You’re viewing a text-only version of this website that uses less data. View the main version of the website including all images and videos.
ਅਮਰੀਕਾ ਵੱਲੋਂ ਡਿਪੋਰਟ ਕੀਤੇ 150 ਭਾਰਤੀ: 'ਕੋਈ ਸਮੁੰਦਰ 'ਚ ਡੁੱਬਦਾ ਹੈ, ਕੋਈ ਜੰਗਲ 'ਚ ਲਾਸ਼ ਬਣਦਾ'
ਅਮਰੀਕਾ ਨੇ 150 ਭਾਰਤੀਆਂ ਨੂੰ ਮੁਲਕ ’ਚ ਗੈਰ-ਕਾਨੂੰਨੀ ਤੌਰ ’ਤੇ ਦਾਖ਼ਲ ਹੋਣ ਅਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਡਿਪੋਰਟ ਕਰ ਦਿੱਤਾ ਹੈ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਅਮਰੀਕਾ ਵਲੋਂ ਡਿਪੋਰਟ ਕੀਤੇ ਇਹ ਭਾਰਤੀ ਬੁੱਧਵਾਰ ਸਵੇਰੇ ਨਵੀਂ ਦਿੱਲੀ ਹਵਾਈ ਅੱਡੇ ਉੱਤੇ ਪਹੁੰਚੇ।
ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੱਕ ਵਿਸ਼ੇਸ਼ ਹਵਾਈ ਜਹਾਜ਼ ਵਾਇਆ ਬੰਗਲਾਦੇਸ਼, ਦਿੱਲੀ ਹਵਾਈ ਅੱਡੇ ਉੱਤੇ ਸਵੇਰੇ 6 ਵਜੇ ਪਹੁੰਚਿਆ।
ਸਰਕਾਰੀ ਸੂਤਰਾਂ ਮੁਤਾਬਕ ਇੰਮੀਗ੍ਰੇਸ਼ਨ ਵਿਭਾਗ ਵਿੱਚ ਇਨ੍ਹਾਂ ਦੀ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਇਹ 11 ਵਜੇ ਦੇ ਕਰੀਬ ਬਾਹਰ ਆਉਣੇ ਸ਼ੁਰੂ ਹੋਏ।
ਇਸ ਤੋਂ ਪਹਿਲਾਂ 18 ਅਕਤੂਬਰ ਨੂੰ ਮੈਕਸੀਕੋ ਤੋਂ ਇੱਕ ਔਰਤ ਸਣੇ 300 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ। ਇਨ੍ਹਾਂ ਉੱਤੇ ਗੈਰ ਕਾਨੂੰਨੀ ਤਰੀਕੇ ਨਾਲ ਮੈਕਸੀਕੋ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਸਨ।
ਕੋਈ ਸਮੁੰਦਰ 'ਚ ਡੁੱਬਦਾ ਹੈ, ਕੋਈ ਜੰਗਲ 'ਚ ਲਾਸ਼ ਬਣ ਜਾਂਦਾ ਹੈ
ਬੀਬੀਸੀ ਪੱਤਰਕਾਰ ਦਲਜੀਤ ਅਮੀ ਨੇ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਜੋ ਡਿਪੋਰਟ ਹੋਏ ਹਨ।
