ਪਹਿਲੀ ਨਜ਼ਰ ਦਾ ਪਿਆਰ ਕਿੰਨਾ ਨਿਭਦਾ ਹੈ — ਪੜ੍ਹੋ ਇਸ ਪਿਛਲਾ ਵਿਗਿਆਨ

ਜਦੋਂ ਕਿਸੇ ਦੀ ਪਹਿਲੀ ਝਲਕ ਦੁਨੀਆਂ ਨੂੰ ਭੁਲਾ ਦੇਵੇ ਤਾਂ ਇਸ ਨੂੰ ਕਹਿੰਦੇ ਹਨ ਪਹਿਲੀ ਨਜ਼ਰ ਦਾ ਪਿਆਰ ਜਾਂ 'ਲਵ ਐਟ ਫਰਸਟ ਸਾਈਟ' ਕਿਹਾ ਜਾਂਦਾ ਹੈ।

ਤੁਸੀਂ ਕਿਸੇ ਨੂੰ ਬਸ ਨਜ਼ਰ ਭਰ ਕੇ ਦੇਖਿਆ ਅਤੇ ਲੱਗਿਆ ਕਿ ਬਸ ਇਹੀ ਸ਼ਖਸ਼ ਜੇ ਜ਼ਿੰਦਗੀ ਵਿੱਚ ਨਾ ਆਇਆ ਤਾਂ ਜੀਣਾ ਬੇਮਕਸਦ ਹੋ ਜਾਵੇਗਾ। ਪਹਿਲੀ ਨਜ਼ਰੇ ਜ਼ਿੰਦਗੀ ਭਰ ਦੀ ਪਲਾਨਿੰਗ, ਫਿਲਮ ਦੀ ਰੀਲ ਵਾਂਗ ਅੱਖਾਂ ਸਾਹਮਣੇ ਆ ਜਾਂਦੀ ਹੈ।

ਅਸੀਂ ਕਿਸੇ ਬਾਰੇ ਉਸ ਦੀ ਪਹਿਲੀ ਨਜ਼ਰੇ ਹੀ ਆਪਣੀ ਰਾਇ ਬਣਾ ਲੈਂਦੇ ਹਾਂ ਕਿ ਉਹ ਕਿਹੇ ਜਿਹੀ ਸ਼ਖ਼ਸ਼ੀਅਤ ਦਾ ਮਾਲਕ ਹੈ।

ਇਹ ਵੀ ਪੜ੍ਹੋ:

ਹਾਲਾਂਕਿ ਇਹ ਜਰੂਰੀ ਨਹੀਂ ਕਿ ਸਾਹਮਣੇ ਵਾਲੇ ਦੀ ਜੋ ਤਸਵੀਰ ਅਸੀਂ ਮਨ ਵਿੱਚ ਬਣਾ ਲਈ, ਉਹ ਪੂਰੀ ਤਰ੍ਹਾਂ ਸਹੀ ਹੋਵੇ। ਸਾਡਾ ਮੁਲਾਂਕਣ ਗਲਤ ਵੀ ਹੋ ਸਕਦਾ ਹੈ।

ਹਾਲਾਂਕਿ ਕਹਾਵਤ ਇਹੀ ਹੈ ਕਿ ਪਹਿਲਾ ਪ੍ਰਭਾਵ ਅੰਤਿਮ ਪ੍ਰਭਾਵ ਹੁੰਦਾ ਹੈ। ਚਲੋ ਹੁਣ ਇਸ ਕਹਾਵਤ ਦਾ ਵਿਗਿਆਨਕ ਪਹਿਲੂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।

ਕਿਸੇ ਦਾ ਮੂੰਹ ਦੇਖ਼ ਕੇ ਉਸ ਬਾਰੇ ਰਾਇ ਬਣਾਉਣ ਨੂੰ ਸਾਡਾ ਦਿਮਾਗ ਇੱਕ ਸਕਿੰਟ ਦੇ ਦਸਵੇਂ ਹਿੱਸੇ ਜਿੰਨਾ ਹੀ ਸਮਾਂ ਲੈਂਦਾ ਹੈ।

