You’re viewing a text-only version of this website that uses less data. View the main version of the website including all images and videos.
ਕਿਰਕੁਕ ’ਚ ਇਰਾਕੀ ਫ਼ੌਜ ਦਾਖਲ, ਕੁਰਦਾਂ ਨੇ ਕੀਤੀ ਹਿਜਰਤ
ਇਰਾਕ ਦੇ ਸਰਕਾਰੀ ਫ਼ੌਜੀ ਦਸਤਿਆਂ ਨੇ ਕਿਰਕੁਕ ਦੇ ਬਾਹਰ ਅਹਿਮ ਠਿਕਾਣਿਆਂ ਦਾ ਕਬਜ਼ਾ ਕੁਰਦ ਬਲਾਂ ਤੋਂ ਲੈਣ ਤੋਂ ਬਾਅਦ ਹੁਣ ਕਿਰਕੁਕ ਦੇ ਕੇਂਦਰੀ ਇਲਾਕਿਆਂ 'ਚ ਦਾਖਲਾ ਕਰ ਲਿਆ ਹੈ।
ਕੁਰਦੀਸਤਾਨ ਦੇ ਵਿਵਾਦਿਤ ਆਜ਼ਾਦੀ ਰਾਏਸ਼ੁਮਾਰੀ ਦੇ ਤਿੰਨ ਹਫ਼ਤਿਆਂ ਬਾਅਦ ਈਰਾਕੀ ਫ਼ੌਜੀ ਦਸਤੇ ਕਿਰਕੁਕ 'ਚ ਦਾਖਲ ਹੋਏ ਹਨ।
25 ਸਤੰਬਰ ਨੂੰ ਕਿਰਕੁਕ ਸਣੇ ਕੁਰਦ ਦੇ ਕਬਜ਼ੇ ਵਾਲੇ ਇਲਾਕਿਆਂ 'ਚ ਲੋਕਾਂ ਨੇ ਈਰਾਕ ਤੋਂ ਵੱਖ ਹੋਣ ਲਈ ਵੋਟਾਂ ਪਾਈਆਂ ਸਨ।
ਇਰਾਕੀ ਫ਼ੌਜ ਦੇ ਅੱਗੇ ਵਧਣ ਤੋਂ ਪਹਿਲਾਂ ਹਜ਼ਾਰਾਂ ਲੋਕ ਸ਼ਹਿਰ ਤੋਂ ਪਲਾਇਨ ਕਰ ਗਏ।
ਇਰਾਕੀ ਫ਼ੌਜੀ ਦਸਤੇ ਇਸਲਾਮਿਕ ਸਟੇਟ ਦੇ ਲੜਾਕਿਆਂ ਨੂੰ ਭਜਾਉਣ ਤੋਂ ਬਾਅਦ ਕੁਰਦਾਂ ਦੇ ਕਬਜ਼ੇ ਵਾਲੇ ਇਲਾਕੇ 'ਤੇ ਫ਼ੇਰ ਤੋਂ ਕਬਜ਼ਾ ਕਰਨ ਦੇ ਮਕਸਦ ਨਾਲ ਅੱਗੇ ਵੱਧ ਰਹੇ ਹਨ।
ਕਿਰਕੁਕ ਕੁਰਦਿਸਤਾਨ ਤੋਂ ਬਾਹਰ ਹੈ, ਪਰ ਇੱਥੇ ਰਹਿਣ ਵਾਲੀ ਕੁਰਦ ਆਬਾਦੀ ਨੂੰ ਰਾਏਸ਼ੁਮਾਰੀ 'ਚ ਵੋਟਿੰਗ ਦੀ ਖੁੱਲ ਸੀ।
ਇਰਾਕ ਦੇ ਪ੍ਰਧਾਨ ਮੰਤਰੀ ਹੈਦਰ ਅਲ ਅਬਾਦੀ ਨੇ ਵੋਟਿੰਗ ਨੂੰ ਗੈਰ ਸੰਵਿਧਾਨਿਕ ਕਰਾਰ ਦਿੱਤਾ ਸੀ।
ਕੁਰਦਿਸਤਾਨ ਦੀ ਖ਼ੇਤਰੀ ਸਰਕਾਰ ਕੇਆਰਜੀ ਨੇ ਇਸ ਨੂੰ ਜਾਇਜ਼ ਮੰਨਣ 'ਤੇ ਜ਼ੋਰ ਦਿੱਤਾ ਸੀ।
ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਤਣਾਅ ਘੱਟ ਕਰਨ ਲਈ ਸਾਰੀਆਂ ਧਿਰਾਂ ਨਾਲ ਗੱਲਬਾਤ ਕਰ ਰਹੇ ਹਨ।
ਜਦਕਿ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਕਿਹਾ ਕਿ ਉਹ ਪੱਖ ਨਹੀਂ ਲੈ ਰਹੇ ਸਨ।
ਸੋਮਵਾਰ ਨੂੰ ਜਾਰੀ ਬਿਆਨ 'ਚ ਪੀਐਮ ਅਬਾਦੀ ਨੇ ਕਿਹਾ ਕਿ ਕਿਰਕੁਕ ਦਾ ਅਭਿਆਨ ਰਾਏਸ਼ੁਮਾਰੀ ਦੇ ਬਾਅਦ ''ਵੰਡ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਮੁਲਕ ਦੀ ਏਕਤਾ ਨੂੰ ਸੁਰੱਖਿਅਤ ਰੱਖਣ ਦੇ ਲਈ ਜ਼ਰੂਰੀ ਹੈ''।
ਇਰਾਕੀ ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਫ਼ੌਜੀ ਦਸਤਿਆਂ ਨੇ ਕੇ-1 ਫ਼ੌਜੀ ਅੱਡੇ, ਬਾਬਾ ਗੁਰਗੁਰ ਤੇਲ ਅਤੇ ਗੈਸ ਖ਼ੇਤਰ ਤੇ ਇੱਕ ਸਰਕਾਰੀ ਤੇਲ ਕੰਪਨੀ ਦੇ ਦਫ਼ਤਰ 'ਤੇ ਕਬਜ਼ਾ ਕਰ ਲਿਆ ਹੈ।
ਇਰਾਕੀ ਸਰਕਾਰ ਦਾ ਕਹਿਣਾ ਹੈ ਕਿ ਪਸ਼ਮਰਗਾ ਬਲ ਝੜਪਾਂ ਬਗੈਰ ਹੀ ਪਿੱਛੇ ਮੁੜ ਗਏ ਹਨ।
ਸ਼ਹਿਰ ਦੇ ਦੱਖਣ ਪਾਸੋਂ ਝੜਪਾਂ ਦੀਆਂ ਖ਼ਬਰਾਂ ਨੇ ਅਤੇ ਇੱਕ ਸੁਰੱਖਿਆ ਚੌਂਕੀ ਦੇ ਕੋਲ ਰਿਪੋਰਟਿੰਗ ਕਰ ਰਹੀ ਬੀਬੀਸੀ ਦੀ ਟੀਮ ਦੇ ਕੈਮਰਾਮੈਨ ਨੇ ਗੋਲੀਬਾਰੀ ਦੀਆਂ ਅਵਾਜ਼ਾਂ ਨੂੰ ਰਿਕਾਰਡ ਕੀਤਾ ਹੈ।
ਸੋਮਵਾਰ ਦੁਪਹਿਰ ਇੱਕ ਪਾਸੇ ਜਿੱਥੇ ਹਜ਼ਾਰਾਂ ਲੋਕ ਦੋਹਾਂ ਧਿਰਾਂ ਵੱਲੋਂ ਝੜਪਾਂ ਦੇ ਖੌਫ਼ ਨਾਲ ਸ਼ਹਿਰ ਛੱਡ ਕੇ ਭੱਜ ਰਹੇ ਸਨ, ਈਰਾਕੀ ਫ਼ੌਜੀ ਦਸਤੇ ਕਿਰਕੁਕ ਦੇ ਕੇਂਦਰੀ ਇਲਾਕਿਆਂ 'ਚ ਦਾਖਲ ਹੋ ਰਹੇ ਸਨ।
ਸੋਸ਼ਲ ਮੀਡੀਆ 'ਤੇ ਸਾਂਝੀ ਹੋਈ ਇੱਕ ਤਸਵੀਰ 'ਚ ਇਰਾਕੀ ਫ਼ੌਜੀ ਦਸਤਿਆਂ ਨੂੰ ਗਵਰਨਰ ਦੇ ਕੋਲ ਦਫ਼ਤਰ 'ਚ ਬੈਠੇ ਦਿਖਾਇਆ ਗਿਆ ਹੈ ।
