You’re viewing a text-only version of this website that uses less data. View the main version of the website including all images and videos.
ਹਰਜੀਤ ਸੱਜਣ ਦਾ ਬੰਬੇਲੀ ਦੀ ਕਿਸਾਨੀ ਤੋਂ ਕੈਨੇਡਾ ਦੇ ਰੱਖਿਆ ਮੰਤਰਾਲੇ ਤੱਕ ਦਾ ਰੋਚਕ ਸਫ਼ਰ
- ਲੇਖਕ, ਦਲਜੀਤ ਅਮੀ
- ਰੋਲ, ਬੀਬੀਸੀ ਪੱਤਰਕਾਰ
ਕੈਨੇਡਾ ਵਿੱਚ ਜਸਟਿਨ ਟਰੂਡੋ ਦੂਜੀ ਵਾਰ ਪ੍ਰਧਾਨ ਮੰਤਰੀ ਬਣ ਗਏ ਹਨ ਤੇ ਨਵੀਂ ਸਰਕਾਰ ਵਿੱਚ 4 ਪੰਜਾਬੀ ਮੰਤਰੀ ਬਣਾਏ ਗਏ ਹਨ। ਇਸ ਵਾਰ ਕੈਨੇਡਾ ਵਿੱਚ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ ਹੈ।
ਇਨ੍ਹਾਂ ਮੰਤਰੀਆਂ ਵਿੱਚ ਹਰਜੀਤ ਸਿੰਘ ਸੱਜਣ ਨੂੰ ਦੇਸ ਦੇ ਰੱਖਿਆ ਮੰਤਰੀ, ਨਵਦੀਪ ਬੈਂਸ ਨੂੰ ਸਾਇੰਸ ਇਨੋਵੇਸ਼ਨ ਅਤੇ ਸਨਅਤ, ਬਰਦੀਸ਼ ਚੱਗੜ ਨੂੰ ਡਾਇਵਰਸਿਟੀ, ਇਨਕਲੂਜ਼ਨ ਅਤੇ ਯੂਥ ਮੰਤਰੀ ਅਤੇ ਅਨੀਤਾ ਆਨੰਦ ਨੂੰ ਪਬਲਿਕ ਸਰਵਿਸ ਅਤੇ ਪ੍ਰਕਿਉਰਮੈਂਟ ਮੰਤਰਾਲਿਆਂ ਦਿੱਤਾ ਹੈ।
ਹਰਜੀਤ ਸੱਜਣ ਦੂਜੀ ਵਾਰ ਕੈਨੇਡਾ ਦੇ ਰੱਖਿਆ ਮੰਤਰੀ ਬਣੇ ਹਨ।
ਇਸ ਅਹੁਦੇ ਤੱਕ ਉਨ੍ਹਾਂ ਦਾ ਸਫ਼ਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੰਬੇਲੀ ਦੀ ਕਿਸਾਨੀ ਤੋਂ ਵੈਨਕੂਵਰ ਦੀ ਖੇਤ ਮਜ਼ਦੂਰੀ ਰਾਹੀਂ ਪੁਲਿਸ ਦੀ ਨੌਕਰੀ ਅਤੇ ਨਾਟੋ ਫ਼ੌਜਾਂ ਦੀਆਂ ਫ਼ੌਜੀ ਮੁੰਹਿਮਾਂ ਦੇ ਤਜਰਬੇ ਵਿੱਚੋਂ ਨਿਕਲ ਕੇ ਮੁਕੰਮਲ ਹੋਇਆ ਹੈ।
