ਅਮਰੀਕਾ: 'ਪਹਿਲਾ ਬੰਬ ਡਿੱਗਣ ਤੱਕ ਗੱਲਬਾਤ ਹੀ ਰਾਹ'

ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਸੀਐੱਨਐੱਨ ਨੂੰ ਦੱਸਿਆ ਹੈ ਕਿ ਰਾਸ਼ਟਰਪਤੀ ਟਰੰਪ ਦੀ ਇੱਛਾ ਹੈ ਕਿ 'ਪਹਿਲਾ ਬੰਬ ਡਿੱਗਣ ਤੱਕ' ਕੂਟਨੀਤੀ ਜਾਰੀ ਰਹੇਗੀ।

ਉਨ੍ਹਾਂ ਅੱਗੇ ਕਿਹਾ ਕਿ ਬੰਦਸ਼ਾਂ ਤੇ ਕੂਟਨੀਤੀ ਕਰਕੇ ਉੱਤਰੀ ਕੋਰੀਆ ਪਰਮਾਣੂ ਹਥਿਆਰਾਂ ਦੇ ਪ੍ਰੋਗਰਾਮ ਖ਼ਿਲਾਫ਼ ਕੌਮਾਂਤਰੀ ਏਕਾ ਵਧਿਆ ਹੈ।

ਹਾਲੇ ਪਿਛਲੇ ਮਹੀਨੇ ਹੀ ਟਰੰਪ ਨੇ ਟਵੀਟ ਰਾਹੀਂ ਟਿਲਰਸਨ ਨੂੰ ਕੋਰੀਆ ਨਾਲ਼ ਗੱਲਬਾਤ 'ਤੇ ਵਕਤ ਬਰਬਾਦ ਨਾ ਕਰਨ ਨੂੰ ਕਿਹਾ ਸੀ।

ਸਾਂਝੀਆਂ ਜੰਗੀ ਮਸ਼ਕਾਂ

ਟਿਲਰਸਨ ਦੀ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਅਮਰੀਕਾ ਤੇ ਦੱਖਣੀ ਕੋਰੀਆ ਸਾਂਝੀਆਂ ਜੰਗੀ ਮਸ਼ਕਾਂ ਕਰ ਰਹੇ ਹਨ। ਇਨ੍ਹਾਂ ਮਸ਼ਕਾਂ ਵਿੱਚ ਹਰ ਕਿਸਮ ਦੇ ਹਥਿਆਰ ਵਰਤ ਰਹੇ ਹਨ।

ਇਹ ਮਸ਼ਕਾਂ ਉੱਤਰੀ ਕੋਰੀਆ ਨੂੰ ਰਾਸ ਨਹੀਂ ਆ ਰਹੀਆਂ ਤੇ ਉਸ ਨੇ ਇਨ੍ਹਾਂ ਨੂੰ 'ਜੰਗ ਲਈ ਤਿਆਰੀ' ਕਹਿ ਕੇ ਰੱਦ ਕੀਤਾ ਹੈ।

ਜ਼ਿਕਰਯੋਗ ਹੈ ਕਿ ਇੰਟਰਵਿਊ ਵਿੱਚ ਉਨ੍ਹਾਂ ਟਰੰਪ ਨਾਲ਼ ਚੱਲ ਰਹੀ 'ਅਕਲ' ਬਾਰੇ ਆਪਸੀ ਰੱਸਾਕਸ਼ੀ ਬਾਰੇ ਵੀ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਕੀ ਉਨ੍ਹਾਂ ਨੇ ਪੈਂਟਾਗਨ ਦੀ ਕਿਸੇ ਬੈਠਕ ਮਗਰੋਂ ਰਾਸ਼ਟਰਪਤੀ ਨੂੰ 'ਬੇਵਕੂਫ਼' ਕਿਹਾ ਹੈ।

ਟਰੰਪ ਨੇ ਵਿਦੇਸ਼ ਮੰਤਰੀ ਨੂੰ ਬੁੱਧੀ ਟੈਸਟ ਦੇ ਅੰਕਾਂ ਦੀ ਤੁਲਨਾ ਕਰਨ ਦੀ ਚੁਣੌਤੀ ਦਿੱਤੀ ਸੀ। ਇਸ 'ਚੁਣੌਤੀ' ਨੂੰ ਮਗਰੋਂ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਹਕੈਬੀ ਸੈਂਡਰਸ ਨੇ 'ਮਜ਼ਾਕ' ਦੱਸ ਕੇ ਖਾਰਜ ਕਰ ਦਿੱਤਾ ਸੀ।

ਗੱਲਬਾਤ ਦੀਆਂ ਤਾਰਾਂ

ਪਿਛਲੇ ਕੁਝ ਮਹੀਨਿਆਂ ਦੌਰਾਨ, ਉੱਤਰੀ ਕੋਰੀਆ ਨੇ ਆਪਣੀ ਛੇਵੀਂ ਪਰਮਾਣੂ ਪਰਖ ਅਤੇ ਜਪਾਨ ਉੱਪਰੋਂ ਮਿਜ਼ਈਲਾਂ ਲੰਘਾ ਕੇ ਕੌਮਾਂਤਰੀ ਉਮੀਦਾਂ ਦੀ ਫ਼ੂਕ ਕੱਢ ਦਿੱਤੀ ਸੀ।

ਪਿਛਲੇ ਮਹੀਨੇ ਦੇ ਅਖ਼ੀਰ 'ਤੇ ਟਿਲਰਸਨ ਦੱਸਿਆ ਸੀ ਕਿ ਅਮਰੀਕਾ ਉੱਤਰੀ ਕੋਰੀਆ ਨਾਲ਼ ਸਿੱਧੇ ਸੰਪਰਕ ਵਿੱਚ ਹੈ ਅਤੇ ਗੱਲਬਾਤ ਦੀਆਂ ਸੰਭਾਵਨਾਵਾਂ ਵੇਖੀਆਂ ਜਾ ਰਹੀਆਂ ਹਨ। ਦੋਹਾਂ ਦੇਸਾਂ ਦਰਮਿਆਨ ਚਲਦੇ ਤਣਾਅ ਨੂੰ ਵੇਖਦਿਆਂ ਇਹ ਹੈਰਾਨੀਜਨਕ ਖੁਲਾਸਾ ਸੀ।

ਹਾਲਾਂਕਿ ਅਗਲੇ ਦਿਨ ਟਰੰਪ ਨੇ ਟਵੀਟ ਰਾਹੀਂ ਟਿਲਰਸਨ ਨੂੰ ਕਿਹਾ ਸੀ, " ਆਪਣੀ ਊਰਜਾ ਬਚਾ ਕੇ ਰੱਖੋ ਰੈਕਸ, ਜੋ ਕਰਨ ਵਾਲਾ ਹੈ ਆਪਾਂ ਕਰ ਲਾਂ ਗੇ!"

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)