You’re viewing a text-only version of this website that uses less data. View the main version of the website including all images and videos.
ਪ੍ਰੈਸ ਰਿਵੀਊ : ਅੰਮ੍ਰਿਤਸਰ-ਬਰਮਿੰਘਮ ਵਿਚਾਲੇ ਸਿੱਧੀ ਉਡਾਣ ਸ਼ੁਰੂ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਾਰਤ ਵਿੱਚ ਆਸ ਮੁਤਾਬਕ ਸਵਾਗਤ ਨਾ ਹੋਣ ਤੋਂ ਬਆਦ ਪੰਜਾਬੀਆਂ ਨੇ ਸਾਰੀਆਂ ਕਸਰਾਂ ਪੂਰੀਆਂ ਕਰਨ ਦਾ ਮਨ ਬਣਾ ਲਿਆ ਲੱਗਦਾ ਹੈ।
ਪੰਜਾਬੀ ਟ੍ਰਿਬਿਊਨ ਮੁਤਾਬਕ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਵਾਗਤ ਲਈ ਪੰਜਾਬੀਆਂ ਨੂੰ ਅੰਮ੍ਰਿਤਸਰ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵੱਖ-ਵੱਖ ਪੋਸਟਰ ਸ਼ੇਅਰ ਕੀਤੇ ਜਾ ਰਹੇ ਹਨ ਜਿਸ ਵਿੱਚ ਜਸਟਿਨ ਟਰੂਡੋ ਦੇ ਸਿਰ 'ਤੇ ਰੁਮਾਲ ਬੰਨ੍ਹੇ ਹੋਏ ਦੀ ਫੋਟੋ ਲੱਗੀ ਹੋਈ ਹੈ।
ਇਸ 'ਤੇ ਲਿਖਿਆ ਹੋਇਆ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਸਾਥੀਆਂ ਦੀ ਅੰਮ੍ਰਿਤਸਰ ਫੇਰੀ ਮੌਕੇ 'ਜੀ ਆਇਆਂ' ਕਹਿਣ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਖੁੱਲ੍ਹਾ ਸੱਦਾ।
ਹਿੰਦੁਸਤਾਨ ਟਾਈਮਜ਼ ਮੁਤਾਬਕ ਏਅਰ ਇੰਡੀਆ ਦੀ ਅੰਮ੍ਰਿਤਸਰ ਬਰਮਿੰਘਮ ਵਿਚਾਲੇ ਸਿੱਧੀ ਉਡਾਣ ਸ਼ੁਰੂ ਹੋ ਗਈ ਹੈ ਜਿਸ ਨੂੰ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਅਤੇ ਦੋਵਾਂ ਸੰਸਦ ਮੈਂਬਰਾਂ ਸ਼ਵੇਤ ਮਲਿਕ ਤੇ ਗੁਰਜੀਤ ਸਿੰਘ ਔਜਲਾ ਨੇ ਹਰੀ ਝੰਡੀ ਦਿਖਾਈ।
ਇਹ ਉਡਾਣ ਸ਼ੁਰੂ ਵਿੱਚ ਦੋ ਦਿਨ ਮੰਗਲਵਾਰ ਅਤੇ ਵੀਰਵਾਰ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਚੱਲੇਗੀ।
ਇਸੇ ਤਰ੍ਹਾਂ ਬਰਮਿੰਘਮ ਤੋਂ ਅੰਮ੍ਰਿਤਸਰ ਲਈ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਚੱਲੇਗੀ। ਇਹ ਉਡਾਣ ਦਿੱਲੀ ਤੋਂ ਅੰਮ੍ਰਿਤਸਰ ਆਵੇਗੀ ਅਤੇ ਇਥੋਂ ਸਿੱਧਾ ਬਰਮਿੰਘਮ ਲਈ ਰਵਾਨਾ ਹੋਵੇਗੀ।
ਦਿ ਟਾਈਮਜ਼ ਆਫ਼ ਇੰਡੀਆ ਮੁਤਾਬਕ ਸ਼ਿਕਾਰੀ ਕੁੱਤਿਆਂ ਦੀ ਦੌੜ ਕਰਵਾਉਣ ਲਈ ਪਟੀਸ਼ਨ ਦੀ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੇਂਦਰੀ ਵਾਤਾਵਰਨ ਤੇ ਜੰਗਲਾਤ, ਪਸ਼ੂ ਭਲਾਈ ਬੋਰਡ ਅਤੇ ਪੰਜਾਬ ਪਸ਼ੂ-ਪਾਲਨ ਮਹਿਕਮੇ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।
ਗ੍ਰੇਹਾਉਂਡ (ਸ਼ਿਕਾਰੀ ਕੁੱਤੇ) ਰੇਸਿੰਗ ਬੋਰਡ ਨੇ ਪਟੀਸ਼ਨ ਵਿੱਚ ਦਾਅਵਾ ਕੀਤਾ ਹੈ ਕਿ ਅਜਿਹੀਆਂ ਦੌੜਾਂ ਸਮਾਜਿਕ ਦੂਰੀ ਘਟਾਉਣ ਵਿੱਚ ਮਦਦ ਕਰਦੀਆਂ ਹਨ।
ਇੰਡੀਅਨ ਐਕਸਪ੍ਰੈੱਸ ਅਖ਼ਬਾਰ ਮੁਤਾਬਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਤਰੱਕੀ ਵਿੱਚ ਕੋਟੇ ਨੂੰ ਖ਼ਤਮ ਕਰ ਦਿੱਤਾ ਹੈ। ਪੰਜਾਬ ਪੱਟੀਦਰਜ ਅਤੇ ਪਛੜੀ ਸ਼੍ਰੇਣੀ ਐਕਟ(ਨੌਕਰੀ 'ਚ ਰਾਖਵਾਂਕਰਨ), 2006 (ਪੰਜਾਬ ਸ਼ਿਡਿਊਲਡ ਕਾਸਟਜ਼ ਐਂਡ ਬੈਕਵਾਰਡ ਕਲਾਸਜ਼) ਦੀ ਉਸ ਤਜਵੀਜ ਨੂੰ ਰੱਦ ਕਰ ਦਿੱਤਾ ਹੈ ਜਿਸ ਵਿੱਚ ਪਛੜੀ ਸ਼੍ਰੇਣੀ ਦੇ ਮੁਲਾਜ਼ਮਾਂ ਨੂੰ ਨੌਕਰੀਆਂ ਵਿੱਚ ਰਾਖਵਾਂਕਰਨ ਦਿੱਤਾ ਜਾਂਦਾ ਸੀ।
ਪਟੀਸ਼ਨਕਰਤਾ ਦੇ ਵਕੀਲ ਧਰਮਿੰਦਰ ਰਾਵਤ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਕਦੇ ਵੀ ਪਛੜੀ ਸ਼੍ਰੇਣੀ ਦਿਖਾਉਣ ਲਈ ਅੰਕੜੇ ਪੇਸ਼ ਨਹੀਂ ਕੀਤੇ।