਿੱਚੋਂ ਸਿੱਖਾਂ ਦਾ ਜ਼ਿਕਰ ਨਾ ਹਟਾਇਆ ਗਿਆ ਤਾਂ ਇਸ ਸਾਲ ਦੇ ਨਗਰ ਕੀਰਤਨ ਵਿੱਚ ਲਿਬਰਲ ਲੀਡਰਸ਼ਿਪ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਐਨ ਡੀ ਪੀ ਆਗੂ ਜਗਮੀਤ ਸਿੰਘ ਨੇ ਵੀ ਇਸ ਮੁੱਦੇ 'ਤੇ ਆਪਣੀ ਪੁਜ਼ੀਸ਼ਨ ਤਿੱਖੀ ਕਰ ਲਈ ਅਤੇ ਮੁਲਕ ਦੇ ਪਬਲਿਕ ਸੇਫਟੀ ਮਨਿਸਟਰ ਰਾਲਫ ਗੁਡੇਲ ਨੂੰ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਆਨ ਪਬਲਿਕ ਸੇਫਟੀ ਅਤੇ ਨੈਸ਼ਨਲ ਸਕਿਊਰਿਟੀ ਵਿੱਚ ਪੇਸ਼ ਕਰਵਾਉਣ ਲਈ ਨੋਟਿਸ ਦੇ ਦਿੱਤਾ ਗਿਆ।
ਇਸ ਤੋਂ ਇਲਾਵਾ ਮੁਲਕ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰੂ ਸ਼ੀਅਰ ਨੇ ਵੀ ਇਸੇ ਤਰ੍ਹਾਂ ਦੀ ਸੁਰ ਵਿੱਚ ਲਿਬਰਲ ਸਰਕਾਰ ਖਿਲਾਫ ਮੁਹਿੰਮ ਤੇਜ਼ ਕਰ ਦਿੱਤੀ।
ਇਹ ਵੀ ਪੜ੍ਹੋ:
ਕੁੱਝ ਮਹੀਨਿਆਂ ਬਾਅਦ ਹੋਣ ਵਾਲੀਆਂ ਮੁਲਕ ਦੀਆਂ ਆਮ ਚੋਣਾਂ ਦੇ ਮੱਦੇਨਜ਼ਰ ਲਿਬਰਲ ਪਾਰਟੀ ਦਬਾਅ ਹੇਠ ਸੀ ਅਤੇ ਇਸ ਚੁਤਰਫ਼ੇ ਵਿਰੋਧ ਅੱਗੇ ਝੁਕਦਿਆਂ ਸਰਕਾਰ ਦੁਆਰਾ ਇਸ ਰਿਪੋਰਟ ਦੀ ਸ਼ਬਦਾਵਲੀ ਬਦਲਦਿਆਂ ਇਸ ਵਿੱਚੋਂ ਸਿੱਖ ਸ਼ਬਦ ਹਟਾ ਦਿੱਤਾ ਗਿਆ।
ਇਹ ਤਬਦੀਲੀਆਂ ਕਰਨ ਤੋਂ ਬਾਅਦ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ 13 ਅਪ੍ਰੈਲ ਵਾਲੇ ਦਿਨ ਵੈਨਕੂਵਰ ਦੇ ਰੌਸ ਸਟਰੀਟ ਗੁਰੁਦਆਰੇ ਵਿੱਚ ਵਿਸਾਖੀ ਸਮਾਗਮ ਵਿੱਚ ਸ਼ਾਮਲ ਹੋਣ ਗਏ। ਮੂਲ ਰਿਪੋਰਟ ਵਿੱਚੋਂ ਸਿੱਖ/ਖਾਲਿਸਤਾਨੀ ਸ਼ਬਦ ਹਟਾਉਣ ਤੋਂ ਬਾਅਦ ਰਿਪੋਰਟ ਵਿੱਚ ਇਸ ਤਰਾਂ ਲਿਖਿਆ ਗਿਆ:
ਰਿਪੋਰਟ 'ਚ ਕੀ ਕੀਤਾ ਬਦਲਾਅ
