ਟਰੂਡੋ ਫੇਰੀ: ਕਿੰਨੇ 'ਖ਼ਾਲਿਸਤਾਨੀ' ਨੇ ਕੈਨੇਡੀਅਨ ਮੰਤਰੀ ਅਮਰਜੀਤ ਸੋਹੀ?

    • ਲੇਖਕ, ਦਲਜੀਤ ਅਮੀ
    • ਰੋਲ, ਬੀਬੀਸੀ ਪੰਜਾਬੀ

ਖਾਲਿਸਤਾਨ ਦੂਜੀ ਵਾਰ ਅਮਰਜੀਤ ਸਿੰਘ ਸੋਹੀ ਦੇ ਨਾਮ ਨਾਲ ਜੁੜਿਆ ਹੈ। ਪਹਿਲੀ ਵਾਰ ਉਹ ਖਾਲਿਸਤਾਨੀ ਹੋਣ ਦੇ ਇਲਜ਼ਾਮ ਵਿੱਚ ਇੱਕੀ ਮਹੀਨੇ (1988-90) ਜ਼ੇਲ੍ਹ ਵਿੱਚ ਬੰਦ ਰਹੇ ਸਨ ਅਤੇ ਦੂਜੀ ਵਾਰ (ਅਠਾਈ ਸਾਲ ਬਾਅਦ) ਕੈਨੇਡਾ ਦੇ ਕੇਂਦਰੀ ਮੰਤਰੀ ਵਜੋਂ ਬਹਿਸ ਦਾ ਸਬੱਬ ਬਣੇ ਹਨ।

ਇੱਕ ਖੁੱਲ੍ਹੀ ਚਿੱਠੀ ਬਿਹਾਰ ਦੀ ਜੇਲ੍ਹ ਵਿੱਚੋਂ ਅਖ਼ਬਾਰਾਂ ਦੇ ਸੰਪਾਦਕਾਂ ਦੇ ਨਾਮ ਜਨਵਰੀ 1990 ਵਿੱਚ ਅਮਰਜੀਤ ਸੋਹੀ ਨੇ ਲਿਖੀ ਸੀ। ਅਮਰਜੀਤ ਸੋਹੀ ਇੱਕੀ ਮਹੀਨੇ ਜੇਲ੍ਹ ਵਿੱਚ ਰਹੇ।

ਇਸ ਚਿੱਠੀ ਦੀ ਇਬਾਰਤ ਕੁਝ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ।

"ਮੇਰਾ ਨਾਮ ਅਮਰਜੀਤ ਸਿੰਘ ਸੋਹੀ ਹੈ ਅਤੇ ਮੈਂ ਪੰਜਾਬ ਦੇ ਸੰਗਰੂਰ ਜ਼ਿਲ੍ਹੇ (ਪਿੰਡ ਬਨਬੌਰਾ) ਦਾ ਰਹਿਣ ਵਾਲਾ ਹਾਂ।

ਕੁਝ ਸਾਲ ਪਹਿਲਾਂ ਮੈਂ ਆਪਣੇ ਵੱਡੇ ਭਰਾ ਨਾਲ ਕੈਨੇਡਾ ਗਿਆ ਅਤੇ ਅਗਾਂਹਵਧੂ ਸੱਭਿਆਚਾਰਕ ਜਥੇਬੰਦੀ, ਪੰਜਾਬ ਸਾਹਿਤ ਸਭਾ ਦਾ ਸਰਗਰਮ ਕਾਰਕੁਨ ਬਣਿਆ।

ਖੱਬੇਪੱਖੀ ਵਿਚਾਰਾਂ ਦਾ ਧਾਰਨੀ

ਸਾਡੀ ਜਥੇਬੰਦੀ ਖਾਲਿਸਤਾਨੀ ਦਹਿਸ਼ਤਗਰਦਾਂ ਅਤੇ ਕੈਨੇਡਾ ਵਿੱਚ ਉਨ੍ਹਾਂ ਦੇ ਹਮਾਇਤੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਕਈ ਵਾਰ ਦਹਿਸ਼ਤਗਰਦਾਂ ਨੇ ਮੇਰੇ ਭਰਾ ਅਤੇ ਮੈਨੂੰ ਧਮਕੀਆਂ ਦਿੱਤੀਆਂ।

ਸਾਡੀ ਜਥੇਬੰਦੀ ਦੇ ਅੰਮ੍ਰਿਤਸਰ ਦੇ ਨਾਟਕ ਕਲਾ ਕੇਂਦਰ (ਗੁਰਸ਼ਰਨ ਸਿੰਘ ਨਿਰਦੇਸ਼ਕ ਹਨ।) ਨਾਲ ਭਰਾਤਰੀ ਸੰਬੰਧ ਹਨ।

ਮੈਂ ਪੰਜਾਬ ਆ ਕੇ ਇਸ ਮੰਡਲੀ ਦਾ ਕਾਰਕੁਨ ਬਣ ਗਿਆ ਸਾਂ। ਮੈਂ ਕ੍ਰਾਂਤੀਕਾਰੀ ਕੇਂਦਰ ਪੰਜਾਬ ਅਤੇ ਜਮਹੂਰੀ ਅਧਿਕਾਰ ਸਭਾ ਦੀਆਂ ਸਰਗਰਮੀਆਂ ਵਿੱਚ ਸ਼ਰੀਕ ਹੁੰਦਾ ਸਾਂ।

ਜਦੋਂ ਕ੍ਰਾਂਤੀਕਾਰੀ ਕੇਂਦਰ ਪੰਜਾਬ ਅਤੇ ਨਾਟਕ ਕਲਾ ਕੇਂਦਰ ਨੂੰ ਲੋਕ ਸੰਘਰਾਮ ਮੰਚ ਦੇ ਸਥਾਪਨਾ ਸਮਾਗਮ ਵਿੱਚ ਬਿਹਾਰ ਵਿੱਚ ਡਾਲਮੀਆਨਗਰ ਸੱਦਿਆ ਗਿਆ ਤਾਂ ਮੈਂ ਵੀ ਗਿਆ ਸਾਂ।

