ਸੱਦਾਮ ਹੁਸੈਨ ਦਾ ਖਾਣਾ ਪਹਿਲਾਂ ਪਰਮਾਣੂ ਵਿਗਿਆਨੀ ਚੈੱਕ ਕਰਦੇ ਸਨ

    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਪੱਤਰਕਾਰ

ਸੱਦਾਮ ਹੁਸੈਨ ਨੂੰ ਵੱਡੇ-ਵੱਡੇ ਮਹਿਲ ਬਣਵਾਉਣ ਤੋਂ ਇਲਾਵਾ ਵੱਡੀਆਂ-ਵੱਡੀਆਂ ਮਸਜਿਦਾਂ ਬਣਵਾਉਣ ਦਾ ਵੀ ਸ਼ੌਕ ਸੀ। ਇੱਕ ਇਸੇ ਤਰ੍ਹਾਂ ਦੀ ਮਸਜਿਦ ਉਨ੍ਹਾਂ ਨੇ ਮੱਧ-ਬਗਦਾਦ ਵਿੱਚ ਬਣਵਾਈ ਸੀ ਜਿਸ ਨੂੰ 'ਉਮ ਅਲ ਮਾਰੀਕ' ਨਾਮ ਦਿੱਤਾ ਗਿਆ ਸੀ।

ਇਸ ਨੂੰ ਖਾਸ ਤੌਰ 'ਤੇ 2001 ਵਿੱਚ ਸੱਦਾਮ ਹੁਸੈਨ ਦੇ ਜਨਮ ਦਿਨ ਲਈ ਬਣਵਾਇਆ ਗਿਆ ਸੀ। ਖਾਸ ਗੱਲ ਇਹ ਸੀ ਕਿ ਇਸ ਦੀਆਂ ਮੀਨਾਰਾਂ ਸਕੱਡ ਮਿਸਾਈਲ ਦੀ ਸ਼ਕਲ ਦੀਆਂ ਸਨ।

ਇਹ ਉਹੀ ਮਿਸਾਈਲਾਂ ਸਨ ਜਿਨ੍ਹਾਂ ਨੂੰ ਸੱਦਾਮ ਹੂਸੈਨ ਨੇ ਖਾੜੀ ਯੁੱਧ ਦੌਰਾਨ ਇਸਰਾਈਲ 'ਤੇ ਦਗਵਾਇਆ ਸੀ।

'ਆਪ੍ਰੇਸ਼ਨ ਡੇਜ਼ਰਟ ਸਟਾਰਮ' ਜਿਹੜਾ 43 ਦਿਨ ਤੱਕ ਚੱਲਿਆ ਸੀ, ਦੀ ਯਾਦ ਦਿਵਾਉਣ ਲਈ ਇਨ੍ਹਾਂ ਮੀਨਾਰਾਂ ਦੀ ਉੱਚਾਈ 43 ਮੀਟਰ ਰੱਖੀ ਗਈ ਸੀ।

ਸੱਦਾਮ ਹੂਸੈਨ ਦੀ ਜੀਵਨੀ ਲਿਖਣ ਵਾਲੇ ਕੌਨ ਕਫ਼ਲਿਨ ਲਿਖਦੇ ਹਨ, "ਸੱਦਾਮ ਦੀ ਬਣਵਾਈ ਇੱਕ ਮਸਜਿਦ ਵਿੱਚ ਸੱਦਾਮ ਦੇ ਖ਼ੂਨ ਨਾਲ ਲਿਖੀ ਗਈ ਕੁਰਾਨ ਰੱਖੀ ਹੋਈ ਹੈ। ਉਸਦੇ ਸਾਰੇ 605 ਪੰਨਿਆਂ ਨੂੰ ਲੋਕਾਂ ਨੂੰ ਦਿਖਾਉਣ ਲਈ ਇੱਕ ਸ਼ੀਸ਼ੇ ਦੇ ਕੇਸ ਵਿੱਚ ਰੱਖਿਆ ਗਿਆ ਹੈ ਮਸਜਿਦ ਦੇ ਮੌਲਵੀ ਦਾ ਕਹਿਣਾ ਹੈ ਕਿ ਇਸਦੇ ਲਈ ਸੱਦਾਮ ਨੇ ਤਿੰਨ ਸਾਲਾਂ ਤੱਕ ਆਪਣਾ 26 ਲੀਟਰ ਖ਼ੂਨ ਦਿੱਤਾ ਸੀ।''