"ਕੁੱਝ ਵਿਅਕਤੀ ਅਜੇ ਵੀ ਕੈਨੇਡਾ ਵਿੱਚ ਸਰਗਰਮ ਹਨ, ਜਿਹੜੇ ਭਾਰਤ ਵਿੱਚ ਇੱਕ ਅਜ਼ਾਦ ਮੁਲਕ ਸਥਾਪਤ ਕਰਵਾਉਣ ਲਈ ਹਿੰਸਕ ਤਰੀਕਿਆਂ ਦੀ ਹਮਾਇਤ ਕਰਦੇ ਹਨ। ਇਹ ਹਿੰਸਕ ਗਤੀਵਿਧੀਆਂ 1982-93 ਵਿੱਚ ਸਿਖਰ 'ਤੇ ਸਨ, ਜਦੋਂ ਵਿਅਕਤੀਆਂ ਅਤੇ ਗਰੁੱਪਾਂ ਨੇ ਕਈ ਅੱਤਵਾਦੀ ਹਮਲੇ ਕੀਤੇ ਅਤੇ ਇਹ ਕਾਰਵਾਈਆਂ ਹੁਣ ਇਹ ਘੱਟ ਗਈਆਂ ਹਨ।''
''1985 ਵਿੱਚ ਕੈਨੇਡਾ 'ਚ ਏਅਰ ਇੰਡੀਆ ਜਹਾਜ਼ ਨੂੰ ਬੰਬ ਨਾਲ ਹਟਾਉਣ ਦੀ ਘਟਨਾ ਹੋਈ, ਜਿਸ ਵਿੱਚ 331 ਲੋਕ ਮਾਰੇ ਗਏ ਸਨ ਅਤੇ ਇਹ ਕੈਨੇਡਾ ਵਿੱਚ ਹੁਣ ਤੱਕ ਹੋਇਆ ਸਭ ਤੋਂ ਖਤਰਨਾਕ ਅੱਤਵਾਦੀ ਕਾਰਨਾਮਾ ਹੈ। ਇਸ ਲਹਿਰ ਦੇ ਹਮਾਇਤੀਆਂ ਵੱਲੋਂ ਹਮਲੇ ਸਾਰੇ ਸੰਸਾਰ ਵਿੱਚ ਹੀ ਘਟ ਗਏ ਹਨ, ਪਰ ਇਨ੍ਹਾਂ ਗਰੁੱਪਾਂ ਦੀ ਅੱਤਵਾਦੀ ਵਿਚਾਰਧਾਰਾ ਪ੍ਰਤੀ ਹਿਮਾਇਤ ਅਜੇ ਵੀ ਕਾਇਮ ਹੈ।''
''ਮਿਸਾਲ ਦੇ ਤੌਰ 'ਤੇ ਕੈਨੇਡਾ ਵਿੱਚ ਦੋ ਜਥੇਬੰਦੀਆਂ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੀ ਅੱਤਵਾਦ ਨਾਲ ਸਬੰਧਾਂ ਦੇ ਪੱਖ ਤੋਂ ਪਛਾਣ ਕੀਤੀ ਗਈ ਹੈ ਅਤੇ ਕ੍ਰਿਮੀਨਲ ਕੋਡ ਤਹਿਤ ਇਹ ਅੱਤਵਾਦੀ ਸੰਗਠਨਾਂ ਦੀ ਸੂਚੀ ਵਿੱਚ ਸ਼ਾਮਲ ਹਨ।"
ਤਬਦੀਲੀ ਤੋਂ ਬਾਅਦ ਇਸ ਰਿਪੋਰਟ ਵਿੱਚ ਜਿਨ੍ਹਾਂ ਲੋਕਾਂ ਦੀ ਪਛਾਣ 'ਕੁੱਝ ਅਜਿਹੇ ਵਿਅਕਤੀਆਂ' ਵਜੋਂ ਕੀਤੀ ਗਈ ਹੈ, ਉਨ੍ਹਾਂ ਨੂੰ ਮੂਲ ਰਿਪੋਰਟ ਵਿੱਚ ਸਿੱਖ ਅੱਤਵਾਦੀ ਗਰੁੱਪ ਕਿਹਾ ਗਿਆ ਸੀ। 'ਭਾਰਤ ਵਿੱਚ ਇੱਕ ਅਜ਼ਾਦ ਮੁਲਕ' ਨੂੰ ਸਿੱਖ ਹੋਮਲੈਂਡ (ਖਾਲਿਸਤਾਨ) ਲਿਖਿਆ ਗਿਆ ਸੀ। ਇਸੇ ਤਰ੍ਹਾਂ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਸਿੱਖ ਯੂਥ ਫੈਡਰੇਸ਼ਨ ਦਾ ਜ਼ਿਕਰ ਸਿੱਖ ਸੰਗਠਨਾਂ ਵਜੋਂ ਕੀਤਾ ਗਿਆ ਸੀ।
ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ ਇਸ ਮੁੱਦੇ 'ਤੇ ਅਵਾਜ਼ ਚੁੱਕਣ ਲਈ ਮੁਲਕ ਵਿੱਚ ਕੁੱਝ ਸ਼ਹਿਰਾਂ 'ਚ ਟਾਊਨਹਾਲ ਬੈਠਕਾਂ ਰੱਖਣ ਦਾ ਐਲਾਨ ਕੀਤਾ ਗਿਆ ਅਤੇ ਬਰੈਂਪਟਨ ਸਿਟੀ ਹਾਲ ਵਿੱਚ ਹੋਈ ਅਜਿਹੀ ਇੱਕ ਟਾਊਨਹਾਲ ਮੀਟਿੰਗ ਵਿੱਚ ਮੈ ਹਾਜ਼ਰ ਸਾਂ।
ਇਸ ਬੈਠਕ ਦੌਰਾਨ ਬੋਲਦਿਆਂ ਐਨ ਡੀ ਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਸਾਡੀਆਂ ਦੋ ਸਪੱਸ਼ਟ ਮੰਗਾਂ ਹਨ। ਸਾਡੀ ਪਹਿਲੀ ਮੰਗ ਇਹ ਹੈ ਕਿ ਰਿਪੋਰਟ ਤੁਰੰਤ ਵਾਪਿਸ ਲਈ ਜਾਵੇ ਅਤੇ ਦੂਜੀ ਮੰਗ ਇਹ ਹੈ ਕਿ ਇਸ ਗੱਲ ਦੀ ਜਾਂਚ ਕਰਵਾਈ ਜਾਵੇ ਕਿ ਇਸ ਤਰ੍ਹਾਂ ਦੀ ਰਿਪੋਰਟ ਬਣੀ ਹੀ ਕਿਉਂ। ਉਨ੍ਹਾਂ ਦਾ ਕਹਿਣਾ ਸੀ ਕਿ ਸਿੱਖ ਅੱਤਵਾਦੀ ਖਤਰੇ ਦੀਆਂ ਜੋ ਗੱਲਾਂ ਇਸ ਰਿਪੋਰਟ ਵਿੱਚ ਕਹੀਆਂ ਗਈਆਂ ਹਨ, ਉਨ੍ਹਾਂ ਦਾ ਕੋਈ ਸਬੂਤ ਰਿਪੋਰਟ ਵਿੱਚ ਨਹੀਂ ਦਿੱਤਾ ਗਿਆ।
ਰੂਬੀ ਸਹੋਤਾ ਦਾ ਅਹਿਮ ਨੁਕਤਾ
ਵਰਲਡ ਸਿੱਖ ਆਰਗੇਨਾਇਜੇਸ਼ਨ ਵੱਲੋਂ ਇਸ ਬਾਰੇ ਮੁੱਖ ਤੌਰ 'ਤੇ ਦੋ ਨੁਕਤਿਆਂ 'ਤੇ ਜ਼ੋਰ ਦਿੱਤਾ ਜਾ ਰਿਹਾ ਸੀ। ਉਨ੍ਹਾਂ ਦਾ ਤਰਕ ਸੀ ਕਿ ਇਸ ਰਿਪੋਰਟ ਵਿੱਚ ਸਿੱਖ ਅੱਤਵਾਦ ਦੀ ਗੱਲ ਕਰਨ ਨਾਲ ਸਿੱਖ ਕਮਿਊਨਿਟੀ ਦੀ ਬਦਨਾਮੀ ਹੋਈ ਹੈ। ਇਸ ਕਰਕੇ ਇਸ ਰਿਪੋਰਟ ਨੂੰ ਵਾਪਿਸ ਲਿਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ:
ਉਨ੍ਹਾਂ ਦਾ ਦੂਜਾ ਤਰਕ ਇਹ ਸੀ ਕਿ ਇਸ ਰਿਪੋਰਟ ਵਿੱਚ ਜਿਸ ਸਿੱਖ ਅੱਤਵਾਦੀ ਖਤਰੇ ਦਾ ਦਾਅਵਾ ਕੀਤਾ ਗਿਆ ਹੈ, ਉਸਦਾ ਕੋਈ ਅਧਾਰ ਨਹੀਂ ਨਜ਼ਰ ਆਉਂਦਾ, ਕਿਉਂਕਿ ਸਿੱਖ ਕਮਿਊਨਿਟੀ ਵਿੱਚ ਇਸ ਤਰ੍ਹਾਂ ਦੀ ਕੋਈ ਸਰਗਰਮੀ ਨਹੀ ਹੈ।
