ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਸਿਰਸਾ 'ਚ ਪਹਿਲਾ ਵੱਡਾ ਸਮਾਗਮ

    • ਲੇਖਕ, ਪ੍ਰਭੂ ਦਿਆਲ
    • ਰੋਲ, ਬੀਬੀਸੀ ਪੰਜਾਬੀ ਲਈ

ਸਾਧਵੀ ਬਲਾਤਕਾਰ ਮਾਮਲੇ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਡੇਰਾ ਸਿਰਸਾ ਵੱਲੋਂ ਪਹਿਲੀ ਵਾਰ ਸਿਰਸਾ ਵਿੱਚ ਵੱਡਾ ਇਕੱਠ ਕੀਤਾ ਗਿਆ।

ਸਥਾਪਨਾ ਦਿਵਸ ਅਤੇ 'ਜਾਮ-ਏ-ਇੰਸਾ ਗੁਰੂ ਕਾ' ਨਾਮ ਦੇ ਇਸ ਸਮਾਗਮ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਮਾਤਾ ਨਸੀਬ ਕੌਰ, ਪੁੱਤਰ ਜਸਮੀਤ ਇੰਸਾ ਸਣੇ ਹਰਿਆਣਾ, ਪੰਜਾਬ, ਰਾਜਸਥਾਨ ਤੋਂ ਹਜ਼ਾਰਾਂ ਡੇਰਾ ਸਮਰਥਕ ਸਮਾਗਮ ਵਿੱਚ ਪਹੁੰਚੇ।

ਇਸ ਦੌਰਾਨ ਡੇਰਾ ਮੁਖੀ ਦਾ ਰਿਕਾਰਡ ਕੀਤਾ ਸਤਿਸੰਗ ਸੁਣਾਇਆ ਗਿਆ। ਡੇਰੇ ਦੇ ਆਗੂਆਂ ਨੇ ਸਮਾਜ ਭਲਾਈ ਦੇ ਕੰਮਾਂ ਦਾ ਜ਼ਿਕਰ ਕੀਤਾ। ਇਸ ਦੌਰਾਨ ਡੇਰਾ ਪ੍ਰੇਮੀਆਂ ਵੱਲੋਂ ਖ਼ੂਨਦਾਨ ਕੈਂਪ ਵੀ ਲਾਇਆ ਗਿਆ।

ਡੇਰੇ ਵਿੱਚ ਆਏ ਸਮਰਥਕਾਂ ਨੂੰ ਭਾਵੇਂ ਕੋਈ ਸਿਆਸੀ ਸੁਨੇਹਾ ਨਹੀਂ ਦਿੱਤਾ ਗਿਆ ਪਰ ਪ੍ਰੇਮੀਆਂ ਨੂੰ ਇਕਜੁੱਟ ਰਹਿਣ ਦੀ ਤਾਕੀਦ ਜ਼ਰੂਰ ਕੀਤੀ ਗਈ। ਡੇਰੇ ਅੰਦਰ ਕਿਸੇ ਨੂੰ ਵੀ ਮੋਬਾਈਲ ਲਿਜਾਣ ਦੀ ਇਜਾਜ਼ਤ ਨਹੀਂ ਸੀ।

ਅਸ਼ੋਕ ਤੰਵਰ ਪਹੁੰਚੇ ਸਮਾਗਮ '

ਇਸ ਮੌਕੇ ਹਰਿਆਣਾ ਕਾਂਗਰਸ ਦੇ ਪ੍ਰਧਾਨ ਅਤੇ ਸਿਰਸਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਸ਼ੋਕ ਤੰਵਰ ਅਤੇ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਦੀ ਸੂਬਾਈ ਮਹਿਲਾ ਪ੍ਰਧਾਨ ਸੰਤੋਸ਼ ਕਾਈਰਾਲੀਆ ਵੀ ਪਹੁੰਚੇ ਸਨ।

