ਰਮਨਜੀਤ ਸਿੰਘ ਰੋਮੀ ਖ਼ਿਲਾਫ ਪੰਜਾਬ ਪੁਲਿਸ ਨੇ ਹਾਂਗਕਾਂਗ ਵਿੱਚ ਮੁਕੱਦਮਾ ਕਿਵੇਂ ਲੜਿਆ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਵੱਖ ਵੱਖ ਕੇਸਾਂ ਵਿੱਚ ਪੰਜਾਬ ਪੁਲਿਸ ਨੂੰ ਲੋੜੀਂਦਾ ਰਮਨਜੀਤ ਸਿੰਘ ਰੋਮੀ ਨੂੰ ਹਾਂਗਕਾਂਗ ਅਦਾਲਤ ਨੇ ਭਾਰਤ ਹਵਾਲੇ ਕਰਨ ਦੇ ਹੁਕਮ ਕੀਤੇ ਹਨ।

ਲੁੱਟ-ਖੋਹ ਦੇ ਮਾਮਲੇ ਅਤੇ ਤਿੰਨ ਸਾਲ ਪਹਿਲਾਂ ਵਾਪਰੇ ਨਾਭਾ ਜੇਲ੍ਹ ਬ੍ਰੇਕ ਕੇਸ ਦੇ ਮੁੱਖ ਸਾਜ਼ਿਸ਼ਕਾਰਾਂ ਵਿੱਚ ਰੋਮੀ ਦਾ ਨਾਮ ਬੋਲਦਾ ਹੈ।

ਉਂਝ ਰੋਮੀ ਨੂੰ ਭਾਰਤ ਹਵਾਲੇ ਕਰਨ ਦਾ ਆਦੇਸ਼ ਹਾਂਗਕਾਂਗ ਦੀ ਅਦਾਲਤ ਨੇ ਉਸ ਸਮੇਂ ਜਾਰੀ ਕੀਤੇ ਹਨ ਜਦੋਂ ਚੀਨ ਨੂੰ ਹਾਂਗਕਾਂਗ ਤੋਂ ਖ਼ਾਸ ਹਾਲਾਤਾਂ ਵਿੱਚ ਲੋਕਾਂ ਦੀ ਹਵਾਲਗੀ ਦੇ ਅਧਿਕਾਰ ਸਬੰਧੀ ਉੱਥੋਂ ਦੀ ਪਾਰਲੀਮੈਂਟ ਵਿੱਚ ਪਾਸ ਕੀਤੇ ਗਏ ਬਿੱਲ ਦਾ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਏਆਈਜੀ ਗੁਰਮੀਤ ਚੌਹਾਨ ਤੇ ਐੱਸ ਪੀ ਹਰਵਿੰਦਰ ਵਿਰਕ ਦੀ ਅਗਵਾਈ ਵਾਲੀ ਟੀਮ ਪਿਛਲੇ ਤਿੰਨ ਸਾਲ ਤੋਂ ਕੇਂਦਰ ਅਤੇ ਹਾਂਗਕਾਂਗ ਅਦਾਲਤ ਵਿੱਚ ਕੇਸ ਦੀ ਪੈਰਵੀ ਕਰ ਰਹੀ ਸੀ।

ਇਹ ਵੀ ਪੜ੍ਹੋ:-

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਐੱਸ ਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਇਹ ਵੱਡੀ ਕਾਮਯਾਬੀ ਹੈ।

ਉਨ੍ਹਾਂ ਕੇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸਲ ਵਿੱਚ ਰੋਮੀ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਹੋਣ ਤੋਂ ਬਾਅਦ ਜਦੋਂ ਹਾਂਗਕਾਂਗ ਦੀ ਪੁਲਿਸ ਨੇ ਉਸ ਨੂੰ ਜਨਵਰੀ 2018 ਵਿੱਚ ਉੱਥੇ ਕਿਸੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਤਾਂ ਫਰਵਰੀ 2018 ਨੂੰ ਉੱਥੋਂ ਦੀ ਪੁਲਿਸ ਨੇ ਉਸ ਦੀ ਜਾਣਕਾਰੀ ਭਾਰਤ ਸਰਕਾਰ ਨਾਲ ਸਾਂਝੀ ਕੀਤੀ।