ਲਿਬਰਲ ਪਾਰਟੀ ਦੀ ਟਿਕਟ ਉੱਤੇ ਦੱਖਣੀ ਵੈਨਕੂਵਰ ਤੋਂ ਜਿੱਤ ਕੇ ਉਹ ਜਸਟਿਨ ਟਰੂਡੋ ਦੀ ਸਰਕਾਰ ਵਿੱਚ ਰੱਖਿਆ ਮੰਤਰੀ ਬਣੇ ਹਨ।
ਬੰਬੇਲੀ ਵਿੱਚ ਨੰਗੇ ਪੈਰਾਂ ਵਾਲੀਆਂ ਬਚਪਨ ਦੀਆਂ ਯਾਦਾਂ ਸੰਭਾਲਣ ਵਾਲੇ ਹਰਜੀਤ ਸੱਜਣ ਨੂੰ ਸਿਰ ਉੱਤੇ ਪੱਠਿਆਂ ਦੀ ਪੰਡ ਚੁੱਕੀ ਜਾਂਦੀ ਆਪਣੇ ਦਾਦੀ ਦਾ ਅਕਸ ਅਭੁੱਲ ਜਾਪਦਾ ਹੈ।
ਵੈਨਕੂਵਰ ਵਿੱਚ ਹਰਜੀਤ ਸੱਜਣ ਦੇ ਮਾਪਿਆਂ ਨੇ ਖੇਤਾਂ ਵਿੱਚ ਚੁੰਗਾਵਿਆਂ ਵਜੋਂ ਕੰਮ ਕਰ ਕੇ ਆਪਣੇ ਬੱਚਿਆਂ ਨੂੰ ਪਾਲਿਆ ਅਤੇ ਪੜ੍ਹਾਇਆ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਮੰਤਰੀ ਬਣਨ ਤੋਂ ਬਾਅਦ ਮੈਕਲੀਅਨ ਨਾਮ ਦੀ ਵੈੱਬਸਾਈਟ ਨੂੰ ਦੱਸਿਆ ਸੀ, "ਅਸੀਂ ਖੇਤੀ ਵਾਲਾ ਪਰਿਵਾਰ ਸਾਂ ਅਤੇ ਮੇਰੀ ਬੇਬੇ ਸੱਜਰੇ ਪੱਠਿਆਂ ਦੀ ਪੰਡ ਸਿਰ ਉੱਤੇ ਚੁੱਕ ਕੇ ਲਿਆਉਂਦੀ ਸੀ। ਸਾਡੇ ਤਿੰਨ ਢੱਗੇ ਸਨ ਅਤੇ ਇੱਕ ਸੁਸਤ ਜਿਹਾ ਢੱਗਾ ਮੇਰੇ ਪਿੱਛੇ-ਪਿੱਛੇ ਫਿਰਦਾ ਰਹਿੰਦਾ ਸੀ।"
ਪੰਜ ਸਾਲਾਂ ਦੀ ਉਮਰ ਵਿੱਚ ਹਰਜੀਤ ਸੱਜਣ ਮਾਂ ਅਤੇ ਭੈਣਾਂ ਸਮੇਤ ਪਿਓ ਕੋਲ ਵੈਨਕੂਵਰ ਪੁੱਜ ਗਿਆ।
ਖੁੱਲ੍ਹੇ ਖੇਤਾਂ ਵਿੱਚ ਘੁੰਮਣ ਵਾਲੇ ਹਰਜੀਤ ਨੂੰ ਜ਼ਿਆਦਾਤਰ ਘਰ ਦੇ ਅੰਦਰ ਰਹਿਣਾ ਪੈਂਦਾ ਸੀ ਪਰ ਉਹ ਨਵੇਂ ਮੁਲਕ ਦੇ ਮਾਹੌਲ ਵਿੱਚ ਜਲਦੀ ਰਚ ਗਿਆ।
