You’re viewing a text-only version of this website that uses less data. View the main version of the website including all images and videos.
ਲੋਕ ਸਭਾ ਚੋਣਾਂ 2019: ਡੇਰਾ ਸੱਚਾ ਸੌਦਾ ਪ੍ਰੇਮੀ ਇਸ ਵਾਰ ਕਿਸਨੂੰ ਪਾਉਣਗੇ ਵੋਟਾਂ
- ਲੇਖਕ, ਪ੍ਰਭੂ ਦਿਆਲ
- ਰੋਲ, ਬੀਬੀਸੀ ਪੰਜਾਬੀ ਲਈ
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ ਮਗਰੋਂ ਆਈਆਂ ਪਹਿਲੀਆਂ ਲੋਕ ਸਭਾ ਚੋਣਾਂ ਡੇਰਾ ਪ੍ਰੇਮੀਆਂ ਨੂੰ ਮੁੜ ਲਾਮਬੰਦ ਕਰਨਗੀਆਂ। ਡੇਰੇ ਦੇ ਪ੍ਰੇਮੀ ਇਸ ਵਾਰ ਕਿਹੜੀ ਪਾਰਟੀ ਨੂੰ ਵੋਟਾਂ ਪਾਉਣਗੇ ਇਹੀ ਸਵਾਲ ਸਿਆਸੀ ਤੇ ਮੀਡੀਆ ਹਲਕਿਆਂ ਵਿਚ ਚਰਚਾ ਦਾ ਮੁੱਦਾ ਬਣਿਆ ਹੋਇਆ ਹੈ।
ਸਾਧਵੀ ਬਲਾਤਕਾਰ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਹਰਿਆਣਾ ਦੀ ਸੋਨਾਰੀਆਂ ਜੇਲ੍ਹ ਵਿਚ ਬੰਦ ਹਨ।
ਡੇਰਾ ਮੁਖੀ ਜੇਲ੍ਹ ਜਾਣ ਦੌਰਾਨ ਬਹੁਤ ਸਾਰੇ ਡੇਰਾ ਪ੍ਰੇਮੀ ਸੰਸਥਾ ਤੋਂ ਦੂਰ ਹੋ ਗਏ ਸਨ, ਪਰ ਹੁਣ ਚੋਣਾਂ ਦੌਰਾਨ ਡੇਰਾ ਪ੍ਰੇਮੀਆਂ ਨੂੰ ਇੱਕਜੁੱਟ ਕਰਕੇ ਡੇਰਾ ਪ੍ਰਬੰਧਕ ਆਪਣੀ ਤਾਕਤ ਦੇ ਮੁਜ਼ਾਹਰੇ ਦੀ ਤਿਆਰੀ ਕੱਸ ਰਹੇ ਹਨ।
ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਡੇਰੇ ਵੱਲੋਂ ਭਾਜਪਾ ਨੂੰ ਖੁਲ੍ਹੇਆਮ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਵਾਰ ਕਿਸੇ ਵੀ ਪਾਰਟੀ ਨੂੰ ਹਮਾਇਤ ਦੇਣ ਤੋਂ ਹਾਲੇ ਡੇਰਾ ਪ੍ਰੇਮੀ ਗੁਰੇਜ਼ ਕਰ ਰਹੇ ਹਨ।