ਇਸ ਤੋਂ ਬਾਅਦ ਪੰਜਾਬ ਪੁਲਿਸ ਦੀ ਟੀਮ ਇੰਟੈਲੀਜੈਂਸ ਵਿੰਗ ਦੇ ਏਆਈਜੀ ਗੁਰਮੀਤ ਚੌਹਾਨ ਤੇ ਐੱਸ ਪੀ ਹਰਵਿੰਦਰ ਵਿਰਕ ਅਤੇ ਹੋਰਨਾਂ ਦੀ ਅਗਵਾਈ ਵਿੱਚ ਹਾਂਗਕਾਂਗ ਗਈ ਅਤੇ ਇਸ ਵੱਲੋਂ ਪੰਜਾਬ ਵਿੱਚ ਕੀਤੇ ਗਏ ਕੇਸਾਂ ਦਾ ਵੇਰਵਾ ਉੱਥੋਂ ਦੀ ਪੁਲਿਸ ਨਾਲ ਸਾਂਝਾ ਕੀਤਾ।

ਉਨ੍ਹਾਂ ਆਖਿਆ ਕਿ ਲੰਬੀ ਪ੍ਰਕਿਆ ਤੋਂ ਬਾਅਦ ਹੁਣ ਉੱਥੋਂ ਦੀ ਅਦਾਲਤ ਰੋਮੀ ਨੂੰ ਭਾਰਤ ਸਰਕਾਰ ਹਵਾਲੇ ਕਰਨ ਲਈ ਰਾਜ਼ੀ ਹੋ ਗਈ ਹੈ।

ਉਨ੍ਹਾਂ ਦੱਸਿਆ ਕਿ ਬੇਸ਼ੱਕ ਅਦਾਲਤ ਨੇ ਰੋਮੀ ਦੀ ਭਾਰਤ ਹਵਾਲਗੀ ਦਾ ਆਦੇਸ਼ ਦੇ ਦਿੱਤਾ ਪਰ ਫਿਰ ਉਸ ਨੂੰ ਕਾਨੂੰਨ ਮੁਤਾਬਕ ਇਸ ਆਦੇਸ਼ ਨੂੰ ਚੁਨੌਤੀ ਦੇਣ ਦਾ ਅਧਿਕਾਰ ਹੈ।

ਕੋਣ ਹੈ ਰਮਨਜੀਤ ਸਿੰਘ ਰੋਮੀ

ਰਮਨਜੀਤ ਸਿੰਘ ਰੋਮੀ ਦਾ ਸਬੰਧ ਬਠਿੰਡਾ ਜ਼ਿਲ੍ਹਾ ਨਾਲ ਹੈ। ਤਲਵੰਡੀ ਸਾਬੋ ਤੋਂ ਬਠਿੰਡਾ ਵੱਲ ਜਾਂਦੇ ਹੋਏ ਹਰਿਆਣਾ ਸਰਹੱਦ ਨੇੜੇ ਪਿੰਡ ਬੰਗੀ ਰੁਲਦੂ ਦਾ ਵਾਸੀ ਹੈ।

ਰੋਮੀ ਦਾ ਪੂਰਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਹਾਂਗਕਾਂਗ ਵਿੱਚ ਰਹਿੰਦਾ ਹੈ ਅਤੇ ਇਸ ਕਰ ਕੇ ਉਸ ਕੋਲ ਉੱਥੋਂ ਦੀ ਪੀਆਰ ਹੈ।

