ਪ੍ਰੈੱਸ ਰਿਵੀਊ : ਮੋਦੀ ਨੂੰ 'ਅੱਤਵਾਦੀ' ਕਹਿਣ ਵਾਲਾ ਟੀਵੀ ਪੱਤਰਕਾਰ ਵੀ ਟਰੂਡੋ ਦੇ ਵਫ਼ਦ 'ਚ

ਦਿ ਟ੍ਰਿਬਿਊਨ 'ਚ ਛਪੀ ਇੱਕ ਖ਼ਬਰ ਮੁਤਾਬਕ, ਭਾਰਤ ਦੇ ਨੀਤੀ ਆਯੋਗ ਨੇ ਪੰਜਾਬ ਸਰਕਾਰ ਦੇ ਇੱਕ ਵਫ਼ਦ, ਜਿਸ ਵਿੱਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਸ਼ਾਮਲ ਸਨ, ਨੂੰ ਫ਼ੰਡ ਦੇਣ ਤੋਂ ਕੋਰੀ ਨਾਂਹ ਕੀਤੀ ਹੈ।

ਨੀਤੀ ਆਯੋਗ ਦੇ ਮੀਤ ਚੇਅਰਮੈਨ, ਡਾ. ਰਾਜੀਵ ਕੁਮਾਰ ਨੇ ਪੰਜਾਬ ਦੇ ਇਸ ਵਫ਼ਦ ਨੂੰ ਕਿਹਾ ਆਪਣੇ ਕਿਸਾਨਾਂ ਦੀ ਆਮਦਨ ਆਪ ਮਹਿਫ਼ੂਜ਼ ਰੱਖੋ।

ਇਸ ਵਫ਼ਦ ਨੇ ਨੀਤੀ ਅਯੋਗ ਤੋਂ ਸਾਲਾਨਾ 1800 ਕਰੋੜ ਰੁਪਏ ਦੀ ਮੰਗ ਕਣਕ ਅਤੇ ਝੋਨੇ ਦੀ ਚੁਕਾਈ ਲਈ ਕੀਤੀ ਸੀ।

ਇੰਡੀਅਨ ਐਕਸਪ੍ਰੈੱਸ ਦੀ ਇੱਕ ਖ਼ਬਰ ਮੁਤਾਬਕ, ਕੈਨੇਡਾ ਦੇ ਇੱਕ ਟੀਵੀ ਪੱਤਰਕਾਰ, ਜਿਸ ਨੇ 2015 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਨੇਡਾ ਫੇਰੀ ਦਾ ਵਿਰੋਧ ਕੀਤਾ ਸੀ, ਉਹ ਵੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਵਾਲੇ ਵਫ਼ਦ ਦਾ ਮੈਂਬਰ ਹੈ।

ਸੂਤਰਾਂ ਦੇ ਹਵਾਲੇ ਤੋਂ ਛਪੀ ਇਸ ਖ਼ਬਰ ਮੁਤਾਬਕ ਟੀਵੀ ਪੱਤਰਕਾਰ ਸੈਣੀ, ਟਰੂਡੋ ਦੀ ਇਸ ਫੇਰੀ ਦੇ ਮੀਡੀਆ ਵਫ਼ਦ ਦੇ ਮੈਂਬਰ ਹਨ ਅਤੇ ਸਾਰੇ ਸਰਕਾਰੀ ਪ੍ਰੋਗਰਾਮ 'ਤੇ ਵੀ ਮੌਜੂਦ ਸਨ।

ਮੋਦੀ ਦੀ ਅਪ੍ਰੈਲ 2015 ਦੀ ਕੈਨੇਡਾ ਫੇਰੀ ਦੌਰਾਨ ਸੈਣੀ ਦੇ ਇੱਕ ਬੈਨਰ ਫੜੀ ਤਸਵੀਰ, ਜਿਸ ਵਿੱਚ "ਮੋਦੀ ਅੱਤਵਾਦੀ" ਅਤੇ ਮੋਦੀ ਦਾ ਕੈਨੇਡਾ ਵਿੱਚ ਸੁਆਗਤ ਨਹੀਂ" ਲਿਖਿਆ ਸੀ, ਵਾਇਰਲ ਹੋਈ ਸੀ।