ਉਸ ਦੌਰ ਵਿੱਚ ਤੀਜੀ ਦੁਨੀਆਂ ਦੇ ਕੈਨੇਡਾ ਆਏ ਨੌਜਵਾਨਾਂ ਦੀ ਖਿੱਚ ਦਾ ਸਬੱਬ ਗੁੰਡਾ-ਢਾਣੀਆਂ (ਗੈਂਗਜ਼) ਬਣੀਆਂ ਹੋਈਆਂ ਸਨ ਪਰ ਹਰਜੀਤ ਆਪਣੇ ਰਾਹ ਬਾਬਤ ਦੱਸਦਾ ਹੈ, "ਨਸਲੀ ਵਿਤਕਰਾ ਹੁੰਦਾ ਸੀ ਪਰ ਸਾਡੀ ਜੁੰਡਲੀ ਨੂੰ ਗੁੰਡਾਗਰਦੀ ਨਾਪਸੰਦ ਸੀ।"
ਇਸੇ ਦੌਰਾਨ ਉਸ ਦੀ ਬਿਰਤੀ ਧਾਰਮਿਕ ਹੋ ਗਈ, "ਮੈਨੂੰ ਸ਼ਰਾਬ ਅਤੇ ਮਾੜੀਆਂ ਬਿਰਤੀਆਂ ਤੋਂ ਬਚਣ ਲਈ ਆਸਰਾ ਦਰਕਾਰ ਸੀ।"
ਹਰਜੀਤ ਨੇ ਜਦੋਂ ਵਾਲ ਰੱਖਣ ਅਤੇ ਪੱਗ ਬੰਨ੍ਹਣ ਦਾ ਫ਼ੈਸਲਾ ਕੀਤਾ ਤਾਂ ਉਸ ਨੂੰ ਸਲਾਹ ਦਿੱਤੀ ਗਈ ਕਿ ਇਸ ਤਰ੍ਹਾਂ ਉਹ ਜ਼ਿਆਦਾ ਨਜ਼ਰਾਂ ਵਿੱਚ ਰਹੇਗਾ ਅਤੇ ਇਸ਼ਕਮਿਜਾਜ਼ੀ ਮੁਸ਼ਕਲ ਹੋਵੇਗੀ ਪਰ ਹੁਣ ਉਹ ਯਾਦ ਕਰਦੇ ਹਨ, "ਇਸ ਮਾਮਲੇ ਵਿੱਚ ਕੋਈ ਮੁਸ਼ਕਲ ਨਹੀਂ ਹੋਈ। ਮੈਨੂੰ ਭਰੋਸਾ ਸੀ ਕਿ ਲੋਕ ਸਵੈ-ਭਰੋਸੇ ਦੇ ਕਾਇਲ ਹੁੰਦੇ ਹਨ।"
ਇਸ ਤੋਂ ਬਾਅਦ ਹਰਜੀਤ ਸੱਜਣ ਫ਼ੌਜੀ ਪਾਇਲਟ ਬਣਨ ਦੇ ਇਰਾਦੇ ਨਾਲ ਰਿਜਰਵ ਵਿੱਚ ਭਰਤੀ ਹੋ ਗਏ।
ਸਿਖਲਾਈ ਦੌਰਾਨ ਉਸ ਨੇ ਬਾਕੀਆਂ ਤੋਂ ਵੱਧ ਰਗੜਾ ਬਰਦਾਸ਼ਤ ਕੀਤਾ, "ਉਸ ਵੇਲੇ ਕੈਨੇਡੀਅਨ ਫ਼ੌਜ ਵਿੱਚ ਨਸਲੀ ਵਿਤਕਰਾ ਹੁੰਦਾ ਸੀ। ਉਹ ਨਸਲੀ ਵੰਨ-ਸਵੰਨਤਾ ਨੂੰ ਪ੍ਰਵਾਨ ਤੋਂ ਪਹਿਲਾਂ ਤਬਦੀਲੀ ਦਾ ਦੌਰ ਸੀ।"
ਇਸ ਰਗੜੇ ਦੇ ਸਤਾਏ ਹਰਜੀਤ ਨੇ ਫ਼ੌਜ ਛੱਡਣ ਦਾ ਫ਼ੈਸਲਾ ਕੀਤਾ ਅਤੇ ਆਪਣੇ ਬਾਪੂ ਨਾਲ ਗੱਲ ਤੋਰੀ। ਉਸ ਨੂੰ ਬਾਪੂ ਦੀ ਸਲਾਹ ਹੁਣ ਵੀ ਯਾਦ ਹੈ, "ਆ ਜਾ ਘਰ ਪਰ ਯਾਦ ਰੱਖੀ ਕਿ ਪੱਗ ਬੰਨ੍ਹਣ ਵਾਲਾ ਹਰ ਜਣਾ ਜਾਂ ਹਰ ਦੂਜਾ ਜੀਅ ਘੱਟ-ਗਿਣਤੀਆਂ ਵਿੱਚ ਸ਼ੁਮਾਰ ਹੈ। ਤੇਰੇ ਮੁੜ ਆਉਣ ਨਾਲ ਸਾਰਿਆਂ ਉੱਤੇ ਨਾਕਾਮਯਾਬੀ ਦਾ ਦਾਗ਼ ਲੱਗ ਜਾਣੈ।"