ਇਸ ਟਾਊਨਹਾਲ ਵਿੱਚ ਸ਼ਾਮਲ ਹੋਣ ਵਾਲੇ ਇੱਕੋ ਇਕ ਲਿਬਰਲ ਐਮ ਪੀ ਰੂਬੀ ਸਹੋਤਾ ਨੇ ਇਹ ਅਹਿਮ ਨੁਕਤਾ ਚੁੱਕਿਆ ਕਿ ਇੱਕ ਲਿਬਰਲ ਐਮ ਪੀ ਦੇ ਤੌਰ 'ਤੇ ਇਸ ਗੱਲ ਨਾਲ ਉਹ ਅਤੇ ਹੋਰ ਲਿਬਰਲ ਐਮ ਪੀ ਸਹਿਮਤ ਹਨ ਕਿ ਰਿਪੋਰਟ ਦੀ ਭਾਸ਼ਾ ਵਿੱਚ ਤਬਦੀਲੀ ਹੋਣੀ ਚਾਹੀਦੀ ਹੈ।
ਅੱਤਵਾਦ ਨਾਲ ਕਿਸੇ ਧਰਮ ਦਾ ਨਾਂ ਜੋੜਨਾ ਸਹੀ ਨਹੀਂ ਹੈ ਅਤੇ ਇਸ ਤਰ੍ਹਾਂ ਦੀਆਂ ਰਿਪੋਰਟਾਂ ਦੀ ਸ਼ਬਦਾਵਲੀ ਦਾ ਰਿਵੀਊ ਕਰਨ ਦਾ ਐਲਾਨ ਪਬਲਿਕ ਸੇਫਟੀ ਮਨਿਸਟਰ ਰਾਲੇਫ ਗੁਡੇਲ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ।
ਇਸ ਰਿਪੋਰਟ ਵਿੱਚ ਪੇਸ਼ ਕੀਤੇ ਤੱਥਾਂ ਬਾਰੇ ਬੋਲਦਿਆਂ ਰੂਬੀ ਸਹੋਤਾ ਨੇ ਕਿਹਾ ਕਿ ਇਹ ਰਿਪੋਰਟ ਕੋਈ ਸਿਆਸੀ ਰਿਪੋਰਟ ਨਹੀਂ ਹੈ, ਜਿਹੜੀ ਲਿਬਰਲ ਐਮ ਪੀਜ਼ ਨੇ ਬਣਾਈ ਹੋਵੇ।
ਇਹ ਮੁਲਕ ਦੀਆਂ ਇੰਟੈਲੀਜੈਂਸ ਏਜੰਸੀਆਂ ਦੀ ਰਿਪੋਰਟ ਹੈ, ਜਿਹੜੀ ਦਰਜਨ ਤੋਂ ਵੱਧ ਏਜੰਸੀਆਂ ਦੀਆਂ ਇਨਪੁਟਸ ਤੇ ਅਧਾਰਤ ਹੈ। ਇੰਟੈਲੀਜੈਂਸ ਏਜੰਸੀਆਂ ਖੁਦਮੁਖਤਾਰ ਏਜੰਸੀਆਂ ਹਨ ਅਤੇ ਇਨ੍ਹਾਂ ਦੇ ਕੰਮਕਾਜ ਵਿੱਚ ਐਮ ਪੀਜ਼ ਦੀ ਜਾਂ ਸਰਕਾਰ ਦੀ ਕੋਈ ਸਿੱਧੀ ਦਖਲਅੰਦਾਜ਼ੀ ਨਹੀਂ ਹੈ।
ਰੂਬੀ ਸਹੋਤਾ ਦੁਆਰਾ ਦਿੱਤੀ ਗਈ ਇਸ ਦਲੀਲ ਦਾ ਅਸਲ ਵਿੱਚ ਰਿਪੋਰਟ ਦਾ ਵਿਰੋਧ ਕਰਨ ਵਾਲਿਆਂ ਕੋਲ਼ ਵੀ ਕੋਈ ਠੋਸ ਜਵਾਬ ਨਹੀਂ ਸੀ। ਟਾਊਨ ਹਾਲ ਤੋਂ ਬਾਅਦ ਮੈਨੂੰ ਕੁੱਝ ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ।
ਕੰਜ਼ਰਵੇਟਿਵ ਜਾਂ ਐਨ ਡੀ ਪੀ ਦੇ ਸਮਰਥਕ ਵੀ ਇਹ ਗੱਲ ਕਹਿਣ ਲਈ ਤਿਆਰ ਨਹੀਂ ਸਨ ਕਿ ਇੰਟੈਲੀਜੈਂਸ ਏਜੰਸੀਆਂ ਜਾਂ ਹੋਰ ਖੁਦਮੁਖਤਿਆਰ ਸਰਕਾਰੀ ਏਜੰਸੀਆਂ ਦੇ ਕੰਮਕਾਜ ਵਿੱਚ ਰਾਜਨੀਤਕ ਦਖਲ ਵਾਜਿਬ ਹੋ ਸਕਦਾ ਹੈ।
