ਨਜ਼ਰੀਆ: 'ਅੰਮ੍ਰਿਤਸਰ ਦਾ ਟਰੂਡੋ' ਤੇ ਖ਼ਾਲਿਸਤਾਨ ਦੀ ਨਵੀਂ ਛਿੜੀ ਬਹਿਸ

    • ਲੇਖਕ, ਜਗਤਾਰ ਸਿੰਘ
    • ਰੋਲ, ਸੀਨੀਅਰ ਪੱਤਰਕਾਰ, ਬੀਬੀਸੀ ਪੰਜਾਬੀ ਲਈ

ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਵਿੱਚ ਮਨਜੀਤ ਸਿੰਘ ਮਾਹਲ ਨੇ 15 ਫਰਵਰੀ ਨੂੰ ਜਨਮੇ ਆਪਣੇ ਪੋਤਰੇ ਦਾ ਛੋਟਾ (ਘਰ ਦਾ) ਨਾਂ ਜਸਟਿਨ ਟਰੂਡੋ ਰੱਖਿਆ ਹੈ।

ਇਹ ਪੰਜਾਬੀਆਂ ਦੀਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਜੁੜੀਆਂ ਭਾਵਨਾਵਾਂ ਨੂੰ ਦਰਸਾਉਂਦਾ ਹੈ, ਜਿਨ੍ਹਾਂ ਦਾ ਸ੍ਰੀ ਦਰਬਾਰ ਸਾਹਿਬ ਪਹੁੰਚਣ 'ਤੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।

ਟਰੂਡੋ ਨੇ ਵੀ ਇਸ ਖੁਸ਼ਆਮਦੀਦ ਦਾ ਜਵਾਬ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਦੌਰਾਨ "ਸਤਿ ਸ੍ਰੀ ਅਕਾਲ ਵੀਰ ਜੀ" ਕਹਿ ਕੇ ਦਿੱਤਾ, ਜੋ ਕਿ ਖ਼ਾਲਿਸਤਾਨ ਬਾਰੇ ਹੋਈ ਬਹਿਸ ਕਾਰਨ ਅਣਗੌਲਿਆ ਗਿਆ।

ਜਦੋਂ ਪ੍ਰਧਾਨ ਮੰਤਰੀ ਟਰੂ਼ਡੋ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਪਹੁੰਚੇ ਸੀ ਤਾਂ ਉਥੇ ਪੰਜਾਬੀ ਦੀ ਪ੍ਰਾਹੁਣਾਚਾਰੀ ਦੀ ਪੂਰੀ ਨੁਮਾਇਸ਼ ਸੀ।

ਉਨ੍ਹਾਂ ਨੇ ਪੰਜਾਬ ਦੇ ਇਸ ਹਿੱਸੇ ਵਿੱਚ ਸਿੱਖ ਭਾਈਚਾਰੇ ਨਾਲ ਤੁਰੰਤ ਆਪਣਾ ਰਾਬਤਾ ਕਾਇਮ ਕਰ ਲਿਆ।

ਇਹ ਉਹੀ ਧਾਰਮਿਕ ਸਥਾਨ ਹੈ, ਜਿੱਥੇ ਜੂਨ 1984 ਵਿੱਚ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੀ ਅਗਵਾਈ ਵਾਲੇ ਖਾੜਕੂ ਅਤੇ ਭਾਰਤੀ ਫੌਜ ਦੋਵੇਂ ਆਹਮੋ-ਸਾਹਮਣੇ ਹੋਏ ਸਨ।

ਪੰਜਾਬੀਆਂ ਦਾ ਕੈਨੇਡਾ ਵੱਲ ਰੁਖ਼

ਕੈਨੇਡਾ ਪੰਜਾਬੀਆਂ ਲਈ ਉਨ੍ਹਾਂ ਥਾਵਾਂ ਵਿਚੋਂ ਇੱਕ ਹੈ ਜਿੱਥੇ ਜਾਣ ਦਾ ਸੁਪਨਾ ਉਹ ਸ਼ੁਰੂਆਤੀ ਦੌਰ ਤੋਂ ਹੀ ਲੈਂਦੇ ਹਨ ਅਤੇ ਉਹ 100 ਸਾਲ ਤੋਂ ਵੱਧ ਸਮੇਂ ਤੋਂ ਉੱਥੇ ਜਾ ਵਸੇ ਹਨ।

ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀਆਂ ਦੇ ਘਰ ਹਨ ਅਤੇ ਟਰੂਡੋ ਦੀ ਕੈਬਨਿਟ ਵਿੱਚ 4 ਸਿੱਖ ਮੰਤਰੀ ਹਨ, ਜੋ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੀ ਕੈਬਨਿਟ ਨਾਲੋਂ ਵੀ ਵੱਧ ਹਨ।

ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕੋਈ ਸਿੱਖ ਭਾਰਤ ਤੋਂ ਬਾਹਰ ਕਿਸੇ ਦੂਜੇ ਮੁਲਕ ਦੇ ਰੱਖਿਆ ਮੰਤਰਾਲੇ ਦੇ ਸਭ ਤੋਂ ਉੱਚ ਅਹੁਦੇ 'ਤੇ ਬਿਰਾਜਮਾਨ ਹੋਏ ਹਨ।

ਕੈਨੇਡਾ ਵਿੱਚ ਸਿੱਖਾਂ ਦਾ ਇੱਕ ਧੜਾ ਖ਼ਾਲਿਸਤਾਨ ਦਾ ਮੌਖਿਕ ਹਮਾਇਤੀ ਹੈ।

ਟਰੂਡੋ ਦਾ ਪ੍ਰਭਾਵਸ਼ਾਲੀ ਦੌਰਾ

ਹਰਜੀਤ ਸਿੰਘ ਸੱਜਣ ਨੂੰ ਵੀ ਖ਼ਾਲਿਸਤਾਨ ਸਮਰਥਕ ਵਜੋਂ ਮੰਨਿਆ ਗਿਆ ਸੀ ਅਤੇ ਇਸੇ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਪੰਜਾਬ ਫੇਰੀ ਦੌਰਾਨ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ।

ਜੇਕਰ ਸਵਾਗਤ ਬੇਹੱਦ ਸ਼ਾਨਦਾਰ ਸੀ ਤਾਂ ਟਰੂਡੋ ਪਰਿਵਾਰ ਨੇ ਵੀ ਦੌਰੇ ਨੂੰ ਪ੍ਰਭਾਵਸ਼ਾਲੀ ਬਣਾਇਆ, ਜਿਸ ਦਾ ਕਈ ਚੈਨਲਾਂ 'ਤੇ ਸਿੱਧਾ ਪ੍ਰਸਾਰਣ ਇਤਿਹਾਸਕ ਹੋ ਨਿਬੜਿਆ।

ਇਸ ਮੌਕੋ ਹਜ਼ਾਰਾਂ ਸ਼ਰਧਾਲੂ ਵੀ ਉੱਥੇ ਮੌਜੂਦ ਸਨ ਅਤੇ ਉਨ੍ਹਾਂ ਨੂੰ ਕੋਈ ਦੀ ਵੀ ਦਿੱਕਤ ਨਹੀਂ ਆਉਣ ਦਿੱਤੀ। ਕੇਬਲ ਭੀੜ ਨੂੰ ਉਸ ਵੇਲੇ ਰੋਕਿਆ ਗਿਆ ਸੀ ਜਦੋਂ ਟਰੂਡੋ ਸ੍ਰੀ ਦਰਬਾਰ ਸਾਹਿਬ ਅੰਦਰ ਪਹੁੰਚੇ ਸਨ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਦਰਸ਼ਨੀ ਡਿਓਢੀ ਸ਼ਰਧਾਲੂਆਂ ਨਾਲ ਭਰੀ ਹੋਈ ਸੀ, ਜੋ ਉਨ੍ਹਾਂ ਨਾਲ ਹੱਥ ਮਿਲਾਉਣ ਲਈ ਖੜੇ ਸਨ ਅਤੇ ਟਰੂਡੋ ਨੇ ਉਨ੍ਹਾਂ ਨੂੰ ਨਿਰਾਸ਼ ਨਹੀਂ ਕੀਤਾ।

