ਇੱਕ ਸਾਲ ਬਾਅਦ ਫਿਰ ਤੋਂ ਕੰਮ ਕਰਨ ਲੱਗਾ ਕੱਟਿਆ ਹੋਇਆ ਹੱਥ

    • ਲੇਖਕ, ਕਮਲੇਸ਼
    • ਰੋਲ, ਬੀਬੀਸੀ ਪੱਤਰਕਾਰ

"ਉਹ 10 ਅਪ੍ਰੈਲ 2018 ਦਾ ਦਿਨ ਸੀ। ਮੈਂ ਰੋਜ਼ ਵਾਂਗ ਕਾਲਜ ਲਈ ਨਿਕਲਿਆ ਸੀ। ਮੈਂ ਰੋਜ਼ਾਨਾ ਰੇਲਗੱਡੀ ਰਾਹੀਂ ਕਾਲਜ ਜਾਂਦਾ ਸੀ। ਉਸ ਦਿਨ ਵੀ ਚੜ੍ਹਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਰੇਲਗੱਡੀ ਚੱਲ ਪਈ ਅਤੇ ਮੇਰਾ ਪੈਰ ਫਿਸਲ ਗਿਆ।"

"ਮੈਂ ਰੇਲਗੱਡੀ ਤੇ ਟ੍ਰੈਕ ਵਿਚਾਲੇ ਫਸ ਗਿਆ ਸੀ। ਰੇਲਗੱਡੀ ਮੇਰੇ ਖੱਬੇ ਹੱਥ ਉਤੋਂ ਨਿਕਲੀ ਅਤੇ ਮੇਰਾ ਹੱਥ ਕੁਹਣੀ ਤੋਂ ਨਾਲੋਂ ਵੱਖ ਹੋ ਗਿਆ। ਪਰ ਮੇਰਾ ਬੈਗ਼ ਰੇਲਗੱਡੀ 'ਚ ਫਸ ਗਿਆ ਅਤੇ ਮੈਂ ਨਾਲ ਹੀ ਘੜੀਸਿਆ ਗਿਆ।"

ਮੁੰਬਈ ਦੇ ਰਹਿਣ ਵਾਲੇ ਚਯਾਂਕ ਕੁਮਾਰ ਉਸ ਦਿਨ ਹਮੇਸ਼ਾ ਲਈ ਆਪਣਾ ਹੱਥ ਗੁਆ ਦਿੰਦੇ ਪਰ ਸਮੇਂ 'ਤੇ ਹਸਪਤਾਲ ਪਹੁੰਚਣ ਕਾਰਨ ਉਨ੍ਹਾਂ ਨੂੰ ਫਿਰ ਆਪਣਾ ਹੱਥ ਮਿਲ ਸਕਿਆ।

ਚਯਾਂਕ ਦਾ ਕੱਟਿਆ ਹੋਇਆ ਹੱਥ ਨਾ ਸਿਰਫ਼ ਜੁੜ ਗਿਆ ਬਲਕਿ ਛੇ ਮਹੀਨਿਆਂ ਬਾਅਦ ਉਸ 'ਚ ਹਰਕਤ ਹੋਣੀ ਵੀ ਸ਼ੁਰੂ ਹੋ ਗਈ।

ਆਪਣੇ ਨਾਲ ਹੋਈ ਘਟਨਾ ਬਾਰੇ ਚਯਾਂਕ ਦੱਸਦੇ ਹਨ, "ਜਦੋਂ ਰੇਲਗੱਡੀ ਤੋਂ ਵੱਖ ਹੋਇਆ ਤਾਂ ਦੇਖਿਆ ਕਿ ਮੇਰਾ ਹੱਥ ਕੱਟਿਆ ਗਿਆ ਸੀ ਅਤੇ ਥੋੜ੍ਹੀ ਦੂਰ ਪਿਆ ਸੀ। ਮੇਰੇ ਹੱਥ 'ਚੋਂ ਖ਼ੂਨ ਨਿਕਲ ਰਿਹਾ ਸੀ ਅਤੇ ਤੇਜ਼ ਦਰਦ ਹੋ ਰਿਹਾ ਸੀ। ਮੈਂ ਬੇਹੋਸ਼ ਹੋਣ ਵਾਲਾ ਸੀ ਪਰ ਕਿਸੇ ਤਰ੍ਹਾਂ ਆਪਣਾ ਹੱਥ ਚੁੱਕਿਆ ਅਤੇ ਪਲੇਟਫਾਰਮ ਵੱਲ ਵਧਿਆ।"