ਸ਼ਾਇਦ ਇਹੀ ਕਾਰਨ ਹੈ ਕਿ ਸ਼ਬਦਾਵਲੀ ਵਿੱਚ ਤਬਦੀਲੀ ਤੋਂ ਬਾਅਦ ਇਹ ਵਿਵਾਦ ਖ਼ਤਮ ਹੋ ਗਿਆ ਜਾਪਦਾ ਹੈ, ਭਾਵੇਂ ਰਿਪੋਰਟ ਵਿੱਚ ਪੇਸ਼ ਕੀਤੇ ਤੱਥਾਂ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ।
ਮੇਰੀ ਰਾਇ ਵਿੱਚ ਇਸ ਸਮੁੱਚੇ ਵਿਵਾਦ ਨੇ ਦੋ ਵੱਡੇ ਨੁਕਤੇ ਸਾਹਮਣੇ ਲਿਆਂਦੇ ਹਨ, ਜਿਹੜੇ ਨਾ ਸਿਰਫ਼ ਕੈਨੇਡਾ ਬਲਕਿ ਸਾਰੇ ਹੀ ਡੈਮੋਕਰੈਟਿਕ ਮੁਲਕਾਂ ਲਈ ਇੱਕ ਸਬਕ ਹੋ ਸਕਦੇ ਹਨ।
ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਦੁਨੀਆ ਵਿੱਚ ਅਜਿਹੇ ਬਹੁਤ ਲੋਕ ਜਾਂ ਸੰਗਠਨ ਹਨ, ਜਿਹੜੇ ਕਿਸੇ ਨਾ ਕਿਸੇ ਧਰਮ ਦੇ ਨਾਂ 'ਤੇ ਅੱਤਵਾਦ ਅਤੇ ਹਿੰਸਾ ਦੀ ਗੱਲ ਕਰਦੇ ਹਨ। ਇਸਲਾਮ ਦੇ ਨਾਂ 'ਤੇ ਅੱਤਵਾਦੀ ਹਿੰਸਾ ਕਰਨ ਵਾਲੇ ਲੋਕ ਅੱਜ ਇਕ ਗਲੋਬਲ ਖਤਰਾ ਬਣੇ ਹੋਏ ਹਨ।
ਸਿੱਖੀ ਦੇ ਨਾਂ ਤੇ ਹਿੰਸਾ ਅਤੇ ਅੱਤਵਾਦ ਕਾਰਨ ਪੰਜਾਬ ਵਿੱਚ ਦੋ ਦਹਾਕੇ ਤੱਕ ਕਿੰਨਾ ਹੀ ਖੂਨ ਡੁੱਲ੍ਹਿਆ। ਭਾਰਤ ਵਿੱਚ ਕੁੱਝ ਗਰੁੱਪ ਹਿੰਦੂਤਵ ਦੇ ਨਾਂ 'ਤੇ ਵੀ ਅੱਤਵਾਦੀ ਹਿੰਸਾ ਦੀ ਹਿਮਾਇਤ ਕਰਦੇ ਹਨ।
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅੱਜ ਵੀ ਅਜਿਹੇ ਲੋਕ ਜਾਂ ਗਰੁੱਪ ਮੌਜੂਦ ਹਨ, ਜਿਹੜੇ ਸਿੱਖੀ ਦੇ ਨਾਂ ਤੇ ਹਿੰਸਾ ਦੀ ਵਕਾਲਤ ਕਰਦੇ ਹਨ ਜਾਂ ਹਿੰਸਾ ਕਰਨ ਵਾਲਿਆਂ ਦੀ ਉਸਤਤ ਕਰਦੇ ਹਨ। ਇਹ ਗੱਲ ਅੱਸੀਵਿਆਂ ਦੌਰਾਨ ਪੰਜਾਬ ਵਿੱਚ ਵੀ ਉਠਦੀ ਰਹੀ ਕਿ ਇਸ ਤਰ੍ਹਾਂ ਦੀ ਅੱਤਵਾਦੀ ਹਿੰਸਾ ਲਈ ਸਿੱਖ ਅੱਤਵਾਦ ਕਹਿਣਾ ਵਾਜਬ ਨਹੀਂ ਹੈ।
ਇਸੇ ਤਰਾਂ ਕੁੱਝ ਲੋਕ ਅੱਜ ਇਹ ਰਾਏ ਵੀ ਰੱਖਦੇ ਹਨ ਕਿ ਇਸਲਾਮ ਦੇ ਨਾਂ ਤੇ ਹਿੰਸਾ ਅਤੇ ਅੱਤਵਾਦ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਇਸਲਾਮਿਕ ਅੱਤਵਾਦੀ ਕਹਿਣਾ ਸਹੀ ਨਹੀਂ। ਇਹ ਇੱਕ ਵਾਜਬ ਪ੍ਰਸ਼ਨ ਹੈ ਅਤੇ ਇਸ ਪਾਸੇ ਜੇ ਕੈਨੇਡਾ ਨੇ ਪ੍ਰਗਤੀ ਕੀਤੀ ਹੈ ਤਾਂ ਇਹ ਇੱਕ ਵੱਡੀ ਪ੍ਰਾਪਤੀ ਸਮਝੀ ਜਾਣੀ ਚਾਹੀਦੀ ਹੈ।