ਪੁਲਿਸ ਵਿੱਚ ਹਰਜੀਤ ਨੂੰ ਦੱਖਣੀ-ਵੈਨਕੂਵਰ ਦੀਆਂ ਗੁੰਡਾ-ਢਾਣੀਆਂ ਉੱਤੇ ਜਸੂਸੀ ਲਈ ਤਾਇਨਾਤ ਕੀਤਾ ਗਿਆ।
ਜੂਨੀਅਰ ਕੈਪਟਨ ਵਜੋਂ ਨਾਟੋ ਫ਼ੌਜਾਂ ਦੀ ਬੋਸਨੀਆ ਮੁੰਹਿਮ ਵਿੱਚ ਸ਼ਾਮਿਲ ਹੋਣਾ ਉਸ ਲਈ ਵੱਡਾ ਮੌਕਾ ਸੀ। ਇਸ ਮੁੰਹਿਮ ਦੌਰਾਨ ਉਸ ਦੀ ਜ਼ਿੰਦਗੀ ਦਾ ਤਜਰਬਾ ਕਸਬੀ ਹੁਨਰ ਬਣ ਗਿਆ।
ਇਹ ਵੀ ਪੜ੍ਹੋ:
ਹਰਜੀਤ ਦੱਸਦੇ ਹਨ, "ਮੈਂ ਸਰਬ ਬਰਾਦਰੀ ਨਾਲ ਸਾਂਝ ਬਣਾਈ। ਸਰਬਾਂ ਦੀਆਂ ਕਰਤੂਤਾਂ ਕਾਰਨ ਉਹ ਸਭ ਦੀਆਂ ਨਜ਼ਰਾਂ ਵਿੱਚ ਸ਼ੈਤਾਨ ਸਨ। ਪਿੰਡਾਂ ਵਿੱਚ ਲੋਕਾਂ ਨਾਲ ਗੱਲਾਂ ਕਰ ਕੇ ਲੱਗਦਾ ਸੀ ਕਿ ਉਨ੍ਹਾਂ ਦੀਆਂ ਵੀ ਹੋਰਾਂ ਵਰਗੀਆਂ ਪਰਿਵਾਰਕ ਜ਼ਿੰਦਗੀਆਂ ਸਨ।"
ਇਸ ਮੁੰਹਿਮ ਤੋਂ ਬਾਅਦ ਹਰਜੀਤ ਕੁੱਲ-ਵਕਤੀ ਫ਼ੌਜੀ ਨੌਕਰੀ ਦੀ ਥਾਂ ਪੁਲਿਸ ਮਹਿਕਮੇ ਵਿੱਚ ਭਰਤੀ ਹੋਇਆ।
ਨਸ਼ਿਆ ਦੇ ਵਪਾਰ ਨਾਲ ਜੁੜੀਆਂ ਢਾਣੀਆਂ ਬਾਬਤ ਮੁਹਾਰਤ ਵਾਲਾ ਜਸੂਸ ਬਣਿਆ। ਉਸ ਦੇ ਕਈ ਜਾਣੂ ਅਤੇ ਜਮਾਤੀ ਦੂਜੀ ਧਿਰ ਵਿੱਚ ਸਨ।
ਇਨ੍ਹਾਂ ਢਾਣੀਆਂ ਦੀ ਘੇਰਾਬੰਦੀ ਲਈ ਉਸ ਨੇ ਕਿਰਾਏ ਉੱਤੇ ਮਕਾਨ ਦੇਣ ਵਾਲੇ ਮਾਲਕਾਂ, ਮਾਪਿਆਂ ਅਤੇ ਤਸਕਰਾਂ ਦੇ ਕਰਿੰਦਿਆਂ ਦੁਆਲੇ ਆਪਣਾ ਮੁਖ਼ਬਰ ਘੇਰਾ ਬਣਾਇਆ।
ਇਹ ਤਜਰਬਾ ਉਸ ਨੇ ਨਾਟੋ ਦੀਆਂ ਅਗਲੀਆਂ ਮੁੰਹਿਮਾਂ ਵਿੱਚ ਅਫ਼ਗ਼ਾਨਿਸਤਾਨ ਵਿੱਚ ਲਾਗੂ ਕੀਤਾ।