ਪਹਿਲੇ ਪ੍ਰਭਾਵ ਵਿੱਚ ਸਿਰਫ਼ ਦਿੱਖ ਹੀ ਨਹੀਂ ਸਗੋਂ ਸ਼ਖ਼ਸ਼ੀਅਤ ਦੇ ਬਹੁਤ ਸਾਰੇ ਪਹਿਲੂਆਂ ਸਾਹਮਣੇ ਆਉਂਦੇ ਹਨ। ਜਿਵੇਂ ਕਿਸੇ ਸਿਆਸਤਦਾਨ ਦੀ ਸ਼ਖ਼ਸ਼ੀਅਤ ਦੀ ਯੋਗਤਾ ਦਾ ਅੰਦਾਜ਼ਾ ਉਸ ਦੇ ਹਾਵ-ਭਾਵ, ਗੱਲਬਾਤ ਦੇ ਅੰਦਾਜ਼ ਅਤੇ ਹੋਰ ਕਈ ਗੱਲਾਂ ਤੋਂ ਲਾਇਆ ਜਾਂਦਾ ਹੈ।

ਇਹ ਵੀ ਪੜ੍ਹੋ:

ਲੋਕ ਭਾਵੇਂ ਉਨ੍ਹਾਂ ਲੋਕਾਂ ਨੂੰ ਨਿੱਜੀ ਤੌਰ ਤੇ ਨਾ ਜਾਣਦੇ ਹੋਣ ਪਰ ਦੇਖ ਕੇ ਅੰਦਾਜ਼ਾ ਲਾ ਲੈਂਦੇ ਹਨ ਕਿ ਉਹ ਸਫ਼ਲ ਸਿਆਸਤਦਾਨ ਹੋਵੇਗਾ ਜਾਂ ਨਹੀਂ।

ਖੋਜੀ ਅਤੇ ਫੇਸ ਵੈਲਿਊ ਕਿਤਾਬ ਦੇ ਲੇਖਕ ਅਲੈਗਜ਼ੈਂਡਰ ਟੋਡੋਰੋਵ ਇਸ ਨਾਲ ਸਹਿਮਤੀ ਨਹੀਂ ਰੱਖਦੇ। ਉਨ੍ਹਾਂ ਮੁਤਾਬਕ ਪਹਿਲੀ ਨਜ਼ਰ ਵਿੱਚ ਬਣੀ ਧਾਰਣਾ ਗਲਤ ਵੀ ਹੋ ਸਕਦੀ ਹੈ। ਪਹਿਲਾ ਪ੍ਰਭਾਵ ਸਿਰਫ਼ ਅਜਨਬੀਆਂ ਬਾਰੇ ਬਣਦਾ ਹੈ। ਲਿਹਾਜ਼ਾ ਉਨ੍ਹਾਂ ਬਾਰੇ ਬਣਾਈ ਗਈ ਧਾਰਣਾ ਓਪਰੀ-ਓਪਰੀ ਜਿਹੀ ਹੁੰਦੀ ਹੈ ਨਾ ਕਿ ਸਟੀਕ।