ਇਹ ਵੀ ਪੜ੍ਹੋ:

ਸੱਦਾਮ 'ਤੇ ਇੱਕ ਹੋਰ ਕਿਤਾਬ, 'ਸੱਦਾਮ ਹੂਸੈਨ, ਦਿ ਪਾਲੀਟਿਕਸ ਆਫ਼ ਰਿਵੇਂਜ' ਲਿਖਣ ਵਾਲੇ ਸੈਦ ਅਬੁਰਿਸ਼ ਦਾ ਮੰਨਣਾ ਹੈ ਕਿ ਸੱਦਾਮ ਦੀਆਂ ਵੱਡੀਆਂ-ਵੱਡੀਆਂ ਇਮਾਰਤਾਂ ਅਤੇ ਮਸਜਿਦਾਂ ਬਣਾਉਣ ਦਾ ਕਾਰਨ ਤਿਕਰਿਤ ਵਿੱਚ ਗੁਜ਼ਾਰਿਆ ਉਨ੍ਹਾਂ ਦਾ ਬਚਪਨ ਸੀ, ਜਿੱਥੇ ਉਨ੍ਹਾਂ ਦੇ ਪਰਿਵਾਰ ਕੋਲ ਉਨ੍ਹਾਂ ਲਈ ਇੱਕ ਜੁੱਤੀ ਖਰੀਦਣ ਦੇ ਵੀ ਪੈਸੇ ਨਹੀਂ ਹੁੰਦੇ ਸਨ।

ਖਾਸ ਫੁਹਾਰੇ ਅਤੇ ਸਵੀਮਿੰਗ ਪੂਲ

ਦਿਲਚਸਪ ਗੱਲ ਇਹ ਹੈ ਕਿ ਸੱਦਾਮ ਆਪਣੇ ਜਿਸ ਵੀ ਮਹਿਲ ਵਿੱਚ ਸੌਂਦੇ ਸਨ, ਉਹ ਸਿਰਫ਼ ਕੁਝ ਘੰਟੇ ਦੀ ਨੀਂਦ ਹੀ ਲੈਂਦੇ ਸੀ। ਉਹ ਅਕਸਰ ਸਵੇਰੇ ਤਿੰਨ ਵਜੇ ਤੈਰਨ ਲਈ ਉੱਠ ਜਾਂਦੇ ਸਨ।

ਇਰਾਕ ਵਰਗੇ ਰੇਗਿਸਤਾਨੀ ਮੁਲਕ ਵਿੱਚ ਪਹਿਲਾਂ ਪਾਣੀ ਧਨ ਅਤੇ ਤਾਕਤ ਦਾ ਪ੍ਰਤੀਕ ਹੁੰਦਾ ਸੀ ਅਤੇ ਅੱਜ ਵੀ ਹੈ।

ਇਸ ਲਈ ਸੱਦਾਮ ਦੇ ਹਰ ਮਹਿਲ ਵਿੱਚ ਫੁਹਾਰੇ ਅਤੇ ਸਵੀਮਿੰਗ ਪੂਲ ਦੀ ਭਰਮਾਰ ਰਹਿੰਦੀ ਸੀ। ਕਫ਼ਲਿਨ ਲਿਖਦੇ ਹਨ ਕਿ ਸੱਦਾਮ ਨੂੰ ਸਲਿੱਪ ਡਿਸਕ ਦੀ ਬਿਮਾਰੀ ਸੀ। ਉਨ੍ਹਾਂ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਇਸ ਦਾ ਸਭ ਤੋਂ ਚੰਗਾ ਇਲਾਜ ਹੈ ਕਿ ਖ਼ੂਬ ਤੁਰਨ-ਫਿਰਨ ਅਤੇ ਤੈਰਾਕੀ ਕਰਨ।

