ਸੋਸ਼ਲ: ਟਰੂਡੋ ਪ੍ਰਤੀ ਮੋਦੀ ਦੇ ਰੁੱਖ਼ੇ ਰਵੱਈਏ ਤੇ ਖਾਲਿਸਤਾਨ 'ਤੇ ਛਿੜੀ ਤਿੱਖੀ ਬਹਿਸ

ਕੈਨੇਡਾ ਦੀ ਕਾਲਮਨਵੀਸ ਕੈਂਡਿਸ ਮੈਲਕਮ ਨੇ ਕੈਨੇਡਾ ਸਰਕਾਰ ਦੇ ਕੈਬਨਿਟ ਮੰਤਰੀ ਅਮਰਜੀਤ ਸੋਹੀ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ, "ਕੀ ਕੈਨੇਡਾ ਵਿੱਚ ਨਵੇਂ ਵਸੇ ਲੋਕਾਂ ਨੂੰ ਵਿਦੇਸ਼ੀ ਅੱਤਵਾਦੀ ਜਥੇਬੰਦੀਆਂ ਨੂੰ ਹਮਾਇਤ ਕਰਨ ਦਾ ਹੱਕ ਹਾਸਿਲ ਹੈ?''

ਕੈਂਡਿਸ ਨੇ ਟਵੀਟਰ 'ਤੇ ਇਹ ਦਾਅਵਾ ਕੀਤਾ ਸੀ ਕਿ ਅਮਰਜੀਤ ਸੋਹੀ ਨੇ ਇਹ ਬਿਆਨ ਦਿੱਤਾ ਸੀ ਕਿ ਜੇ ਕੁਝ ਲੋਕ ਕੈਨੇਡਾ ਵਿੱਚ ਖਾਲਿਸਤਾਨ ਦੀ ਹਮਾਇਤ ਕਰਦੇ ਹਨ ਤਾਂ ਉਨ੍ਹਾਂ ਨੂੰ ਸ਼ਾਂਤਮਈ ਹਮਾਇਤ ਕਰਨ ਦਾ ਪੂਰਾ ਹੱਕ ਹੈ।

ਕੈਂਡਿਸ ਮੈਲਕਮ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਸਟਿਨ ਟਰੂਡੋ ਦਾ ਫਿੱਕਾ ਸਵਾਗਤ ਕਰਨ 'ਤੇ ਕੋਈ ਹੈਰਾਨੀ ਨਹੀਂ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 17 ਫਰਵਰੀ ਤੋਂ 23 ਫਰਵਰੀ ਤੱਕ ਭਾਰਤ ਦੇ ਦੌਰੇ 'ਤੇ ਹਨ।

ਦਲ ਖਾਲਸਾ ਵੱਲੋਂ ਮੀਡੀਆ 'ਤੇ ਇਲਜ਼ਾਮ

ਜਸਟਿਨ ਟਰੂਡੋ ਆਗਰਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੱਦੀ ਸੂਬੇ ਗੁਜਰਾਤ ਵੀ ਜਾ ਚੁੱਕੇ ਹਨ ਪਰ ਅਜੇ ਤੱਕ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਮੁਲਾਕਾਤ ਨਹੀਂ ਹੋ ਸਕੀ ਹੈ।

ਜਸਟਿਨ ਟਰੂਡੋ 21 ਫਰਵਰੀ ਨੂੰ ਅੰਮ੍ਰਿਤਸਰ ਵੀ ਜਾਣਗੇ। ਦਲ ਖਾਲਸਾ ਵੱਲੋਂ ਜਸਟਿਨ ਟਰੂਡੋ ਦੀ ਅੰਮ੍ਰਿਤਸਰ ਫੇਰੀ 'ਤੇ ਖੁਸ਼ੀ ਜ਼ਾਹਿਰ ਕੀਤੀ ਗਈ ਹੈ।

ਦਲ ਖਾਲਸਾ ਵੱਲੋਂ ਕੰਵਰਪਾਲ ਸਿੰਘ ਨੇ ਭਾਰਤ ਦੀ ਸਰਕਾਰ ਤੇ ਮੀਡੀਆ ਵੱਲੋਂ ਜਸਟਿਨ ਟਰੂਡੋ ਦੀ ਫੇਰੀ ਨੂੰ ਤਵੱਜੋ ਨਾ ਦਿੱਤੇ ਜਾਣ ਬਾਰੇ ਕਿਹਾ, "ਭਾਰਤ ਸਰਕਾਰ ਦੇ ਇਸ਼ਾਰਿਆਂ 'ਤੇ ਭਾਰਤੀ ਮੀਡੀਆ ਜਸਟਿਨ ਟਰੂਡੋ ਨੂੰ ਅਪਮਾਨਿਤ ਕਰਨ ਦੀ ਮੁਹਿੰਮ ਚਲਾ ਰਹੀ ਹੈ। ਇਹ ਖਾਸਕਰ ਟੀਵੀ ਚੈਨਲਾਂ ਵੱਲੋਂ ਚਲਾਈ ਜਾ ਰਹੀ ਹੈ।''

ਉਨ੍ਹਾਂ ਭਾਰਤੀ ਮੀਡੀਆ 'ਤੇ ਸਿੱਖਾਂ ਦੇ ਆਜ਼ਾਦੀ ਦੇ ਸੰਘਰਸ਼ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤੇ ਜਾਣ ਦਾ ਵੀ ਇਲਜ਼ਾਮ ਲਾਇਆ।