ਸੱਤ ਨਵੰਬਰ 1988 ਦੇ ਸਮਾਗਮ ਤੋਂ ਬਾਅਦ ਮੈਂ ਪੇਂਡੂ ਇਲਾਕੇ ਦੇਖਣ ਲਈ ਰੁਕ ਗਿਆ ਸਾਂ। ਜਹਾਨਾਵਾਦ ਜ਼ਿਲ੍ਹੇ ਦੇ ਇਨ੍ਹਾਂ ਇਲਾਕਿਆਂ ਵਿੱਚ ਮਜ਼ਦੂਰ ਕਿਸਾਨ ਮੁਕਤੀ ਮੰਚ ਲੋਕਾਂ ਨੂੰ ਲਾਮਬੰਦ ਕਰ ਰਹੀ ਹੈ।

ਇਸ ਫੇਰੀ ਦੌਰਾਨ ਮੇਰੀ ਮਨਸ਼ਾ ਕਿਸਾਨ ਸੰਘਰਸ਼ਾਂ ਨੂੰ ਸਮਝਣਾ ਅਤੇ ਤਫ਼ਸੀਲ ਰਪਟ ਤਿਆਰ ਕਰਨਾ ਸੀ। ਇਸੇ ਦੌਰਾਨ ਮੈਨੂੰ ਆਜ਼ਾਦਬੀਗਾ ਪਿੰਡ (ਥਾਣਾ ਕਰਪੀ) ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ।"

ਇਸ ਦੌਰਾਨ ਉਨ੍ਹਾਂ ਉੱਤੇ ਨਕਸਲੀਆਂ ਨੂੰ ਸਿਖਲਾਈ ਦੇਣ ਵਾਲੇ ਖਾਲਿਸਤਾਨੀ, ਪਾਕਿਸਤਾਨੀ ਸਰਪ੍ਰਸਤੀ ਤਹਿਤ ਅੱਤਵਾਦ ਦੀਆਂ ਕੌਮਾਂਤਰੀ ਕੜੀਆਂ ਨਾਲ ਜੁੜੇ ਹੋਣ, ਤਾਮਿਲ ਟਾਈਗਰ ਨਾਲ ਜੁੜੇ ਹੋਣ ਅਤੇ ਨਕਸਲੀ ਹੋਣ ਦੇ ਇਲਜ਼ਾਮ ਲੱਗੇ।

ਸੀਨੀਅਰ ਅਫ਼ਸਰ ਦੀ ਫ਼ਰਜ਼ਪ੍ਰਸਤੀ

ਜ਼ਿਲੇ ਦੀ ਇੱਕ ਸੀਨੀਅਰ ਅਫ਼ਸਰ ਨੇ ਅਮਰਜੀਤ ਸੋਹੀ ਖ਼ਿਲਾਫ਼ ਅਦਾਲਤੀ ਕਾਰਵਾਈ ਲਈ ਰਾਹ ਪੱਧਰਾ ਕਰ ਦਿੱਤਾ। ਇਸ ਦੇ ਬਾਵਜੂਦ ਅਮਰਜੀਤ ਅਠਾਰਾਂ ਮਹੀਨੇ ਕੋਠੀਬੰਦ (ਸੌਲੀਟਰੀ ਕਨਫਾਈਨਮੈਂਟ) ਰਹੇ ਅਤੇ ਕੁੱਲ ਇੱਕੀ ਮਹੀਨੇ ਜੇਲ੍ਹਬੰਦ ਰਹੇ।

ਰਸਾਲੇ ਮੁਕਤੀ ਮਾਰਗ ਦੀ ਰਪਟ ਮੁਤਾਬਕ ਅਮਰਜੀਤ ਸੋਹੀ ਅਦਾਲਤ ਵਿੱਚੋਂ ਮਾਮਲਾ ਖ਼ਾਰਜ ਹੋਣ ਤੋਂ ਬਾਅਦ ਪੱਚੀ ਅਗਸਤ 1990 ਨੂੰ ਰਿਹਾਅ ਹੋਏ।

ਅਮਰਜੀਤ ਸੋਹੀ ਬੇਉਮੀਦੀ ਵਾਲੀ ਜੇਲ੍ਹਬੰਦੀ ਤੋਂ ਕੈਨੇਡਾ ਦੇ ਕੇਂਦਰੀ ਮੰਤਰੀ ਹੋਣ ਦਾ ਸਫ਼ਰ ਤੈਅ ਕਰ ਚੁੱਕੇ ਹਨ।

ਮੰਤਰੀ ਬਣਨ ਤੋਂ ਬਾਅਦ 29 ਅਕਤੂਬਰ 2015 ਨੂੰ ਉਨ੍ਹਾਂ ਨੇ 'ਐਡਮੋਂਟਨ ਜਰਨਲ' ਦੀ ਪੱਤਰਕਾਰ ਪਾਓਲਾ ਸੀਮਨਸ ਨੂੰ ਦੱਸਿਆ, "ਜਿਸਮਾਨੀ ਫੱਟ ਭਰ ਜਾਂਦੇ ਨੇ ਪਰ ਜਜ਼ਬਾਤੀ ਜ਼ਖ਼ਮ ਰਿਸਦੇ ਰਹਿੰਦੇ ਹਨ।" ਉਹ ਗੱਲ ਅੱਗੇ ਤੋਰਦੇ ਹਨ, "ਮੈਨੂੰ ਨਹੀਂ ਪਤਾ ਕਿ ਇਹ ਪੀੜ ਕਿਵੇਂ ਘਟਦੀ ਹੈ, ਉਨ੍ਹਾਂ ਯਾਦਾਂ ਤੋਂ ਖਹਿੜਾ ਛੁਡਾਉਣ ਦਾ ਵਲ ਮੈਨੂੰ ਨਹੀਂ ਆਇਆ।"

