ਭੰਗੜੇ ਦੇ ਸ਼ੌਕੀਨ ਜਸਟਿਨ ਟਰੂਡੋ ਨੇ ਜਦੋਂ ਲੰਗਰ 'ਚ ਕੀਤੀ ਸੇਵਾ

    • ਲੇਖਕ, ਵੰਦਨਾ
    • ਰੋਲ, ਬੀਬੀਸੀ ਪੱਤਰਕਾਰ

ਸਾਲ 1972 'ਚ ਅਮਰੀਕਾ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਆਪਣੀ ਕੈਨੇਡਾ ਫੇਰੀ ਦੌਰਾਨ ਚਾਰ ਸਾਲਾ ਜਸਟਿਨ ਟਰੂਡੋ ਲਈ ਇਹ ਐਲਾਨ ਕੀਤਾ ਸੀ ਕਿ ਉਹ ਕੈਨੇਡਾ ਦੇ ਭਵਿੱਖ ਦੇ ਪ੍ਰਧਾਨ ਮੰਤਰੀ ਹੋਣਗੇ।

ਉਨ੍ਹਾਂ ਦਾ ਇਹ ਐਲਾਨਲਾਮਾ ਉਸ ਵੇਲੇ ਸੱਚ ਹੋਇਆ ਜਦੋਂ ਜਸਟਿਨ ਟਰੂਡੋ 2015 ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਬਣ ਗਏ।

ਜਸਟਿਨ ਟਰੂਡੋ ਨੇ ਕਈ ਪੇਸ਼ੇ ਅਪਣਾਏ, ਜਿਨ੍ਹਾਂ ਵਿੱਚ ਬਾਕਸਰ, ਅਧਿਆਪਕ, ਨਾਈਟ ਕਲੱਬ ਬਾਉਂਸਰ, ਕੈਨੇਡਾ ਦੇ ਆਗੂ, ਅਤੇ ਕਾਰਟੂਨ ਕਿਤਾਬ ਦਾ ਕਿਰਦਾਰ ਸ਼ਾਮਿਲ ਹਨ।

ਭੰਗੜੇ ਦੇ ਸ਼ੌਕੀਨ ਟਰੂਡੋ

ਟਰੂਡੋ ਨੇ ਕਈ ਮੌਕਿਆਂ 'ਤੇ ਆਪਣੇ ਭੰਗੜੇ ਦੇ ਜੌਹਰ ਦਿਖਾ ਕੇ ਭਾਰਤੀਆਂ ਦਾ ਦਿਲ ਜਿੱਤਿਆ।

ਇੱਕ ਪੁਰਾਣੀ ਯੂਟਿਉਬ ਵੀਡੀਓ ਵਿੱਚ ਉਨ੍ਹਾਂ ਨੂੰ ਕੁੜਤਾ ਪਜਾਮਾ ਪਾ ਕੇ ਬਾਲੀਵੁੱਡ ਗੀਤਾਂ 'ਤੇ ਭੰਗੜਾ ਪਾਉਂਦੇ ਵੇਖਿਆ ਜਾ ਸਕਦਾ ਹੈ।

ਇਹ ਵੀਡੀਓ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਦਾ ਹੈ। ਪਰ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਗਿਆ।

ਉਨ੍ਹਾਂ ਕਈ ਵਾਰ ਮੰਦਰਾਂ ਅਤੇ ਗੁਰਦੁਆਰਿਆਂ ਵਿੱਚ ਜਾਂਦੇ ਹੋਏ ਵੀ ਵੇਖਿਆ ਗਿਆ ਹੈ।

ਉਹ ਦਿਵਾਲ਼ੀ ਮੌਕੇ ਵੀ ਗੁਰਦੁਆਰਿਆਂ ਅਤੇ ਮੰਦਰਾਂ 'ਚ ਜਾਂਦੇ ਵੇਖੇ ਗਏ ਹਨ।

ਉਨ੍ਹਾਂ ਨੂੰ ਵਿਸਾਖੀ ਮੌਕੇ ਪੰਜਾਬੀ ਵਿੱਚ 'ਵਿਸਾਖੀ ਦੀਆਂ ਲੱਖ ਲੱਖ ਵਧਾਈਆਂ' ਅਤੇ 'ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ' ਕਹਿੰਦੇ ਵੀ ਸੁਣਿਆ ਗਿਆ ਹੈ।