ਸਾਡੀ ਦਿੱਖ ਨੂੰ ਪ੍ਰਭਾਵਿਤ ਕਰਨ ਵਾਲੇ ਤਿੰਨ ਕਾਰਕ

ਦੁਨੀਆਂ ਭਰ ਵਿੱਚ ਫੇਸ ਵੈਲਿਊ ਤਿੰਨ ਗੱਲਾਂ ਧਿਆਨ ਵਿੱਚ ਰੱਖ ਕੇ ਬਣਾਈ ਜਾਂਦੀ ਹੈ।

  • ਖਿੱਚ ਤੋਂ ਭਾਵ ਹੈ ਜਿਸ ਨਾਲ ਗੁਣਵੱਤਾ ਵਾਲੇ ਸਰੀਰਕ ਸੰਬੰਧ ਬਣਾਏ ਜਾ ਸਕਣ।
  • ਭਰੋਸੇਯੋਗਤਾ ਤੋਂ ਭਾਵ ਹੈ ਜੋ ਜ਼ਿੰਮੇਵਾਰੀਆਂ ਨਿਭਾ ਸਕਦਾ ਹੋਵੇ।
  • ਪ੍ਰਬਲਤਾ ਦਾ ਭਾਵ ਹੈ ਕਿ ਜਿਸ ਵਿੱਚ ਝਗੜਾ, ਤਣਾਅ ਘੱਟ ਕਰਨ ਦੀ ਸਮਰੱਥਾ ਹੋਵੇ।

ਰਿਸਰਚਰ ਪ੍ਰਬਲਤਾ ਨੂੰ ਜਿਸਮਾਨੀ ਤੌਰ ਤੇ ਮਜ਼ਬੂਤ ਹੋਣ ਨਾਲ ਵੀ ਜੋੜ ਕੇ ਦੇਖਦੇ ਹਨ। ਇਸ ਸੰਬੰਧ ਵਿੱਚ ਮਰਦ ਅਤੇ ਔਰਤ ਲਈ ਇੱਕੋ-ਜਿਹੀ ਰਾਇ ਨਹੀਂ ਬਣਾਈ ਜਾ ਸਕਦੀ। ਮਿਸਾਲ ਵਜੋਂ ਜੇ ਕੋਈ ਸੁਡੌਲ ਅਤੇ ਭਰਵੇਂ ਜੁੱਸੇ ਵਾਲਾ ਮਰਦ ਹੈ ਤਾਂ ਇਹ ਗੱਲ ਉਸ ਦੇ ਪੱਖ ਵਿੱਚ ਜਾਂਦੀ ਹੈ।

ਉਸ ਦੇ ਮੁਕਾਬਲੇ ਜੇ ਉਸੇ ਵਰਗੇ ਕੱਦ-ਕਾਠ ਵਾਲੀ ਔਰਤ ਹੋਵੇ ਤਾਂ ਬੁਰਾ ਸਮਝਿਆ ਜਾਂਦਾ ਹੈ। ਲਿਹਾਜ਼ਾ ਚਿਹਰਾ ਦੇਖ ਕੇ ਕਿਸੇ ਬਾਰੇ ਕੋਈ ਰਾਇ ਬਣਾਉਣਾ ਸਹੀ ਨਹੀਂ ਹੈ।

ਵਰਚੂਅਲ ਦੁਨੀਆਂ ਵਿੱਚ ਪ੍ਰਭਾਵ

ਛੱਤਾਂ ਤੇ ਖੜ੍ਹ ਕੇ ਇੱਕ ਦੂਸਰੇ ਨੂੰ ਇਸ਼ਾਰੇ ਕਰਨ ਦਾ ਅਤੇ ਅੱਖ-ਮੱਟਕੇ ਨਾਲ ਪਿਆਰ ਦੀਆਂ ਪੀਂਘਾਂ ਪਾਉਣ ਦਾ ਸਮਾਂ ਹੁਣ ਲੱਥ ਗਿਆ। ਇਹ ਨਵੀਂ ਤਕਨੀਕ ਦਾ ਸਮਾਂ ਹੈ ਜਿੱਥੇ ਵਰਚੂਅਲ ਦੁਨੀਆਂ ਵਿੱਚ ਅਸਲੀ ਜ਼ਿੰਦਗੀ ਦੇ ਅਸਲੀ ਰਿਸ਼ਤੇ ਬਣਾਏ ਜਾਂਦੇ ਹਨ।