ਸੰਨ੍ਹ 1964 ਵਿੱਚ ਪੈਦਾ ਹੋਏ ਅਮਰਜੀਤ ਨੂੰ ਸਤਾਰਾ ਸਾਲ (1981) ਦੀ ਉਮਰ ਵਿੱਚ ਵੱਡੇ ਭਰਾ ਦੇ ਸੱਦੇ ਉੱਤੇ ਕੈਨੇਡਾ ਪੁੱਜ ਗਏ। ਉਸ ਦਾ ਹੱਥ ਅੰਗਰੇਜ਼ੀ ਵਿੱਚ ਤੰਗ ਸੀ। ਪੰਜਾਬ ਵਿੱਚ ਹਾਲਾਤ ਖ਼ੁਸ਼ਗਵਾਰ ਨਹੀਂ ਸਨ।

ਪੰਜਾਬ ਦਾ ਸੇਕ ਕੈਨੇਡਾ 'ਚ

ਇਸੇ ਦੌਰਾਨ ਅਪਰੇਸ਼ਨ ਬਲਿਉ ਸਟਾਰ, ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਅਤੇ ਦਿੱਲੀ ਦਾ ਸਿੱਖ ਕਤਲੇਆਮ ਹੋਇਆ।

ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਭਿਆਨਕ ਅੱਤਵਾਦੀ ਕਾਰਵਾਈ ਏਅਰ ਇੰਡੀਆ ਦੇ ਜਹਾਜ਼ ਵਿੱਚ ਬੰਬ ਧਮਾਕੇ (ਕਨਿਸ਼ਕ ਕਾਂਡ) ਵਜੋਂ ਹੋਈ। ਅਲਬਰਟਾ ਵਿਉਜ਼ ਮੁਤਾਬਕ ਕਨਿਸ਼ਕ ਕਾਂਡ ਨੇ ਅਮਰਜੀਤ ਨੂੰ ਸਮਾਜਿਕ ਕਾਰਕੁਨ ਬਣਾ ਦਿੱਤਾ।

ਅਮਰਜੀਤ ਨੇ ਪੱਤਰਕਾਰ ਉਮਰ ਮੌਆਲੱਮ ਨੂੰ ਦੱਸਿਆ, "ਮੈਂ ਕੁਝ ਕੈਨੇਡਾ ਵਾਸੀਆਂ ਦੇ ਵਿਹਾਰ ਤੋਂ ਔਖਾ ਸਾਂ … ਕੁਝ ਜੀਆਂ ਦੀ ਕਰਨੀ ਕਾਰਨ ਪੂਰਾ ਧਰਮ ਸ਼ੱਕ ਦੇ ਘੇਰੇ ਵਿੱਚ ਲਿਆਂਦਾ ਗਿਆ।"ਪੰਜਾਬ ਦਾ ਸੇਕ ਕੈਨੇਡਾ ਵਿੱਚ ਲੱਗ ਰਿਹਾ ਸੀ।

ਇਸੇ ਮਾਹੌਲ ਵਿੱਚ ਅਮਰਜੀਤ 1988 ਵਿੱਚ ਪੰਜਾਬ ਆਏ ਅਤੇ ਬਿਹਾਰ ਵਿੱਚ ਗ੍ਰਿਫ਼ਤਾਰ ਹੋਏ।

ਗਯਾ ਕੇਂਦਰੀ ਜੇਲ੍ਹ ਬਾਬਤ 'ਐਡਮੋਂਟਨ ਜਰਨਲ' ਨੂੰ ਦਿੱਤੇ ਇੰਟਰਵਿਊ 'ਚ ਦੱਸਿਆ ਸੀ, "ਇਹ ਛੋਟੀ ਜਿਹੀ ਕੋਠੜੀ ਸੀ ਜਿਸ ਦੀ ਛੱਤ ਬਹੁਤ ਉੱਚੀ ਸੀ ਅਤੇ ਛੋਟਾ ਜਿਹਾ ਰੌਸ਼ਨਦਾਨ ਸੀ।"

ਅਮਰਜੀਤ ਦੀ ਗ੍ਰਿਫ਼ਤਾਰੀ ਟਾਡਾ ਤਹਿਤ ਹੋਈ ਸੀ। ਇਸ ਕਾਨੂੰਨ ਤਹਿਤ ਸ਼ੱਕੀ ਨੂੰ ਦੋ ਸਾਲ ਤੱਕ ਬਿਨਾਂ ਕਿਸੇ ਇਲਜ਼ਾਮ ਤੋਂ ਜੇਲ੍ਹ ਵਿੱਚ ਰੱਖਿਆ ਜਾ ਸਕਦਾ ਸੀ।

ਹਿਰਾਸਤ ਵਿੱਚ ਉਨ੍ਹਾਂ ਉਸ ਨੂੰ ਪਾਕਿਸਤਾਨ ਦੇ ਇਸਲਾਮੀ ਅੱਤਵਾਦ, ਖ਼ਾਲਿਸਤਾਨੀ ਇੰਤਹਾਪਸੰਦੀ, ਮਾਓਵਾਦ ਅਤੇ ਤਮਿਲ ਲਿਟੇ ਤਹਿਰੀਕ ਦੇ ਹਿਮਾਇਤੀ/ਕਾਰਕੁਨ ਹੋਣ ਬਾਬਤ ਪੁੱਛਗਿੱਛ ਕੀਤੀ ਗਈ।

