ਪ੍ਰਗਿਆ ਠਾਕੁਰ ਦੀ ਉਮੀਦਵਾਰੀ ਰੱਦ ਕਰੋ- ਆਰਐੱਸਐੱਸ ਦੀ ਭਾਜਪਾ ਨੂੰ ਲਿਖੀ ਚਿੱਠੀ ਦਾ ਸੱਚ

    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ ਨਿਊਜ਼

ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਹਿ ਸਰ ਸੰਚਾਲਕ ਵੱਲੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਲਿਖੀ ਇੱਕ ਕਥਿਤ ਚਿੱਠੀ ਸੋਸ਼ਲ ਮੀਡੀਆ ਉੱਪਰ ਇਸ ਦਾਅਵੇ ਨਾਲ ਵਾਇਰਲ ਕੀਤੀ ਜਾ ਰਹੀ ਹੈ ਕਿ, ਸੰਘ ਨੇ ਭੋਪਾਲ ਸੰਸਦੀ ਖੇਤਰ ਤੋਂ ਪ੍ਰਗਿਆ ਸਿੰਘ ਠਾਕੁਰ ਦੀ ਥਾਂ ਕਿਸੇ ਹੋਰ ਉਮੀਦਵਾਰ ਨੂੰ ਟਿਕਟ ਦੇਣ ਦੀ ਸਿਫ਼ਾਰਿਸ਼ ਕੀਤੀ ਸੀ।"

ਇਹ ਵੀ ਪੜ੍ਹੋ:

ਸੋਸ਼ਲ ਮੀਡੀਆ ਉੱਪਰ ਫੈਲ ਰਹੀ ਇਸ ਚਿੱਠੀ ਉੱਪਰ ਸੰਘ ਦੇ ਸਹਿ ਸਰ ਸੰਚਾਲਕ ਦੇ ਦਸਤਖ਼ਤ ਹਨ ਅਤੇ ਇਹ 20 ਅਪਰੈਲ 2019 ਨੂੰ ਲਿਖੀ ਗਈ ਹੈ। ਲੇਕਿਨ ਫੈਕਟ ਚੈੱਕ ਟੀਮ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਇਹ ਚਿੱਠੀ ਜਾਅਲੀ ਹੈ।

ਸਾਧਵੀ ਪ੍ਰਗਿਆ ਸਿੰਘ ਠਾਕੁਰ ਜੋ ਕਿ ਮਾਲੇਗਾਓਂ ਬੰਬ ਧਮਾਕਿਆਂ ਦੇ ਕੇਸ ਵਿੱਚ ਹਾਲੇ ਵੀ ਮੁਲਜ਼ਮ ਹੈ ਅਤੇ ਮੈਡੀਕਲ ਗਰਾਊਂਡ ਉੱਤੇ ਜ਼ਮਾਨਤ ਮਿਲਣ ਤੋਂ ਬਾਅਦ ਚੋਣ ਮੈਦਾਨ ਵਿੱਚ ਉੱਤਰੇ ਹਨ। ਉਹ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਗਲਤ ਦੱਸਦੇ ਰਹੇ ਹਨ। ਇਹ ਚਿੱਠੀ ਉਨ੍ਹਾਂ ਬਾਰੇ ਹੀ ਹੈ।

ਇਸ ਜਾਅਲੀ ਚਿੱਠੀ ਵਿੱਚ ਪ੍ਰਗਿਆ ਸਿੰਘ ਲਈ ਲਿਖਿਆ ਗਿਆ ਹੈ, ਭੋਪਾਲ ਦੀ ਮਹਿਲਾ ਉਮੀਦਵਾਰ ਵੱਲੋਂ ਸ਼ਹਾਦਤ ਦੇ ਖ਼ਿਲਾਫ਼ ਬੇਲੋੜੀ ਬਿਆਨਬਾਜ਼ੀ ਕਰਨ ਨਾਲ ਪੁਲਵਾਮਾ ਹਮਲੇ ਤੋਂ ਜੋ ਸਿਆਸੀ ਲਾਭ ਬਣਾਇਆ ਗਿਆ ਸੀ, ਉਹ ਹੁਣ ਖ਼ਤਮ ਹੋ ਚੁੱਕਿਆ ਹੈ। ਇਸ ਲਈ ਇਸ ਸਮਾਂ ਰਹਿੰਦਿਆਂ ਉਮੀਦਵਾਰ ਬਦਲਨਾ ਢੁਕਵਾਂ ਹੋਵੇਗਾ।"

