ਸੋਸ਼ਲ: ਜਸਟਿਨ ਟਰੂਡੋ ਦੇ ਸਵਾਗਤ ਲਈ ਪੰਜਾਬੀਆਂ ਨੇ ਸਾਂਭਿਆ ਮੋਰਚਾ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਾਰਤ ਵਿੱਚ ਸ਼ਾਹੀ ਸਵਾਗਤ ਨਾ ਹੋਣ ਤੋਂ ਖਫ਼ਾ ਪੰਜਾਬੀਆਂ ਨੇ ਸਾਰੀਆਂ ਕਸਰਾਂ ਪੂਰੀਆਂ ਕਰ ਦਿੱਤੀਆਂ।

ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਿੱਚ ਨਾ ਕੋਈ ਸਿੱਖ ਸੰਗਠਨ ਪਿੱਛੇ ਰਹਿਣਾ ਚਾਹੁੰਦਾ ਸੀ ਅਤੇ ਨਾ ਹੀ ਕੋਈ ਸਿਆਸੀ ਪਾਰਟੀ।

ਨਾਂਹ-ਨਾਂਹ ਕਰਦੇ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਵਿੱਚ ਕਰੀਬ ਅੱਧੇ ਘੰਟੇ ਲਈ ਨਾ ਸਿਰਫ਼ ਟਰੂਡੋ ਨਾਲ ਮੁਲਾਕਾਤ ਕੀਤੀ ਬਲਕਿ ਪੂਰੇ ਅੰਮ੍ਰਿਤਸਰ ਵਿੱਚ ਵੱਡੇ ਵੱਡੇ ਹੋਰਡਿੰਗਜ਼ ਵਿੱਚ ਰਾਹੁਲ ਗਾਂਧੀ ਦੀ ਫੋਟੋ ਲੁਆ ਕੇ ਅਤੇ ਟਵਿਟਰ ਉੱਤੇ ਸਵਾਗਤ ਕੀਤਾ।

ਕੇਂਦਰ ਸਰਕਾਰ ਅਤੇ ਭਾਜਪਾ ਦੀ ਹਾਜ਼ਰੀ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਲੁਆਉਦੇ ਦਿਖੇ ਤਾਂ ਸੁਖਬੀਰ ਸਿੰਘ ਬਾਦਲ ਖੁਦ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਅਗਵਾਈ ਕਰਦੇ ਨਜ਼ਰ ਆਏ।

ਅੰਮ੍ਰਿਤਸਰ ਹਵਾਈ ਅੱਡੇ ਤੋਂ ਦਰਬਾਰ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਗਰਮਪੱਖੀਆਂ ਨੇ ਮੱਲੀਆਂ ਹੋਈਆ ਸਨ।

ਹੱਥਾਂ ਵਿੱਚ ਪੋਸਟਰ, ਬੈਨਰ ਤੇ ਕੇਸਰੀ ਨਿਸ਼ਾਨ ਫੜ੍ਹੀ ਉਹ ਵੀ ਕਈ ਥਾਂਈ ਨਜ਼ਰ ਆਏ। ਉਨ੍ਹਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਭਾਵੇਂ ਪਿੱਛੇ ਹਟਾ ਦਿੱਤਾ ਗਿਆ ਪਰ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਆਪਣੀਆਂ ਖੂਬ ਹਸਰਤਾਂ ਪੂਰੀਆਂ ਕੀਤੀਆਂ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪੰਜਾਬ ਵਿੱਚ ਸਵਾਗਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਨੌਜਵਾਨਾਂ ਤੋਂ ਲੈ ਕੇ ਹਰ ਵਰਗ ਤੇ ਖ਼ੇਤਰ ਦੇ ਲੋਕ ਪੱਬਾਂ ਭਾਰ ਨਜ਼ਰ ਆ ਰਹੇ ਸਨ।

ਭਾਵੇ ਟਰੂਡੋ ਦੀ ਫੇਰੀ ਅੰਮ੍ਰਿਤਸਰ ਦੀ ਸੀ ਪਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਲੋਕਾਂ ਵੱਲੋਂ ਆਪਣੇ ਤੌਰ 'ਤੇ ਸੋਸ਼ਲ ਮੀਡੀਆ ਖ਼ਾਸ ਤੌਰ 'ਤੇ ਫੇਸਬੁੱਕ ਉੱਤੇ ਇਸ ਬਾਬਤ ਪ੍ਰਤੀਕਰਮ ਨਜ਼ਰ ਆ ਰਿਹਾ ਹੈ।