ਇਸ ਦੌਰਾਨ ਉਨ੍ਹਾਂ ਦੀ ਪਤਨੀ ਅਤੇ ਬੱਚਿਆਂ ਨੇ ਪੰਜਾਬੀ ਪਹਿਰਾਵਾ ਪਹਿਨਿਆ ਹੋਇਆ ਸੀ।

ਇਹ ਇੱਕ ਖੂਬਸੂਰਤ 'ਪੰਜਾਬੀ ਪਰਿਵਾਰ' ਦਾ ਸੋਹਣਾ ਝਲਕਾਰਾ ਸੀ ਜੋ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਇਆ ਸੀ। ਉਨ੍ਹਾਂ ਨੇ ਪੰਜਾਬੀਆਂ ਦਾ ਦਿਲ ਜਿੱਤ ਲਿਆ।

ਇਸ ਤਰ੍ਹਾਂ ਪੰਜਾਬੀਆਂ ਨੇ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਟਰੂਡੋ ਦੇ ਸਵਾਗਤ 'ਤੇ ਬੇਰੁਖੀ ਦੀ ਭਰਪਾਈ ਕੀਤੀ।

ਭਾਰਤ-ਕੈਨੇਡਾ ਦੇ ਸਬੰਧ

ਭਾਰਤ ਦੇ ਕੈਨੇਡਾ ਨਾਲ ਸਬੰਧਾਂ ਨੂੰ ਪੰਜਾਬ ਦੀ ਨਜ਼ਰ ਤੋਂ ਦੇਖਿਆ ਜਾ ਸਕਦਾ ਹੈ। ਪੰਜਾਬੀਆਂ ਦੀ ਕੈਨੇਡਾ ਵਿੱਚ ਇੱਕ ਸਫਲ ਕਹਾਣੀ ਹੈ।

ਕੈਨੇਡਾ ਉਹ ਦੇਸ ਹੈ, ਜਿੱਥੇ ਆਸਟਰੇਲੀਆ ਸਣੇ ਪੰਜਾਬ ਦੇ ਖਾਸੇ ਵਿਦਿਆਰਥੀ ਪੜ੍ਹ ਰਹੇ ਹਨ।

ਕੈਨੇਡਾ ਦੇ ਉਦਾਰਵਾਦੀ ਲੋਕਤੰਤਰ ਨੇ ਆਪਣੇ ਉਦੇਸ਼ਾਂ ਦੀ ਪੂਰਤੀ ਲਈ ਪੰਜਾਬੀਆਂ ਨੂੰ ਢੁੱਕਵੀਂ ਥਾਂ ਦਿੱਤੀ ਹੈ, ਜਿਸ ਵਿੱਚ ਸਿਆਸਤ ਵੀ ਸ਼ਾਮਿਲ ਹੈ।

ਪੰਜਾਬੀ ਹੁਣ ਕੈਨੇਡਾ ਦੀ ਸਿਆਸਤ ਦਾ ਅਨਿਖੜਵਾਂ ਅੰਗ ਬਣ ਗਏ ਹਨ।

ਦਿਲਚਸਪ ਗੱਲ ਇਹ ਹੈ ਕਿ ਅਖੌਤੀ ਖ਼ਾਲਿਸਤਾਨ ਅੰਦੋਲਨ ਦੇ ਮੁੱਖ ਨੇਤਾ ਇੰਗਲੈਂਡ ਅਤੇ ਅਮਰੀਕਾ ਵਿੱਚ ਹਨ ਪਰ ਭਾਰਤ ਕੈਨੇਡਾ ਨੂੰ ਉਸ ਦੇਸ ਵਜੋਂ ਮੰਨਦਾ ਹੈ ਜੋ ਖ਼ਾਲਿਸਤਾਨ ਸਮਰਥਕਾਂ ਦਾ ਸਾਥ ਰਿਹਾ ਹੈ।

ਇਹ ਵੱਖਰੀ ਗੱਲ ਹੈ ਕਿ ਪੰਜਾਬ ਵਿੱਚ ਖ਼ਾਲਿਸਤਾਨ ਦਾ ਕੋਈ ਹਮਾਇਤੀ ਨਹੀਂ ਹੈ। ਜਿਹੜੇ ਇਸ ਦਾ ਨਾਅਰਾ ਲਾਉਂਦੇ ਹਨ ਉਨ੍ਹਾਂ ਨੇ ਖੁਦ ਨੂੰ ਮਨੁੱਖੀ ਅਧਿਕਾਰਾਂ ਦੇ ਪੀੜਤ ਦੱਸ ਕੇ ਉੱਥੇ ਸ਼ਰਨ ਲਈ ਹੈ।