ਹਰਜੀਤ ਨੂੰ ਕੰਧਾਰ ਸੂਬੇ ਵਿੱਚ ਮੁਕਾਮੀ ਸਮਾਜ ਅੰਦਰ ਮੁਖ਼ਬਰ ਢਾਂਚਾ ਉਸਾਰਨ ਵਿੱਚ ਕਾਮਯਾਬੀ ਮਿਲੀ ਕਿਉਂਕਿ ਉਹ ਮੁਕਾਮੀ ਬੋਲੀ ਦੇ ਪੰਜਾਬੀ ਨਾਲ ਮਿਲਦੀ-ਜੁਲਦੀ ਹੋਣ ਕਾਰਨ ਲੋਕਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਸਨ।
ਉਨ੍ਹਾਂ ਨੂੰ ਬ੍ਰਿਗੇਡੀਅਰ ਜਨਰਲ ਡੇਵਿਡ ਫਰੇਜਰ ਨੇ 'ਸਮੁੱਚੇ ਜੰਗੀ ਮੁਹਾਜ ਉੱਤੇ ਕੈਨੇਡੀਅਨ ਖੁਫ਼ੀਆ ਤੰਤਰ ਦਾ ਬਿਹਤਰੀਨ ਸਰੋਤ' ਕਰਾਰ ਦਿੱਤਾ। ਦੋ ਮੁੰਹਿਮਾਂ ਤੋਂ ਬਾਅਦ ਉਸ ਨੇ ਪੁਲਿਸ ਵਿੱਚੋਂ ਅਸਤੀਫ਼ਾ ਦੇ ਦਿੱਤਾ ਅਤੇ ਅਮਰੀਕੀ ਮੇਜਰ ਜਰਨਲ ਜੇਮਸ ਟੈਰੀ ਦੇ ਵਿਸ਼ੇਸ਼ ਸਹਾਇਕ ਵਜੋਂ ਅਫ਼ਗ਼ਾਨਿਸਤਾਨ ਗਿਆ।
ਜਦੋਂ ਜਸਟਿਨ ਟਰੂਡੋ ਦੀ ਹਮਾਇਤ ਨਾਲ ਹਰਜੀਤ ਦੱਖਣੀ ਵੈਨਕੂਵਰ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਦੀ ਦੌੜ ਵਿੱਚ ਸ਼ਾਮਿਲ ਹੋਇਆ ਤਾਂ ਨਵੀਂ ਬਹਿਸ ਸ਼ੁਰੂ ਹੋ ਗਈ।
ਦਿੱਖ ਕਾਰਨ ਉਨ੍ਹਾਂ ਨੂੰ ਸਿੱਖ ਕੱਟੜਪੰਥੀਆਂ ਦੀ ਹਮਾਇਤ ਹਾਸਿਲ ਹੋਈ ਅਤੇ ਇਸ ਸਿਆਸਤ ਨਾਲ ਜੁੜੇ ਸੁਆਲ ਦਾ ਉਨ੍ਹਾਂ ਨੂੰ ਸਾਹਮਣਾ ਕਰਨਾ ਪਿਆ।
ਉਨ੍ਹਾਂ ਦੇ ਮੁਕਾਬਲੇ ਸਾਬਕਾ ਮੈਂਬਰ ਪਾਰਲੀਮੈਂਟ ਬਰਜ ਢਾਹਾ ਸਨ, ਜਿਨ੍ਹਾਂ ਨੇ ਆਪਣੀ ਉਮੀਦਵਾਰੀ ਵਾਪਸ ਲੈ ਲਈ।