ਸੱਦਾਮ ਹੂਸੈਨ ਦੇ ਸਾਰੇ ਸਵੀਮਿੰਗ ਪੂਲਾਂ ਦੀ ਬਹੁਤ ਬਾਰੀਕੀ ਨਾਲ ਦੇਖਭਾਲ ਕੀਤੀ ਜਾਂਦੀ ਸੀ। ਉਨ੍ਹਾਂ ਦਾ ਤਾਪਮਾਨ ਕੰਟਰੋਲ ਵਿੱਚ ਰੱਖਿਆ ਜਾਂਦਾ ਸੀ ਅਤੇ ਇਹ ਵੀ ਯਕੀਨੀ ਬਣਾਇਆ ਜਾਂਦਾ ਸੀ ਕਿ ਪਾਣੀ ਵਿੱਚ ਜ਼ਹਿਰ ਤਾਂ ਨਹੀਂ ਮਿਲਾ ਦਿੱਤਾ ਗਿਆ।

ਸੱਦਾਮ 'ਤੇ ਇੱਕ ਹੋਰ ਕਿਤਾਬ ਲਿਖਣ ਵਾਲੇ ਅਮਾਜ਼ੀਆ ਬਰਮ ਲਿਖਦੇ ਹਨ, "ਇਹ ਦੇਖਦੇ ਹੋਏ ਕਿ ਸੱਦਾਮ ਦੇ ਸ਼ਾਸਨ ਦੇ ਕਈ ਦੁਸ਼ਮਣਾਂ ਨੂੰ ਥੇਲੀਅਮ ਦੇ ਜ਼ਹਿਰ ਨਾਲ ਮਾਰਿਆ ਗਿਆ ਸੀ, ਸੱਦਾਮ ਨੂੰ ਇਸ ਗੱਲ ਦਾ ਡਰ ਲੱਗਾ ਰਹਿੰਦਾ ਸੀ ਕਿ ਕਿਤੇ ਉਨ੍ਹਾਂ ਨੂੰ ਵੀ ਕੋਈ ਜ਼ਹਿਰ ਦੇ ਕੇ ਮਾਰ ਨਾ ਦੇਵੇ। ਹਫ਼ਤੇ ਵਿੱਚ ਦੋ ਵਾਰ ਉਨ੍ਹਾਂ ਦੇ ਬਗਦਾਦ ਦੇ ਮਹਿਲ ਵਿੱਚ ਤਾਜ਼ੀ ਮੱਛੀ, ਕੇਕੜੇ, ਝੀਂਗੇ, ਬੱਕਰੇ ਅਤੇ ਮੁਰਗੇ ਭਿਜਵਾਏ ਜਾਂਦੇ ਸਨ।"

ਉਹ ਅੱਗੇ ਲਿਖਦੇ ਹਨ, "ਰਾਸ਼ਟਰਪਤੀ ਦੇ ਮਹਿਲ ਵਿੱਚ ਜਾਣ ਤੋਂ ਪਹਿਲਾਂ ਪਰਮਾਣੂ ਵਿਗਿਆਨੀ ਉਨ੍ਹਾਂ ਦਾ ਪਰੀਖਣ ਕਰਕੇ ਇਸ ਗੱਲ ਦੀ ਜਾਂਚ ਕਰਦੇ ਸਨ ਕਿ ਕਿਤੇ ਇਨ੍ਹਾਂ ਵਿੱਚ ਰੇਡੀਏਸ਼ਨ ਜਾਂ ਜ਼ਹਿਰ ਤਾਂ ਨਹੀਂ ਹੈ।''