ਸੋਸ਼ਲ ਮੀਡੀਆ 'ਤੇ ਟਰੂਡੋ ਦੀਆਂ ਵੱਖ-ਵੱਖ ਅੰਦਾਜ਼ ਵਿੱਚ ਤਸਵੀਰਾਂ ਤੇ ਪੋਸਟਰ ਨੂੰ ਸਾਂਝੇ ਕੀਤਾ ਗਿਆ ਅਤੇ ਉਸ ਦਾ ਇਸ ਤਰ੍ਹਾਂ ਸਵਾਗਤ ਕੀਤਾ ਜਿਵੇਂ ਉਹ ਕੈਨੇਡੀਅਨ ਨਾ ਹੋ ਕੇ ਪੰਜਾਬੀ ਜਗਤ ਦੀ ਕੋਈ ਵੱਡੀ ਹਸਤੀ ਹੋਵੇ।

ਇਨ੍ਹਾਂ ਤਸਵੀਰਾਂ ਵਿੱਚ ਜਸਟਿਨ ਟਰੂਡੋ ਕਈ ਥਾਂ ਹੱਥ ਜੋੜੀ ਪਰਿਵਾਰ ਨਾਲ ਖੜ੍ਹੇ ਨਜ਼ਰ ਆ ਰਹੇ ਹਨ ਤੇ ਕਿਤੇ ਉਨ੍ਹਾਂ ਦੇ ਸਿਰ 'ਤੇ ਰੁਮਾਲ ਬੰਨ੍ਹਿਆ ਹੋਇਆ ਹੈ।

ਪੰਜਾਬੀ ਕਲਾਕਾਰ ਬੱਬੂ ਮਾਨ ਵੱਲੋਂ ਆਪਣੀ ਗੱਲਬਾਤ ਟਰੂਡੋ ਅਤੇ ਉਨ੍ਹਾਂ ਦੇ ਮੰਤਰੀਆਂ ਕੋਲ ਸੋਸ਼ਲ ਮੀਡੀਆ ਰਾਹੀਂ ਰੱਖੀ ਗਈ। ਜਿਸ ਵਿੱਚ ਉਹ 'ਸਤਿ ਸ਼੍ਰੀ ਅਕਾਲ ਜੀ' ਨਾਲ ਸ਼ੁਰੂਆਤ ਕਰਦਿਆਂ ਅੱਗੇ ਲਿੱਖਦੇ ਹਨ, ''ਕੈਨੇਡਾ ਦੇ ਪ੍ਰਧਾਨ ਮੰਤਰੀ ਜੀ ਤੇ ਮੰਤਰੀ ਸਾਹਿਬਾਨ ਜੀ, ਤੁਹਾਡਾ ਵਤਨ ਪਹੁੰਚਣ 'ਤੇ ਨਿੱਘਾ ਸਵਾਗਤ।''

''ਜਿਸ ਤਰ੍ਹਾਂ ਤੁਸੀਂ ਪੰਜਾਬੀਆਂ ਨੂੰ ਮਾਣ ਬਖਸ਼ਿਆ ਹੈ, ਉਹਦੇ ਲਈ ਤਹਿ ਦਿਲੋਂ ਧੰਨਵਾਦ। ਬੇਨਤੀ ਹੈ ਕਿ ਮੇਰੇ ਵਤਨ ਦੇ ਕਿਸਾਨ ਬਹੁਤ ਮਿਹਨਤੀ ਹਨ। ਵਿਦਿਅਕ ਯੋਗਤਾ ਬਹੁਤ ਨਾ ਵੀ ਹੋਵੇ ਪਰ ਆਪਣੇ ਕੰਮ ਦੇ ਮਾਹਰ ਹਨ।''

''ਸੋ ਕਿਰਪਾ ਕਰਕੇ ਘੱਟ ਜ਼ਮੀਨ ਵਾਲੇ ਅੰਨਦਾਤਿਆਂ ਲਈ ਇਮੀਗ੍ਰੇਸ਼ਨ ਦੇ ਰਸਤੇ ਖੋਲੋ। ਮੈਨੂੰ ਯਕੀਨ ਹੈ ਕਿ ਮੇਰੇ ਵਤਨ ਦੇ ਮਿਹਨਤੀ ਕਿਸਾਨ ਤੁਹਾਡੇ ਮੁਲਕ ਦੀ ਤਰੱਕੀ ਵਿੱਚ ਯੋਗਦਾਨ ਪਾਉਣਗੇ।''......ਬੱਬੂ ਮਾਨ