ਹਰਜੀਤ ਸੱਜਣ ਦੇ ਹਵਾਲੇ ਨਾਲ ਸਿੱਖ ਬਰਾਦਰੀ ਦੀ ਧੜੇਬੰਦੀ ਸਾਹਮਣੇ ਆਈ ਪਰ ਉਨ੍ਹਾਂ ਦੀ ਦਾਅਵਾ ਹੈ, "ਮੈਂ ਆਪਣੀ ਬਰਾਦਰੀ ਨੂੰ ਜਾਣਦਾ ਸਾਂ ਅਤੇ ਇਸੇ ਕਾਰਨ ਵੱਖ-ਵੱਖ ਧੜਿਆਂ ਵਿੱਚ ਮੇਰੇ ਨਾਮ ਉੱਤੇ ਏਕਾ ਹੋਇਆ।"
ਹਰਜੀਤ ਨੇ ਆਪਣੇ ਜਸੂਸੀ ਜੀਵਨ ਦੌਰਾਨ ਇੱਕ ਪਾਸੇ ਮੁਕਾਮੀ ਸੱਭਿਆਚਾਰ ਅਤੇ ਰੀਤੀ-ਰਿਵਾਜ਼ ਨੂੰ ਇਸਤੇਮਾਲ ਕੀਤਾ ਅਤੇ ਦੂਜੇ ਪਾਸੇ ਖੋਜਾਰਥੀਆਂ ਨਾਲ ਵੀ ਰਾਬਤਾ ਕਾਇਮ ਰੱਖਿਆ।
ਕਈ ਕਿਤਾਬਾਂ ਲਿਖਣ ਵਾਲੇ ਅਮਰੀਕੀ ਮਾਹਿਰ ਬਰਨਟ ਰੂਬਿਨ ਨਾਲ ਹਰਜੀਤ ਸੱਜਣ ਦਾ ਪੁਰਾਣਾ ਰਾਬਤਾ ਹੈ।
ਰੂਬਿਨ ਨੇ ਇੱਕ ਇੰਟਰਵਿਉ ਵਿੱਚ ਦੱਸਿਆ, "ਹਰਜੀਤ ਨੇ ਗੁੰਡਾ-ਢਾਣੀਆਂ ਨਾਲ ਮੁਕਾਬਲਾ ਕਰਦਿਆਂ ਵੈਨਕੂਵਰ ਦੀਆਂ ਗਲੀਆਂ ਵਿੱਚ ਹਾਸਿਲ ਕੀਤਾ ਹੁਨਰ ਤਾਲਿਬਾਨ ਖ਼ਿਲਾਫ਼ ਲਾਗੂ ਕੀਤਾ।"
ਜਦੋਂ ਹਰਜੀਤ ਸੱਜਣ ਚੋਣ ਜਿੱਤ ਗਏ ਤਾਂ ਓਟਾਵਾ ਹਲਕੇ ਤੋਂ ਜਿੱਤੇ ਸਾਬਕਾ ਜਨਰਲ ਐਂਡਰਿਓ ਲੈਸਲੇ ਰੱਖਿਆ ਮੰਤਰੀ ਦੇ ਅਹੁਦੇ ਲਈ ਸਭ ਤੋਂ ਵੱਡੇ ਦਾਅਵੇਦਾਰ ਸਨ।
ਹਰਜੀਤ ਸੱਜਣ ਨੇ ਬਰਨਟ ਰੂਬਿਨ ਤੋਂ ਆਪਣਾ ਅਕਸ ਉਘਾੜਨ ਲਈ ਮਦਦ ਮੰਗੀ।
ਬਰਨਟ ਰੂਬਿਨ ਨੇ ਇੱਕ ਇੰਟਰਵਿਉ ਵਿੱਚ ਕਿਹਾ ਹੈ, "ਮੈਂ ਜਾਣਦਾ ਹਾਂ ਕਿ ਹਰਜੀਤ ਬਹੁਤ ਖਵਾਇਸ਼ਮੰਦ ਹੈ ਪਰ ਮੈਨੂੰ ਇਹ ਨਹੀਂ ਸੁਝਿਆ ਕਿ ਉਹ ਰੱਖਿਆ ਮੰਤਰੀ ਬਣ ਜਾਵੇਗਾ।"
ਟਰੂਡੋ ਦੇ ਪਹਿਲੇ ਕਾਰਜਕਾਲ ਦੌਰਾਨ ਰੱਖਿਆ ਮੰਤਰੀ ਬਣਨ ਤੋਂ ਬਾਅਦ ਹਰਜੀਤ ਸੱਜਣ ਨੇ ਸੀਰੀਆ ਦੇ ਪਨਾਹਗੀਰਾਂ ਬਾਬਤ ਲਗਾਤਾਰ ਬਿਆਨ ਦਿੱਤੇ ਸਨ।