ਕਿਤਾਬ ਵਿੱਚ ਲਿਖਿਆ ਹੈ, ''ਸੱਦਾਮ ਦੇ ਮਹਿਲਾਂ ਦੀ ਗਿਣਤੀ 20 ਦੇ ਕਰੀਬ ਸੀ। ਉਨ੍ਹਾਂ ਵਿੱਚ ਹਰ ਸਮੇਂ ਕਰਮਚਾਰੀ ਮੌਜੂਦ ਰਹਿੰਦੇ ਸਨ ਅਤੇ ਸਾਰੇ ਮਹਿਲਾਂ ਵਿੱਚ ਤਿੰਨ ਸਮੇਂ ਖਾਣਾ ਬਣਦਾ ਸੀ, ਭਾਵੇਂ ਉਸ ਵਿੱਚ ਸੱਦਾਮ ਰਹਿ ਰਹੇ ਹੋਣ ਜਾਂ ਨਾ।"

ਚੰਗਾ ਦਿਖਣ ਲਈ ਛੱਡੀ ਰਵਾਇਤੀ ਵਰਦੀ

ਸੱਦਾਮ ਦੀ ਕਮਜ਼ੋਰੀ ਸੀ ਕਿ ਉਹ ਹਰ ਸਮੇਂ ਬਹੁਤ ਚੰਗਾ ਦਿਖਣਾ ਚਾਹੁੰਦੇ ਸਨ। ਇਸ ਲਈ ਬਾਅਦ ਵਿੱਚ ਉਨ੍ਹਾਂ ਨੇ ਰਵਾਇਤੀ ਜੈਤੂਨੀ ਰੰਗ ਦੀ ਫੌਜੀ ਵਰਦੀ ਛੱਡ ਕੇ ਸੂਟ ਪਹਿਨਣਾ ਸ਼ੁਰੂ ਕਰ ਦਿੱਤਾ ਸੀ।

ਅਜਿਹਾ ਉਨ੍ਹਾਂ ਨੇ ਤਤਕਾਲੀ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਕੋਫ਼ੀ ਅਨਨਾਨ ਦੀ ਸਲਾਹ 'ਤੇ ਕੀਤਾ ਸਾ ਜਿਨ੍ਹਾਂ ਦਾ ਮੰਨਣਾ ਸੀ ਕਿ ਸੂਟ ਪਹਿਨਣ ਨਾਲ ਵਿਸ਼ਵ ਨੇਤਾ ਦੇ ਰੂਪ ਵਿੱਚ ਉਨ੍ਹਾਂ ਦਾ ਅਕਸ ਬਿਹਤਰ ਹੋਵੇਗਾ।

ਸੱਦਾਮ ਹਮੇਸ਼ਾ ਆਪਣੇ ਵਾਲਾਂ ਵਿੱਚ ਖਿਜ਼ਾਬ ਲਗਾਉਂਦੇ ਸਨ ਅਤੇ ਲੋਕਾਂ ਸਾਹਮਣੇ ਪੜ੍ਹਨ ਵਾਲਾ ਚਸ਼ਮਾ ਲਗਾ ਕੇ ਕਦੇ ਸਾਹਮਣੇ ਨਹੀਂ ਆਉਂਦੇ ਸਨ। ਜਦੋਂ ਉਹ ਭਾਸ਼ਣ ਦਿੰਦੇ ਸਨ ਤਾਂ ਉਨ੍ਹਾਂ ਸਾਹਮਣੇ ਕਾਗਜ਼ 'ਤੇ ਵੱਡੇ-ਵੱਡੇ ਸ਼ਬਦ ਲਿਖੇ ਹੁੰਦੇ ਸਨ - ਇੱਕ ਪੰਨੇ 'ਤੇ ਸਿਰਫ਼ ਦੋ ਜਾਂ ਤਿੰਨ ਲਾਈਨਾਂ।

ਇਹ ਵੀ ਪੜ੍ਹੋ:

ਸੱਦਾਮ ਇਸ ਗੱਲ ਦਾ ਵੀ ਖਿਆਲ ਰੱਖਦੇ ਸਨ ਕਿ ਚਲਦੇ ਸਮੇਂ ਕੁਝ ਕਦਮਾਂ ਤੋਂ ਵੱਧ ਉਨ੍ਹਾਂ ਦੀ ਫ਼ਿਲਮ ਨਾ ਉਤਾਰੀ ਜਾਵੇ।

ਟੈਲੀਵਿਜ਼ਨ ਦੇਖਣ ਦਾ ਸ਼ੌਕ

ਕੌਨ ਕਫ਼ਲਿਨ ਲਿਖਦੇ ਹਨ ਕਿ 'ਸੱਦਾਮ ਦਿਨ ਵਿੱਚ ਕਈ ਵਾਰ ਛੋਟੀਆਂ-ਛੋਟੀਆਂ ਝਪਕੀਆਂ ਲੈਂਦੇ ਸਨ। ਕਈ ਵਾਰ ਤਾਂ ਅਜਿਹਾ ਹੁੰਦਾ ਸੀ ਕਿ ਉਹ ਬੈਠਕ ਦੇ ਵਿਚਾਲੇ ਹੀ ਉੱਠ ਕੇ ਨਾਲ ਦੇ ਕਮਰੇ ਵਿੱਚ ਚਲੇ ਜਾਂਦੇ ਸਨ ਅਤੇ ਇੱਕ ਛੋਟੀ ਨੀਂਦ ਲੈ ਕੇ ਅੱਧੇ ਘੰਟੇ ਬਾਅਦ ਤਰੋ-ਤਾਜ਼ਾ ਹੋ ਕੇ ਨਿਕਲਦੇ ਸਨ।'

ਸੱਦਾਮ ਨੂੰ ਟੈਲੀਵਿਜ਼ਨ ਦੇਖਣ ਦਾ ਵੀ ਸ਼ੌਕ ਸੀ ਅਤੇ ਉਹ ਜ਼ਿਆਦਾਤਰ ਸੀਐੱਨਐੱਨ, ਬੀਬੀਸੀ ਅਤੇ ਅਲਜਜ਼ੀਰਾ ਦੇਖਦੇ ਸਨ।

ਉਨ੍ਹਾਂ ਨੂੰ ਰੋਮਾਂਚਕ ਅੰਗ੍ਰੇਜ਼ੀ ਥ੍ਰਿਲਰਜ਼ ਦਾ ਵੀ ਸ਼ੌਕ ਸੀ ਅਤੇ ਅੰਗ੍ਰੇਜ਼ੀ ਫ਼ਿਲਮ 'ਦਿ ਡੇਅ ਆਫ਼ ਦਿ ਜੈਕਾਲ' ਉਨ੍ਹਾਂ ਦੀ ਪਸੰਦੀਦਾ ਫ਼ਿਲਮ ਸੀ।

ਸਾਲ 2002 ਦੀ ਸ਼ੁਰੂਆਤ ਵਿੱਚ ਸੱਦਾਮ ਨੇ ਕੈਬਨਿਟ ਬੈਠਕ ਦੌਰਾਨ ਆਪਣੇ ਇੱਕ ਮੰਤਰੀ ਨੂੰ ਆਪਣੀ ਘੜੀ ਦੇਖਦੇ ਹੋਏ ਦੇਖ ਲਿਆ।

ਜਦੋਂ ਬੈਠਕ ਖ਼ਤਮ ਹੋ ਗਈ ਤਾਂ ਉਨ੍ਹਾਂ ਨੇ ਉਸ ਮੰਤਰੀ ਨੂੰ ਰੁਕਣ ਲਈ ਕਿਹਾ। ਉਨ੍ਹਾਂ ਨੇ ਉਨ੍ਹਾਂ ਤੋਂ ਪੁੱਛਿਆ, 'ਕੀ ਤੁਹਾਨੂੰ ਬਹੁਤ ਛੇਤੀ ਹੈ?'