ਜਦੋਂ ਬਿਹਾਰ ਪੁਲਿਸ ਦੀ ਤਫ਼ਤੀਸ਼ ਵਿੱਚ ਸ਼ਾਮਿਲ ਹੋਣ ਲਈ ਕੇਂਦਰੀ ਏਜੰਸੀਆਂ ਪੁੱਜੀਆਂ ਤਾਂ ਇੱਕ ਰਾਤ ਸਰਕਟ ਹਾਉਸ ਵਿੱਚ ਹੋ ਰਹੀ ਪੁੱਛ-ਗਿੱਛ ਦੀ ਖ਼ਬਰ ਜ਼ਿਲ੍ਹੇ ਵਿੱਚ ਤਾਇਨਾਤ ਇੱਕ ਸੀਨੀਅਰ ਅਫ਼ਸਰ ਕੋਲ ਪੁੱਜੀ।

ਕੁਝ ਸਮਾਂ ਪਹਿਲਾਂ (2015 ਵਿੱਚ) ਸੇਵਾਮੁਕਤ ਹੋਣ ਵਾਲੀ ਭਾਰਤੀ ਪ੍ਰਸ਼ਾਸਨਿਕ ਅਫ਼ਸਰ ਦਾ ਪਿਛੋਕੜ ਪੰਜਾਬੀ ਸੀ।

ਇਸ ਅਫ਼ਸਰ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਗੱਲਬਾਤ ਕਰਦਿਆਂ ਦੱਸਿਆ, "ਮੈਂ ਮੌਕੇ ਉੱਤੇ ਪੁੱਜ ਕੇ ਹਿਰਾਸਤੀ ਬਾਬਤ ਪੁੱਛ-ਗਿੱਛ ਕੀਤੀ ਅਤੇ ਆਪ ਉਸ ਨੂੰ ਸੁਆਲ ਕੀਤੇ।"

ਉਸ ਗੱਲਬਾਤ ਦਾ ਕੁਝ ਹਿੱਸਾ ਇਸ ਤਰ੍ਹਾਂ ਹੈ:

ਤੁਸੀਂ ਕੀ ਕਰਦੇ ਹੋ?

ਮੈਂ ਪੰਜਾਬ ਸਾਹਿਤ ਸਭਾ ਦਾ ਕਾਰਕੁਨ ਹਾਂ।

ਕਿਹੜਾ ਨਾਟਕ ਕਰਦੇ ਹੋ?

…।

ਉਸ ਨਾਟਕ ਵਿੱਚ ਕਿਹੜਾ ਕਿਰਦਾਰ ਕਰਦੇ ਹੋ?

…।

ਉਸ ਕਿਰਦਾਰ ਦੇ ਡਾਈਲੌਗ (ਸੰਵਾਦ) ਸੁਣਾਓ।

…।

ਜੇ ਨਾਟਕ ਕਰਦੇ ਹੋ ਤਾਂ ਕਵਿਤਾ ਵੀ ਪੜ੍ਹਦੇ ਹੋਵੋਗੇ?

ਜੀ ਪੜ੍ਹਦਾ ਹਾਂ।

ਕਿਹੜਾ ਕਵੀ ਪੜ੍ਹਿਆ ਹੈ?

ਪਾਸ਼।

ਉਸ ਦੀ ਕਵਿਤਾ ਸੁਣਾਓ?

… ਤਾਰਿਆਂ ਵੱਲ ਤੱਕ ਕੇ ਕ੍ਰਾਂਤੀ ਲਿਆਉਣ ਦੀ ਨਸੀਹਤ ਦੇਣ ਵਾਲਿਓ!

ਕ੍ਰਾਂਤੀ ਜਦ ਆਈ ਤਾਂ ਤੁਹਾਨੂੰ ਵੀ ਤਾਰੇ ਦਿਖਾ ਦਏਗੀ।

ਤਕਰੀਬਨ ਤੀਹ ਸਾਲ ਪੁਰਾਣੀ ਸਿਆਲ ਦੀ ਰਾਤ ਦੀ ਇਹ ਗੱਲ ਇਸ ਅਫ਼ਸਰ ਨੂੰ ਹੁਣ ਵੀ ਯਾਦ ਹੈ। ਇਹ ਵੀ ਯਾਦ ਹੈ ਕਿ ਹਿਰਾਸਤੀ ਦੀਆਂ ਪਸਲੀਆਂ ਵਿੱਚੋਂ ਲਹੂ ਸਿੰਮ ਰਿਹਾ ਸੀ।

ਇਸ ਅਫ਼ਸਰ ਨੂੰ ਹਿਰਾਸਤੀ ਦੀ ਕਹਾਣੀ ਦਾ ਯਕੀਨ ਹੋ ਗਿਆ ਅਤੇ ਉਸ ਨੇ ਅਮਰਜੀਤ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਨਾਲ-ਨਾਲ ਡਾਕਟਰੀ ਮੁਆਇਆ ਕਰਵਾਉਣ ਦਾ ਹੁਕਮ ਸੁਣਾ ਦਿੱਤਾ।

ਇਸ ਅਫ਼ਸਰ ਦਾ ਕਹਿਣਾ ਹੈ ਕਿ ਉਸ ਦਾ ਕੰਮ ਸੰਵਿਧਾਨ ਵਿੱਚ ਦਰਜ ਹਕੂਕ ਦੀ ਰਾਖੀ ਕਰਨਾ ਸੀ ਜੋ ਉਸ ਨੇ ਕੀਤੀ। ਇਸ ਅਫ਼ਸਰ ਨੇ ਸਪਸ਼ਟ ਕਿਹਾ, "ਮੈਨੂੰ ਨਾਇਕ ਬਣਾਉਣ ਦੀ ਲੋੜ ਨਹੀਂ। ਮੈਂ ਕਿਸੇ ਦੀ ਮਦਦ ਨਹੀਂ ਕੀਤੀ ਸਗੋਂ ਆਪਣਾ ਫ਼ਰਜ਼ ਨਿਭਾਇਆ।