ਡੇਰੇ ਦਾ ਇਕ ਸਿਆਸੀ ਵਿੰਗ ਬਣਿਆ ਹੋਇਆ ਹੈ ਜਿਹੜਾ ਚੋਣਾਂ ਵੇਲੇ ਸਿਆਸੀ ਫੈਸਲੇ ਲੈਂਦਾ ਰਿਹਾ ਹੈ, ਡੇਰਾ ਮੁਖੀ ਜੇਲ੍ਹ ਜਾਣ ਤੋਂ ਬਾਅਦ ਡੇਰੇ ਦੀ ਪ੍ਰਬੰਧਕੀ ਕਮੇਟੀ ਦੇ ਕਾਫ਼ੀ ਆਗੂ ਅੰਡਰ ਗਰਾਉਂਡ ਸਨ। ਹੁਣ ਉਹ ਮੁੜ ਸਰਰਗਮ ਹੋ ਗਏ ਹਨ ।
ਹਰਿਆਣਾ ਵਿੱਚ ਭਾਜਪਾ ਨੂੰ ਬਹੁਮਤ ਮਿਲਣ ਮਗਰੋਂ ਹਰਿਆਣਾ ਸਰਕਾਰ ਦੇ ਕਈ ਮੰਤਰੀ ਤੇ ਵਿਧਾਇਕ ਸਿਰਸਾ ਆ ਕੇ ਡੇਰਾ ਮੁਖੀ ਨੂੰ ਮਿਲੇ ਸਨ।
ਇਹ ਵੀ ਪੜ੍ਹੋ:
ਡੇਰਾ ਮੁਖੀ ਦੇ ਜੇਲ੍ਹ ਜਾਣ ਮਗਰੋਂ ਪੰਚਕੂਲਾ ਤੇ ਸਿਰਸਾ ਵਿੱਚ ਹੋਈ ਹਿੰਸਾ ਮਗਰੋਂ ਅਦਾਲਤ ਵੱਲੋਂ ਡੇਰੇ ਦੀਆਂ ਕਈ ਸੰਸਥਾਵਾਂ ਦੇ ਬੈਂਕ ਖਾਤੇ ਸੀਲ ਕਰ ਦਿੱਤੇ ਗਏ ਸਨ।
ਜਿਸ ਤੋਂ ਬਾਅਦ ਕਈ ਡੇਰੇ ਦੇ ਕਈ ਅਦਾਰਿਆਂ ਨੂੰ ਆਰਥਿਕ ਮੰਦਹਾਲੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਡੇਰਾ ਪ੍ਰੇਮੀ ਹਿੰਸਾ ਦੇ ਇਲਜ਼ਾਮ ਵਿੱਚ ਜੇਲ੍ਹ 'ਚ ਬੰਦ ਹਨ ਤੇ ਕਈ ਹਾਲੇ ਅੰਡਰਗਰਾਉਂਡ ਹਨ।
ਸਿਆਸਤਦਾਨਾਂ ਨੂੰ ਅਜੇ ਵੀ ਆਸਾਂ
ਡੇਰੇ ਦੇ 'ਨਾਮ ਚਰਚਾ' ਸਮਾਗਮਾਂ ਦੌਰਾਨ ਡੇਰੇ ਦੇ ਪ੍ਰੇਮੀਆਂ ਨੂੰ ਇੱਕ ਜੁੱਟ ਹੋਣ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ।
ਡੇਰਾ ਪ੍ਰੇਮੀਆਂ ਵੱਲੋਂ ਪੰਜਾਬ ਸਮੇਤ ਕਈ ਥਾਵਾਂ 'ਤੇ ਵੱਡੇ ਇਕੱਠ ਕੀਤੇ ਗਏ ਹਨ, ਜਿਥੇ ਪ੍ਰੇਮੀਆਂ ਨੂੰ 'ਨਾਮ ਚਰਚਾ' ਦੇ ਨਾਲ-ਨਾਲ ਇਕਜੁੱਟ ਹੋਣ ਦਾ ਸੱਦਾ ਦਿੱਤਾ ਗਿਆ ਹੈ।
ਅਗਾਮੀ 29 ਅਪ੍ਰੈਲ ਨੂੰ ਡੇਰੇ ਦਾ ਸਥਾਪਨਾ ਦਿਵਸ ਹੈ। 29 ਅਪ੍ਰੈਲ ਨੂੰ ਸਿਰਸਾ ਦੇ ਮੁੱਖ ਡੇਰੇ ਵਿੱਚ ਵੱਡੇ ਇਕੱਠ ਹੋਣ ਦੀ ਸੰਭਾਵਨਾ ਹੈ।