ਇੱਕ ਬਠਿੰਡੇ ਦੇ ਲਾਗੇ ਦੇ ਪਿੰਡ ਦਾ ਮੁੰਡਾ ਦੱਸਦਾ ਹੈ ਕਿ ਜੰਗਲਾਂ ਅਤੇ ਸਮੁੰਦਰਾਂ ਦੇ ਰਾਹੀਂ ਜਾਂਦੇ ਮੁੰਡਿਆਂ ਵਿੱਚੋਂ ਹਰ ਦਸਵਾਂ ਮੁੰਡਾ ਰਾਹ ਵਿੱਚ ਹੀ ਮਰ ਜਾਂਦਾ ਹੈ।
ਇਹ ਵੀ ਪੜ੍ਹੋ:
ਕੋਈ ਸਮੁੰਦਰ ਵਿੱਚ ਡੁੱਬਦਾ ਹੈ ਅਤੇ ਕੋਈ ਜੰਗਲ ਵਿੱਚ ਲਾਸ਼ ਬਣ ਜਾਂਦਾ ਹੈ। ਉਹ ਕਹਿੰਦਾ ਹੈ ਕਿ ਪੰਜਾਬ ਵਿੱਚ ਢੁਕਵੀਂ ਨੌਕਰੀ ਨਹੀਂ ਮਿਲਦੀ ਤਾਂ ਸਭ ਕੁਝ ਜਾਣਦੇ-ਬੁਝਦੇ ਵੀ ਮੁੰਡੇ ਸਭ ਖ਼ਤਰੇ ਸਹੇੜ ਲੈਂਦੇ ਹਨ।
ਅੰਮ੍ਰਿਤਸਰ ਦੇ ਲਾਗੇ ਦਾ ਮੁੰਡਾ ਖਲਾਅ ਵਿੱਚ ਝਾਕਦਾ ਹੈ। ਉਹ ਗੱਲ ਕਰਨ ਤੋਂ ਇਨਕਾਰ ਕਰਦਾ ਹੈ ਪਰ ਮੋਢੇ ਉੱਤੇ ਹੱਥ ਰੱਖਦੇ ਸਾਰ ਇੰਝ ਗੱਲ ਕਰਦਾ ਹੈ ਜਿਵੇਂ ਮੌਕਾ ਮਸਾਂ ਮਿਲਿਆ ਹੋਵੇ।
ਉਹ ਆਪਣੇ ਬਾਪ ਦੀ ਉਡੀਕ ਕਰ ਰਿਹਾ ਹੈ ਅਤੇ ਅਮਰੀਕਾ ਜਾਣ ਲਈ ਵੇਚੀ ਜ਼ਮੀਨ ਨੂੰ ਯਾਦ ਕਰਦਾ ਹੋਇਆ ਦੱਸਦਾ ਹੈ, "ਮੇਰੇ ਤਾਂ ਕੰਧ ਤੋਂ ਛਲਾਂਗ ਮਾਰਨ ਵੇਲੇ ਜ਼ਮੀਨ ਨੂੰ ਪੈਰ ਵੀ ਨਹੀਂ ਲੱਗੇ ਸਨ ਕਿ ਸਾਈਰਨ ਵੱਜ ਗਿਆ। ਮੀਂਹ ਕਾਰਨ ਮੈਂ ਕੁਝ ਦੇਰ ਛਿੱਪ ਕੇ ਥਾਂਏ ਬੈਠਾ ਰਿਹਾ ਪਰ ਉਨ੍ਹਾਂ ਨੇ ਮੈਨੂੰ ਫੜ ਕੇ ਆਪਣੀ ਗੱਡੀ ਵਿੱਚ ਬਿਠਾ ਲਿਆ।"
ਉਹ ਚਾਹ ਦੀ ਸੁਲਾਹ ਦੀ ਹਾਮੀ ਨਹੀਂ ਭਰਦਾ ਪਰ ਵਾਰ-ਵਾਰ ਸੜਕ ਵੱਲ ਦੇਖ ਰਿਹਾ ਹੈ। ਆਪਣੇ ਬਾਪ ਨਾਲ ਗੱਲ ਕਰਨ ਦਾ ਹੌਂਸਲਾ ਜੋੜ ਰਿਹਾ ਹੈ ਅਤੇ ਤੁਰ ਪੈਂਦਾ ਹੈ। ਉਹ ਦੱਸਦਾ ਹੈ ਕਿ ਸੜਕ ਦੇ ਦੂਜੇ ਪਾਰ ਖੜ੍ਹੇ ਮੁੰਡੇ ਵੀ ਉਸੇ ਨਾਲ ਜਹਾਜ਼ ਵਿੱਚ ਆਏ ਸਨ।
ਘਰੋਂ ਹਥਿਆਰ ਮਿਲਣ ਤੋਂ ਬਾਅਦ ਹੋਇਆ ਡਿਪੋਰਟ
ਸੜਕ ਦੇ ਪਾਰ ਖੜ੍ਹੇ ਮੁੰਡੇ ਗੱਲਾਂ ਘੱਟ ਕਰਦੇ ਹਨ ਅਤੇ ਗਾਲ੍ਹਾਂ ਜ਼ਿਆਦਾ ਕੱਢਦੇ ਹਨ। ਗਾਲ੍ਹਾਂ ਦਾ ਨਿਸ਼ਾਨਾ ਕੋਈ ਨਹੀਂ ਹੈ ਪਰ ਗੱਲ ਕਰਨ ਤੋਂ ਇਨਕਾਰ ਕਰਨ ਦਾ ਤਰੀਕਾ ਜ਼ਰੂਰ ਹੈ।
ਇਨ੍ਹਾਂ ਵਿੱਚ ਇੱਕ ਮੁੰਡਾ ਹੈ ਜੋ 15 ਸਾਲਾਂ ਬਾਅਦ ਅਮਰੀਕਾ ਤੋਂ ਪਰਤਿਆ ਹੈ। ਉਸ ਦਾ ਬਾਪ ਵੀ ਉਸੇ ਨਾਲ ਜਹਾਜ਼ ਵਿੱਚ ਆਇਆ ਹੈ ਪਰ ਮਾਂ ਅਤੇ ਪਤਨੀ ਅਮਰੀਕਾ ਵਿੱਚ ਹਨ।