"ਮੈਂ ਇੱਕ ਵਿਅਕਤੀ ਨੂੰ ਮੈਨੂੰ ਉਪਰ ਖਿੱਚਣ ਲਈ ਕਿਹਾ। ਮੈਂ ਕਿਸੇ ਤਰ੍ਹਾਂ ਪਲੇਟਫਾਰਮ 'ਤੇ ਬੈਠਿਆ ਅਤੇ ਆਪਣੀ ਮਾਂ ਨੂੰ ਫੋਨ ਕਰਨ ਲੱਗਾ ਸੀ ਕਿ ਮੇਰੇ ਕੋਲੋਂ ਫੋਨ ਅਨਲਾਕ ਤੱਕ ਨਹੀਂ ਹੋਇਆ ਸੀ। ਮੈਂ ਕਿਸੇ ਦੀ ਮਦਦ ਨਾਲ ਆਪਣੀ ਮਾਂ ਨੂੰ ਫੋਨ ਕੀਤਾ।"

ਚਯਾਂਕ ਨੂੰ ਇਹ ਨਹੀਂ ਪਤਾ ਸੀ ਕਿ ਕੱਟਿਆ ਹੋਇਆ ਅੰਗ ਕਿਵੇਂ ਜੋੜਿਆ ਜਾ ਸਕਦਾ ਹੈ। ਉਸ ਵਿੱਚ ਉਨ੍ਹਾਂ ਦੀ ਮਦਦ ਰੇਲਵੇ ਕਰਮੀਆਂ ਅਤੇ ਸਰਕਾਰੀ ਹਸਪਤਾਲ ਨੇ ਕੀਤੀ।

ਚਯਾਂਕ ਦੱਸਦੇ ਹਨ, "ਜਦੋਂ ਮੈਂ ਆਪਣੀ ਮਾਂ ਨੂੰ ਫੋਨ ਕਰ ਰਿਹਾ ਸੀ ਉਦੋਂ ਤੱਕ ਸਟੇਸ਼ਨ ਮਾਸਟਰ ਤੇ ਜੀਆਰਪੀ ਪੁਲਿਸ ਆ ਗਈ ਸੀ। ਮੈਨੂੰ ਸਟ੍ਰੈਚਰ 'ਤੇ ਪਾ ਕੇ ਇੱਕ ਐਂਬੂਲੈਂਸ ਤੱਕ ਲਿਆਂਦਾ ਗਿਆ ਤੇ ਨੇੜਲੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ।"

"ਫਿਰ ਉਥੋਂ ਮੇਰੀ ਮਾਂ ਮੈਨੂੰ ਕੋਕਿਲਾਬੇਨ ਹਸਪਤਾਲ 'ਚ ਲੈ ਗਈ। ਜਿੱਥੇ ਮੇਰੀ ਸਰਜਰੀ ਕੀਤੀ ਗਈ ਜੋ ਕਰੀਬ 8 ਘੰਟੇ ਤੱਕ ਚੱਲੀ ਸੀ, ਇਸ ਤੋਂ ਬਾਅਦ 3 ਹੋਰ ਸਰਜਰੀਆਂ ਵੀ ਹੋਈਆਂ।"