ਚੋਣਾਂ ਦੌਰਾਨ ਡੇਰੇ ਵਿੱਚ ਗੇੜੇ 'ਤੇ ਗੇੜਾ ਲਾਉਣ ਵਾਲੇ ਸਿਆਸੀ ਆਗੂ ਇਸ ਵਾਰ ਭਾਵੇਂ ਡੇਰੇ ਨਹੀਂ ਜਾ ਰਹੇ ਪਰ ਡੇਰਾ ਪ੍ਰੇਮੀਆਂ ਤੋਂ ਵੋਟਾਂ ਮੰਗਣ ਤੋਂ ਵੀ ਪਰਹੇਜ ਨਹੀਂ ਕਰ ਰਹੇ।
ਸਿਆਸੀ ਆਗੂਆਂ ਵੱਲੋਂ ਡੇਰੇ ਨਾਲ ਆਪਣੇ ਪੁਰਾਣੇ ਸਬੰਧ ਹੋਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਸਿਆਸੀ ਆਗੂ ਲੋਕਤੰਤਰ ਵਿੱਚ ਕਿਸੇ ਤੋਂ ਵੀ ਵੋਟ ਦੀ ਮੰਗ ਨੂੰ ਆਪਣਾ ਅਧਿਕਾਰ ਦੱਸਦੇ ਹਨ। ਕਈ ਪਾਰਟੀਆਂ ਦੇ ਆਗੂਆਂ ਵੱਲੋਂ ਡੇਰੇ ਤੋਂ ਵੋਟਾਂ ਮੰਗਣ ਦੀ ਗੱਲ ਕਹੀ ਜਾ ਚੁਕੀ ਹੈ।
ਪਿਛਲੀਆਂ ਚੋਣਾਂ ਵਾਂਗ ਡੇਰੇ 'ਚ ਹੋਣ ਵਾਲੀਆਂ ਸਰਗਰਮੀਆਂ ਭਾਵੇਂ ਹਾਲੇ ਡੇਰੇ ਵਿੱਚ ਨਹੀਂ ਨਜ਼ਰ ਆ ਰਹੀਆਂ ਪਰ ਡੇਰਾ ਮੁਖੀ ਦੇ ਜੇਲ੍ਹ ਜਾਣ ਮਗਰੋਂ ਇਕ ਵਾਰ ਸੁੰਨਸਾਨ ਹੋਏ ਨਵੇਂ ਤੇ ਪੁਰਾਣੇ ਡੇਰੇ ਵਿੱਚ ਡੇਰਾ ਪ੍ਰੇਮੀਆਂ ਨੇ ਆਉਣਾ-ਜਾਣਾ ਸ਼ੁਰੂ ਹੋ ਗਿਆ ਹੈ।
ਭਾਵੇਂ ਕਿ ਆਮ ਨਾਲੋਂ ਡੇਰੇ ਆਉਣ ਵਾਲੇ ਪ੍ਰੇਮੀਆਂ ਦੀ ਗਿਣਤੀ ਹਾਲੇ ਬਹੁਤ ਘੱਟ ਵੇਖਣ ਨੂੰ ਮਿਲ ਰਹੀ ਹੈ।
ਡੇਰਾ ਪ੍ਰੇਮੀਆਂ ਦਾ ਮੂਡ
ਡੇਰੇ ਦੇ ਪ੍ਰਬੰਧਕੀ ਬਲਾਕ ਵਿੱਚ ਕੁਝ ਲੋਕ ਆਪਣੇ ਕੰਮ ਕਰਵਾਉਣ ਲਈ ਆ-ਜਾ ਰਹੇ ਸਨ। ਜਦੋਂ ਡੇਰੇ ਆਏ ਇਕ ਪ੍ਰੇਮੀ ਨਾਲ ਚੋਣਾਂ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਨੇ ਆਪਣੇ ਨਾਂ ਨੂੰ ਗੁਪਤ ਰੱਖਦਿਆਂ ਸਾਰੀਆਂ ਸਿਆਸੀ ਪਾਰਟੀਆਂ ਉੱਤੇ ਨਰਾਜ਼ਗੀ ਜਤਾਈ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਮੀਡੀਆ 'ਤੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਲਗਾਉਂਦਿਆਂ ਮੀਡੀਆ ਨੂੰ ਇੱਕਪਾਸੜ ਦੱਸਿਆ। ਉਨ੍ਹਾਂ ਨੇ ਕਿਹਾ ਕਿ ਵੋਟ ਦਾ ਅਧਿਕਾਰ ਉਨ੍ਹਾਂ ਦਾ ਨਿੱਜੀ ਅਧਿਕਾਰ ਹੈ ਤੇ ਉਹ ਸੋਚ ਸਮਝ ਕੇ ਹੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।