ਆਪਣੇ-ਆਪ ਨੂੰ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦਾ ਦੱਸਣ ਵਾਲੇ ਬੀਬੀਸੀ ਦੇ ਕੁਝ ਪਾਠਕਾਂ ਨੇ ਵਟਸਐਪ ਰਾਹੀਂ ਸਾਨੂੰ ਇਹ ਚਿੱਠੀ ਭੇਜੀ ਅਤੇ ਜਾਨਣਾ ਚਾਹਿਆ ਕਿ ਕੀ ਸਾਬਕਾ ਏਟੀਐੱਸ ਚੀਫ਼ ਬਾਰੇ ਦਿੱਤੇ ਬਿਆਨ ਤੋਂ ਬਾਅਦ ਪ੍ਰਗਿਆ ਸਿੰਘ ਠਾਕੁਰ ਦੇ ਖ਼ਿਲਾਫ ਸੰਘ ਨੇ ਅਜਿਹੀ ਕੋਈ ਚਿੱਠੀ ਭਾਜਪਾ ਨੂੰ ਲਿਖੀ ਹੈ?

ਨਾਕਾਮ ਕੋਸ਼ਿਸ਼

ਅਸੀਂ ਸੰਘ ਦੇ ਸੁਰੇਸ਼ ਸੋਨੀ ਨਾਲ ਇਸ ਚਿੱਠੀ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ, ਮੈਨੂੰ ਇਹ ਜਾਣਕਾਰੀ ਹੈ ਕਿ ਮੇਰੇ ਨਾਂ ਦੀ ਇੱਕ ਚਿੱਠੀ ਸੋਸ਼ਲ ਮੀਡੀਆ ਉੱਪਰ ਫੈਲਾਈ ਜਾ ਰਹੀ ਹੈ। ਪਰ ਮੈਂ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਅਜਿਹੀ ਕੋਈ ਚਿੱਠੀ ਨਹੀਂ ਲਿਖੀ। ਇਹ ਇੱਕ ਫਰਜ਼ੀ ਚਿੱਠੀ ਹੈ। ਸੰਘ ਦੇ ਸੀਨੀਅਰ ਲੋਕ ਇਹ ਗੱਲ ਜਨਤਕ ਕਰ ਚੁੱਕੇ ਹਨ।"

ਇਸ ਚਿੱਠੀ ਵਿੱਚ ਸੰਘ ਆਗੂਆਂ ਅਤੇ ਅਮਿਤ ਸ਼ਾਹ ਦਰਮਿਆਨ ਗਵਾਲੀਅਰ ਵਿੱਚ ਹੋਈ ਕਿਸੇ ਕਥਿਤ ਬੈਠਕ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਸੰਘ ਦੇ ਅਖਿਲ ਭਾਰਤੀ ਸਹਿ ਪ੍ਰਚਾਰ ਮੁਖੀ ਨਰਿੰਦਰ ਕੁਮਾਰ ਇਸ ਬਾਰੇ ਚਿੱਠੀ ਬਾਰੇ ਅਧਿਕਾਰਿਤ ਬਿਆਨ ਦੇ ਚੁੱਕੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਚੋਣਾਂ ਵਿੱਚ ਲਾਹਾ ਲੈਣ ਲਈ ਇਸ ਪ੍ਰਕਾਰ ਦੇ ਫ਼ਰਜ਼ੀ ਪੋਸਟ ਸੋਸ਼ਲ ਮੀਡੀਆ ਜ਼ਰੀਏ ਪ੍ਰਸਾਰਿਤ ਕਰਕੇ ਕੁਝ ਗੈਰ-ਸਮਾਜਿਕ ਤੱਤ ਸਮਾਜ ਨੂੰ ਭੁਲੇਖੇ ਵਿੱਚ ਪਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ।'