ਇਹ ਵੀ ਪੜ੍ਹੋ-

ਸਰਜਰੀ ਤੋਂ ਤੁਰੰਤ ਬਾਅਦ ਚਯਾਂਕ ਦਾ ਹੱਥ ਠੀਕ ਨਹੀਂ ਹੋਇਆ। ਉਸ 'ਚ ਸੰਵੇਦਨਾ ਅਤੇ ਹਲਚਲ ਮਹਿਸੂਸ ਹੋਣ 'ਚ ਕਰੀਬ 6 ਮਹੀਨੇ ਦਾ ਸਮਾਂ ਲੱਗਾ।

ਚਯਾਂਕ ਨੇ ਦੱਸਿਆ, "ਸਰਜਰੀ ਤੋਂ ਬਾਅਦ ਹੱਥ 'ਚ ਕੋਈ ਹਲਚਲ ਨਹੀਂ ਹੋਈ ਸੀ। ਕੁਝ ਮਹਿਸੂਸ ਨਹੀਂ ਹੋ ਰਿਹਾ ਸੀ। ਫਿਜ਼ਿਓਥੈਰੇਪਿਸਟ ਕੋਲ ਵੀ ਇਲਾਜ ਚੱਲ ਰਿਹਾ ਸੀ। ਫਿਰ ਸਤੰਬਰ-ਅਕਤੂਬਰ 'ਚ ਉਂਗਲੀਆਂ 'ਚ ਹਰਕਤ ਹੋਣੀ ਸ਼ੁਰੂ ਹੋਈ।"

"ਹੁਣ ਤਾਂ ਹੱਥ ਨੂੰ ਠੰਢੇ-ਗਰਮ ਦਾ ਪਤਾ ਲਗਦਾ ਹੈ। ਕਿਸੇ ਨੂੰ ਛੋਹਣ ਦਾ ਪਤਾ ਲਗਦਾ ਹੈ। ਪੂਰੀ ਤਰ੍ਹਾਂ ਮੂਵਮੈਂਟ ਤਾਂ ਨਹੀਂ ਹੈ ਪਰ ਸੁਧਾਰ ਹੋ ਰਿਹਾ ਹੈ। ਕਦੇ-ਕਦੇ ਤਾਂ ਲਗਦਾ ਸੀ ਕਿ ਪਤਾ ਨਹੀਂ ਹੱਥ ਠੀਕ ਹੋਵੇਗਾ ਜਾਂ ਨਹੀਂ ਪਰ ਮੇਰੀ ਮਾਂ ਹਮੇਸ਼ਾ ਮੇਰੀ ਹਿੰਮਤ ਵਧਾਉਂਦੀ ਰਹੀ।"

ਇੰਜੀਨੀਅਰਿੰਗ ਕਰ ਰਹੇ ਚਯਾਂਕ ਕੁਮਾਰ ਦਾ ਹੱਥ ਤਾਂ ਬਚ ਗਿਆ ਪਰ ਸਹੀ ਜਾਣਕਾਰੀ ਨਾ ਹੋਣ 'ਤੇ ਅਜਿਹੀ ਹੀ ਦੁਰਘਟਨਾ 'ਚ ਕਈਆਂ ਲੋਕਾਂ ਨੂੰ ਕੱਟਿਆਂ ਹੋਇਆ ਅੰਗ ਵਾਪਸ ਨਹੀਂ ਮਿਲਦਾ।

ਸਰੀਰ ਤੋਂ ਪੂਰੀ ਵੱਖ ਹੋ ਚੁੱਕੇ ਅੰਗ ਨੂੰ ਦੁਬਾਰਾ ਜੋੜਿਆ ਜਾ ਸਕਦਾ ਹੈ ਪਰ ਉਸ ਦੇ ਲਈ ਕੁਝ ਸਾਵਧਾਨੀਆਂ ਜ਼ਰੂਰੀ ਹੁੰਦੀਆਂ ਹਨ।