ਪੁਰਾਣੇ ਡੇਰੇ ਵਿੱਚ ਪਿਛਲੇ ਢਾਈ ਦਹਾਕਿਆਂ ਤੋਂ ਰਹਿ ਰਹੇ ਰਾਜਸਥਾਨ ਦੇ ਵਾਸੀ ਰੇਸ਼ਮ ਸਿੰਘ ਨੇ ਭਾਵੇਂ ਪਹਿਲਾਂ ਕੁਝ ਬੋਲਣ ਤੋਂ ਇਨਕਾਰ ਕੀਤਾ ਪਰ ਛੇਤੀ ਹੀ ਉਨ੍ਹਾਂ ਨੇ ਆਪਣੇ ਮਨ ਦੀ ਗੱਲ ਸਾਂਝੀ ਕਰਨ ਦੀ ਹਾਮੀ ਭਰ ਲਈ।
ਰੇਸ਼ਮ ਸਿੰਘ ਨੇ ਕਿਹਾ, ''ਪਿਤਾ ਜੀ (ਡੇਰਾ ਮੁਖੀ) ਹਮੇਸ਼ਾਂ ਹੀ ਉਨ੍ਹਾਂ ਲੋਕਾਂ ਦੇ ਹਮਾਇਤੀ ਰਹੇ ਹਨ, ਜਿਹੜੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਜਿਵੇਂ ਨਸ਼ਾ, ਕੰਨਿਆ ਭਰੂਣ ਹੱਤਿਆ ਵਰਗੀਆਂ ਬੁਰਾਈਆਂ ਨੂੰ ਖ਼ਤਮ ਕਰਨ ਅਤੇ ਵਾਤਾਵਰਨ ਨੂੰ ਬਚਾਉਣ ਲਈ ਕੋਸ਼ਿਸ਼ ਕਰਨ ਦਾ ਵਚਨ ਦਿੰਦੇ ਸਨ।''
ਰੇਸ਼ਮ ਸਿੰਘ ਨੇ ਕਿਹਾ, ''ਪਿਤਾ ਜੀ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਕਹਿੰਦੇ ਹੁੰਦੇ ਸਨ ਕਿ ਉਹ ਸ਼ਰਾਬ ਪਿਆ ਕੇ ਵੋਟਾਂ ਲੈਣ ਵਾਲਿਆਂ ਦੇ ਹਮਾਇਤੀ ਨਹੀਂ ਹਨ।''
ਉਨ੍ਹਾਂ ਨੇ ਕਿਹਾ ਕਿ ਡੇਰਾ ਪਹਿਲਾਂ ਵੀ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਰਿਹਾ ਹੈ, ਹੁਣ ਵੀ ਹੈ ਤੇ ਅੱਗੇ ਵੀ ਰਹੇਗਾ।
ਰੇਸ਼ਮ ਸਿੰਘ ਦੇ ਦਾਅਵੇ ਮੁਤਾਬਕ ਡੇਰਾ ਮੁਖੀ ਦੀਆਂ ਸ਼ਰਤਾਂ 'ਤੇ ਰਾਜਸੀ ਪਾਰਟੀਆਂ ਨੂੰ ਹਮਾਇਤ ਕੀਤੀ ਜਾਂਦੀ ਸੀ ਨਾ ਕਿ ਰਾਜਸੀ ਪਾਰਟੀਆਂ ਦੀਆਂ ਸ਼ਰਤਾਂ 'ਤੇ ਡੇਰਾ ਉਨ੍ਹਾਂ ਦੀ ਹਮਾਇਤ ਕਰਦਾ ਸੀ।