ਮੇਰਾ ਵੀ ਇਹ ਵਿਚਾਰ ਹੈ ਕਿ ਜਿਹੜੇ ਲੋਕ ਸਿੱਖੀ ਜਾਂ ਇਸਲਾਮ ਦੇ ਨਾਂ ਤੇ ਹਿੰਸਾ ਜਾਂ ਅੱਤਵਾਦ ਕਰ ਰਹੇ ਹਨ, ਉਹ ਸਿੱਖੀ ਜਾਂ ਇਸਲਾਮ ਦੇ ਨੁਮਾਇੰਦੇ ਨਹੀ ਹਨ। ਉਨ੍ਹਾਂ ਨੂੰ ਸਿੱਖੀ ਜਾਂ ਇਸਲਾਮ ਦੇ ਨੁਮਾਇੰਦੇ ਕਹਿ ਕੇ ਅਸੀਂ ਸਿੱਖੀ ਜਾਂ ਇਸਲਾਮ ਦੀ ਤੌਹੀਨ ਕਰ ਰਹੇ ਹਾਂ।
ਜੋ ਲੋਕ ਹਿੰਦੂ ਮਤ ਦੇ ਨਾਂ 'ਤੇ ਅੱਜ ਹਿੰਸਾ ਦੀ ਗੱਲ ਕਰ ਰਹੇ ਹਨ, ਉਹ ਸਨਾਤਨ ਹਿੰਦੂ ਸਭਿਅਤਾ ਦੇ ਨੁਮਾਇੰਦੇ ਨਹੀਂ ਹਨ। ਇਹ ਪੂਰੀ ਦੁਨੀਆ ਦੀਆਂ ਸਰਕਾਰਾਂ ਜਾਂ ਮੀਡੀਆ ਸਾਹਮਣੇ ਚੁਣੌਤੀ ਹੈ ਕਿ ਇਸ ਤਰਾਂ ਦੇ ਵਰਤਾਰੇ ਨੂੰ ਪੇਸ਼ ਕਰਨ ਲਈ ਸਹੀ ਸ਼ਬਦਾਵਲੀ ਕੀ ਹੋਵੇ।
ਸਿੱਖੀ, ਇਸਲਾਮ ਜਾਂ ਹਿੰਦੂਤਵ ਦੇ ਨਾਂ ਤੇ ਹੋਣ ਵਾਲੀ ਹਿੰਸਾ ਜਾਂ ਅੱਤਵਾਦ ਸਿੱਖ, ਇਸਲਾਮਿਕ ਜਾਂ ਹਿੰਦੂ ਅੱਤਵਾਦ ਨਹੀਂ ਹੈ। ਇਹ ਪਾਗਲ ਲੋਕ ਕਿਸੇ ਵੀ ਧਰਮ ਦੇ ਨੁਮਾਇੰਦੇ ਨਹੀਂ ਹਨ।
ਚਾਹੇ ਇਹ ਚੋਣਾਂ ਕਾਰਨ ਪੈਦਾ ਹੋਏ ਸਿਆਸੀ ਦਬਾਅ ਕਾਰਨ ਹੀ ਸਹੀ, ਕੈਨੇਡਾ ਨੇ ਇਸ ਪਾਸੇ ਵੱਡੀ ਪੇਸ਼ਕਦਮੀ ਕੀਤੀ ਹੈ। ਪਰ ਇਹ ਤਬਦੀਲੀ ਅਜੇ ਵੀ ਅਧੂਰੀ ਹੈ। ਸ਼ੀਆ ਜਾਂ ਸੁੰਨੀ ਇਸਲਾਮਿਕ ਅੱਤਵਾਦ ਸਬੰਧੀ ਹਵਾਲਿਆਂ ਦੀ ਭਾਸ਼ਾ ਅਜੇ ਵੀ ਨਹੀਂ ਬਦਲੀ ਗਈ। ਉਸ ਨੂੰ ਵੀ ਬਦਲਣ ਦੀ ਲੋੜ ਹੈ।
ਧਰਮ ਦੇ ਨੁਮਾਇੰਦੇ
'ਸਿੱਖ ਅੱਤਵਾਦ' ਜਿਹੀ ਸ਼ਬਦਾਵਲੀ ਦੀ ਵਰਤੋਂ ਵਿਰੁਧ ਸਿੱਖ ਸੰਗਠਨਾਂ ਦਾ ਰੋਸ ਵਾਜਬ ਸੀ ਅਤੇ ਉਨ੍ਹਾਂ ਵੱਲੋਂ ਚੁੱਕੀ ਗਈ ਅਵਾਜ਼ ਕਾਰਨ ਜੇ ਇਹ ਤਬਦੀਲੀ ਰਿਪੋਰਟ ਵਿੱਚ ਹੋਈ ਹੈ ਤਾਂ ਇਸ ਨੂੰ ਇੱਕ ਚੰਗੀ ਦਿਸ਼ਾ ਵਿੱਚ ਹੋਈ ਤਬਦੀਲੀ ਹੀ ਗਿਣਿਆ ਜਾਣਾ ਚਾਹੀਦਾ ਹੈ।