ਇਹ ਵੀ ਭਲੀ ਭਾਂਤ ਜਾਣਿਆ ਜਾਂਦਾ ਹੈ ਕਿ 80ਵਿਆਂ ਅਤੇ 90ਵਿਆਂ ਦੇ ਸ਼ੁਰੂਆਤੀ ਦਹਾਕਿਆਂ ਵਿੱਚ ਸੁਰੱਖਿਆ ਬਲਾਂ ਨੇ ਪੰਜਾਬ 'ਚ ਫਰਜ਼ੀ ਮੁਕਾਬਲਿਆਂ ਵਿੱਚ ਸੈਂਕੜੇ ਲੋਕਾਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਸੀ।

ਪੰਜਾਬ 'ਚ ਹੋਈ ਸਿਆਸੀ ਹਿੰਸਾ ਵਿੱਚ 50 ਹਜ਼ਾਰ ਲੋਕ ਪ੍ਰਭਾਵਿਤ ਹੋਏ ਇਸ ਸਭ ਦੇ ਬਾਵਜੂਦ ਵੀ ਇਸ ਦੀ ਕੋਈ ਜਾਂਚ ਨਹੀਂ ਹੋਈ। ਇਸ ਦਾ ਸ਼ਿਕਾਰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਹੋਈ।

ਇਹ ਆਜ਼ਾਦ ਭਾਰਤ ਵਿੱਚ ਇੱਕ ਹੀ ਖਾੜਕੂ ਲਹਿਰ ਸੀ, ਜਿਸ ਨੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੀ ਜਾਨ ਲੈ ਲਈ। ਹਾਲਾਂਕਿ, ਇਹ ਵਰਤਾਰਾ ਰੁਕਿਆ ਨਹੀਂ ।

ਸਿੱਖਾਂ ਲਈ ਕੈਨੇਡਾ ਦੂਜਾ ਪੰਜਾਬ

ਲੋਕ ਚੰਗੇ ਭਵਿੱਖ ਦੀ ਆਸ ਲੈ ਕੇ ਕੈਨੇਡਾ ਗਏ। ਪੰਜਾਬ ਵਿੱਚ ਕਈ ਸਾਲਾਂ ਤੱਕ ਬੇਰੁਜ਼ਗਾਰੀ ਵੀ ਰਹੀ।

ਅਰਥਚਾਰੇ 'ਚ ਖੜੋਤ ਆਈ । ਸੱਤਾਧਿਰ ਅਸੰਵੇਦਨਸ਼ੀਲ ਹੈ।

ਅਜਿਹੇ ਵਿੱਚ ਕੈਨੇਡਾ ਵਰਗੇ ਦੇਸ ਨੇ ਪੰਜਾਬੀਆਂ ਲਈ ਇੱਕ ਨਵੀਂ ਆਸ ਬੰਨ੍ਹੀ ਹੈ।

ਸਿੱਖਾਂ ਲਈ ਕੈਨੇਡਾ ਦੂਜਾ ਪੰਜਾਬ ਹੈ। ਕੈਨੇਡਾ ਦੇ ਸਰੀ ਲੋਕਾਂ ਵਿੱਚ ਇੰਝ ਜਾਣਿਆ ਜਾਂਦਾ ਹੈ ਜਿਵੇਂ ਕੈਨੇਡਾ ਵਿੱਚ ਪੰਜਾਬ ਦਾ ਸ਼ਹਿਰ ਮੋਗਾ ਵਸਿਆ ਹੋਵੇ।

ਰੋਜ਼ਾਨਾ ਜਹਾਜ਼ ਪੰਜਾਬੀਆਂ ਨਾਲ ਭਰੇ ਹੋਏ ਕੈਨੇਡਾ ਜਾਂਦੇ ਹਨ ਅਤੇ ਕਰੀਬ ਉਨੇ ਹੀ ਲੋਕ ਪੰਜਾਬ ਫੇਰਾ ਪਾਉਣ ਆਉਂਦੇ ਹਨ।

ਖ਼ਾਲਿਸਤਾਨ ਦੀ ਮੰਗ

ਇਹ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਿਰਫ਼ ਕੁਝ ਲੋਕਾਂ ਵੱਲੋਂ ਹੀ ਖ਼ਾਲਿਸਤਾਨ ਦੀ ਮੰਗ ਦਾ ਨਾਅਰਾ ਬੁਲੰਦ ਨਹੀਂ ਕੀਤਾ ਜਾ ਰਿਹਾ।

