You’re viewing a text-only version of this website that uses less data. View the main version of the website including all images and videos.
ਪੰਜਾਬ ਨੂੰ ਜਸਟਿਨ ਟਰੂਡੋ ਦੀ ਫੇਰੀ ਦਾ ਕੀ ਫਾਇਦਾ ਹੋਇਆ ?
ਮਾਹਿਰਾਂ ਅਨੁਸਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪੰਜਾਬ ਫੇਰੀ ਨਾਲ ਪੰਜਾਬ ਨੂੰ ਕਾਫੀ ਸਿਆਸੀ ਲਾਭ ਪਹੁੰਚਿਆ ਹੈ।
ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਾਹਲ ਸਿੰਘ ਦਾ ਮੰਨਣਾ ਹੈ ਕਿ ਜਸਟਿਨ ਟਰੂਡੋ ਦੀ ਪੰਜਾਬ ਫੇਰੀ ਕੈਨੇਡਾ ਦੀ ਸਿਆਸਤ ਵਿੱਚ ਪੰਜਾਬੀਆਂ ਦੀ ਅਹਿਮੀਅਤ 'ਤੇ ਮੁਹਰ ਲਾਉਂਦੀ ਹੈ।
ਰਾਜਨੀਤੀ ਸ਼ਾਸ਼ਤਰ ਦੀ ਪ੍ਰੋਫੈਸਰ ਮੈਡਮ ਜਸਪ੍ਰੀਤ ਕੌਰ ਨੇ ਦੱਸਿਆ ਕਿ ਇਸ ਫੇਰੀ ਨਾਲ ਦੋਹਾਂ ਦੇਸ਼ਾਂ ਦੇ ਆਪਸੀ ਸੰਬੰਧ ਸੁਖਾਵੇਂ ਹੋਣ ਦੀਆਂ ਸੰਭਾਵਾਨਾਵਾਂ ਵਧ ਗਈਆਂ ਹਨ।
ਉਨ੍ਹਾਂ ਅਨੁਸਾਰ ਇਸ ਫੇਰ ਨਾਲ ਪੰਜਾਬ ਦਾ ਅਕਸ ਹੋਰ ਉੱਚਾ ਹੋਵੇਗਾ ਕਿਉਂਕਿ ਜਸਟਿਨ ਟਰੂਡੋ ਦੇ ਨਾਲ ਆਏ ਨੁਮਾਂਇੰਦਿਆਂ ਵਿੱਚ ਚਾਰ ਪੰਜਾਬੀ ਮੰਤਰੀ ਹਨ।
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪੰਜਾਬ ਫੇਰੀ ਅਤੇ ਪੰਜਾਬੀਆਂ ਲਈ ਮਹੱਤਤਾ ਬਾਰੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਮਾਹਲ ਸਿੰਘ ਤੇ ਹੋਰ ਮਾਹਿਰਾਂ ਨਾਲ ਗੱਲਬਾਤ ਕੀਤੀ।
ਬੁੱਧਵਾਰ ਨੂੰ ਕੈਨੇਡਾ ਦੇ ਐੱਮਪੀ ਸੁੱਖ ਧਾਲੀਵਾਲ ਤੇ ਮੈਡਮ ਸਿੱਧੂ ਸਣੇ ਦੋ ਹੋਰ ਐਮਪੀ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਪਹੁੰਚੇ। ਕਾਲਜ ਦੇ ਵਿਦਿਆਰਥੀ ਇਨ੍ਹਾਂ ਦੀ ਸਾਦਗੀ ਤੋਂ ਬਹੁਤ ਪ੍ਰਭਾਵਿਤ ਹੋਏ।
ਵਰਨਣਯੋਗ ਹੈ ਕੈਨੇਡਾ ਦੀ ਮੌਜੂਦਾ ਪਾਰਲੀਮੈਂਟ ਵਿੱਚ ਅਠਾਰਾਂ ਪੰਜਾਬੀ ਮੈਂਬਰ ਹਨ।
'ਕੈਨੇਡਾ 'ਚ ਕਾਬਲੀਅਤ ਦਾ ਮੁੱਲ ਪੈਂਦਾ ਹੈ'
ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਾਹਲ ਸਿੰਘ ਨੇ ਕਿਹਾ, "ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਫੇਰੀ ਨਾਲ ਇਹ ਸਾਬਤ ਹੋ ਗਿਆ ਹੈ ਕਿ ਪੰਜਾਬੀਆਂ ਨੇ ਕੈਨੇਡਾ ਵਿੱਚ ਸਿਰਫ਼ ਆਰਥਿਕ ਤੌਰ 'ਤੇ ਹੀ ਨਹੀ ਸਗੋਂ ਸਿਆਸੀ ਤੌਰ 'ਤੇ ਵੀ ਆਪਣੀ ਵੱਖਰੀ ਥਾਂ ਬਣਾਈ ਹੈ।"