ਖ਼ਬਰ ਏਜੰਸੀ ਰਾਇਟਰਸ ਮੁਤਾਬਕ ਫ਼ੌਜੀ ਦਸਤਿਆਂ ਨੇ ਇਰਾਕ ਦੇ ਰਾਸ਼ਟਰੀ ਝੰਡੇ ਨਾਲ ਫਹਿਰਾਏ ਗਏ ਕੁਰਦ ਝੰਡੇ ਨੂੰ ਲਾਹ ਦਿੱਤਾ ਹੈ।
ਇਰਾਕੀ ਫ਼ੌਜੀ ਦਸਤਿਆਂ ਦੇ ਸ਼ਹਿਰ 'ਚ ਦਾਖਲ ਹੋਣ ਤੋਂ ਬਾਅਦ ਦੋਹਾਂ ਮੁੱਖ ਬਲਾਂ ਦੀਆਂ ਪਾਰਟੀਆਂ ਨੇ ਇੱਕ ਦੂਜੇ 'ਤੇ ਧੋਖਾ ਦੇਣ ਦੇ ਦੋਸ਼ ਲਗਾਏ ਹਨ।
ਸਾਜਿਸ਼ ਦੇ ਇਲਜ਼ਾਮ
ਸੱਤਾਧਾਰੀ ਕੁਰਦਿਸਤਾਨ ਡੈਮੋਕ੍ਰੇਟਿਕ ਪਾਰਟੀ (ਕੇਡੀਪੀ) ਦੇ ਰਾਸ਼ਟਰਪਤੀ ਮਸੂਦ ਬਰਜਾਨੀ ਦੀ ਅਗਵਾਈ ਵਾਲੀ ਪਾਰਟੀ ਪਸ਼ਮਰਗਾ ਜਨਰਲ ਕਮਾਂਡ ਨੇ ਪੈਟਰੀਯੌਟਿਕ ਯੂਨੀਅਨ ਆਫ਼ ਕੁਰਦਿਸਤਾਨ ਯਾਨਿ ਪੀਯੂਕੇ 'ਤੇ ਕੁਰਦਿਸਤਾਨ ਦੇ ਲੋਕਾਂ ਖ਼ਿਲਾਫ਼ ਸਾਜਿਸ਼ 'ਚ ਮਦਦ ਕਰਨ ਦੇ ਇਲਜ਼ਾਮ ਲਗਾਏ ਹਨ।
ਉਧਰ ਪੀਯੂਕੇ ਨੇ ਆਪਣੇ ਬਲਾਂ ਨੂੰ ਪਿੱਛੇ ਹਟਨ ਦੇ ਹੁਕਮ ਦੇਣ 'ਚ ਸ਼ਾਮਿਲ ਹੋਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਦਰਜਨਾਂ ਹੀ ਲੜਾਕਿਆਂ ਨੂੰ ਮਾਰਿਆ ਗਿਆ ਅਤੇ ਕਈ ਜ਼ਖ਼ਮੀ ਵੀ ਹੋਏ ਹਨ।
ਪੀਯੂਕੇ ਨੇ ਕਿਹਾ ਕਿ ਕਿਰਕੁਕ ਦੀ ਲੜਾਈ 'ਚ ਹੁਣ ਤਕ ਕੇਡੀਪੀ ਪਸ਼ਮਰਗਾ ਬਲਾਂ ਦਾ ਇੱਕ ਵੀ ਲੜਾਕਾ ਨਹੀਂ ਮਾਰਿਆ ਗਿਆ।
ਇਸ ਵਿਚਾਲੇ ਤੁਰਕੀ ਨੇ ਇਰਾਕ ਦਾ ਸਾਥ ਦਿੰਦੇ ਹੋਏ ਕਿਹਾ ਕਿ ਉਹ ਇਰਾਕੀ ਖ਼ੇਤਰ ਤੋਂ ਪੀਕੇਕੇ ਦੇ ਵਜੂਦ ਨੂੰ ਖ਼ਤਮ ਕਰਨ ਲਈ ਕਿਸੇ ਵੀ ਤਰ੍ਹਾਂ ਦਾ ਸਾਥ ਦੇਣ ਲਈ ਤਿਆਰ ਹਨ।
ਤੁਰਕੀ ਨੂੰ ਡਰ ਹੈ ਕਿ ਆਜ਼ਾਦੀ ਤੋਂ ਬਾਅਦ ਤੁਰਕੀ ਦੀ ਘੱਟ ਗਿਣਤੀ ਕੁਰਦ ਆਬਾਦੀ ਦੀ ਅਜਿਹੀ ਮੰਗ ਕਰ ਸਕਦੀ ਹਨ।
ਕੀ ਹੈ ਮਸਲਾ ?