ਖ਼ਾਲਿਸਤਾਨ ਦੀ ਮੰਗ ਉਦੋਂ ਤੋਂ ਹੈ ਜਦੋਂ ਸਾਲ 1971 ਵਿੱਚ ਅਕਾਲੀ ਦਲ ਦੇ ਆਗੂ ਚਰਨ ਸਿੰਘ ਪੰਛੀ ਅਤੇ ਉਨ੍ਹਾਂ ਦੇ ਸਹਿਯੋਗੀ ਬਖਸ਼ੀਸ਼ ਸਿੰਘ ਨੇ ਬਰਤਾਨੀਆ 'ਚੋਂ ਇਸ ਦੀ ਮੰਗ ਕੀਤੀ ਸੀ। ਇਹ ਡਾਕਟਰ ਜਗਜੀਤ ਸਿੰਘ ਚੌਹਾਨ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਦੀ ਗੱਲ ਹੈ।

ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਖ਼ੁਦ ਵੀ ਇਸ ਸਬੰਧੀ ਇੱਕ ਐਲਾਨਨਾਮੇ ਦੇ ਹਸਤਾਖਰਕਾਰ ਹਨ।

ਇਹ ਦਸਤਾਵੇਜ ਅੰਮ੍ਰਿਤਸਰ ਐਲਾਨਨਾਮੇ ਵਜੋਂ ਵੀ ਜਾਣਿਆ ਜਾਂਦਾ ਹੈ, ਜਿਸ 'ਤੇ ਪਹਿਲੀ ਮਈ, 1994 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਦਸਤਖ਼ਤ ਕੀਤੇ ਗਏ ਸੀ।

ਇਸ ਦਸਤਾਵੇਜ ਮੁਤਾਬਕ, "ਸ਼੍ਰੋਮਣੀ ਅਕਾਲੀ ਦਲ ਦਾ ਮੰਨਣਾ ਹੈ ਕਿ ਹਿੰਦੁਸਤਾਨ (ਇੰਡੀਆ) ਵੱਖ-ਵੱਖ ਰਾਸ਼ਟਰੀ ਸੰਸਕ੍ਰਿਤੀਆਂ ਦਾ ਉੱਪ ਮਹਾਂਦੀਪ ਹੈ, ਹਰੇਕ ਆਪਣੀ ਵਿਰਾਸਤ ਅਤੇ ਮੁੱਖ ਧਾਰਾ ਨਾਲ ਹੈ।''

"ਇਸ ਉੱਪ ਮਹਾਂਦੀਪ ਨੂੰ ਮਹਾਂਸੰਘੀ ਸਰੰਚਨਾ ਦੇ ਨਾਲ ਪੁਨਰਗਠਿਤ ਕਰਨ ਦੀ ਲੋੜ ਹੈ ਤਾਂ ਜੋ ਹਰੇਕ ਸੰਸਕ੍ਰਿਤੀ ਆਪਣੀ ਪ੍ਰਤਿਭਾ ਅਨੁਸਾਰ ਖਿੜ ਸਕੇ ਅਤੇ ਵਿਸ਼ਵ ਦੇ ਬਗੀਚੇ ਵਿੱਚ ਇੱਕ ਵੱਖਰੀ ਖੁਸ਼ਬੂ ਛੱਡੀ ਜਾ ਸਕੇ।''

''ਜੇਕਰ ਅਜਿਹੇ ਇੱਕ ਸੰਗਠਨਾਤਮਿਕ ਪੁਨਰਗਠਨ ਨੂੰ ਭਾਰਤੀ ਹਿੰਦੁਸਤਾਨੀ (ਭਾਰਤੀ) ਸ਼ਾਸਕਾਂ (ਭਾਰਤ ਸਰਕਾਰ) ਵੱਲੋਂ ਸਵੀਕਾਰ ਨਹੀਂ ਕੀਤਾ ਜਾਂਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਖ਼ਾਲਿਸਤਾਨ ਦੀ ਮੰਗ ਅਤੇ ਸੰਘਰਸ਼ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਹੈ।''