ਅਮਰਜੀਤ ਸੋਹੀ ਨੇ ਲੋਕਾਂ ਦੀ ਸੇਵਾ ਕਰ ਕੇ ਦਰਸਾ ਦਿੱਤਾ ਹੈ ਕਿ ਉਹ ਕਿਹੋ ਜਿਹਾ ਇਨਸਾਨ ਹੈ।"

ਜ਼ਮੀਨੀ ਸੰਘਰਸ਼ ਦੇਖਣ ਦੀ ਤਾਂਘ

ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਦਰਸ਼ਨਪਾਲ 1988 ਵਿੱਚ ਡਾਕਟਰ ਵਜੋਂ ਧੁਰੀ ਵਿਖੇ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਅਫ਼ਸਰ ਸਨ।

ਦਰਸ਼ਨਪਾਲ ਨੂੰ ਲੋਕ ਸੰਗਰਾਮ ਮੰਚ ਦੇ ਉਦਘਾਟਨੀ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਆਇਆ ਸੀ ਅਤੇ ਅਮਰਜੀਤ ਸੋਹੀ ਦਿਲਚਸਪੀ ਕਾਰਨ ਉਨ੍ਹਾਂ ਦੇ ਨਾਲ ਗਏ ਸਨ।

ਦਰਸ਼ਨਪਾਲ ਸਮਾਗਮ ਤੋਂ ਬਾਅਦ ਵਾਪਸ ਪੰਜਾਬ ਪਰਤ ਆਏ ਸਨ ਪਰ ਅਮਰਜੀਤ ਨੂੰ ਉਨ੍ਹਾਂ ਨੇ ਲੋਕ ਸੰਗਰਾਮ ਮੰਚ ਦੇ ਆਗੂ ਅਰਜੁਨ ਪ੍ਰਸਾਦ ਸਿੰਘ ਦੇ ਹਵਾਲੇ ਕਰ ਦਿੱਤਾ ਸੀ। ਅਮਰਜੀਤ ਬਿਹਾਰ ਵਿੱਚ ਚੱਲਦੇ ਜ਼ਮੀਨੀ ਸੰਘਰਸ਼ਾਂ ਨੂੰ ਦੇਖਣਾ ਚਾਹੁੰਦੇ ਸਨ।

ਮੁਕਤੀ ਮਾਰਗ ਨਾਮ ਦੇ ਰਸਾਲੇ ਦੇ ਤਤਕਾਲੀ ਅੰਕ ਵਿੱਚ ਦਰਜ ਹੈ, "… ਦਰਸ਼ਨਪਾਲ ਨੇ ਪੰਜਾਬ ਵਿੱਚ ਖ਼ਾਲਿਸਤਾਨੀ ਅੱਤਵਾਦ ਦੀ ਨਿਖੇਧੀ ਕੀਤੀ ਅਤੇ ਪੰਜਾਬ ਦੇ ਮੌਜੂਦਾ ਹਾਲਾਤ ਲਈ ਦਿੱਲੀ ਸਰਕਾਰ ਦੀ ਕੱਟੜ-ਦੇਸ਼ਭਗਤੀ ਵਾਲੀ ਨੀਤੀ ਨੂੰ ਜ਼ਿੰਮੇਵਾਰ ਕਰਾਰ ਦਿੱਤਾ।"

ਪੈਰਾਂ ਥੱਲਿਓ ਜ਼ਮੀਨ ਖਿਸਕੀ

ਬੀਬੀਸੀ ਨਾਲ ਗੱਲਬਾਤ ਵਿੱਚ ਦਰਸ਼ਨਪਾਲ ਦੱਸਦੇ ਹਨ, "ਅਖ਼ਬਾਰ ਵਿੱਚ ਛਪੀ ਖ਼ਬਰ ਨੇ ਮੇਰੇ ਪੈਰਾਂ ਥੱਲਿਓ ਜ਼ਮੀਨ ਖਿਸਕਾ ਦਿੱਤੀ ਸੀ। ਅਮਰਜੀਤ ਦੀ ਗ੍ਰਿਫ਼ਤਾਰੀ ਦੀ ਖ਼ਬਰ ਖ਼ਤਰਨਾਕ ਖ਼ਾਲਿਸਤਾਨੀ ਅੱਤਵਾਦੀ ਵਜੋਂ ਛਪੀ ਸੀ।"

ਅਮਰਜੀਤ ਸੋਹੀ ਦੀ ਖੱਬੇਪੱਖੀ ਸਿਆਸਤ ਵਿੱਚ ਦਿਲਚਸਪੀ ਕਾਰਨ ਉਸ ਦਾ ਦਰਸ਼ਨਪਾਲ ਕੋਲ ਦਾ ਆਉਣ ਜਾਣ ਸੀ। ਗ੍ਰਿਫ਼ਤਾਰੀ ਤੋਂ ਬਾਅਦ ਅਮਰਜੀਤ ਦੇ ਮਾਪੇ, ਭਰਾ ਅਤੇ ਜੀਜਾ ਦਰਸ਼ਨਪਾਲ ਕੋਲ ਜਾਂਦੇ ਸਨ ਅਤੇ ਉਸ ਦੀ ਰਿਹਾਈ ਦੀ ਚਾਰਾਜੋਈ ਕਰਦੇ ਸਨ।

ਦਰਸ਼ਨਪਾਲ ਨੇ ਦੱਸਿਆ, "ਉਨ੍ਹਾਂ ਦੇ ਚਿਹਰੇ ਮੈਨੂੰ ਹੁਣ ਵੀ ਯਾਦ ਹਨ। ਮੈਨੂੰ ਇੰਝ ਲੱਗਦਾ ਸੀ ਜਿਵੇਂ ਮੈਥੋਂ ਕੋਈ ਪਾਪ ਹੋ ਗਿਆ ਹੋਵੇ।"