ਜਾਅਲੀ ਚਿੱਠੀ ਪਹਿਲੀ ਵਾਰ ਨਹੀਂ

ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਸੰਘ ਦੇ ਨਾਂ ਹੇਠ ਕਿਸੇ ਜਾਅਲੀ ਚਿੱਠੀ ਨੂੰ ਸੋਸ਼ਲ ਮੀਡੀਆ ਉੱਪਰ ਫੈਲਾਇਆ ਜਾ ਰਿਹਾ ਹੋਵੇ।

ਨਵੰਬਰ ਦਸੰਬਰ ਵਿੱਚ ਹੋਈਆਂ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਸਮੇਂ ਵੀ ਅਜਿਹੀ ਹੀ ਇੱਕ ਚਿੱਠੀ ਸੋਸ਼ਲ-ਮੀਡੀਆ ਉੱਪਰ ਵਾਇਰਲ ਕੀਤੀ ਗਈ ਸੀ ਉਸ ਨੂੰ ਵੀ ਬੀਬੀਸੀ ਨੇ ਆਪਣੀ ਪੜਤਾਲ ਵਿੱਚ ਜਾਅਲੀ ਪਾਇਆ ਸੀ।

ਲਗਭਗ ਦੋ ਹਫ਼ਤੇ ਪਹਿਲਾਂ ਵੀ ਸੋਸ਼ਲ ਮੀਡੀਆ ਉੱਪਰ ਆਮਦਨ ਕਰ ਵਿਭਾਗ ਦੇ ਛਾਪਿਆਂ ਦੇ ਪ੍ਰਸੰਗ ਵਿੱਚ ਸੰਘ ਦੇ ਸਰ ਸੰਚਾਲਕ ਭਈਆਜੀ ਜੋਸ਼ੀ ਦੇ ਨਾਂ ਹੇਠ ਇੱਕ ਚਿੱਠੀ ਫੈਲਾਈ ਜਾ ਰਹੀ ਸੀ।

ਇਸ ਜਾਅਲੀ ਚਿੱਠੀ ਉੱਪਰ ਸੰਘ ਨੂੰ ਸਪੱਸ਼ਟੀਕਰਨ ਜਾਰੀ ਕਰਨਾ ਪਿਆ ਸੀ।

ਸੰਘ ਦੇ ਅਧਿਕਾਰਿਤ ਟਵਿੱਟਰ ਹੈਂਡਲ ਤੋਂ 10 ਅਪਰੈਲ ਨੂੰ ਇਹ ਟਵੀਟ ਕੀਤਾ ਗਿਆ ਸੀ, "ਭਈਆਜੀ ਜੋਸ਼ੀ ਦੇ ਨਾਂ ਹੇਠ ਜਿਹੜੀ ਚਿੱਠੀ ਪ੍ਰਸਾਰਿਤ ਹੋ ਰਹੀ ਹੈ ਉਹ ਭਰਮਾਉਣ ਲਈ ਹੈ ਅਤੇ ਸਚਾਈ ਤੋਂ ਪਰੇ ਹੈ। ਇਸ ਪ੍ਰਕਾਰ ਦੀ ਕੋਈ ਚਿੱਠੀ ਸੰਘ ਵੱਲੋਂ ਜਾਰੀ ਨਹੀਂ ਕੀਤੀ ਗਈ ਹੈ।"

ਇਹ ਵੀ ਪੜ੍ਹੋ

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)