ਇਸ ਤੋਂ ਪਹਿਲਾਂ ਵੀ ਭਾਰਤੀਆਂ ਨੂੰ ਸੰਬੋਧਨ ਕਰਕੇ ਕੈਂਡਿਸ ਮੈਲਕਮ ਨੇ ਕਿਹਾ ਸੀ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵਿਚਾਰਾਂ ਤੋਂ ਉਲਟ ਕੈਨੇਡਾ ਦੇ ਲੋਕ ਸੰਯੁਕਤ ਭਾਰਤ ਦੀ ਹਮਾਇਤ ਕਰਦੇ ਹਨ।

ਟਵਿਟਰ 'ਤੇ ਜਾਰੀ ਕੀਤੇ ਇਸ ਬਿਆਨ ਵਿੱਚ ਕੈਂਡਿਸ ਨੇ ਕਿਹਾ, "ਅਸੀਂ ਖਾਲਿਸਤਾਨੀ ਵੱਖਵਾਦੀਆਂ ਤੇ ਇਸਲਾਮੀ ਅੱਤਵਾਦੀਆਂ ਦਾ ਵਿਰੋਧ ਕਰਦੇ ਹਾਂ।

ਕੈਂਡਿਸ ਨੇ ਆਪਣੇ ਟਵੀਟਰ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੀਆਂ ਕੌਮਾਂਤਰੀ ਆਗੂਆਂ ਦੇ ਸਵਾਗਤ ਲਈ ਖੁਦ ਪਹੁੰਚਣ ਦੀਆਂ ਤਸਵੀਰਾਂ ਜਾਰੀ ਕੀਤੀਆਂ ਤੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਹੇਠਲੇ ਪੱਧਰ ਦੇ ਮੰਤਰੀ ਭੇਜੇ ਜਾਣ 'ਤੇ ਕੈਨੇਡਾ ਨੂੰ ਝਟਕਾ ਲਗਿਆ ਹੈ।

'ਮੁਆਫੀ ਦੀ ਲੋੜ ਨਹੀਂ'

ਕੈਂਡਿਸ ਮੈਲਕਮ ਦੇ ਇਸ ਟਵੀਟ 'ਤੇ ਸ਼ੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਆਪਣੇ ਪ੍ਰਤੀਕਰਮ ਦਿੱਤੇ ਹਨ।

ਇੱਕ ਟਵਿਟਰ ਯੂਜ਼ਰ ਫਰਸਟ੍ਰੇਟਿਡ ਗੋਡ ਨੇ ਕਿਹਾ, "ਜੇ ਤੁਸੀਂ ਉਨ੍ਹਾਂ ਅੱਤਵਾਦੀਆਂ ਦੀ ਹਮਾਇਤ ਕਰੋਗੇ, ਜਿਨ੍ਹਾਂ ਨੇ ਭਾਰਤੀ ਪ੍ਰਧਾਨ ਮੰਤਰੀ ਦਾ ਕਤਲ ਕੀਤਾ ਤੇ ਕਨਿਸ਼ਕ ਨੂੰ ਬੰਬ ਨਾਲ ਉਡਾਇਆ ਤਾਂ ਅਜਿਹਾ ਹੋਣਾ ਹੀ ਸੀ।''

ਇੱਕ ਹੋਰ ਟਵੀਟਰ ਯੂਜ਼ਰ ਪਵਨ ਸਰਸਵਤ ਨੇ ਕਿਹਾ, "ਸਾਡਾ ਰੋਸ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਨੀਤੀ ਦੇ ਪ੍ਰਤੀ ਹੈ ਨਾ ਕਿ ਕੈਨੇਡਾ ਦੇ ਲੋਕਾਂ ਦੇ ਲਈ, ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ।''

ਇੱਕ ਹੋਰ ਟਵੀਟਰ ਹੈਂਡਲਰ ਅ ਪ੍ਰਾਊਡ ਸਿੱਖ ਨੇ ਕਿਹਾ, "ਇਸ ਨਾਲ ਲੱਗਦਾ ਹੈ ਤੁਸੀਂ ਭਾਰਤ ਵਿੱਚ ਹੋਈ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੀ ਹੋਈ ਘਾਣ ਦੀ ਹਮਾਇਤ ਕਰਦੇ ਹੋ।''

ਇੱਕ ਟਵਿਟਰ ਯੂਜ਼ਰ ਆਪ ਕਾ ਵਿਕਰਮ ਨੇ ਕਿਹਾ, "ਮੁਆਫੀ ਮੰਗਣ ਦੀ ਲੋੜ ਨਹੀਂ ਹੈ ਮੋਦੀ ਤੇ ਆਰਐਸਐਸ ਭਾਰਤ ਦੇ ਵਿਚਾਰਾਂ ਦੀ ਨੁਮਾਇੰਦਗੀ ਨਹੀਂ ਕਰਦੇ ਹਨ।''

"ਉਹ ਭਾਰਤ ਵਿੱਚ ਸੱਜੇ ਪੱਖੀਆਂ ਦੇ ਨੁਮਾਇੰਦਿਆਂ ਵਜੋਂ ਜਾਣੇ ਜਾਂਦੇ ਹਨ। ਅਸੀਂ ਜਸਟਿਨ ਟਰੂਡੋ ਤੋਂ ਉਨ੍ਹਾਂ ਦੇ ਹੋਏ ਅਪਮਾਨ ਲਈ ਮੁਆਫੀ ਮੰਗਦੇ ਹਾਂ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)