ਬੱਬੂ ਮਾਨ ਦੀ ਇਸ ਪੋਸਟ ਨੂੰ ਫੇਸਬੁੱਕ 'ਤੇ ਹੁਣ ਤਕ ਚਾਰ ਹਜ਼ਾਰ ਤਿੰਨ ਸੌ ਤੋਂ ਵੱਧ ਲੋਕ ਸ਼ੇਅਰ ਕਰ ਚੁੱਕੇ ਹਨ ਅਤੇ ਨਾਲ ਹੀ ਇਸ 'ਤੇ ਉੱਨੀ ਹਜ਼ਾਰ ਤੋਂ ਵੱਧ ਲੋਕ ਲਾਈਕ ਦਾ ਬਟਨ ਦੱਬ ਚੁੱਕੇ ਹਨ ਅਤੇ ਇੱਕ ਹਜ਼ਾਰ ਦੇ ਕਰੀਬ ਲੋਕਾਂ ਨੇ ਆਪਣੇ ਕੁਮੈਂਟ ਇਸ ਪੋਸਟ 'ਤੇ ਕੀਤੇ।

ਜਿੰਨ੍ਹਾਂ ਵਿੱਚ ਮਨਦੀਪ ਸਿੱਧੂ ਇਸ ਪੋਸਟ 'ਤੇ ਲਿਖਦੇ ਹਨ, ''ਇੱਕ ਸੁਲਝਿਆ ਹੋਇਆ ਕਲਾਕਾਰ ਹੀ ਐਦਾਂ ਦੀ ਪੋਸਟ ਪਾ ਸਕਦਾ। ਬਾਕੀਆਂ ਨੂੰ ਤਾਂ ਸੈਲਫੀਆਂ ਪਾਉਣ ਤੋਂ ਵਿਹਲ ਨਹੀਂ।''

ਸਰਨ ਧਾਲੀਵਾਲ ਲਿਖਦੇ ਹਨ, ''ਧੰਨਵਾਦ ਮਾਨ ਸਾਹਬ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨ ਲਈ।''

ਬਠਿੰਡਾ ਤੋਂ ਚਿੱਤਰਕਾਰ ਗੁਰਪ੍ਰੀਤ ਸਿੰਘ ਨੇ ਆਪਣੇ ਫੋਸਬੁੱਕ ਪੇਜ 'ਤੇ ਜਸਟਿਨ ਟਰੂਡੋ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਖ਼ੁਦ ਗੁਰਪ੍ਰੀਤ ਨੇ ਬਣਾਇਆ ਹੈ, ਜਿਸ 'ਤੇ ਲਿਖਿਆ ਹੈ ਸ੍ਰ ਜਸਟਿਨ ਸਿੰਘ ਟਰੂਡੋ। ਇਸ ਪੋਸਟ ਨੂੰ ਹੁਣ ਤਕ 1700 ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ ਅਤੇ 1300 ਦੇ ਕਰੀਬ ਲੋਕ ਇਸ ਨੂੰ ਅੱਗੇ ਸਾਂਝਾ ਕਰ ਚੁੱਕੇ ਹਨ।

ਗੁਰਪ੍ਰੀਤ ਨੇ ਆਪਣੀ ਪੋਸਟ 'ਤੇ ਲਿਖਿਆ ਹੈ, ''ਜਸਟਿਨ ਟਰੂਡੋ ਭਾਰਤ ਫੇਰੀ 'ਤੇ ਹੈ! ਕਮਾਲ ਦੀ ਸ਼ਖ਼ਸੀਅਤ...ਸੋਹਣੀ ਸੀਰਤ, ਸੋਹਣਾ ਮਨੁੱਖ! ਔਰਤਾਂ ਨੂੰ ਸਹੀ ਅਰਥਾਂ ਵਿੱਚ ਆਵਦੀ ਕੈਬਨਿਟ ਵਿੱਚ ਬਿਲਕੁਲ ਅੱਧੇ ਸਥਾਨ ਦਿੱਤੇ, ਸਾਡੇ ਐਥੇ ਇਸ ਲਈ ਕਾਨੂੰਨ ਬਨਣ ਦਾ ਇੰਤਜ਼ਾਰ ਕਰ ਰਹੇ ਆਂ!''

''ਰਿਫੀਊਜੀ ਨੂੰ ਵੀ ਮੰਤਰੀ ਬਣਾਤਾ! ਚਾਰ ਪੰਜਾਬੀ ਮੰਤਰੀ! ਬਿਨਾਂ ਧਰਮ, ਖਿੱਤੇ ਦੀ ਪਰਵਾਹ ਕੀਤੇ ਹਰ ਕਿਸੇ ਦੀ ਗਮੀ ਖੁਸ਼ੀ ਦਾ ਹਿੱਸਾ ਬਣਦਾ ਹੈ! ਭਾਰਤ ਦੀ ਅਜ਼ਾਦੀ ਤੋਂ ਪਹਿਲਾਂ ਵਾਪਰੇ ਕਾਮਾਗਾਟਾ ਮਾਰੂ ਕਾਂਡ ਲਈ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਆਪ ਸਭ ਦੇ ਸਾਹਮਣੇ ਮਾਫੀ ਮੰਗੀ!''