ਉਹ ਪੁਰਾਣੀ ਸਰਕਾਰ ਦੀਆਂ ਨੀਤੀਆਂ ਨੂੰ ਲਾਗੂ ਕਰਦਾ ਰਿਹਾ ਹੈ ਅਤੇ ਸਰਕਾਰ ਵਿੱਚ ਮੰਤਰੀ ਉਨ੍ਹਾਂ ਪ੍ਰਾਪਤੀਆਂ ਸਦਕਾ ਹੀ ਬਣਿਆ ਸੀ।
ਪਰ ਹਰਜੀਤ ਸੱਜਣ ਨੇ ਅਹਿਮ ਅਹੁਦਿਆਂ ਉੱਤੇ ਆਪਣੀ ਲਗਾਤਾਰਤਾ ਕਾਇਮ ਰੱਖੀ ਹੈ।
ਇਸੇ ਦੌਰ ਵਿੱਚ ਕੈਨੇਡਾ ਨੇ ਕਾਮਾਘਾਟਾ ਮਾਰੂ ਕਾਂਡ ਦੀ ਵਧੀਕੀ ਦੀ ਜ਼ਿੰਮੇਵਾਰੀ ਕਬੂਲਦਿਆਂ ਮੁਆਫ਼ੀ ਮੰਗੀ ਸੀ।
ਹਰਜੀਤ ਸੱਜਣ ਕਾਮਾਘਾਟਾ ਮਾਰੂ ਲਈ ਕਸੂਰਵਾਰ ਬ੍ਰਿਟਿਸ਼ ਕੋਲੰਬੀਆ ਰੈਜੀਮੈਂਟ ਦਾ ਕਮਾਂਡਿੰਗ ਅਫ਼ਸਰ ਰਿਹਾ ਹੈ। ਹਰਜੀਤ ਨੇ ਗਲੋਬ ਐਂਡ ਮੇਲ ਦੇ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਸੀ, "ਸਾਡੀ ਰੈਜੀਮੈਂਟ ਉਸ ਦਿਨ ਨੂੰ ਕਾਲੇ ਦਿਵਸ ਵਜੋਂ ਯਾਦ ਕਰਦੀ ਹੈ।"
ਜਦੋਂ ਓਨਟਾਰੀਓ ਸੂਬੇ ਵਿੱਚ 1984 ਦੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਕਰਾਰ ਦਿੱਤਾ ਗਿਆ ਤਾਂ ਹਰਜੀਤ ਸੱਜਣ ਦੇ ਭਾਰਤੀ ਦੌਰੇ ਦੌਰਾਨ ਬਹਿਸ ਮਘ ਗਈ ਸੀ।
ਉਸ ਵੇਲੇ ਦਿੱਤਾ ਉਨ੍ਹਾਂ ਦਾ ਬਿਆਨ ਸੀਬੀਐਸ ਨਿਊਜ਼ ਵਿੱਚ ਦਰਜ ਹੈ, "ਮੈਂ ਆਪਣੀ ਭਾਰਤੀ ਹਮਰੁਤਬਾ ਨੂੰ ਦੱਸਿਆ ਹੈ ਕਿ ਓਨਟਾਰੀਓ ਜਮਹੂਰੀ ਢੰਗ ਨਾਲ ਚੁਣੀ ਹੋਈ ਸੂਬਾ ਸਰਕਾਰ ਹੈ। ਓਨਟਾਰੀਓ ਦੀ ਸੂਬਾ ਲਿਬਰਲ ਪਾਰਟੀ ਹੀ ਫੈਡਰਲ ਲਿਬਰਲ ਪਾਰਟੀ ਨਹੀਂ ਹੈ।"