"ਪੰਜਾਬੀਆਂ ਦੀ ਉੱਥੇ ਚੜ੍ਹਤ ਤੋਂ ਸਾਫ ਹੈ ਕਿ ਕੈਨੇਡਾ ਵਿੱਚ ਮਿਹਨਤ ਤੇ ਮੈਰਿਟ ਦਾ ਮੁੱਲ ਪੈਂਦਾ ਹੈ। ਉੱਥੇ ਜਾਤ ਤੇ ਧਰਮ ਦੇ ਆਧਾਰ 'ਤੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ।''
ਉਨ੍ਹਾਂ ਅੱਗੇ ਕਿਹਾ, "ਕੈਨੇਡਾ ਦੇ ਸਮਾਜ ਵਿੱਚ ਵੱਖ-ਵੱਖ ਦੇਸਾਂ ਦੇ ਲੋਕ ਵਸਦੇ ਹਨ ਅਤੇ ਇਹ ਪੰਜਾਬੀ ਸਮਾਜ ਵਾਂਗ ਹੀ ਖੁੱਲ੍ਹਦਿਲਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਫੇਰੀ ਨਾਲ ਪੰਜਾਬੀਆਂ ਦਾ ਹਰ ਵਰਗ ਖੁਸ਼ੀ ਮਹਿਸੂਸ ਕਰ ਰਿਹਾ ਹੈ।''
ਡਾ. ਮਾਹਲ ਅਨੁਸਾਰ ਟਰੂਡੋ ਦੇ ਪੰਜਾਬ ਵਿੱਚ ਹੋਏ ਸਵਾਗਤ ਨਾਲ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਵੀ ਉਤਸ਼ਾਹ ਮਿਲੇਗਾ ਕਿ ਉਨ੍ਹਾਂ ਨੂੰ ਮਾਣ ਸਨਮਾਨ ਦੇਣ ਵਾਲਿਆਂ ਦੀ ਪੰਜਾਬ ਵਿੱਚ ਕਿੰਨੀ ਕਦਰ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ, "ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਦਾ ਵਿਕਾਸ ਇੱਥੇ ਵਸਦੇ ਪੰਜਾਬੀਆਂ ਲਈ ਇਵੇਂ ਹੀ ਹੈ ਜਿਵੇਂ ਸਾਡਾ ਹੀ ਕੋਈ ਅੰਗ ਉੱਥੇ ਵਧ-ਫੁੱਲ ਰਿਹਾ ਹੋਵੇ।''
'ਟਰੂਡੋ ਫੇਰੀ ਨੂੰ ਸਿੱਖਾਂ ਨਾਲ ਜੋੜਨਾ ਗਲਤ'
ਡਾ. ਮਾਹਲ ਅਨੁਸਾਰ ਟਰੂਡੋ ਦੀ ਫੇਰੀ ਨੂੰ ਸਿੱਖਾਂ ਨਾਲ ਹੀ ਜੋੜ ਕੇ ਨਹੀਂ ਵੇਖਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ, "ਇਹ ਦੁੱਖ ਦੀ ਗੱਲ ਹੈ ਕਿ ਪੰਜਾਬ ਨਾਲ ਜੁੜੀ ਹਰ ਗੱਲ ਨੂੰ ਸਿੱਖਾਂ ਨਾਲ ਹੀ ਜੋੜ ਕੇ ਉਸਦਾ ਘੇਰਾ ਘਟਾ ਦਿੱਤਾ ਜਾਂਦਾ ਹੈ।"
ਪੰਜਾਬ ਵਿੱਚ ਹੀ ਟਰੂਡੋ ਦੇ ਭਰਵੇਂ ਸਵਾਗਤ ਬਾਰੇ ਡਾ. ਮਾਹਿਲ ਸਿੰਘ ਨੇ ਕਿਹਾ, "ਸਿੱਖਾਂ ਤੇ ਪੰਜਾਬੀਆਂ ਦਾ ਮੁੱਖ ਖਿੱਤਾ ਇਹੀ ਹੈ ਤੇ ਬਹੁਤਾ ਭਾਈਚਾਰਾ ਵੀ ਇੱਥੋਂ ਹੀ ਕੈਨੇਡਾ ਵਿੱਚ ਵਸਿਆ ਹੋਇਆ ਹੈ। ਇਸ ਲਈ ਪੰਜਾਬ ਦੇ ਲੋਕ ਹੀ ਟਰੂਡੋ ਨਾਲ ਜੁੜੇ ਮਹਿਸੂਸ ਕਰਨਗੇ ਨਾ ਕਿ ਕਿਸੇ ਹੋਰ ਸੂਬੇ ਦੇ ਲੋਕ।"
ਡਾ. ਜਸਪ੍ਰੀਤ ਕੌਰ ਨੇ ਕਿਹਾ, "ਨੌਜਵਾਨ ਕੁੜੀਆਂ ਟਰੂਡੋ ਦੀ ਖੂਬਸੂਰਤੀ ਤੋਂ ਬਹੁਤ ਪ੍ਰਭਾਵਿਤ ਹੋਈਆਂ ਹਨ। ਟਰੂਡੋ ਦਾ ਆਪਣੇ ਬੱਚਿਆਂ ਨਾਲ ਪਿਆਰ ਵੀ ਉਨ੍ਹਾਂ ਨੂੰ ਹੋਰ ਪ੍ਰਭਾਵਿਤ ਕਰਦਾ ਹੈ।"