''ਤੇ ਸਾਡੇ ਆਲੇ ਦੰਗੇ ਕਰਵਾ ਕੇ ਸੈਂਕੜੇ ਜਾਨਾ ਲੈਕੇ ਤੇ ਕਈ ਸਾਲ ਬੀਤ ਜਾਣ 'ਤੇ ਵੀ ਮਾਫੀ ਮੰਗਣ ਨੂੰ ਤਿਆਰ ਨਹੀਂ ! ਦੋਸਤੋ ਜੇਕਰ ਸਾਡੀਆਂ ਸਰਕਾਰਾਂ ਟਰੂਡੋ ਵਰਗੀ ਸ਼ਾਨਦਾਰ ਸ਼ਖ਼ਸੀਅਤ ਵਾਲੇ ਵਿਸ਼ਵ ਨੇਤਾ ਨੂੰ ਗਰਮ ਜੋਸ਼ੀ ਵਾਲਾ ਸਵਾਗਤ ਨਹੀਂ ਦੇ ਰਹੀਆਂ ਤਾਂ ਆਓ ਆਪਾਂ ਦਈਏ!''

WELCOME TRUDEAU !

ਨਾਟਕਕਾਰ ਪਾਲੀ ਭੁਪਿੰਦਰ ਸਿੰਘ ਲਿਖਦੇ ਹਨ, ''ਚਾਰ ਸਾਲ 'ਰਾਜ ਬੈਠਿਆਂ' ਨੂੰ ਹੋ ਗਏ, ਅੱਜ ਤੱਕ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਸਮਝ ਨਹੀਂ ਆਈ ਕਿ ਉਹ ਸਿਰਫ ਭਾਜਪਾ, ਗੁਜਰਾਤੀਆਂ ਜਾਂ ਹਿੰਦੁਆਂ ਦੇ ਆਗੂ ਨਹੀਂ, ਦੇਸ਼ ਦੇ ਪ੍ਰਧਾਨਮੰਤਰੀ ਹਨ।''

''ਸਿਰਫ ਇਸ ਕਰਕੇ ਉਨ੍ਹਾਂ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਅਤੇ ਉਸਦੇ ਪਰਿਵਾਰ ਨਾਲ ਬੇਰੁਖੀ ਅਤੇ ਅਪਮਾਨ ਵਾਲਾ ਵਤੀਰਾ ਅਪਣਾਇਆ ਹੋਇਆ ਹੈ ਕਿ ਉਹ ਉਸ ਕੈਨੇਡਾ ਦਾ ਪ੍ਰਧਾਨਮੰਤਰੀ ਹੈ, ਜਿਸ ਵਿੱਚ ਬਹੁਤੇ ਪੰਜਾਬੀ ਰਹਿੰਦੇ ਹਨ. ਉਨ੍ਹਾਂ ਵਿੱਚੋਂ ਵੀ ਵੱਡੀ ਗਿਣਤੀ ਸਿੱਖਾਂ ਦੀ ਹੈ।''

ਅੰਮ੍ਰਿਤਸਰ ਤੋਂ ਹਰਿੰਦਰ ਸੋਹਲ ਲਿਖਦੇ ਹਨ, ਜੀ ਆਇਆਂ ਨੂੰ ਮੇਰੇ ਸ਼ਹਿਰ ਅੰਮ੍ਰਿਤਸਰ ਵਿੱਚ ਜਸਟਿਨ ਟਰੂਡੋ ਭਾਜੀ।''

ਰਮਨ ਕੁਲਾਰ ਲਿਖਦੇ ਹਨ, ''ਸਾਡੇ ਪੰਜਾਬ ਸੂਬੇ 'ਚ ਤੁਹਾਡਾ ਸਵਾਗਤ ਹੈ।''

ਇਸ ਦੇ ਨਾਲ ਹੀ ਫੇਸਬੁੱਕ 'ਤੇ ਸਿੱਖ ਵਿਰਸਾ ਕੌਂਸਲ ਵੱਲੋਂ ਤਿਆਰ ਇੱਕ ਟੈਂਪਲੈਂਟ ਵੀ ਲੋਕ ਆਪਣੀ ਤਸਵੀਰ ਦੇ ਨਾਲ ਸਾਂਝਾ ਕਰ ਰਹੇ ਹਨ ਜਿਸ 'ਤੇ ਟਰੂਡੋ ਦੀ ਤਸਵੀਰ ਦੇ ਨਾਲ ਉਨ੍ਹਾਂ ਨੂੰ ਜੀ ਆਇਆ ਨੂੰ ਲਿਖਿਆ ਹੋਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)