ਪੁਲਿਸ ਉਸ ਦੇ ਘਰ ਡਰੱਗਜ਼ ਦਾ ਛਾਪਾ ਮਾਰਨ ਆਈ ਸੀ ਅਤੇ ਘਰੋਂ ਹਥਿਆਰ ਮਿਲ ਗਿਆ ਅਤੇ ਨਾਲ ਹੀ ਗ਼ੈਰ-ਕਾਨੂੰਨੀ ਹੋਣ ਦਾ ਰਾਜ਼ ਖੁੱਲ੍ਹ ਗਿਆ। ਉਹ ਕਈ ਮਹੀਨੇ ਕੈਂਪ ਵਿੱਚ ਗੁਜ਼ਾਰ ਕੇ ਦਿੱਲੀ ਦੇ ਜਹਾਜ਼ ਵਿੱਚ ਬਿਠਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:-
ਉਹ ਕਦੇ ਫਿਰ ਗੱਲ ਕਰਨ ਦਾ ਵਾਅਦਾ ਕਰ ਕੇ ਤੁਰ ਗਿਆ ਅਤੇ ਦੂਜੇ ਮੁੰਡੇ ਨੂੰ ਗੱਲ ਕਰਨ ਦੀ ਤਾਕੀਦ ਕਰ ਜਾਂਦਾ ਹੈ। ਇਹ ਮੁੰਡਾ ਤਾਂ ਗਾਲ੍ਹਾਂ ਤੋਂ ਬਿਨਾਂ ਕੁਝ ਬੋਲਦਾ ਹੀ ਨਹੀਂ।
ਉਸ ਦੇ ਗੁੱਟ ਅਤੇ ਪੁੱਠੇ ਹੱਥ ਉੱਤੇ ਟੈਟੂ ਖੁਣਿਆ ਹੈ। ਇਹ ਮੌਤ ਦੀ ਨਿਸ਼ਾਨੀ ਹੈ।
ਗਿੱਚੀ ਵਿੱਚ ਬਣੇ ਟੈਟੂ ਬਾਬਤ ਪੁੱਛਣ 'ਤੇ ਉਹ ਬੋਲਿਆ, "ਇਹ ਜ਼ਿੰਦਗੀ ਹੈ, ਬਲੈੱਸਡ। ਮੈਂ ਅੱਯਾਸ਼ੀ ਕਰਦਾ ਫੜਿਆ ਗਿਆ।"
ਉਹ ਸੱਤ ਸਾਲ ਬਾਅਦ ਪਰਤਿਆ ਹੈ ਪਰ ਫੜਿਆ ਸ਼ਰਾਬ ਪੀ ਕੇ ਕਾਰ ਚਲਾਉਣ ਗਿਆ ਸੀ ਜਿਸ ਨਾਲ ਗ਼ੈਰ-ਕਾਨੂੰਨੀ ਹੋਣ ਦੀ ਪੋਲ ਖੁੱਲ੍ਹ ਗਈ ਅਤੇ ਕਈ ਮਹੀਨੇ ਕੈਂਪਾਂ ਦੀਆਂ ਦੁਸ਼ਵਾਰੀਆਂ ਝੱਲ ਕੇ ਦਿੱਲੀ ਪੁੱਜਿਆ ਹੈ।
ਉਹ ਤੁਰੰਤ ਘਰ ਨਹੀਂ ਜਾਣਾ ਚਾਹੁੰਦਾ ਕਿਉਂਕਿ ਹਰਿਆਣੇ ਵਿੱਚ ਉਸ ਦੇ ਘਰ ਕੋਈ ਖ਼ਬਰ ਨਹੀਂ ਹੈ। ਇਸੇ ਤਰ੍ਹਾਂ ਦੋ ਦਿਨਾਂ ਬਾਅਦ ਇੱਕ ਮੁੰਡੇ ਨੇ ਆਪਣੇ ਮਾਪਿਆਂ ਨੂੰ ਹੁਸ਼ਿਆਰਪੁਰ ਦੇ ਆਪਣੇ ਘਰ ਪੁੱਜ ਕੇ ਹੈਰਾਨ ਕਰਨਾ ਹੈ। ਪੰਜਾਹ ਲੱਖ ਰੁਪਏ ਦੀ ਖ਼ਰਾਬੀ ਉਸ ਦੇ ਹਾਸੇ ਵਿੱਚੋਂ ਝਲਕਾਰਾ ਮਾਰ ਦਿੰਦੀ ਹੈ।
ਇਹ ਜਾਂਦੇ-ਜਾਂਦੇ ਕਹਿ ਜਾਂਦੇ ਹਨ ਕਿ ਅਜਿਹੀਆਂ ਖ਼ਬਰਾਂ ਲਈ ਪੱਤਰਕਾਰਾਂ ਨੂੰ ਲਗਾਤਾਰ ਆਉਣਾ ਪਵੇਗਾ ਕਿਉਂਕਿ ਅਮਰੀਕਾ ਦੇ ਕੈਂਪਾਂ ਵਿੱਚ ਹੋਰ ਵੀ ਬਹੁਤ ਮੁੰਡੇ ਹਨ ਜੋ ਕਦੇ ਵੀ ਵਾਪਸ ਭੇਜੇ ਜਾ ਸਕਦੇ ਹਨ।
ਇਹ ਵੀ ਦੇਖੋ :