ਜਸਪਾਲ ਅਟਵਾਲ ਨੂੰ ਸੱਦਣਾ ਹੀ ਨਹੀਂ ਚਾਹੀਦਾ ਸੀ: ਜਸਟਿਨ ਟਰੂਡੋ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਨਮਾਨ ਵਿੱਚ ਰੱਖੇ ਗਏ ਰਾਤਰੀ ਭੋਜ ਲਈ ਜਸਪਾਲ ਅਟਵਾਲ ਨੂੰ ਸੱਦਾ ਦਿੱਤੇ ਜਾਣ 'ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਫ਼ਾਈ ਦਿੱਤੀ ਹੈ।

ਜਸਪਾਲ ਅਟਵਾਲ ਨੂੰ 1986 ਵਿੱਚ ਤਤਕਾਲੀ ਪੰਜਾਬ ਦੇ ਕੈਬਨਿਟ ਮੰਤਰੀ ਮਲਕੀਤ ਸਿੰਘ ਸਿੱਧੂ ਉੱਤੇ ਹਮਲੇ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਹ ਹਮਲਾ ਵੈਨਕੂਵਰ ਵਿੱਚ ਕੀਤਾ ਗਿਆ ਸੀ।

ਭਾਰਤ ਸਰਕਾਰ ਵੱਲੋਂ ਜਸਪਾਲ ਅਟਵਾਲ ਨੂੰ ਖਾਲਿਸਤਾਨੀ ਸਮਰਥਕ ਸਮਝਿਆ ਜਾਂਦਾ ਹੈ।

ਭਾਰਤ ਸਰਕਾਰ ਵੱਲੋਂ ਬਿਆਨ

ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਪ੍ਰੈਸ ਨੂੰ ਦੱਸਿਆ, "ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਕਿ ਜਸਪਾਲ ਅਟਵਾਲ ਕਿਵੇਂ ਭਾਰਤ ਪਹੁੰਚਿਆ ਅਤੇ ਕਿਵੇਂ ਉਸ ਨੂੰ ਭਾਰਤ ਦਾ ਵੀਜ਼ਾ ਮਿਲਿਆ।''

ਉਨ੍ਹਾਂ ਅੱਗੇ ਕਿਹਾ, "ਭਾਰਤ ਵਿੱਚ ਆਉਣ ਦੇ ਕਈ ਤਰੀਕੇ ਹੁੰਦੇ ਹਨ ਜਿਵੇਂ ਈ-ਵੀਜ਼ਾ ਹੁੰਦਾ ਹੈ, ਵੀਜ਼ਾ ਆਨ ਅਰਾਈਵਲ ਹੁੰਦਾ ਹੈ। ਸਾਨੂੰ ਇਹ ਦੇਖਣਾ ਹੋਵੇਗਾ ਕਿ ਉਹ ਕਿਸ ਵੀਜ਼ਾ 'ਤੇ ਭਾਰਤ ਪਹੁੰਚਿਆ ਹੈ।''

ਤਸਵੀਰਾਂ ਵਿੱਚ ਜਸਟਿਨ ਟਰੂਡੋ ਨਾਲ ਵੇਖੇ ਜਾਣ ਬਾਰੇ ਰਵੀਸ਼ ਕੁਮਾਰ ਨੇ ਕਿਹਾ, "ਇਸ ਬਾਰੇ ਕੈਨੇਡਾ ਸਰਕਾਰ ਵੱਲੋਂ ਸਫ਼ਾਈ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਵੱਲੋਂ ਜਸਪਾਲ ਅਟਵਾਲ ਦਾ ਸੱਦਾ ਵੀ ਰੱਦ ਕਰ ਦਿੱਤਾ ਹੈ।''

ਕੀ ਕਿਹਾ ਜਸਟਿਨ ਟਰੂਡੋ ਨੇ?

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰੈਸ ਨੂੰ ਬਿਆਨ ਵਿੱਚ ਕਿਹਾ, "ਅਸੀਂ ਇਸ ਪੂਰੇ ਮਸਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ। ਇਸ ਸ਼ਖਸ ਨੂੰ ਸੱਦਾ ਦਿੱਤਾ ਹੀ ਨਹੀਂ ਜਾਣਾ ਚਾਹੀਦਾ ਸੀ।''

ਟਰੂਡੋ ਨੇ ਕਿਹਾ, "ਜਿਵੇਂ ਹੀ ਸਾਨੂੰ ਪਤਾ ਲੱਗਿਆ ਅਸੀਂ ਉਸ ਦੇ ਸੱਦੇ ਨੂੰ ਰੱਦ ਕਰ ਦਿੱਤਾ। ਜਿਸ ਐੱਮਪੀ ਵੱਲੋਂ ਇਹ ਸੱਦਾ ਦਿੱਤਾ ਗਿਆ ਉਨ੍ਹਾਂ ਦੀ ਵੀ ਇਸ ਬਾਰੇ ਪੂਰੀ ਜ਼ਿੰਮੇਵਾਰੀ ਬਣਦੀ ਹੈ।''

"ਸਿੱਖਾਂ ਤੇ ਭਾਰਤੀ ਮੂਲ ਦੇ ਕੈਨੇਡੀਅਨ ਲੋਕਾਂ ਨੇ ਸਾਡੇ ਦੇਸ ਲਈ ਅਹਿਮ ਯੋਗਦਾਨ ਦਿੱਤਾ ਹੈ। ਇਹ ਫੇਰੀ ਇਸ ਸੰਬੰਧ ਨੂੰ ਅੱਗੇ ਵਧਾਇਗੀ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)