ਪੰਜਾਬ ਦੀ ਖੱਬੇ ਪੱਖੀ ਜਥੇਬੰਦੀ ਇਨਕਲਾਬੀ ਕੇਂਦਰ ਨੇ ਅਮਰਜੀਤ ਦੀ ਰਿਹਾਈ ਲਈ ਦਿੱਲੀ ਵਿੱਚ ਬਿਹਾਰ ਭਵਨ ਦੇ ਬਾਹਰ ਮੁਜ਼ਾਹਰਾ ਕੀਤਾ ਅਤੇ ਬਿਹਾਰ ਦੀਆਂ ਜਥੇਬੰਦੀਆਂ ਨਾਲ ਰਾਬਤਾ ਕਾਇਮ ਕੀਤਾ।

ਰਿਹਾਈ ਲਈ ਉਪਰਾਲੇ

ਲੋਕ ਸੰਘਰਾਮ ਮੰਚ ਦੇ ਆਗੂ ਅਰਜੁਨ ਪ੍ਰਸਾਦ ਸਿੰਘ ਨੇ ਅਮਰਜੀਤ ਸੋਹੀ ਨੂੰ ਇਲਾਕਾ ਦਿਖਾਉਣ ਲਈ ਹੋਰ ਕਾਰਕੁਨਾਂ ਨਾਲ ਭੇਜਿਆ ਸੀ।

ਅਰਜੁਨ ਪ੍ਰਸਾਦ ਉਸ ਵੇਲੇ ਮੁਕਤੀ ਮਾਰਗ ਨਾਮ ਦੇ ਰਸਾਲੇ ਦੇ ਸੰਪਾਦਕ ਸਨ ਅਤੇ ਦੋ ਦਹਾਕਿਆਂ ਦੇ ਤਰਜਬੇ ਵਾਲੇ ਖੱਬੀ ਪੱਖੀ ਕਾਰਕੁਨ ਸਨ।

ਅਮਰਜੀਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਰਜੁਨ ਪ੍ਰਸਾਦ ਨੇ ਉਸ ਦੀ ਰਿਹਾਈ ਲਈ ਉਪਰਾਲੇ ਕੀਤੇ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਸਾਡੇ ਕੁਝ ਜਾਣੂ ਉਸ ਜੇਲ੍ਹ ਵਿੱਚ ਬੰਦ ਹੋਏ ਤਾਂ ਸਾਨੂੰ ਉਸ ਨਾਲ ਸੰਪਰਕ ਕਰਨਾ ਸੁਖਾਲਾ ਹੋ ਗਿਆ ਅਤੇ ਅਸੀਂ ਉਸ ਨੂੰ ਕਿਤਾਬਾਂ ਭੇਜਣੀਆਂ ਸ਼ੁਰੂ ਕੀਤੀਆਂ।"

ਟਾਡਾ ਬੰਦੀਆਂ ਦੀ ਰਿਹਾਈ ਲਈ ਮਨੁੱਖੀ ਹਕੂਕ ਜਥੇਬੰਦੀਆਂ ਮੁਹਿੰਮ ਚਲਾ ਰਹੀਆਂ ਸਨ।

ਜਦੋਂ ਲਾਲੂ ਪ੍ਰਸ਼ਾਦ ਯਾਦਵ ਮੁੱਖ ਮੰਤਰੀ ਬਣੇ ਤਾਂ ਮਨੁੱਖੀ ਹਕੂਕ ਜਥੇਬੰਦੀਆਂ ਦੇ ਵਫ਼ਦ ਅਮਰਜੀਤ ਸੋਹੀ ਅਤੇ ਹੋਰ ਟਾਡਾ ਬੰਦੀਆਂ ਦੀ ਰਿਹਾਈ ਲਈ ਮਿਲੇ।

ਅਰਜੁਨ ਪ੍ਰਸਾਦ ਅਤੇ ਲਾਲੂ ਪ੍ਰਸ਼ਾਦ ਯਾਦਵ ਸੱਤਰਵਿਆਂ ਦੇ ਦੌਰ ਵਿੱਚ ਵਿਦਿਆਰਥੀਆਂ ਜਥੇਬੰਦੀਆਂ ਦੇ ਸਾਂਝੇ ਮੋਰਚੇ ਛਾਤਰ ਸੰਘਰਸ਼ ਸਮਿਤੀ ਵਿੱਚ ਇਕੱਠੇ ਸਰਗਰਮ ਰਹੇ ਸਨ।

ਅਰਜੁਨ ਪ੍ਰਸਾਦ ਦੱਸਦੇ ਹਨ, "ਲਾਲੂ ਪ੍ਰਸ਼ਾਦ ਦਾ ਰੱਵਈਆ ਵੱਖਰਾ ਸੀ ਅਤੇ ਉਨ੍ਹਾਂ ਨੇ ਅਮਰਜੀਤ ਸੋਹੀ ਦੇ ਮੁਕੱਦਮੇ ਨੂੰ ਅੱਗੇ ਵਧਾਉਣ ਦਾ ਰਾਹ ਪੱਧਰਾ ਕੀਤਾ।"

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਮੋਹਨ ਸਿੰਘ ਨੇ ਅਮਰਜੀਤ ਸੋਹੀ ਦੇ ਮਾਮਲੇ ਦੀ ਪੈਰਵੀ ਕੀਤੀ ਸੀ। ਕੁਝ ਮਹੀਨੇ ਪਹਿਲਾਂ ਅਮਰਜੀਤ ਪੰਜਾਬ ਦੇ ਆਪਣੇ ਨਿੱਜੀ ਦੌਰੇ ਦੌਰਾਨ ਜਗਮੋਹਨ ਨੂੰ ਮਿਲਣ ਵੀ ਆਏ ਸਨ।