ਇਹ ਵੀ ਪੜ੍ਹੋ:-

ਬੰਗੀ ਰੁਲਦੂ ਪਿੰਡ ਦੇ ਸਰਪੰਚ ਰਣਜੀਤ ਸਿੰਘ ਨੇ ਬੀਬੀਸੀ ਪੰਜਾਬ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਰੋਮੀ ਦਾ ਪਰਿਵਾਰ ਕਰੀਬ ਵੀਹ ਸਾਲਾਂ ਤੋਂ ਹਾਂਗਕਾਂਗ ਵਿੱਚ ਰਹਿੰਦਾ ਹੈ ਅਤੇ ਪਿੰਡ ਵਿੱਚ ਉਸ ਦੇ ਤਾਏ ਦਾ ਪਰਿਵਾਰ ਹੈ।

ਉਨ੍ਹਾਂ ਆਖਿਆ ਕਿ ਪੂਰਾ ਪਰਵਾਰ ਵੱਖ ਵੱਖ ਕਾਰਜਾਂ ਲਈ ਅਕਸਰ ਦਾਨ ਦੇਣ ਲਈ ਜਾਣਿਆ ਜਾਂਦਾ ਹੈ।

ਸਰਪੰਚ ਰਣਜੀਤ ਸਿੰਘ ਮੁਤਾਬਿਕ ਪਿਛਲੇ ਕਈ ਸਮੇਂ ਤੋਂ ਰੋਮੀ ਦੇ ਮਾਤਾ ਪਿੰਡ ਨਹੀਂ ਆਏ ਅਤੇ ਕਰੀਬ ਛੇ ਸਾਲ ਪਹਿਲਾਂ ਰੋਮੀ ਹਾਂਗਕਾਂਗ ਤੋਂ ਪਿੰਡ ਆਇਆ ਸੀ ਅਤੇ ਇਸ ਤੋਂ ਬਾਅਦ ਉਸ ਨੇ ਪਿੰਡ ਕਦੇ ਵੀ ਪੈਰ ਨਹੀਂ ਪਾਇਆ।

ਪੰਜਾਬ ਪੁਲਿਸ ਮੁਤਾਬਿਕ ਰੋਮੀ ਦੀ ਭੂਆ ਦਾ ਲੜਕਾ ਰਮਨਜੀਤ ਸਿੰਘ ਉਰਫ਼ ਰੰਮੀ ਮਸਹਾਨਾ (ਜੋ ਇਸ ਸਮੇਂ ਜੇਲ੍ਹ ਵਿੱਚ ਹੈ) ਦਾ ਸਬੰਧ ਗੈਂਗਸਟਰਾਂ ਨਾਲ ਸੀ ਇਸ ਕਰ ਕੇ ਉਹ ਅਪਰਾਧ ਦੀ ਦੁਨੀਆ ਵਿੱਚ ਚਲਾ ਗਿਆ। ਪੁਲਿਸ ਮੁਤਾਬਿਕ ਰੰਮੀ ਕਰ ਕੇ ਹੀ ਰੋਮੀ ਦਾ ਸਬੰਧ ਵਿੱਕੀ ਗੌਂਡਰ ਨਾਲ ਹੋਇਆ ਸੀ।

ਰੋਮੀ ਖ਼ਿਲਾਫ਼ ਮਾਮਲੇ

ਪੰਜਾਬ ਪੁਲਿਸ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਰਿਲੀਜ ਮੁਤਾਬਿਕ ਰੋਮੀ ਮੁੱਖ ਤੌਰ ਉੱਤੇ ਨਾਭਾ ਜੇਲ੍ਹ ਤੋੜਨ ਦੇ (27 ਨਵੰਬਰ, 2016 ) ਮੁੱਖ ਸਾਜ਼ਿਸ਼ਕਾਰਾਂ ਵਿੱਚੋਂ ਇੱਕ ਸੀ। ਇਸ ਤੋਂ ਇਲਾਵਾ ਉਸ ਦੇ ਖ਼ਿਲਾਫ਼ ਕਈ ਵੱਡੇ ਅਪਰਾਧਾਂ ਵਿੱਚ ਸ਼ਾਮਲ ਹੋਣ ਦਾ ਵੀ ਦੋਸ਼ ਹੈ।