ਅਖਬਾਰ ਨੇ ਪੱਤਰਕਾਰ ਨਾਲ ਗੱਲਬਾਤ ਵੀ ਕੀਤੀ ਹੈ ਜਿਸ ਵਿੱਚ ਉਸ ਨੇ ਵਫ਼ਦ ਦਾ ਹਿੱਸਾ ਹੋਣ ਦੀ ਤਾਂ ਗੱਲ ਕਹੀ ਪਰ ਆਪਣੀ ਵਾਇਰਲ ਹੋ ਰਹੀ 2015 ਦੀ ਤਸਵੀਰ ਬਾਰੇ ਟਿੱਪਣੀ ਤੋਂ ਇਨਕਾਰ ਕਰ ਦਿੱਤਾ

ਟਾਈਮਜ਼ ਆਫ਼ ਇੰਡੀਆ ਦੀ ਇੱਕ ਖ਼ਬਰ ਮੁਤਾਬਕ ਸੀਬੀਆਈ ਨੇ ਰੋਟੋਮੈਕ ਦੇ ਮਾਲਕ ਵਿਕਰਮ ਕੋਠਾਰੀ ਅਤੇ ਉਸ ਦੇ ਪੁੱਤਰ ਰਾਹੁਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਗ੍ਰਿਫ਼ਤਾਰੀ ਸੱਤ ਬੈਂਕਾਂ ਦੇ ਕਨਸੋਰਟੀਅਮ ਨਾਲ 3,695 ਦੀ ਠੱਗੀ ਦੇ ਸਿਲਸਲੇ ਵਿੱਚ ਕੀਤੀ ਗਈ ਹੈ।

ਇਹ ਗ੍ਰਿਫ਼ਤਾਰੀ ਉਸ ਵੇਲੇ ਹੋਈ ਜਦੋਂ ਇਹ ਦੋਵੇਂ ਇਹ ਦੱਸਣ ਵਿੱਚ ਅਸਫ਼ਲ ਰਹੇ ਕਿ ਇਹ ਠੱਗੀ ਕਿਸ ਤਰ੍ਹਾਂ ਕੀਤੀ ਗਈ ਅਤੇ ਕਿਹੜੇ ਬੈਂਕ ਅਧਿਕਾਰੀ ਸ਼ਾਮਲ ਸਨ।

ਸੀਬੀਆਈ ਮੁਤਾਬਕ ਵਿਕਰਮ ਜਾਂਚ ਸਹਿਯੋਗ ਨਹੀਂ ਦੇ ਰਹੇ ਸਨ।

ਪੰਜਾਬੀ ਟ੍ਰਿਬਿਊਨ 'ਚ ਛਪੀ ਇੱਕ ਖ਼ਬਰ ਮੁਤਾਬਕ, ਬਰਤਾਨਵੀ ਸੰਸਦ ਦੇ ਬਾਹਰ ਇਕ ਸਿੱਖ ਉਤੇ ਨਸਲੀ ਹਮਲਾ ਹੋਣ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗੋਰੇ ਹਮਲਾਵਰ ਨੇ ਉਸ ਨੂੰ 'ਮੁਸਲਮਾਨ ਵਾਪਸ ਜਾਓ' ਆਖਦਿਆਂ ਪੱਗ ਨੂੰ ਹੱਥ ਪਾ ਲਿਆ ਤੇ ਪੱਗ ਲਹਿਣ ਤੋਂ ਮਸਾਂ ਬਚੀ।

ਪੀੜਤ ਦੀ ਪਛਾਣ ਪੰਜਾਬ ਨਾਲ ਸਬੰਧਤ ਰਵਨੀਤ ਸਿੰਘ ਵਜੋਂ ਹੋਈ ਹੈ। ਬੀਤੇ ਦਿਨ ਘਟਨਾ ਵਾਪਰਨ ਸਮੇਂ ਉਹ ਲੇਬਰ ਪਾਰਟੀ ਨਾਲ ਸਬੰਧਤ ਸਿੱਖ ਐਮਪੀ ਤਨਮਨਜੀਤ ਸਿੰਘ ਢੇਸੀ ਨੂੰ ਮਿਲਣ ਲਈ ਪੋਰਟਕੁਲਿਸ ਹਾਊਸ ਦੇ ਬਾਹਰ ਕਤਾਰ ਵਿੱਚ ਖੜਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)