ਜਦੋਂ ਉਸ ਮੰਤਰੀ ਨੇ ਕਿਹਾ ਕਿ ਅਜਿਹੀ ਗੱਲ ਨਹੀਂ ਹੈ ਤਾਂ ਸੱਦਾਮ ਨੇ ਉਨ੍ਹਾਂ ਨੂੰ ਝਿੜਕਦੇ ਹੋਏ ਕਿਹਾ ਕਿ ਅਜਿਹਾ ਕਰਕੇ ਤੁਸੀਂ ਮੇਰੀ ਬੇਇੱਜ਼ਤੀ ਹੋਈ ਹੈ।

ਕਫ਼ਲਿਨ ਲਿਖਦੇ ਹਨ, "ਸੱਦਾਮ ਨੇ ਹੁਕਮ ਦਿੱਤਾ ਕਿ ਉਸ ਮੰਤਰੀ ਨੂੰ ਉਸੇ ਕਮਰੇ ਵਿੱਚ ਦੋ ਦਿਨਾਂ ਲਈ ਕੈਦ ਕਰਕੇ ਰੱਖਿਆ ਜਾਵੇ। ਉਹ ਮੰਤਰੀ ਦੋ ਦਿਨਾਂ ਤੱਕ ਉੱਥੇ ਹੀ ਕੈਦ ਰਿਹਾ ਅਤੇ ਉਸ ਨੂੰ ਲਗਦਾ ਰਿਹਾ ਕਿ ਉਸ ਨੂੰ ਕਦੇ ਵੀ ਬਾਹਰ ਲਿਜਾ ਕੇ ਗੋਲੀ ਮਾਰੀ ਜਾ ਸਕਦੀ ਹੈ। ਅਖ਼ੀਰ ਵਿੱਚ ਸੱਦਾਮ ਨੇ ਉਨ੍ਹਾਂ ਦੀ ਜਾਨ ਤਾਂ ਬਖ਼ਸ਼ ਦਿੱਤੀ ਪਰ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਹੱਥ ਧੋਣਾ ਪਿਆ।"

ਵਿਆਹੁਤਾ ਔਰਤਾਂ ਨਾਲ ਸਬੰਧ

ਸੱਦਾਮ ਦੇ ਲਈ ਉਨ੍ਹਾਂ ਦੇ ਵਿਰੋਧੀਆਂ ਤੋਂ ਵੱਧ ਉਨ੍ਹਾਂ ਦਾ ਖ਼ਦ ਦਾ ਪਰਿਵਾਰ ਪ੍ਰੇਸ਼ਾਨੀ ਦਾ ਕਾਰਨ ਸੀ ਅਤੇ ਉਸ ਵਿੱਚ ਬਹੁਤ ਵੱਡੀ ਭੂਮਿਕਾ ਸੀ ਉਨ੍ਹਾਂ ਦੀ ਆਪਣੀ ਪਤਨੀ ਸਾਜਿਦਾ ਦੇ ਪ੍ਰਤੀ ਬੇਵਫ਼ਾਈ ਦੀ।

1988 ਵਿੱਚ ਸੱਦਾਮ ਨੂੰ ਬਹੁਤ ਵੱਡੇ ਪਰਿਵਾਰਕ ਸੰਕਟ ਵਿੱਚੋਂ ਲੰਘਣਾ ਪਿਆ ਜਦੋਂ ਉਨ੍ਹਾਂ ਦੇ ਇਰਾਕੀ ਏਅਰਵੇਜ਼ ਦੇ ਡਾਇਰੈਕਟਰ ਦੀ ਪਤਨੀ ਸਮੀਰਾ ਸ਼ਾਹਬੰਦਰ ਨਾਲ ਸਬੰਧ ਬਣ ਗਏ।