ਹਾਲਾਂਕਿ ਸਿਆਸਤ ਵਿੱਚ ਡੇਰਾ ਵੋਟਾਂ ਦੀ ਅਹਿਮ ਭੂਮੀਕਾ ਰਹਿੰਦੀ ਹੈ ਪਰ ਡੇਰਾ ਸੱਚਾ ਸੌਦਾ ਦੀ ਕੋਰ ਕਮੇਟੀ ਜੋ ਵੀ ਪ੍ਰੋਗਰਾਮ ਕਰਵਾਉਂਦੀ ਹੈ, ਉਸ ਨੂੰ ਉਹ ਹਮੇਸ਼ਾ ਗ਼ੈਰ-ਸਿਆਸੀ ਕਰਾਰ ਦਿੰਦਾ ਰਿਹਾ ਹੈ।

ਇਹ ਵੀ ਪੜ੍ਹੋ:

ਡੇਰੇ ਦਾ ਇੱਕ ਸਿਆਸੀ ਵਿੰਗ ਬਣਿਆ ਹੋਇਆ ਹੈ, ਜਿਹੜਾ ਸਮੇਂ-ਸਮੇਂ 'ਤੇ ਸਿਆਸੀ ਫੈਸਲੇ ਲੈਂਦਾ ਰਿਹਾ ਹੈ।

ਸਾਲ 2014 ਵਿੱਚ ਦੀਆਂ ਲੋਕ ਸਭਾ ਚੋਣਾਂ ਦੌਰਾਨ ਡੇਰੇ ਵੱਲੋਂ ਭਾਜਪਾ ਨੂੰ ਖੁਲ੍ਹੇ-ਆਮ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਸੀ। ਭਾਜਪਾ ਡੇਰੇ ਦੀ ਮਦਦ ਨਾਲ ਪਹਿਲੀ ਵਾਰ ਸੂਬੇ ਦੀ ਸੱਤਾ 'ਤੇ ਕਾਬਿਜ਼ ਹੋਈ ਸੀ।

ਭਾਜਪਾ ਦੇ ਕਈ ਆਗੂ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਮਿਲਣ ਜਾਂਦੇ ਸਨ ਅਤੇ ਸੀਟ ਜਿੱਤਣ ਤੋਂ ਬਾਅਦ ਵੀ ਡੇਰੇ ਦਾ ਚੱਕਰ ਲਗਾਉਂਦੇ ਸਨ।

ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਨੇਤਾਵਾਂ ਤੋਂ ਇਲਾਵਾ ਇੰਡੀਅਨ ਨੈਸ਼ਨਲ ਲੋਕਦਲ ਦੇ ਨੇਤਾ ਤੇ ਭਾਜਪਾ ਦੇ ਨੇਤਾ ਡੇਰੇ ਵੋਟਾਂ ਵੇਲੇ ਗੇੜੇ ਲਾਉਂਦੇ ਰਹੇ ਹਨ।

ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ 20 ਸਾਲ ਦੀ ਸਜ਼ਾ ਕਟ ਰਹੇ ਹਨ।

ਡੇਰਾ ਸੱਚਾ ਸੌਦਾ ਦੀ ਸਥਾਪਨਾ 29 ਅਪਰੈਲ 1948 ਨੂੰ ਸ਼ਾਹ ਮਸਤਾਨਾ ਵੱਲੋਂ ਕੀਤੀ ਗਈ ਸੀ।

ਡੇਰਾ ਸੱਚਾ ਸੌਦਾ ਨੇ ਬੀਤੇ ਦੋ ਐਤਵਾਰ ਨੂੰ ਰੋਹਤਕ, ਪਾਨੀਪਤ, ਸੋਨੀਪਤ, ਰੇਵਾੜੀ, ਮਹਿੰਦਰਗੜ੍ਹ, ਸਿਰਸਾ, ਫਤਿਹਾਬਾਦ, ਕੁਰੂਕਸ਼ੇਤਰ ਅਤੇ ਕਰਨਾਲ ਵਿੱਚ ਨਾਮ ਚਰਚਾ ਦਾ ਪ੍ਰਬੰਧ ਕਰਵਾਇਆ ਹੈ।

