ਅਮਰੀਕਾ ਦੀ ਰੇਡੀਓ ਹੋਸਟ ਦੇ ਬੱਚੇ ਦੇ ਜਨਮ ਤੋਂ ਦੁਨੀਆਂ ਕਿਉਂ ਹੋਈ ਹੈਰਾਨ?

ਅਮਰੀਕਾ ਦੀ ਇੱਕ ਰੇਡੀਓ ਪੇਸ਼ਕਾਰਾ ਕੈਸੇਡੇ ਪ੍ਰਾਕਟਰ ਨੇ ਲਾਈਵ ਪ੍ਰੋਗਰਾਮ ਦੌਰਾਨ ਬੱਚੇ ਨੂੰ ਜਨਮ ਦੇ ਕੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ।

ਅਮਰੀਕਾ ਦੇ ਸੇਂਟ ਲੁਈਸ ਦੇ 'ਦਿ ਆਰਕ' ਸਟੇਸ਼ਨ ਦੀ ਪੇਸ਼ਕਾਰਾ ਦੇ ਇਸ ਸ਼ੋਅ ਲਈ ਖ਼ਾਸ ਬੰਦੋਬਸਤ ਕੀਤੇ ਗਏ ਸਨ।

ਸੋਮਵਾਰ ਨੂੰ ਪ੍ਰਾਕਟਰ ਨੂੰ ਜਣੇਪਾ ਦਰਦਾਂ ਸ਼ੁਰੂ ਹੋਈਆਂ, ਤਾਂ ਰੇਡੀਓ ਸਟੇਸ਼ਨ ਨੇ ਹਸਪਤਾਲ ਦੇ ਅੰਦਰ ਹੀ ਪ੍ਰਸਾਰਣ ਦੇ ਇੰਤਜ਼ਾਮ ਕਰ ਦਿੱਤੇ।

ਬੀਬੀਸੀ ਨੂੰ ਪ੍ਰਾਕਟਰ ਨੇ ਦੱਸਿਆ ਕਿ ਇਹ ਇੱਕ ਸ਼ਾਨਦਾਰ ਅਨੁਭਵ ਸੀ। ਜਣੇਪਾ ਨਿਰਧਾਰਿਤ ਮਿਤੀ ਤੋਂ ਪਹਿਲਾਂ ਹੋਣ ਕਰਕੇ ਉਨ੍ਹਾਂ ਨੂੰ ਅਚਾਨਕ ਹੀ ਸਾਰੇ ਪ੍ਰਬੰਧ ਕਰਨੇ ਪਏ।

ਪ੍ਰਾਕਟਰ ਨੇ ਕਿਹਾ, "ਆਪਣੇ ਜੀਵਨ ਦੇ ਇੰਨੇ ਕੀਮਤੀ ਪਲਾਂ ਨੂੰ ਸਰੋਤਿਆਂ ਨਾਲ ਸਾਂਝੇ ਕਰਨਾ ਸ਼ਾਨਦਾਰ ਸੀ। ਇਹ ਮੇਰੇ ਜੀਵਨ ਦਾ ਸਭ ਤੋਂ ਵਧੀਆ ਅਨੁਭਵ ਸੀ।"

ਪ੍ਰਾਕਟਰ ਨੇ ਕਿਹਾ,"ਬੱਚੇ ਨੂੰ ਸ਼ੋਅ ਦੌਰਾਨ ਜਨਮ ਦੇਣਾ ਮੇਰੇ ਕੰਮ ਦਾ ਹੀ ਵਿਸਥਾਰ ਸੀ, ਜੋ ਮੈਂ ਹਰ ਦਿਨ ਕਰਦੀ ਹਾਂ। ਮੈਂ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਆਪਣੇ ਸਰੋਤਿਆਂ ਨਾਲ ਸਾਂਝਾ ਕਰਦੀ ਹਾਂ।"

ਪ੍ਰਾਕਟਰ ਨੇ ਬੱਚੇ ਦਾ ਨਾਂ ਜੇਮਸਨ ਰੱਖਿਆ ਹੈ। ਇਹ ਨਾਮ ਵੀ ਸਰੋਤਿਆਂ ਦੀ ਰਾਇ ਲੈਣ ਮਗਰੋਂ ਹੀ ਰੱਖਿਆ ਗਿਆ।

ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਰੇਡੀਓ 'ਤੇ ਨਾਂ ਨੂੰ ਲੈ ਕੇ ਵੋਟਿੰਗ ਸ਼ੁਰੂ ਹੋ ਗਈ ਸੀ।

ਪ੍ਰੋਗਰਾਮ ਨਿਰਦੇਸ਼ਕ ਸਟਾਕ ਰਾਡੀ ਨੇ ਇੱਕ ਅਖ਼ਬਾਰ ਨੂੰ ਦੱਸਿਆ, "ਜੋੜੇ ਦੇ ਚੁਣੇ ਹੋਏ 12 ਨਾਵਾਂ ਨਾਲ ਅਸੀਂ ਵੋਟਿੰਗ ਸ਼ੁਰੂ ਕਰ ਦਿੱਤੀ ਸੀ। ਜੇਮਸਨ ਦੇ ਜਨਮ ਤੱਕ ਵੋਟਿੰਗ ਚਲਦੀ ਰਹੀ।"

ਪ੍ਰਾਕਟਰ ਦੇ ਸਹਿ-ਪੇਸ਼ਕਾਰ ਨੇ ਇਸ ਸ਼ੋਅ ਨੂੰ ਇੱਕ ਕ੍ਰਿਸ਼ਮਈ ਪਲ ਦੱਸਿਆ। ਪ੍ਰਾਕਟਰ ਹੁਣ ਕੁਝ ਦਿਨਾਂ ਤੱਕ ਪ੍ਰਸੂਤੀ ਛੁੱਟੀ 'ਤੇ ਜਾਣ ਕਰਕੇ ਪ੍ਰੋਗਰਾਮ ਤੋਂ ਦੂਰ ਰਹਿਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)