ਪਰ ਮੈਨੂੰ ਇੱਕ ਗੱਲ ਜ਼ਰੂਰ ਹੈਰਾਨ ਕਰ ਰਹੀ ਹੈ ਕਿ ਇਸ ਰਿਪੋਰਟ ਦਾ ਵਿਰੋਧ ਕਰਨ ਵਾਲੇ ਕਈ ਲੋਕ ਅਜਿਹੇ ਹਨ, ਜਿਹੜੇ ਖੁਦ ਲਗਾਤਾਰ ਉਨ੍ਹਾਂ ਲੋਕਾਂ ਦੀ ਉਸਤਤ ਕਰਦੇ ਹਨ, ਜਿਹੜੇ ਸਿੱਖੀ ਦੇ ਨਾਂ ਤੇ ਹਿੰਸਾ ਦੀਆਂ ਕਾਰਵਾਈਆਂ ਵਿੱਚ ਸ਼ਾਮਲ ਰਹੇ ਹਨ ਜਾਂ ਜਿਹੜੇ ਅੱਜ ਵੀ ਉਸ ਤਰਾਂ ਦੀ ਵਿਚਾਰਧਾਰਾ ਦੀ ਹਿਮਾਇਤ ਕਰਦੇ ਹਨ।
ਇੱਕ ਪਾਸੇ ਸਿੱਖੀ ਦੇ ਨਾਂ 'ਤੇ ਅੱਤਵਾਦੀ ਹਿੰਸਾ ਦੀ ਗੱਲ ਕਰਨ ਵਾਲਿਆਂ ਦੀ ਉਸਤਤ ਜਾਂ ਹਿਮਾਇਤ ਕਰਨਾ ਅਤੇ ਦੂਜੇ ਪਾਸੇ ਸਰਕਾਰ ਜਾਂ ਮੀਡੀਆ ਨੂੰ ਕਹਿਣਾ ਕਿ ਤੁਸੀਂ 'ਸਿੱਖ ਅੱਤਵਾਦ' ਜਿਹੇ ਸ਼ਬਦਾਂ ਦੀ ਵਰਤੋਂ ਨਾ ਕਰੋ, ਇਕਸਾਰ ਪਹੁੰਚ ਨਹੀਂ ਹੈ।
ਪਰ ਵਰਲਡ ਸਿੱਖ ਆਰਗੇਨਾਈਜੇਸ਼ਨ ਜਾਂ ਕਿਸੇ ਵੀ ਹੋਰ ਸਿੱਖ ਸੰਗਠਨ ਦੁਆਰਾ ਇਹ ਦਾਅਵਾ ਕਰਨਾ ਕਿ ਸਿੱਖੀ ਦੇ ਨਾਂ ਤੇ ਅੱਤਵਾਦ ਦੀ ਗੱਲ ਕਰਨ ਵਾਲਿਆਂ ਦਾ ਕੈਨੇਡਾ ਵਿੱਚ ਕੋਈ ਵੀ ਖਤਰਾ ਨਹੀਂ, ਮੈਨੂੰ ਬਹੁਤਾ ਵਾਜਬ ਨਹੀਂ ਲੱਗਿਆ।
ਇਹ ਵੀ ਪੜ੍ਹੋ
ਬੈਠਕ ਦੌਰਾਨ ਹੀ ਮੇਰੀ ਇੱਕ ਸਿੱਖ ਆਗੂ ਨਾਲ ਗੱਲਬਾਤ ਹੋ ਰਹੀ ਸੀ। ਉਹ ਦਾਅਵਾ ਕਰ ਰਿਹਾ ਸੀ ਕਿ ਕੈਨੇਡਾ ਵਿੱਚ ਸਿੱਖੀ ਦੇ ਨਾਂ ਤੇ ਜਾਂ ਖਾਲਿਸਤਾਨ ਦੇ ਨਾਂ ਤੇ ਅੱਤਵਾਦ ਦਾ ਇਸ ਸਮੇਂ ਕੋਈ ਖਤਰਾ ਨਹੀਂ। ਇਹ ਰਿਪੋਰਟ ਬਿਲਕੁੱਲ ਗਲਤ ਹੈ ।
ਕੁਝ ਸਵਾਲਾਂ ਦੇ ਠੋਸ ਜਵਾਬ ਨਹੀਂ
ਮੈਂ ਉਸ ਨੂੰ ਇਹ ਸੁਆਲ ਕੀਤਾ ਕਿ ਤੁਸੀਂ ਇਹ ਦਾਅਵਾ ਕਿਸ ਅਧਾਰ ਤੇ ਕਰ ਰਹੇ ਹੋ। ਕੀ ਤੁਸੀਂ ਕੈਨੇਡਾ ਵਿਚ ਰਹਿਣ ਵਾਲੇ ਸਾਰੇ ਸਿੱਖਾਂ ਨੂੰ ਜਾਣਦੇ ਹੋ? ਕੀ ਤੁਸੀਂ ਕੈਨੇਡਾ ਵਿੱਚ ਰਹਿੰਦੇ ਹਰ ਸਿੱਖ ਪਿਛੋਕੜ ਵਾਲੇ ਵਿਅਕਤੀ ਦਾ ਜ਼ਿੰਮਾ ਲੈ ਸਕਦੇ ਹੋ?
