ਇੱਕ ਵਰਗ ਤੋਂ ਨਹੀਂ ਪੂਰੇ ਪੰਜਾਬ ਤੋਂ ਵੋਟਾਂ ਦੀ ਅਪੀਲ ਕਰਾਂਗੇ - ਪਰਨੀਤ ਕੌਰ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਆਗਾਮੀ ਲੋਕ ਸਭਾ ਚੋਣਾਂ ਲਈ ਪਟਿਆਲਾ ਤੋਂ ਕਾਂਗਰਸ ਦੀ ਉਮੀਦਵਾਰ ਪਰਨੀਤ ਕੌਰ ਨੇ ਬੀਬੀਸੀ ਪੰਜਾਬੀ ਨਾਲ ਖਾਸ ਗੱਲਬਾਤ ਕੀਤੀ।

ਬਰਗਾੜੀ ਕਾਂਡ ਤੋਂ ਲੈ ਕੇ ਡੇਰੇ ਤੋਂ ਵੋਟਾਂ ਮੰਗਣ ਵਰਗੇ ਕਈ ਅਹਿਮ ਮੁੱਦਿਆਂ 'ਤੇ ਉਨ੍ਹਾਂ ਤੋਂ ਸਵਾਲ ਪੁੱਛੇ ਗਏ ਸਨ।

ਸਵਾਲ- ਤੁਸੀਂ ਡੇਰਾ ਸਿਰਸਾ ਤੋਂ ਵੋਟ ਮੰਗਣ ਜਾਓਗੇ?

ਜਵਾਬ - ਡੇਰੇ ਦੇ ਲੋਕ ਪੰਜਾਬ ਵਿੱਚ ਹਰ ਥਾਂ ਉੱਤੇ ਵਸੇ ਹੋਏ ਹਨ। ਜੇ ਅਸੀਂ ਇੱਕ ਪਿੰਡ ਵਿੱਚ ਜਾਂਦੇ ਹਾਂ ਤਾਂ ਸਾਰਿਆਂ ਤੋਂ ਵੋਟਾਂ ਮੰਗਦੇ ਹਾਂ, ਉਸ ਵਿਚ ਵੱਖ-ਵੱਖ ਵਰਗਾਂ ਅਤੇ ਵੱਖ-ਵੱਖ ਡੇਰਿਆਂ ਦੇ ਲੋਕ ਹੁੰਦੇ ਹਨ, ਅਸੀਂ ਸਾਰਿਆਂ ਤੋਂ ਵੋਟ ਮੰਗਦੇ ਹਾਂ।

ਇਹ ਉਨ੍ਹਾਂ 'ਤੇ ਹੈ ਕਿ ਉਨ੍ਹਾਂ ਨੇ ਵੋਟ ਕਿੱਥੇ ਅਤੇ ਕਿਸ ਨੂੰ ਪਾਉਣੀ ਹੈ।

ਇਹ ਵੀ ਪੜ੍ਹੋ:

ਸਵਾਲ - ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਹੈ ਕਿ ਡੇਰੇ ਨਾਲ ਕਿਸੇ ਵੀ ਤਰਾਂ ਦਾ ਸਬੰਧ ਨਹੀਂ ਰੱਖਣਾ

ਜਵਾਬ - ਵੋਟਾਂ ਡੇਰੇ ਵਿੱਚ ਜਾ ਕੇ ਹੀ ਨਹੀਂ ਮੰਗੀਆਂ ਜਾਂਦੀਆਂ ਉਹ ਤਾਂ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਹੀ ਮਿਲਣੀਆਂ ਹਨ।

ਜੇਕਰ ਅਕਾਲੀ ਦਲ ਨੇ ਡੇਰੇ ਦੀਆਂ ਵੋਟਾਂ ਨਹੀਂ ਲੈਣੀਆਂ ਤਾਂ ਇਹ ਉਨ੍ਹਾਂ ਦੀ ਮਰਜ਼ੀ, ਅਸੀਂ ਤਾਂ ਹਰ ਵਿਅਕਤੀ ਤੋਂ ਵੋਟ ਮੰਗਾਂਗੇ ਜਿਹੜਾ ਪੰਜਾਬ ਦਾ ਨਿਵਾਸੀ ਹੈ ਕਿਉਂਕਿ ਲੋਕਤੰਤਰ ਵਿੱਚ ਲੋਕਾਂ ਨੂੰ ਵੋਟ ਦਾ ਅਧਿਕਾਰ ਮਿਲਿਆ ਹੋਇਆ ਹੈ।

ਸਵਾਲ- ਤੁਸੀਂ ਡੇਰਾ ਸਿਰਸਾ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਹੋ?