ਕੈਬਿਨੇਟ ਵਿੱਚ ਸਿੱਖ ਮੰਤਰੀ

ਅਮਰੀਕਾ ਵਿੱਚ ਇੱਕ ਗੱਲਬਾਤ ਦੌਰਾਨ ਜਸਟਿਨ ਟਰੂਡੋ ਨੇ ਮਜ਼ਾਕੀਆ ਲਹਿਜ਼ੇ ਨਾਲ ਕਿਹਾ ਸੀ ਕਿ ਉਨ੍ਹਾਂ ਦੀ ਕੈਬਿਨੇਟ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲੋਂ ਜ਼ਿਆਦਾ ਸਿੱਖ ਮੰਤਰੀ ਹਨ।

ਉਨ੍ਹਾਂ ਦੀ ਕੈਬਿਨੇਟ ਵਿੱਚ ਚਾਰ ਸਿੱਖ ਮੰਤਰੀ ਹਨ, ਜਿਸ ਵਿੱਚ ਹਰਜੀਤ ਸਿੰਘ ਸੱਜਣ ਵੀ ਸ਼ਾਮਿਲ ਹਨ।

ਟਰੂਡੋ ਆਪਣੀ ਭਾਰਤ ਫੇਰੀ ਦੌਰਾਨ ਦਰਬਾਰ ਸਾਹਿਬ ਵੀ ਜਾਣਗੇ।

ਟਰੂਡੋ ਦੀ ਮੁਆਫ਼ੀ

ਕਾਮਾਗਾਟਾ ਮਾਰੂ ਦੀ ਘਟਣਾ ਤੋਂ ਬਾਅਦ, ਜਸਟਿਨ ਟਰੂਡੋ ਨੇ 2016 ਵਿੱਚ ਪਹਿਲੀ ਵਾਰ ਮੁਆਫ਼ੀ ਮੰਗੀ।

ਜਪਾਨੀ ਬੇੜਾ ਕਾਮਾਗਾਟਾ ਮਾਰੂ ਭਾਰਤੀ ਮੂਲ ਦੇ 376 ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਨੂੰ ਲੈ ਕੇ 1914 ਵਿੱਚ ਹੋਂਗਕੋਂਗ ਤੋਂ ਕੈਨੇਡਾ ਗਿਆ ਸੀ।

ਇਸ ਬੇੜੇ ਨੂੰ ਪੱਖਪਾਤੀ ਕਾਨੂੰਨਾਂ ਕਰ ਕੇ ਕੈਨੇਡਾ ਨਹੀਂ ਆਉਣ ਦਿੱਤਾ ਗਿਆ।

ਭਾਰਤ ਆਉਣ 'ਤੇ ਇਸ ਬੇੜੇ 'ਤੇ ਬਰਤਾਨਵੀ ਫ਼ੌਜ ਵੱਲੋਂ ਗੋਲਾਬਾਰੀ ਕੀਤੀ ਗਈ ਜਿਸ ਵਿੱਚ 20 ਮੁਸਾਫ਼ਰ ਮਾਰੇ ਗਏ ਸਨ।

ਬਾਕਸਰ ਟਰੂਡੋ

ਜਸਟਿਨ ਟਰੂਡੋ ਇੱਕ ਬਾਕਸਰ ਵਜੋਂ ਵੀ ਜਾਣੇ ਜਾ ਚੁੱਕੇ ਹਨ। ਉਹ ਇੱਕ ਸਕੂਲ ਵਿੱਚ ਬਤੌਰ ਫਰੈਂਚ ਅਤੇ ਗਣਿਤ ਅਧਿਆਪਕ ਵੀ ਰਹਿ ਚੁੱਕੇ ਹਨ।

2016 ਵਿੱਚ ਉਨ੍ਹਾਂ ਦੀ ਮੈਕਸੀਕੋ ਦੇ ਰਾਸ਼ਟਰਪਤੀ ਪੇਨਾ ਨਿਏਤੋ ਨਾਲ ਓਟਾਵਾ ਵਿੱਚ ਦੌੜ ਲਗਾਉਂਦੇ ਫ਼ੋਟੋ ਵੀ ਲਈ ਗਈ ਸੀ।