ਜੇਕਰ ਗੱਲ ਪ੍ਰਕਾਸ਼ ਸਿੰਘ ਬਾਦਲ ਦੀ ਕਰੀਏ ਤਾਂ ਉਹ ਵੀ 22 ਅਪ੍ਰੈਲ, 1992 ਨੂੰ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੂੰ ਸੌਂਪੇ ਗਏ ਉਸ ਮੈਮੋਰੰਡਮ ਦੇ ਹਸਤਾਖ਼ਰਕਾਰ ਜਿਸ ਵਿੱਚ ਖਾਲਿਸਤਾਨ ਦੀ ਮੰਗ ਕੀਤੀ ਗਈ ਸੀ। ਉਸ ਤੋਂ ਬਾਅਦ ਵੀ ਉਹ ਪੰਜਾਬ ਦੇ ਤਿੰਨ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ।

ਕੈਨੇਡਾ ਪੰਜਾਬੀਆਂ ਨੂੰ ਉਹ ਥਾਂ ਮੁਹੱਈਆ ਕਰਾਉਂਦਾ ਹੈ, ਜਿਸ ਦੀ ਉਨ੍ਹਾਂ ਨੂੰ ਲੋੜ ਹੈ ਅਤੇ ਅਜਿਹੇ ਵਿੱਚ ਪੰਜਾਬੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੀ ਕਿਸੇ ਵੀ ਸ਼ਰਾਰਤ ਨੂੰ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ।

ਜੇਕਰ 4 ਸਿੱਖ ਟਰੂਡੋ ਦੀ ਕੈਬਨਿਟ ਵਿੱਚ ਹਨ ਤਾਂ ਇਹ ਕੈਨੇਡਾ ਦੇ ਉਦਾਰਵਾਦੀ ਲੋਕਤੰਤਰ ਤਹਿਤ ਉਨ੍ਹਾਂ ਦੀ ਪ੍ਰਾਪਤੀ ਹੈ।

ਹਾਲਾਂਕਿ, ਖ਼ਾਲਿਸਤਾਨ ਦੇ ਮੁੱਦੇ ਦੇ ਪ੍ਰਭਾਵ ਕਾਰਨ ਕੈਨੇਡਾ ਵਿੱਚ ਪੰਜਾਬੀਆਂ ਦੇ ਵਸਣ ਦੀਆਂ ਇੱਛਾਵਾਂ ਨੂੰ ਫਿੱਕਾ ਕਰ ਦਿੰਦਾ ਹੈ।

ਇਹ ਵੀ ਉਸ ਵੇਲੇ ਤੱਕ ਜਦੋਂ ਤੱਕ ਭਾਰਤ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਖ਼ਾਲਿਸਤਾਨ ਦਾ ਦੌਰ ਖ਼ਤਮ ਹੋ ਚੁੱਕਿਆ ਹੈ ਅਤੇ ਪੰਜਾਬ ਵਿੱਚ ਇਸ ਦਾ ਕੋਈ ਹਮਾਇਤੀ ਨਹੀਂ ਹੈ।

ਪਰ ਫੇਰ ਕਿਉਂ ਖ਼ਾਲਿਸਤਾਨ ਦਾ ਮੁੱਦਾ ਮੁੜ ਉੱਠਦਾ ਹੈ ਅਤੇ ਉਹ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੀ ਭਾਰਤ ਫੇਰੀ ਸਮੇਂ?

ਹੋ ਸਕਦਾ ਹੈ ਕਿ 15 ਫਰਵਰੀ ਨੂੰ ਅੰਮ੍ਰਿਤਸਰ ਵਿੱਚ ਪੈਦਾ ਹੋਏ 'ਟਰੂਡੋ' ਵੀ ਵੱਡੇ ਹੋ ਕੇ ਕੈਨੇਡਾ 'ਚ ਵਸਦੇ ਹੋਰ ਪੰਜਾਬੀਆਂ ਨਾਲ ਜੁੜਨ ਦੀ ਇੱਛਾ ਰੱਖੇ ਪਰ ਉਸ ਨੂੰ ਖ਼ਾਲਿਸਤਾਨ ਦਾ ਨਾਅਰਾ ਲਾ ਕੇ ਹੁਣ ਕਿਤੇ ਰੋਕ ਨਾ ਦਿੱਤਾ ਜਾਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)