ਲਾਲੂ ਪ੍ਰਸ਼ਾਦ ਯਾਦਵ ਦੀ ਪਹਿਲਕਦਮੀ

ਜਗਮੋਹਨ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਉਸ ਵੇਲੇ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਨੇ ਅਮਰਜੀਤ ਦੇ ਮਾਮਲੇ ਵਿੱਚ ਬਿਹਾਰ ਦੇ ਮੁੱਖ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਨੂੰ ਟੈਲੀਫੋਨ ਕੀਤਾ ਸੀ ਅਤੇ ਪੀਪਲਜ਼ ਯੂਨੀਅਨ ਫਾਰ ਡੈਮੋਕਰੈਟਿਕ ਰਾਈਟਸ ਦੇ ਕਾਰਕੁਨ ਕੁਲਬੀਰ ਨਾਲ ਮੈਂ ਆਪ ਲਾਲੂ ਪ੍ਰਸ਼ਾਦ ਯਾਦਵ ਨੂੰ ਮਿਲਿਆ ਸੀ।

ਅਦਾਲਤ ਵਿੱਚੋਂ ਵੀ ਉਸ ਦੀ ਰਿਹਾਈ ਦਾ ਹੁਕਮ ਹੋ ਗਿਆ ਸੀ ਅਤੇ ਲਾਲੂ ਪ੍ਰਸ਼ਾਦ ਯਾਦਵ ਦੀ ਪਹਿਲਕਦਮੀ ਨਾਲ ਵੀ ਰਿਹਾਈ ਵਿੱਚ ਮਦਦ ਮਿਲੀ।"ਅਮਰਜੀਤ ਸੋਹੀ ਨੂੰ ਲਿਖੀ ਈਮੇਲ ਦੇ ਜੁਆਬ ਵਿੱਚ ਸਿੰਪਸਨ ਬਰੂਕਸ ਨੇ ਬੀਬੀਸੀ ਨੂੰ ਲਿਖਿਆ ਹੈ, "ਸੋਹੀ ਖ਼ਿਲਾਫ਼ ਕੋਈ ਅਦਾਲਤੀ ਮਾਮਲਾ ਖੜ੍ਹਾ ਨਹੀਂ ਹੈ।

ਉਹ ਲਗਾਤਾਰ ਪਰਿਵਾਰਕ ਦੌਰਿਆਂ ਉੱਤੇ ਪੰਜਾਬ ਆਉਂਦੇ-ਜਾਂਦੇ ਰਹਿੰਦੇ ਹਨ ਅਤੇ ਕਈ ਵਾਰ ਹਫ਼ਤਿਆਂ ਬੱਧੀ ਰੁਕਦੇ ਹਨ।" ਉਨ੍ਹਾਂ ਅੱਗੇ ਲਿਖਿਆ ਹੈ, "ਦੁਬਾਰਾ ਉਨ੍ਹਾਂ ਦਾ ਕਦੇ ਭਾਰਤੀ ਪੁਲਿਸ ਜਾਂ ਅਦਾਲਤ ਨਾਲ ਵਾਹ ਨਹੀਂ ਪਿਆ।"

ਅਮਰਜੀਤ ਕੋਲ ਤਸ਼ੱਦਦ ਦੀ ਤਫ਼ਸੀਲ ਹੈ ਅਤੇ ਸ਼ੁਕਰਾਨੇ ਦੀ ਵੀ ਫਿਹਰਿਸਤ ਹੈ। ਗਾਰਦ ਦੇ ਇੱਕ ਜਵਾਨ ਨੇ ਉਸ ਦੀ ਕਹਾਣੀ ਅਖ਼ਬਾਰਾਂ ਤੱਕ ਪਹੁੰਚਾਈ।

ਉਨ੍ਹਾਂ 'ਐਡਮੋਂਟਨ ਜਰਨਲ' ਦੀ ਹੀ ਇੰਟਰਵਿਊ ਦੌਰਾਨ ਸੋਹੀ ਨੇ ਦੱਸਿਆ, "ਬਾਹਰ ਨਿਕਲਣ ਦੀ ਕੋਈ ਆਸ ਨਹੀਂ ਸੀ। ਕਿਤਾਬਾਂ ਅਤੇ ਅਖ਼ਬਾਰਾਂ ਮਿਲਣ ਕਾਰਨ ਮੈਂ ਜਿਊਂਦਾ ਰਿਹਾ।"

ਬਿਹਤਰ ਇਨਸਾਨ ਵੀ ਬਣਿਆ ਹਾਂ

ਬੀਬੀਸੀ ਵਲੋਂ ਅਮਰਜੀਤ ਸੋਹੀ ਦੇ ਦਫ਼ਤਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਵੀ 'ਐਡਮੋਂਟਨ ਜਨਰਲ' ਵਿੱਚ ਛਪੀ ਰਿਪੋਰਟ ਦੇ ਤੱਥਾਂ ਦੀ ਮੁੜ ਪੁਸ਼ਟੀ ਕਰਦਿਆਂ ਇਸ ਦੀ ਕਾਪੀ ਭੇਜੀ।