ਇਨ੍ਹਾਂ ਸਮਾਗਮਾਂ ਵਿੱਚ ਜ਼ਰੂਰਤਮੰਦ ਬੱਚਿਆਂ ਨੂੰ ਸਟੇਸ਼ਨਰੀ, ਸਕੂਲ ਬੈਗਜ਼ ਅਤੇ ਕਿਤਾਬਾਂ ਵੰਡੀਆਂ ਗਈਆਂ ਹਨ। ਰਾਜੇਸ਼ ਇਨਸਾਨ ਡੇਰੇ ਦੇ ਰੋਹਤਕ ਨਾਮ ਚਰਚਾ ਘਰ ਨਾਲ ਜੁੜੇ ਹੋਏ ਹਨ।

ਸਿਰਸਾ ਵਿੱਚ ਕੀਤੇ ਗਏ ਸਥਾਪਨਾ ਦਿਵਸ ਮੌਕੇ ਕੋਈ ਸਿਆਸੀ ਹਲਚਲ ਤਾਂ ਨਹੀਂ ਦਿਖੀ ਅਤੇ ਹਾਲੇ ਇਹ ਵੀ ਸਪੱਸ਼ਟ ਨਹੀਂ ਹੋਇਆ ਹੈ ਕਿ ਡੇਰਾ ਇਸ ਵਾਰੀ ਕਿਸ ਨੂੰ ਸਮਰਥਨ ਦੇਵੇਗਾ ਅਤੇ ਕੀ ਖੁੱਲ੍ਹ ਕੇ ਸਮਰਥਨ ਦਿੱਤਾ ਜਾਵੇਗਾ?

ਕੀ ਹੈ ਡੇਰੇ ਅਤੇ ਸਿੱਖਾਂ ਦਾ ਵਿਵਾਦ?

29 ਅਪਰੈਲ 2007 ਨੂੰ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਸਲਾਬਤਪੁਰ ਡੇਰੇ ਵਿੱਚ ਜਾਮ-ਏ-ਇੰਸਾ ਪਿਲਾਇਆ ਗਿਆ ਸੀ। ਇਸ ਮੌਕੇ ਡੇਰਾ ਮੁਖੀ ਵੱਲੋਂ ਪਾਈ ਗਈ ਪੋਸ਼ਾਕ ਸਿੱਖਾਂ ਦੇ ਦਸਵੇਂ ਗਰੂ ਗੋਬਿੰਦ ਸਿੰਘ ਜੀ ਨਾਲ ਮਿਲਦੀ ਸੀ।

ਡੇਰਾ ਮੁਖੀ ਵੱਲੋਂ ਪਾਈ ਗਈ ਵਿਸ਼ੇਸ਼ ਪੋਸ਼ਾਕ ਤੋਂ ਬਾਅਦ ਸਿੱਖ ਸੰਗਤ ਵੱਲੋਂ ਇਤਰਾਜ਼ ਕੀਤਾ ਗਿਆ ਸੀ। ਡੇਰਾ ਪ੍ਰੇਮੀਆਂ ਅਤੇ ਸਿੱਖਾਂ ਵਿਚਾਲੇ ਟਕਰਾਅ ਪੈਦਾ ਹੋ ਗਿਆ ਸੀ। ਕਈ ਥਾਈਂ ਹਿੰਸਕ ਝੜਪਾਂ ਵੀ ਹੋਈਆਂ ਸਨ।

ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਡੇਰਾ ਮੁਖੀ ਨੂੰ ਤਨਖ੍ਹਾਈਆ ਕਰਾਰ ਦਿੱਤਾ ਗਿਆ ਸੀ। ਪੰਜਾਬ ਵਿਧਾਨ ਚੋਣਾਂ 2017 ਤੋਂ ਪਹਿਲਾਂ ਅਕਾਲ ਤਖਤ ਵੱਲੋਂ ਕਥਿਤ ਤੌਰ 'ਤੇ ਡੇਰਾ ਮੁਖੀ ਨੂੰ ਮੁਆਫੀ ਦੇਣ ਬਾਰੇ ਵੀ ਸਿਆਸੀ ਹੜਕੰਪ ਮਚਿਆ ਸੀ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)