ਅੱਜ-ਕੱਲ੍ਹ ਬਹੁਤ ਸਾਰੀਆਂ ਡੇਟਿੰਗ ਐਪਲੀਕੇਸ਼ਨਾਂ ਮੌਜੂਦ ਹਨ, ਜਿੱਥੇ ਲੱਖਾਂ ਲੋਕ ਦੋਸਤੀ ਕਰ ਰਹੇ ਹਨ। ਲੋਕ ਕਿਸੇ ਦੀ ਫੋਟੋ ਦੇਖ ਕੇ ਫਿਦਾ ਹੋ ਜਾਂਦੇ ਹਨ ਤਾਂ ਕਿਸੇ ਨੂੰ ਰੱਦ ਕਰ ਦਿੰਦੇ ਹਨ। ਉਹ ਇਹ ਵੀ ਭੁੱਲ ਜਾਂਦੇ ਹਨ ਕਿ ਤਕਨੀਕ ਨਾਲ ਕੋਈ ਫੋਟੋ ਦਿਲਕਸ਼ ਬਣਾਈ ਜਾ ਸਕਦੀ ਹੈ।

ਇਸ ਤੋਂ ਇਲਾਵਾ, ਇਹ ਦੇਖਣਾ ਵੀ ਜ਼ਰੂਰੀ ਹੈ ਕਿ ਫੋਟੋ ਕਿਸ ਪਾਸਿਓਂ ਲਿਆ ਗਿਆ ਹੈ। ਮਿਸਾਲ ਵਜੋਂ ਜੇ ਫੋਟੋ ਹੇਠਾਂ ਤੋਂ ਲਈ ਗਈ ਹੈ ਤਾਂ ਧਾਰਨਾ ਬਣਾਈ ਜਾ ਸਕਦੀ ਹੈ ਕਿ ਵਿਅਕਤੀ ਦਬੰਗ ਸੁਭਾਅ ਦਾ ਮਾਲਕ ਹੈ।

ਇਹ ਗੱਲ ਕਿਸੇ ਮਰਦ ਦੇ ਤਾਂ ਪੱਖ ਵਿੱਚ ਜਾ ਸਕਦੀ ਹੈ ਪਰ ਔਰਤਾਂ ਦੇ ਪੱਖ ਵਿੱਚ ਨਹੀਂ ਜਾਂਦੀ। ਕਾਰਨ-ਕਿਸੇ ਨੂੰ ਵੀ ਦਬੰਗ ਔਰਤ ਨੂੰ ਪਸੰਦ ਨਹੀਂ ਆਉਂਦੀ।

ਅਮਰੀਕਾ ਦੀ ਵੈਸਟ ਵਰਜੀਨੀਆ ਯੂਨੀਵਰਸਿਟੀ ਦੀ ਪ੍ਰੋਫੈਸਰ ਲੀਸਲ ਸ਼ਰਬੀ ਦਾ ਕਹਿਣਾ ਹੈ ਕਿ ਆਨਲਾਈਨ ਡੇਟਿੰਗ ਲਈ ਜਿਨ੍ਹਾਂ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਨ੍ਹਾਂ ਦੇ ਆਧਾਰ ਤੇ ਹੀ ਅਗਲੀ ਮੁਲਾਕਾਤ ਦਾ ਮਸੌਦਾ ਤੈਅ ਹੁੰਦਾ ਹੈ।

ਇਹ ਵੀ ਪੜ੍ਹੋ:

ਰਵਾਇਤੀ ਤੌਰ 'ਤੇ ਰੁਮਾਂਟਿਕ ਰਿਸ਼ਤਿਆਂ ਵਿੱਚ ਗੱਲਬਾਤ ਦੀ ਸ਼ੁਰੂਆਤ ਮਰਦਾਂ ਵੱਲੋਂ ਹੁੰਦੀ ਹੈ। ਇਸਦੇ ਉਲਟ, ਵਰਚੂਅਲ ਦੁਨੀਆਂ ਵਿੱਚ ਇਹ ਫ਼ਰਕ ਨਜ਼ਰ ਨਹੀਂ ਆਉਂਦਾ। ਇੱਥੇ ਔਰਤਾਂ ਤੇ ਮਰਦ ਦੋਵੇਂ ਹੀ ਗੱਲਬਾਤ ਸ਼ੁਰੂ ਕਰ ਲੈਂਦੇ ਹਨ। ਹੁਣ ਇਸ ਅਧਾਰ ਤੇ ਉਨ੍ਹਾਂ ਦੇ ਕਿਰਦਾਰ ਬਾਰੇ ਕੋਈ ਧਾਰਨਾ ਨਹੀਂ ਬਣਾਈ ਜਾ ਸਕਦੀ।

ਆਨਲਾਈਨ ਦੁਨੀਆਂ ਦੇ ਰਿਸ਼ਤੇ

ਆਨਲਾਈਨ ਡੇਟਿੰਗ ਐਪਲੀਕੇਸ਼ਨਾਂ ਦੀ ਦੁਨੀਆਂ ਵਿੱਚ ਰਿਸ਼ਤੇ ਬਹੁਤ ਰਣਨੀਤੀ ਵਾਂਗ ਬਣਾਏ ਜਾਂਦੇ ਹਨ। ਇਸ ਲਈ ਬਾਕਾਇਦਾ ਘੱਟੋ-ਘੱਟ 18 ਕਿਸਮਾਂ ਦੀਆਂ ਰਣਨੀਤੀਆਂ ਦਾ ਜ਼ਿਕਰ ਰਿਸਰਚ ਰਿਪੋਰਟ ਵਿੱਚ ਮਿਲਦਾ ਹੈ। ਜੇ ਆਨਲਾਈਨ ਪਹਿਲੀ ਮੁਲਾਕਾਤ ਸਫ਼ਲ ਰਹਿੰਦੀ ਹੈ ਤਾਂ, ਗੱਲ ਅਗਲੀ ਮੁਲਾਕਾਤ ਤੱਕ ਪਹੁੰਚਦੀ ਹੈ। ਜਿਸ ਵਿੱਚ ਦੋਵੇਂ ਪਾਰਟਨਰ ਆਪਣੀਆਂ ਪਸੰਦਾਂ-ਨਾ-ਪਸੰਦਾਂ ਬਾਰੇ ਇੱਕ ਦੂਸਰੇ ਨੂੰ ਦੱਸਦੇ ਹਨ।

ਗੱਲ ਜੇ ਅੱਗੇ ਵਧਦੀ ਹੈ ਤਾਂ ਫਿਰ ਗੱਲ ਹੁੰਦੀ ਹੈ, ਰੁਤਬੇ, ਪੈਸੇ ਅਤੇ ਪਿਆਰ ਦੀ। ਜੇ ਆਨਲਾਈਨ ਇਹ ਸਭ ਮਸਲੇ ਹੱਲ ਹੋ ਜਾਣ ਤਾਂ ਨਿੱਜੀ ਮੁਲਾਕਾਤ ਕਰਨ ਵਿੱਚ ਸੌਖ ਰਹਿੰਦੀ ਹੈ।

ਆਨਲਾਈਨ ਡੇਟਿੰਗ ਦਾ ਸਭ ਤੋਂ ਵੱਡਾ ਲਾਭ ਇਹ ਹੁੰਦਾ ਹੈ ਕਿ ਤੁਹਾਨੂੰ ਫੈਸਲਾ ਕਰਨ ਲਈ ਚੰਗਾ-ਚੋਖਾ ਸਮਾਂ ਮਿਲ ਜਾਂਦਾ ਹੈ। ਉੱਥੇ ਇਹ ਵੀ ਸੰਭਵ ਹੈ ਕਿ ਕਿਸੇ ਵਿਅਕਤੀ ਨੂੰ ਮਿਲੇ ਬਿਨਾਂ ਉਸਦੇ ਬਾਰੇ ਇੱਕ ਧਾਰਨਾ ਬਣਨ ਲਗਦੀ ਹੈ, ਜੋ ਉਮੀਦਾਂ ਉੱਪਰ ਪਾਣੀ ਫੇਰ ਸਕਦੀ ਹੈ।