ਇਸ ਤੋਂ ਇਲਾਵਾ ਰੋਮੀ ਨੂੰ ਵੱਖ-ਵੱਖ ਬੈਂਕਾਂ ਦੇ ਸਰਗਰਮ ਨਾ ਹੋਣ ਵਾਲੇ ਖਾਤਿਆਂ ਦੇ ਡਾਟੇ 'ਤੇ ਆਧਾਰਿਤ ਜਾਅਲੀ ਕਰੈਡਿਟ ਕਾਰਡ ਬਣਾਉਣ ਅਤੇ ਹਥਿਆਰਾਂ ਦੀ ਬਰਾਮਦਗੀ ਦੇ ਸਬੰਧ ਵਿੱਚ ਪੁਲਿਸ ਥਾਣਾ ਕੋਤਵਾਲੀ ਵਿੱਚ ਦਰਜ ਐਫ.ਆਈ.ਆਰ. 60/16 ਵਿੱਚ ਜੂਨ, 2016 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਅਗਸਤ, 2016 ਵਿੱਚ ਉਸ ਨੂੰ ਜ਼ਮਾਨਤ ਮਿਲ ਗਈ ਅਤੇ ਜ਼ਮਾਨਤੀ ਹੁਕਮਾਂ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਤੋਂ ਬਾਅਦ ਉਹ ਹਾਂਗਕਾਂਗ ਨੂੰ ਫ਼ਰਾਰ ਹੋ ਗਿਆ।

ਕੀ ਸੀ ਨਾਭਾ ਜੇਲ੍ਹ ਬਰੇਕ ਮਾਮਲਾ

ਪੰਜਾਬ ਪੁਲਿਸ ਮੁਤਾਬਿਕ 27 ਨਵੰਬਰ, 2016 ਨੂੰ 16 ਅਪਰਾਧੀਆਂ ਨੇ ਨਾਭਾ ਜੇਲ੍ਹ 'ਤੇ ਹਮਲਾ ਕੀਤਾ ਅਤੇ ਅੰਨੇਵਾਹ ਗੋਲੀਆਂ ਚਲਾਈਆਂ ਜਿਸ ਦੌਰਾਨ ਛੇ ਅਤਿ ਲੋੜੀਂਦੇ ਅਪਰਾਧੀ ਜੇਲ੍ਹ ਵਿੱਚੋਂ ਫ਼ਰਾਰ ਹੋ ਗਏ ਸਨ।

ਇਹਨਾਂ ਵਿੱਚ ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ, ਨੀਟਾ ਦਿਓਲ, ਗੁਰਪ੍ਰੀਤ ਸੇਖੋਂ, ਅਮਨ ਢੋਟੀਆਂ ਅਤੇ ਦੋ ਖੜਾਕੂ ਹਰਮਿੰਦਰ ਮਿੰਟੂ ਅਤੇ ਕਸ਼ਮੀਰ ਸਿੰਘ ਗੱਲਵੱਡੀ ਸ਼ਾਮਲ ਸਨ।

ਹਾਲਾਂਕਿ ਇਸ ਮਾਮਲੇ ਵਿੱਚ ਫ਼ਰਾਰ ਜ਼ਿਆਦਾ ਵਿਅਕਤੀਆਂ ਨੂੰ ਪੁਲਿਸ ਗ੍ਰਿਫ਼ਤਾਰ ਕਰ ਚੁੱਕੀ ਹੈ ਜਦੋਂਕਿ ਵਿੱਕੀ ਗੌਂਡਰ ਇੱਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)