ਜਵਾਬ - ਮੈ ਇੱਕ ਵਰਗ ਨੂੰ ਨਹੀਂ ਬਲਕਿ ਪੂਰੇ ਪੰਜਾਬ ਦੇ ਵੋਟਰਾਂ ਨੂੰ ਵੋਟ ਦੀ ਅਪੀਲ ਕਰਦੀ ਹਾਂ

ਸਵਾਲ- ਨਸ਼ਾ ਤੁਹਾਡੇ ਲਈ ਕਿੰਨਾ ਵੱਡਾ ਮੁੱਦਾ ਹੈ?

ਜਵਾਬ - ਮੇਰੇ ਲਈ ਨਸ਼ਾ ਅਹਿਮ ਮੁੱਦਾ ਹੈ ਸਰਕਾਰ ਆਪਣੀ ਕੋਸ਼ਿਸ਼ ਕਰ ਰਹੀ ਹੈ ਪਰ ਇਸ ਵਿੱਚ ਲੋਕਾਂ ਦਾ ਸਾਥ ਜ਼ਰੂਰੀ ਹੈ। ਨਸ਼ੇ ਦਾ ਲੱਕ ਟੁੱਟ ਚੁੱਕਾ ਹੈ।

ਸਵਾਲ - ਤੁਸੀਂ ਲੋਕਾਂ ਦੇ ਸਾਥ ਦੀ ਗੱਲ ਕੀਤੀ ਪਰ ਸਰਕਾਰ ਦੀ ਜ਼ਿੰਮੇਵਾਰੀ ਕਿੱਥੇ ਗਈ?

ਜਵਾਬ - ਸਰਕਾਰ ਪੂਰੇ ਦਿਲ ਨਾਲ ਇਸ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਸਵਾਲ- ਪੰਜਾਬ ਦੀਆਂ ਮਹਿਲਾਵਾਂ ਦੀ ਰਾਜਨੀਤੀ ਵਿੱਚ ਭੂਮਿਕਾ ਨੂੰ ਕਿਵੇਂ ਦੇਖਦੇ ਹੋ?

ਜਵਾਬ - ਇਹ ਬਹੁਤ ਚੰਗੀ ਗੱਲ ਹੈ ਕਿ ਵੱਖ-ਵੱਖ ਪਾਰਟੀਆਂ ਵੱਲੋਂ ਮਹਿਲਾਵਾਂ ਪੰਜਾਬ ਵਿਚ ਚੋਣਾਂ ਲੜ ਰਹੀਆਂ ਹਨ, ਇਸ ਨਾਲ ਮਹਿਲਾਵਾਂ ਦਾ ਹੌਸਲਾ ਵਧੇਗਾ।

ਸਵਾਲ - ਅਕਾਲੀ ਦਲ ਆਖਦਾ ਹੈ ਕਿ ਬਰਗਾੜੀ ਮੋਰਚੇ ਪਿੱਛੇ ਕਾਂਗਰਸ ਸੀ

ਜਵਾਬ -ਬਰਗਾੜੀ ਵਿੱਚ ਜੋ ਕੁਝ ਹੋਇਆ ਉਹ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਹੋਇਆ, ਕਾਂਗਰਸ ਨੇ ਸਿਰਫ਼ ਇਨਸਾਫ਼ ਲਈ ਕੰਮ ਕੀਤਾ ਤਾਂ ਜੋ ਅਜਿਹੇ ਕਾਂਡ ਭਵਿੱਖ ਵਿੱਚ ਨਾ ਹੋਣ।

ਸਵਾਲ - ਧਾਰਮਿਕ ਗ੍ਰੰਥਾਂ ਦੀ ਬੇਅਦਬੀ ਤੁਹਾਡੇ ਲਈ ਕਿੰਨਾ ਵੱਡਾ ਮੁੱਦਾ ਹੈ?

ਜਵਾਬ- ਇਹ ਇੱਕ ਭਾਵਨਾਤਮਕ ਮੁੱਦਾ ਹੈ। ਅਕਾਲੀ ਦਲ ਨੇ ਜੋਰਾ ਸਿੰਘ ਕਮਿਸ਼ਨ ਬਣਾਇਆ ਪਰ ਨਤੀਜਾ ਕੋਈ ਨਹੀਂ ਨਿਕਲਿਆ।

ਅਸੀਂ ਵਿਸ਼ੇਸ਼ ਜਾਂਚ ਟੀਮ ਬਣਾਈ ਪਰ ਅਕਾਲੀ ਦਲ ਨੇ ਜਾਂਚ ਅਧਿਕਾਰੀ ਦਾ ਤਬਾਦਲਾ ਚੋਣ ਕਮਿਸ਼ਨ ਨੂੰ ਆਖ ਕੇ ਕਰਵਾ ਦਿੱਤਾ ਪਰ ਸਾਡੀ ਸਰਕਾਰ ਇਸ ਦਾ ਪੂਰਨ ਇਨਸਾਫ਼ ਦੇਵੇਗੀ।

ਸਵਾਲ - ਬੇਅਦਬੀ ਕਾਨੂੰਨ ਬਾਰੇ ਤੁਹਾਡੀ ਕੀ ਰਾਏ ਹੈ, ਇਸ ਦਾ ਗ਼ਲਤ ਇਸਤੇਮਾਲ ਨਹੀਂ ਹੋਵੇਗਾ, ਇਸ ਦੀ ਕੀ ਗਾਰੰਟੀ ਹੈ?