ਟਰੂਡੋ ਇੱਕ ਕਾਰਟੂਨ ਕਿਤਾਬ ਦੇ ਕਵਰ ਪਨ੍ਹੇ 'ਤੇ ਵੀ ਆ ਚੁੱਕੇ ਹਨ।

ਟਰੂਡੋ ਦੇ ਨਾਂ 'ਤੇ ਬੀਅਰ

ਯੁਕਰੇਨ ਦੀ ਇੱਕ ਬੀਅਰ ਕੰਪਨੀ ਨੇ ਬੀਅਰ ਦਾ ਨਾਂ ਜਸਟਿਨ ਟਰੂਡੋ ਦੇ ਨਾਂ 'ਤੇ ਰੱਖਿਆ ਹੈ। ਇਸ ਕੰਪਨੀ ਨੇ ਟਰੂਡੋ ਦੀ ਬੌਕਸਿੰਗ ਦਸਤਾਨੇ ਪਾਏ ਹੋਏ ਫ਼ੋਟੋ ਵੀ ਲਗਾਈ ਸੀ।

ਉਨ੍ਹਾਂ ਇਹ ਜਸਟਿਨ ਟਰੂਡੋ ਵੱਲੋਂ ਯੁਕਰੇਨ ਦੀ ਰੂਸ ਖ਼ਿਲਾਫ਼ ਹਿਮਾਇਤ ਕਰਨ ਲਈ ਕੀਤਾ ਸੀ।

ਟਰੂਡੋ ਆਪਣੀਆਂ ਰੰਗਦਾਰ ਜੁਰਾਬਾਂ ਲਈ ਵੀ ਜਾਣੇ ਜਾਂਦੇ ਹਨ।

ਪਰਵਾਸੀ ਪੱਖੀ ਟਰੂਡੋ

ਜਸਟਿਨ ਟਰੂਡੋ ਦੀ ਉਨ੍ਹਾਂ ਦੇ ਪਰਵਾਸੀਆਂ ਪੱਖੀ ਰੁਖ਼ ਕਰ ਕੇ ਸਿਫ਼ਤ ਵੀ ਕੀਤੀ ਜਾਂਦੀ ਹੈ।

ਸੀਰੀਆ ਦੇ ਇੱਕ ਸ਼ਰਨਾਰਥੀ ਜੋੜੇ ਨੇ ਆਪਣੇ ਪੁੱਤ ਦਾ ਨਾਂ ਜਸਟਿਨ ਟਰੂਡੋ ਐਡਮ ਬਿਲਾਨ ਰੱਖਿਆ ਸੀ।

ਇਸ ਜੋੜੇ ਨੇ ਅਜਿਹਾ ਕੈਨੇਡਾ ਵਿੱਚ ਸ਼ਰਨ ਲੈਣ ਤੋਂ ਬਾਅਦ ਟਰੂਡੋ ਦਾ ਧੰਨਵਾਦ ਕਰਨ ਲਈ ਕੀਤਾ।

ਟਰੂਡੋ ਕਾਰਜਕਾਲ ਵਿੱਚ ਨਵੰਬਰ 2015 ਤੋਂ ਜਨਵਰੀ 2017 ਵਿੱਚਕਾਰ 40,000 ਤੋਂ ਵੱਧ ਸ਼ਰਨਾਰਥੀ ਸੀਰੀਆ ਤੋਂ ਕੈਨੇਡਾ ਵਿੱਚ ਆ ਕੇ ਵਸੇ।

ਟਰੂਡੋ ਦੀ ਗੇ ਪਰਾਈਡ 'ਚ ਸ਼ਮੂਲੀਅਤ

ਜਸਟਿਨ ਟਰੂਡੋ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਟੋਰਾਂਟੋ ਦੀ ਸਾਲਾਨਾ ਗੇ ਪਰਾਈਡ ਵਿੱਚ ਹਿੱਸਾ ਲਿਆ।

ਟਰੂਡੋ ਦੇ ਕਈ ਆਲੋਚਕ ਵੀ ਹਨ ਜੋ ਉਨ੍ਹਾਂ ਨੂੰ ਹੰਕਾਰੀ ਅਤੇ ਅਨਾੜੀ ਕਹਿੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)