ਕੀ ਤੁਸੀਂ ਇਹ ਕਹਿ ਸਕਦੇ ਹੋ ਕਿ ਕੈਨੇਡਾ ਦੀਆਂ ਇੰਟੈਲੀਜੈਂਸ ਏਜੰਸੀਆਂ ਕੋਲ ਜੋ ਜਾਣਕਾਰੀ ਹੈ, ਤੁਹਾਡੇ ਕੋਲ ਉਸ ਨਾਲੋਂ ਵੱਧ ਜਾਣਕਾਰੀ ਹੈ? ਇਨ੍ਹਾਂ ਗੱਲਾਂ ਦਾ ਉਨ੍ਹਾਂ ਕੋਲ ਕੋਈ ਸਪਸ਼ਟ ਜਵਾਬ ਨਹੀਂ ਸੀ।
ਉਹ ਕਹਿ ਰਹੇ ਸਨ ਕਿ ਜੇ ਕੈਨੇਡੀਅਨ ਏਜੰਸੀਆਂ ਕੋਲ ਵਾਕਈ ਹੀ ਕੋਈ ਜਾਣਕਾਰੀ ਹੈ ਤਾਂ ਸਾਨੂੰ ਦੱਸਣੀ ਚਾਹੀਦੀ ਹੈ। ਮੈਂ ਉਸ ਨੂੰ ਕਿਹਾ ਕਿ ਮੇਰੀ ਸਮਝ ਮੁਤਾਬਕ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਇੰਟੈਲੀਜੈਂਸ ਜਾਂ ਖੁਫੀਆ ਏਜੰਸੀਆਂ ਅਜਿਹੀ ਜਾਣਕਾਰੀ ਕਿਸੇ ਨਾਲ ਸਾਂਝੀ ਨਹੀਂ ਕਰਦੀਆਂ। ਕੈਨੇਡਾ ਦੀਆਂ ਏਜੰਸੀਆਂ ਤੋਂ ਅਜਿਹੀ ਉਮੀਦ ਰੱਖਣੀ ਬਹੁਤੀ ਤਰਕਸੰਗਤ ਨਹੀਂ ਜਾਪਦੀ।
ਅੱਤਵਾਦ, ਹਿੰਸਾ ਜਾਂ ਨਫਰਤ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਕਿਸੇ ਧਰਮ ਦੇ ਨੁਮਾਇੰਦੇ ਸਮਝ ਕਿ ਉਨ੍ਹਾਂ ਲਈ ਸਿੱਖ ਅੱਤਵਾਦ ਜਾਂ ਇਸਲਾਮੀ ਅੱਤਵਾਦ ਜਿਹੇ ਸ਼ਬਦ ਨਾ ਵਰਤੇ ਜਾਣ, ਬਿਲਕੁੱਲ ਵਾਜਬ ਮੰਗ ਹੈ। ਇਹ ਮੰਗ ਪੂਰੀ ਦੁਨੀਆ ਦੇ ਅੰਦਰ ਫੈਲਣੀ ਚਾਹੀਦੀ ਹੈ। ਅੱਤਵਾਦੀਆਂ ਨੂੰ ਧਰਮਾਂ ਦੇ ਨੁਮਾਇੰਦੇ ਕਹਿਣ ਜਾਂ ਸਮਝਣ ਦੀ ਸੋਚ ਬਦਲਣੀ ਚਾਹੀਦੀ ਹੈ। ਪਰ ਇਕੱਲੀਆਂ ਸਰਕਾਰਾਂ ਜਾਂ ਮੀਡੀਆ ਇਸ ਸੋਚ ਨੂੰ ਨਹੀਂ ਬਦਲ ਸਕਦਾ।
ਵੱਖ ਵੱਖ ਧਰਮਾਂ ਦੇ ਸੁਹਿਰਦ ਲੋਕਾਂ ਅਤੇ ਸੰਗਠਨਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਅੱਗੇ ਆਉਣਾ ਚਾਹੀਦਾ ਹੈ। ਜਿਹੜੇ ਵੀ ਲੋਕ ਇਸਲਾਮ ਜਾਂ ਸਿੱਖੀ ਦੇ ਨਾਂ ਤੇ ਹਿੰਸਾ, ਨਫਰਤ ਅਤੇ ਅੱਤਵਾਦ ਦੀ ਗੱਲ ਕਰ ਰਹੇ ਹਨ, ਉਨ੍ਹਾਂ ਨੂੰ ਧਰਮ ਦੇ ਨੁਮਾਇੰਦੇ ਜਾਂ ਸ਼ਹੀਦ ਸਮਝਣ ਦੀ ਸੋਚ ਵੀ ਛੱਡਣੀ ਚਾਹੀਦੀ ਹੈ। ਹੁਣ ਇਸ ਮੁੱਦੇ ਤੇ ਦੋਗਲੀ ਨੀਤੀ ਨਹੀਂ ਚੱਲ ਸਕਦੀ।
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