ਜਵਾਬ- ਇਸ ਕਾਨੂੰਨ ਨੂੰ ਸਹੀ ਢੰਗ ਨਾਲ ਲਾਗੂ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ।

ਸਰਕਾਰ ਨੇ ਕੁਝ ਸੋਚ ਸਮਝ ਕੇ ਹੀ ਬਣਾਇਆ ਹੈ ਜੇਕਰ ਕੋਈ ਇਸ ਦਾ ਗ਼ਲਤ ਇਸਤੇਮਾਲ ਕਰਦਾ ਹੈ ਤਾਂ ਇਹ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ।

ਸਵਾਲ - ਵਿਰੋਧੀ ਧਿਰਾਂ ਆਖਦੀਆਂ ਹਨ ਕਿ ਬਾਦਲ ਪਰਿਵਾਰ ਅਤੇ ਕੈਪਟਨ ਪਰਿਵਾਰ ਦਾ ਮੈਚ ਫਿਕਸ ਹੈ, ਸੱਚਾਈ ਕੀ ਹੈ?

ਜਵਾਬ - ਸਾਡਾ ਅਕਾਲੀ ਦਲ ਨਾਲ ਕੋਈ ਰਿਸ਼ਤਾ ਨਹੀਂ ਹੈ, ਸਿਆਸੀ ਲੜਾਈ ਉਹ ਵੀ ਲੜ ਰਹੇ ਹਨ ਅਸੀਂ ਵੀ ਲੜ ਰਹੇ ਹਾਂ।

ਸਵਾਲ - ਡਾਕਟਰ ਧਰਮਵੀਰ ਗਾਂਧੀ ਕਿੰਨੀ ਵੱਡੀ ਚੁਨੌਤੀ ਹ?

ਜਵਾਬ -ਚੁਨੌਤੀ ਤਾਂ ਹੈ ਉਹ ਚਾਹੇ ਗਾਂਧੀ ਹੋਵੇ ਜਾਂ ਫਿਰ ਸੁਰਜੀਤ ਰੱਖੜਾ ਹੋਵੇ, ਅਕਾਲੀ ਦਲ ਦਾ ਪੂਰਾ ਕਾਡਰ ਹੈ ਪਰ ਗਾਂਧੀ ਦਾ ਕੋਈ ਕਾਡਰ ਨਹੀਂ ਹੈ।

ਸਵਾਲ- ਫਿਰ ਤੁਸੀਂ ਪਿਛਲੀ ਵਾਰ ਡਾਕਟਰ ਧਰਮਵੀਰ ਗਾਂਧੀ ਕੋਲੋਂ ਕਿਵੇਂ ਮਾਤ ਖਾ ਗਏ?

ਜਵਾਬ - ਧਰਮਵੀਰ ਗਾਂਧੀ ਕਰ ਕੇ ਮੈਂ ਚੋਣ ਨਹੀਂ ਸੀ ਹਾਰੀ ਬਲਕਿ ਇੱਕ ਸੋਚ ਕਰ ਕੇ ਹਾਰੀ ਸੀ, ਹੁਣ ਉਹ ਸੋਚ ਵੀ ਖੇਰੂੰ ਖੇਰੂੰ ਹੋ ਗਈ।

ਸਵਾਲ- ਜੋ ਵਾਅਦੇ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਸਨ, ਉਨ੍ਹਾਂ ਦਾ ਕੀ ਹੋਇਆ?