ਰੇਸ਼ਮ ਸਿੰਘ ਨੇ ਦੱਸਿਆ ਕਿ ਹੁਣ ਵੀ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਕੰਮ ਕਰਨ ਵਾਲੀਆਂ ਪਾਰਟੀਆਂ ਦੀ ਹੀ ਹਮਾਇਤ ਕੀਤੀ ਜਾਵੇਗੀ। ਵੋਟ ਉਨ੍ਹਾਂ ਦਾ ਨਿੱਜੀ ਅਧਿਕਾਰ ਹੈ ਤੇ ਇਸ ਦੀ ਵਰਤੋਂ ਉਹ ਗੁਪਤ ਰੂਪ 'ਚ ਹੀ ਕਰਨਗੇ।
ਰੇਸ਼ਮ ਸਿੰਘ ਨੇ ਕਿਹਾ ਕਿ ਹਾਲੇ ਤੱਕ ਡੇਰੇ 'ਚ ਕੋਈ ਸਿਆਸੀ ਆਗੂ ਨਹੀਂ ਆਇਆ।
ਇਹ ਵੀ ਪੜ੍ਹੋ:
ਡੇਰੇ ਦੀ ਨਰਸਰੀ ਦਾ 15-20 ਸਾਲਾਂ ਤੋਂ ਕੰਮ ਸੰਭਾਲ ਰਹੇ ਭਾਗ ਸਿੰਘ ਨੇ ਸਰਕਾਰਾਂ ਉੱਤੇ ਨਿਆਂ ਨਾ ਕਰਨ ਦਾ ਦੋਸ਼ ਲਾਇਆ। ਉਹ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਮੋਗਾ ਤੋਂ ਇਥੇ ਆਏ ਸਨ।
ਬੱਚਿਆਂ ਨੂੰ ਸਿੱਖਿਅਤ ਕਰਕੇ ਉਨ੍ਹਾਂ ਕੈਨੇਡਾ ਭੇਜਿਆ ਹੈ। ਸਰਕਾਰਾਂ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਅੰਗਰੇਜ਼ ਸਰਕਾਰ ਵੇਲੇ ਤਾਂ ਲੋਕਾਂ ਨੂੰ ਨਿਆਂ ਮਿਲਦਾ ਸੀ ਪਰ ਹੁਣ ਪੈਸੇ ਦਾ ਬੋਲਬਾਲਾ ਹੈ।
ਭਾਗ ਸਿੰਘ ਨੇ ਕਿਹਾ, 'ਸਾਡੇ ਗੁਰੂ ਜੀ ਨਾਲ ਧੱਕਾ ਹੋਇਆ ਹੈ। ਵੋਟਾਂ ਬਾਰੇ ਹਾਲੇ ਅਸੀਂ ਕੁਝ ਨਹੀਂ ਸੋਚਿਆ।'
ਡੇਰੇ ਦਾ ਪੱਖ
ਡੇਰੇ ਦੇ ਬੁਲਾਰੇ ਅਜੈ ਧਮੀਜਾ ਨੇ ਕਿਹਾ ਹੈ ਕਿ ਡੇਰੇ ਦੇ ਪ੍ਰੇਮੀਆਂ ਦੀ ਚੋਣਾਂ ਬਾਰੇ ਰਾਏ ਲਈ ਜਾ ਰਹੀ ਹੈ। ਡੇਰੇ ਦਾ ਸਿਆਸੀ ਵਿੰਗ ਰਾਏ ਲੈ ਰਿਹਾ ਹੈ।
ਡੇਰੇ ਦੇ ਪ੍ਰੇਮੀਆਂ ਦੀ ਰਾਏ ਅਨੁਸਾਰ ਹੀ ਕੋਈ ਫੈਸਲਾ ਲਿਆ ਜਾਵੇਗਾ ਪਰ ਇਹ ਗੱਲ ਪੱਕੀ ਹੈ ਕਿ ਡੇਰਾ ਪ੍ਰੇਮੀ ਜੋ ਵੀ ਫੈਸਲਾ ਲੈਣਗੇ, ਇੱਕਜੁੱਟ ਹੋ ਕੇ ਲੈਣਗੇ।
ਇਹ ਫੈਸਲਾ ਪ੍ਰੇਮੀਆਂ ਦਾ ਹੁੰਦਾ ਹੈ, ਡੇਰੇ ਦਾ ਨਹੀਂ। ਡੇਰਾ ਸਿਰਫ ਸਮਾਜ ਭਲਾਈ ਦੇ ਕੰਮ ਦੇਖਦਾ ਹੈ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