ਇਸ ਇੰਟਰਵਿਊ ਦੌਰਾਨ ਸੋਹੀ ਕਹਿੰਦੇ ਨੇ , "ਮੇਰੇ ਨਾਲ ਬਹੁਤ ਮਾੜਾ ਹੋਇਆ ਪਰ ਇਸ ਨਾਲ ਮੈਂ ਬਿਹਤਰ ਇਨਸਾਨ ਵੀ ਬਣਿਆ ਹਾਂ। ਇਸ ਨਾਲ ਮੈਨੂੰ ਜ਼ਿੰਦਗੀ ਦੀ ਕੀਮਤ ਸਮਝ ਆਈ ਹੈ। ਇਸ ਨੇ ਮੈਨੂੰ ਵਧੇਰੇ ਰਹਿਮਦਿਲ ਬਣਾਇਆ ਹੈ ਅਤੇ ਮੈਂ ਹੋਰਾਂ ਬਾਰੇ ਜ਼ਿਆਦਾ ਨਿਰਣੇ-ਨਿਤਾਰੇ ਨਹੀਂ ਕਰਦਾ।"

ਅਮਰਜੀਤ ਨੂੰ ਸਮਝਣ ਲਈ ਉਨ੍ਹਾਂ ਦੇ ਕਈ ਬਿਆਨ ਸਹਾਈ ਹੁੰਦੇ ਹਨ। ਕੈਨੇਡਾ ਦੀ ਖ਼ੂਫ਼ੀਆ ਏਜੰਸੀ ਸੀ.ਐੱਸ.ਆਈ.ਐੱਸ. ਨੂੰ ਜ਼ਿਆਦਾ ਤਾਕਤ ਦੇਣ ਬਾਬਤ ਕਹਿੰਦੇ ਹਨ, "ਅੱਤਵਾਦ ਬਦੀ ਹੈ।

ਸੀ.ਐੱਸ.ਆਈ. ਐੱਸ. ਨੂੰ ਜ਼ਿਆਦਾ ਤਾਕਤ ਦੇਣ ਨਾਲ ਅੱਤਵਾਦ ਖ਼ਿਲਾਫ਼ ਲੜਾਈ ਵਿੱਚ ਮਦਦ ਮਿਲੇਗੀ ਪਰ ਬਿਨਾਂ ਨਿਗਰਾਨੀ ਤੋਂ ਬੇਮੁਹਾਰ ਤਾਕਤ ਇਸ ਅਦਾਰੇ ਦੇ ਪੱਖ ਵਿੱਚ ਨਹੀਂ ਹੈ।"

ਉਹ ਇਸਲਾਮ ਬਾਬਤ ਹੋ ਰਹੇ ਦੁਰ-ਪ੍ਰਚਾਰ ਤੋਂ ਚਿੰਤਤ ਹਨ ਅਤੇ ਕਹਿੰਦੇ ਹਨ, "ਕਿਸੇ ਵੇਲੇ ਮੈਂ ਸਿੱਖ ਹੋਣ ਕਾਰਨ ਅੱਤਵਾਦੀ ਸਮਝਿਆ ਗਿਆ ਸੀ।

ਜੇ ਅਸੀਂ ਲੋਕਾਂ ਨਾਲ ਉਨ੍ਹਾਂ ਦੇ ਅਕੀਦਿਆਂ ਕਾਰਨ ਧੱਕਾ ਕਰਾਂਗੇ ਤਾਂ ਕਿਸ ਦੀ ਮਦਦ ਕਰਾਂਗੇ। ਇਹ ਸ਼ਾਇਦ ਆਈ.ਐੱਸ.ਆਈ.ਐੱਸ. ਦੀ ਮਦਦ ਹੋਵੇਗੀ।"

ਇਨ੍ਹਾਂ ਸਾਲਾਂ ਦੌਰਾਨ ਅਮਰਜੀਤ ਸੋਹੀ ਸਮਾਜਿਕ-ਸੱਭਿਆਚਾਰਕ ਕਾਰਕੁਨ ਤੋਂ ਬਾਅਦ ਸਿਆਸੀ ਪਿੜ ਵਿੱਚ ਆਏ ਹਨ। ਉਹ ਐਡਮਿੰਟਨ ਵਿੱਚ ਤਿੰਨ ਵਾਰ ਕੌਸਲਰ ਰਹਿਣ ਤੋਂ ਬਾਅਦ ਕੇਂਦਰੀ ਮੰਤਰੀ ਬਣੇ ਹਨ।

ਮੰਤਰੀ ਬਣਨ ਦੇ ਨਾਲ ਹੀ ਉਨ੍ਹਾਂ ਦਾ ਨਾਟਕ ਉਸ ਵੇਲੇ ਸਿਆਸੀ ਮੰਚ ਉੱਤੇ ਪੁੱਜਦਾ ਹੈ ਜਦੋਂ ਕੈਨੇਡਾ ਦੀ ਸਰਕਾਰ ਕਾਮਾਘਾਟਾ ਮਾਰੂ ਕਾਂਡ ਲਈ ਮੁਆਫ਼ੀ ਮੰਗਦੀ ਹੈ। ਅਮਰਜੀਤ ਮੰਚ ਉੱਤੇ ਕਾਮਾਗਾਟਾ ਮਾਰੂ ਨਾਮ ਦਾ ਨਾਟਕ ਕਰਦੇ ਰਹੇ ਹਨ।

ਉਹ ਆਪਣੀ ਕਹਾਣੀ ਸੁਣਾ ਕੇ 'ਐਡਮੋਂਟਨ ਜਨਰਲ' ਦੀ ਪੱਤਰਕਾਰ ਨੂੰ ਕਹਿੰਦੇ ਹਨ, "ਮੈਂ ਆਪਣੀ ਕਹਾਣੀ ਕਿਸੇ ਤੋਂ ਨਹੀਂ ਲੁਕਾਉਂਦਾ। ਹੁਣ ਮੇਰਾ ਫੱਟ ਭਰ ਗਿਆ ਹੈ। ਇਸ ਕਹਾਣੀ ਨਾਲ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਕੀ ਕਰਦਾ ਹਾਂ ਅਤੇ ਕਿਉਂ ਕਰਦਾ ਹਾਂ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)