ਜਵਾਬ - ਅਸੀਂ ਕਿਸਾਨਾਂ ਦਾ ਦੋ-ਦੋ ਲੱਖ ਰੁਪਏ ਦਾ ਕਰਜ਼ਾ ਮੁਆਫ਼ ਕੀਤਾ। ਇੰਡਸਟਰੀ ਮੁੜ ਸੁਰਜੀਤ ਹੋ ਰਹੀ ਹੈ।

ਛੇ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ। ਪੰਜਾਬ ਵਿਚ ਨਵੇਂ-ਨਵੇਂ ਪ੍ਰੋਜੈਕਟ ਆ ਰਹੇ ਹਨ।

ਸਵਾਲ - ਘਰ ਘਰ ਰੁਜ਼ਗਾਰ ਨੂੰ ਲੈ ਕੇ ਸਪਸ਼ਟਤਾ ਕਿਉਂ ਨਹੀਂ ਹੈ, ਬੇਰੁਜ਼ਗਾਰੀ ਅਜੇ ਵੀ ਇੱਕ ਵੱਡਾ ਮੁੱਦਾ ਹੈ ਪੰਜਾਬ ਵਿੱਚ

ਜਵਾਬ - ਇਹ ਪੰਜਾਬ ਦਾ ਨਹੀਂ ਬਲਕਿ ਪੂਰੇ ਦੇਸ਼ ਦਾ ਮੁੱਦਾ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਲੋਕਾਂ ਨੂੰ ਵੱਧ ਤੋਂ ਵੱਧ ਉਨ੍ਹਾਂ ਦੀ ਸਕਿੱਲ ਦੇ ਆਧਾਰ ਉੱਤੇ ਰੁਜ਼ਗਾਰ ਮਿਲੇ।

ਇਹ ਵੀ ਪੜ੍ਹੋ:

ਸਵਾਲ- ਕਿਸਾਨ ਖੁਦਕੁਸ਼ੀਆਂ ਕਦੋਂ ਰੁਕਣਗੀਆਂ?

ਜਵਾਬ - ਕੇਂਦਰ ਸਰਕਾਰ ਦੀਆਂ ਜੱਦੋ ਤੱਕ ਕਿਸਾਨ ਪੱਖੀ ਨੀਤੀਆਂ ਨਹੀਂ ਹੋਣਗੀਆਂ ਉਦੋਂ ਤੱਕ ਕਿਸਾਨ ਦੀ ਹਾਲਤ ਠੀਕ ਨਹੀਂ ਹੋ ਸਕਦੀ।

ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਸਹੀ ਮੁੱਲ ਦੇਣ ਲਈ ਕੇਂਦਰ ਸਰਕਾਰ ਨੂੰ ਯਤਨ ਕਰਨੇ ਹੋਣਗੇ, ਅਸੀਂ ਇਸੀ ਗੱਲ ਉੱਤੇ ਕੰਮ ਕਰ ਰਹੇ ਹਾਂ। ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਖੇਤੀਬਾੜੀ ਦੇ ਲਈ ਵੱਖਰਾ ਬਜਟ ਵੀ ਪੇਸ਼ ਕਰਾਂਗੇ।

ਸਵਾਲ - ਕਰਤਾਰਪੁਰ ਲਾਂਘੇ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ, ਕੀ ਇਹ ਪੰਜਾਬ ਜਾਂ ਦੇਸ ਦੇ ਹਿੱਤ ਵਿੱਚ ਹੈ?

ਜਵਾਬ - ਇਸ ਨਾਲ ਸਾਡੇ ਜਜ਼ਬਾਤ ਜੁੜੇ ਹੋਏ ਹਨ।

ਜਦੋਂ ਤੋਂ ਦੇਸ ਦੀ ਵੰਡ ਹੋਈ ਹੈ ਲੋਕ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਮੰਗ ਕਰ ਰਹੇ ਸਨ। ਹੁਣ ਇਹ ਮੰਗ ਪੂਰੀ ਹੋ ਰਹੀ ਹੈ ਇਸ ਲਈ ਖ਼ੁਸ਼ੀ ਦੀ ਗੱਲ ਹੈ।

ਸਵਾਲ - ਪਰ ਇਸ ਮੁੱਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਦੇ ਸੁਰ ਕਿਉਂ ਨਹੀਂ ਮਿਲ ਰਹੇ?

ਜਵਾਬ -ਸਾਰੀਆਂ ਪਾਰਟੀਆਂ ਨੇ ਇਸ ਮੁੱਦੇ ਉੱਤੇ ਰਾਜਨੀਤੀ ਕੀਤੀ ਹੈ ਜਿਹੜੀ ਕਿ ਹੋਣੀ ਨਹੀਂ ਚਾਹੀਦੀ।

ਪਰ ਜਿੱਥੋਂ ਤੱਕ ਕਾਂਗਰਸੀ ਆਗੂਆਂ ਦੀ ਬਿਆਨਬਾਜ਼ੀ ਦੀ ਗੱਲ ਹੈ ਮੈ ਇਸ ਉੱਤੇ ਟਿੱਪਣੀ ਨਹੀਂ ਕਰਨੀ ਚਾਹੁੰਦੀ।

ਲਾਂਘਾ ਖੁੱਲ ਰਿਹਾ ਹੈ ਇਹ ਪੰਜਾਬ ਲਈ ਚੰਗੀ ਗੱਲ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)