ਲੋਕ ਅਕਸਰ ਆਪਣੀਆਂ ਪਸੰਦਾਂ-ਨਾ-ਪਸੰਦਾਂ ਵੀ ਗਲਤ ਦੱਸਦੇ ਹਨ। ਮਿਸਾਲ ਵਜੋਂ ਮਰਦ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਿਆਣੀਆਂ ਸੁਲਝੀਆਂ ਹੋਈਆਂ ਔਰਤਾਂ ਪਸੰਦ ਆਉਂਦੀਆਂ ਹਨ ਪਰ ਅਜਿਹਾ ਨਹੀਂ ਹੈ। ਮਰਦਾਂ ਨੂੰ ਆਪਣੇ ਤੋਂ ਘੱਟ ਅਕਲਮੰਦ ਔਰਤਾਂ ਪਸੰਦ ਆਉਂਦੀਆਂ ਹਨ, ਤਾਂ ਕਿ ਉਨ੍ਹਾਂ ਦੇ ਸਿਆਣੇ ਹੋਣ ਦਾ ਰੁਤਬਾ ਕਾਇਮ ਰਹੇ।

ਇਹ ਗੱਲ ਪਰ ਹਰ ਇਨਸਾਨ ਉੱਪਰ ਲਾਗੂ ਨਹੀਂ ਹੁੰਦੀ। ਅਸੀਂ ਸਾਰੇ ਆਪਣੇ ਜੀਵਨ ਸਾਥੀ ਦੀ ਚੋਣ ਲਈ ਕਈ ਸਾਰੇ ਪੈਮਾਨੇ ਬਣਾ ਲੈਂਦੇ ਹਾਂ ਪਰ ਕਈ ਵਾਰ ਸਾਨੂੰ ਅਜਿਹੇ ਲੋਕ ਪਸੰਦ ਆ ਜਾਂਦੇ ਹਨ ਜੋ ਸਾਡੀ ਕਿਸੇ ਵੀ ਕਸੌਟੀ ਉੱਪਰ ਖਰੇ ਨਹੀਂ ਉੱਤਰਦੇ ਹੁੰਦੇ।

ਫਿਲਹਾਲ ਇਹ ਕਹਿਣਾ ਮੁਸ਼ਕਿਲ ਹੈ ਕਿ ਪਹਿਲੀ ਨਜ਼ਰ ਵਿੱਚ ਕਿਸੇ ਵੀ ਬਾਰੇ ਬਣਾਈ ਗਈ ਰਾਇ ਹਮੇਸ਼ਾ ਸਹੀ ਹੋਵੇਗੀ। ਜਿੱਥੋਂ ਤੱਕ ਗੱਲ ਹੈ ਪਿਆਰ ਦੀ ਤਾਂ ਉਹ ਕਦੋਂ, ਕਿੱਥੇ ਅਤੇ ਕਿਸ ਨਾਲ ਹੋ ਜਾਵੇ ਕਿਹਾ ਨਹੀਂ ਜਾ ਸਕਦਾ। ਇਸ਼ਕ ਦੇ ਰਿਸ਼ਤੇ ਵਿੱਚ ਸਾਰੇ ਪੈਮਾਨੇ-ਕਸੌਟੀਆਂ ਧਰੀਆਂ ਰਹਿ ਜਾਂਦੀਆਂ ਹਨ। ਕਿਉਂਕਿ ਪਿਆਰ ਸੋਚ-ਵਿਚਾਰ ਕੇ ਨਹੀਂ ਕੀਤਾ ਜਾਂਦਾ ਬਸ ਹੋ ਜਾਂਦਾ ਹੈ।

ਇਹ ਵੀ ਪੜ੍ਹੋ

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)