ਇਸੇ ਤਰ੍ਹਾਂ ਜਦੋਂ ਉਨ੍ਹਾਂ ਨੂੰ ਖ਼ਾਲਿਸਤਾਨੀ ਕਰਾਰ ਦਿੱਤਾ ਜਾਂਦਾ ਹੈ ਤਾਂ ਐਸਬੀਐਸ ਵਿੱਚ ਉਸ ਦਾ ਬਿਆਨ ਛਪਦਾ ਹੈ, "ਮੈਂ ਪੁਲਿਸ ਅਫ਼ਸਰ ਰਿਹਾ ਹਾਂ ਅਤੇ ਆਪਣੇ ਮੁਲਕ ਦੀ ਸੇਵਾ ਕੀਤੀ ਹੈ। ਮੇਰੇ ਖ਼ਿਲਾਫ਼ ਅਜਿਹਾ ਇਲਜ਼ਾਮ ਬੇਹੂਦਗੀ ਤੋਂ ਘੱਟ ਨਹੀਂ ਹੈ ਅਤੇ ਮੈਨੂੰ ਇਹ ਹਮਲਾਵਰ ਮੰਨਦਾ ਹਾਂ।"
ਇਸ ਮੋੜ ਉੱਤੇ ਹਰਜੀਤ ਸੱਜਣ ਨੂੰ ਸਮਝਣ ਵਿੱਚ ਬਰਨਟ ਰੂਬਿਨ ਤੋਂ ਮਦਦ ਮਿਲ ਸਕਦੀ ਹੈ ਜੋ ਮਾਹਰ ਵਜੋਂ ਉਨ੍ਹਾਂ ਦੇ ਹੁਨਰ ਅਤੇ ਖ਼ਵਾਇਸ਼ਮੰਦੀ ਦੀ ਗਵਾਹੀ ਭਰਦਾ ਹੈ।
ਨੌਮ ਚੌਮਸਕੀ ਅਤੇ ਮਾਈਕਲ ਐਲਬਰਟ ਦੇ ਬੋਸਨੀਆ ਬਾਬਤ ਲੇਖ (ਨਾਟੋ, ਮੀਡੀਆ ਅਤੇ ਝੂਠ) ਅਤੇ ਅਫ਼ਗ਼ਾਨਿਸਤਾਨ ਵਿੱਚ ਨਾਟੋ ਦੀਆਂ ਮੁੰਹਿਮਾਂ ਬਾਬਤ ਮਨੁੱਖੀ ਹਕੂਕ ਜਥੇਬੰਦੀਆਂ ਦੀਆਂ ਰਪਟਾਂ ਵੀ ਨਾਟੋ ਫ਼ੌਜਾਂ ਦੀਆਂ ਪ੍ਰਾਪਤੀਆਂ ਦੀ ਤਸਦੀਕ ਕਰਦੀਆਂ ਹਨ ਪਰ ਮਾਅਨੇ ਪਲਟ ਦਿੰਦੀਆਂ ਹਨ।
ਹਰਜੀਤ ਸੱਜਣ ਦਾ ਹਾਊਸ ਆਫ਼ ਕੌਮਨਸ ਵਿੱਚ ਦਿੱਤਾ ਬਿਆਨ ਸਰਕਾਰੀ ਵੈੱਬਸਾਈਟ ਉੱਤੇ ਦਰਜ ਹੈ, "ਅਸੀਂ ਇਹ ਯਕੀਨੀ ਬਣਾਉਣਾ ਹੈ ਕਿ ਜਦੋਂ ਕੈਨੇਡਾ ਦੇ ਮੁੰਡੇ-ਕੁੜੀਆਂ ਫ਼ੌਜੀ ਮੁੰਹਿਮਾਂ ਉੱਤੇ ਜਾਣ ਤਾਂ ਉਨ੍ਹਾਂ ਕੋਲ ਕਾਮਯਾਬੀ ਲਈ ਲੋੜੀਂਦੀ ਸਮਰੱਥਾ ਹੋਵੇ।"
ਇਸ ਬਿਆਨ ਵਿੱਚ ਹੁਨਰ ਦੀ ਦਾਅਵੇਦਾਰੀ ਹੈ ਅਤੇ ਖ਼ਵਾਇਸ਼ਮੰਦੀ ਦਾ ਇਜ਼ਹਾਰ ਹੈ ਜੋ ਕੈਨੇਡਾ ਅਤੇ ਹਰਜੀਤ ਸੱਜਣ ਨੂੰ ਇੱਕ-ਮਿੱਕ ਕਰਦਾ ਜਾਪਦਾ ਹੈ। ਸ਼ਾਇਦ ਇਸੇ ਲਈ ਉਹ ਕੈਨੇਡਾ ਦੇ ਰੱਖਿਆ ਮੰਤਰੀ ਹਨ।
ਇਹ ਵੀ ਪੜ੍ਹੋ:
ਇਹ ਵੀਡੀਓ ਜ਼ਰੂਰ ਦੇਖੋ