ਕਿਰਕੁਕ ਇਰਾਕ ਦਾ ਇੱਕ ਤੇਲ ਭਰਪੂਰ ਖ਼ੇਤਰ ਹੈ ਜਿਸ 'ਤੇ ਇਰਾਕ ਦੀ ਕੇਂਦਰੀ ਸਰਕਾਰ ਦੇ ਨਾਲ ਖ਼ੇਤਰੀ ਕੁਰਦ ਸਰਕਾਰ ਆਪਣਾ ਦਾਅਵਾ ਕਰਦੀ ਰਹੀ ਹੈ।
ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਕੁਰਦ ਦਾ ਖ਼ੇਤਰ ਹੈ, ਪਰ ਇਸਦੀ ਰਾਜਧਾਨੀ 'ਚ ਅਰਬ ਅਤੇ ਤੁਰਕ ਮੂਲ ਦੇ ਲੋਕ ਵੀ ਰਹਿੰਦੇ ਹਨ।
ਕੁਰਦ ਪਸ਼ਮਰਗਾ ਲੜਾਕਿਆਂ ਨੇ ਸਾਲ 2014 'ਚ ਕਥਿਤ ਇਸਲਾਮਿਕ ਸਟੇਟ ਦੇ ਇਸ ਇਲਾਕੇ ਦਾ ਇੱਕ ਵੱਡਾ ਹਿੱਸਾ ਵਾਪਿਸ ਹਾਸਿਲ ਕੀਤਾ ਸੀ ਜਦੋਂ ਇਸਲਾਮਿਕ ਸਟੇਟ ਨੇ ਉੱਤਰੀ ਇਰਾਕ 'ਤੇ ਕਬਜ਼ਾ ਕਰ ਲਿਆ ਸੀ।
ਰਾਏਸ਼ੁਮਾਰੀ ਦੇ ਨਤੀਜਿਆਂ ਦੇ ਆਉਣ ਤੋਂ ਬਾਅਦ ਇਰਾਕੀ ਸੰਸਦ ਨੇ ਪ੍ਰਧਾਨ ਮੰਤਰੀ ਅਬਾਦੀ ਤੋਂ ਕਿਰਕੁਕ 'ਚ ਫ਼ੌਜ ਲਾਉਣ ਦੀ ਮੰਗ ਕੀਤੀ ਸੀ।
ਪਰ ਅਬਾਦੀ ਨੇ ਲੰਘੇ ਹਫ਼ਤੇ ਕਿਹਾ ਸੀ ਕਿ ਉਹ ਸਾਂਝੇ ਪ੍ਰਸ਼ਾਸਨ ਦੇ ਮਾਡਲ ਲਈ ਤਿਆਰ ਹਨ ਅਤੇ ਇਸ ਖ਼ੇਤਰ 'ਚ ਹਥਿਆਰਾਂ ਦੇ ਨਾਲ ਸੰਘਰਸ਼ ਨਹੀਂ ਚਾਹੁੰਦੇ।
ਪ੍ਰਧਾਨ ਮੰਤਰੀ ਅਬਾਦੀ ਨੇ ਕਿਹਾ ਸੀ ਕਿ ਉਹ ਆਪਣੇ ਲੋਕਾਂ ਅਤੇ ਕੁਰਦ ਨਾਗਰਿਕਾਂ ਦੇ ਖ਼ਿਲਾਫ਼ ਜੰਗ ਨਹੀਂ ਛੇੜ ਸਕਦੇ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)