ਸਮੀਰਾ ਲੰਬੀ ਸੀ, ਹਸੀਨ ਸੀ ਅਤੇ ਉਨ੍ਹਾਂ ਦੇ ਸੁਨਿਹਰੇ ਰੰਗ ਦੇ ਵਾਲ ਵੀ ਸਨ ਅਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਹ ਵਿਆਹੁਤਾ ਸੀ।

ਸੈਦ ਅਬੁਰਿਸ਼ ਲਿਖਦੇ ਹਨ,"ਕਈ ਸਾਲਾਂ ਤੱਕ ਰਾਸ਼ਟਰਪਤੀ ਮਹਿਲ ਵਿੱਚ ਕੰਮ ਕਰਨ ਵਾਲੇ ਇੱਕ ਅਧਿਕਾਰੀ ਨੇ ਮੈਨੂੰ ਦੱਸਿਆ ਸੀ ਕਿ ਸੱਦਾਮ ਨੂੰ ਵਿਆਹੁਤਾ ਔਰਤਾਂ ਨਾਲ ਸਬੰਧ ਬਣਾਉਣਾ ਖਾਸ ਤੌਰ 'ਤੇ ਪਸੰਦ ਸੀ। ਇਹ ਉਨ੍ਹਾਂ ਦੇ ਪਤੀਆਂ ਨੂੰ ਜ਼ਲੀਲ ਕਰਨ ਦਾ ਉਨ੍ਹਾਂ ਦਾ ਆਪਣਾ ਤਰੀਕਾ ਹੁੰਦਾ ਸੀ।"

ਸੱਦਾਮ ਦੀਆਂ ਇਸ ਤਰ੍ਹਾਂ ਦੀਆਂ ਰੰਗਰਲੀਆਂ ਦਾ ਇੰਤਜ਼ਾਮ ਉਨ੍ਹਾਂ ਦਾ ਆਪਣਾ ਅੰਗ ਰੱਖਿਅਕ ਹਨਾ ਜੇਨਜੇਨ ਕਰਦਾ ਸੀ।

ਇਹ ਵੀ ਪੜ੍ਹੋ:

ਜੇਨਜੇਨ 20 ਸਾਲਾਂ ਤੱਕ ਸੱਦਾਮ ਦਾ ਨਿੱਜੀ ਅੰਗ ਰੱਖਿਅਕ ਸੀ। ਦਿਲਚਸਪ ਗੱਲ ਇਹ ਸੀ ਕਿ ਜੇਨਜੇਨ ਸੱਦਾਮ ਦੇ ਰਸੋਈਏ ਦਾ ਮੁੰਡਾ ਸੀ।

ਉਨ੍ਹਾਂ ਦੇ ਬਹੁਤ ਸਾਰੇ ਕੰਮਾਂ ਵਿੱਚੋਂ ਇੱਕ ਕੰਮ ਸੱਦਾਮ ਨੂੰ ਦਿੱਤੇ ਜਾਣ ਵਾਲੇ ਖਾਣੇ ਨੂੰ ਖਾ ਕੇ ਵੀ ਦੇਖਣਾ ਸੀ ਕਿ ਉਸ ਵਿੱਚ ਕਿਤੇ ਜ਼ਹਿਰ ਤਾਂ ਨਹੀਂ ਮਿਲਾਇਆ ਗਿਆ ਸੀ।

ਸੱਦਾਮ ਦਾ ਮੰਨਣਾ ਸੀ ਕਿ ਉਨ੍ਹਾਂ ਦਾ ਰਸੋਈਆ ਉਨ੍ਹਾਂ ਦੇ ਖਾਣੇ ਵਿੱਚ ਇਸ ਲਈ ਵੀ ਜ਼ਹਿਰ ਨਹੀਂ ਮਿਲਾਏਗਾ ਕਿਉਂਕਿ ਉਸਦੇ ਖ਼ੁਦ ਦੇ ਮੁੰਡੇ ਨੂੰ ਪਹਿਲਾਂ ਖਾ ਕੇ ਦੇਖਣਾ ਹੁੰਦਾ ਸੀ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)