ਕੋਕਿਲਾਬੇਨ ਅੰਬਾਨੀ ਹਸਪਤਾਲ 'ਚ ਚਯਾਂਕ ਕੁਮਾਰ ਦਾ ਇਲਾਜ ਕਰਨ ਵਾਲੇ ਪਲਾਸਟਿਕ ਸਰਜਨ ਡਾਕਟਰ ਕਾਜ਼ੀ ਅਹਿਮਦ ਕਹਿੰਦੇ ਹਨ ਕਿ ਚਯਾਂਕ ਦਾ ਹੱਥ ਇਸ ਲਈ ਬਚ ਗਿਆ ਕਿਉਂਕਿ ਉਹ ਸਮੇਂ 'ਤੇ ਅਤੇ ਸਹੀ ਤਰੀਕੇ ਨਾਲ ਹਸਪਤਾਲ ਪਹੁੰਚਾਇਆ ਗਿਆ ਸੀ। ਚਾਰ ਘੰਟਿਆਂ ਦੇ ਅੰਦਰ ਹੀ ਉਨ੍ਹਾਂ ਦੀ ਸਰਜਰੀ ਹੋ ਗਈ ਸੀ।

ਡਾਕਟਰ ਕਾਜ਼ੀ ਅਹਿਮਦ ਨੇ ਅਜਿਹੇ ਮਾਮਲਿਆਂ 'ਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਇਸ ਖ਼ਾਸ ਸਰਜਰੀ ਬਾਰੇ ਵਿਸਥਾਰ ਨਾਲ ਦੱਸਿਆ

ਕਿਵੇਂ ਰੱਖਿਆ ਜਾਵੇ ਕੱਟਿਆ ਹੋਇਆ ਅੰਗ

ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਕੱਟੇ ਹੋਏ ਅੰਗ ਨੂੰ ਖ਼ਰਾਬ ਹੋਣ ਤੋਂ ਪਹਿਲਾਂ ਹਸਪਤਾਲ ਲੈ ਕੇ ਆਉਣਾ ਤਾਂ ਜੋ ਸਹੀ ਸਮੇਂ 'ਤੇ ਸਰਜਰੀ ਕੀਤੀ ਜਾ ਸਕੇ।

ਜਦੋਂ ਤੱਕ ਉਹ ਸਰੀਰ ਨਾਲ ਜੁੜਿਆ ਹੁੰਦਾ ਹੈ ਤਾਂ ਖ਼ੂਨ ਦੇ ਪ੍ਰਵਾਹ ਨਾਲ ਕੋਸ਼ਿਕਾਵਾਂ ਨੂੰ ਆਕਸੀਜਨ ਮਿਲਦੀ ਰਹਿੰਦੀ ਹੈ ਪਰ ਕੱਟੇ ਜਾਣ ਤੋਂ ਬਾਅਦ ਆਕਸੀਜਨ ਨਾ ਮਿਲਣ ਕਾਰਨ ਕੋਸ਼ਿਕਾਵਾਂ ਮਰਨ ਲਗਦੀਆਂ ਹਨ।

ਕੋਸ਼ਿਕਾਵਾਂ ਦੇ ਬੇਜਾਨ ਹੋਣ ਤੋਂ ਪਹਿਲਾਂ ਅੰਗ ਨੂੰ ਸਰੀਰ ਨਾਲ ਜੋੜਨਾ ਜ਼ਰੂਰੀ ਹੈ ਤਾਂ ਜੋ ਉਸ 'ਚ ਖ਼ੂਨ ਦਾ ਪ੍ਰਵਾਹ ਸ਼ੁਰੂ ਹੋ ਜਾਵੇ।

ਇਸ ਲਈ ਇਸ ਗੱਲ ਦਾ ਧਿਆਨ ਦੇਣਾ ਹੈ ਜੋ ਹਿੱਸਾ ਕੱਟ ਗਿਆ ਹੈ ਇਹ ਥੋੜ੍ਹਾ ਠੰਢਾ ਰਹੇ ਅਤੇ ਉਸ ਦਾ ਮੈਟਾਬੌਲਿਜਮ ਬਣਿਆ ਰਹੇ ਯਾਨਿ ਉਸ 'ਚ ਜਾਨ ਬਾਕੀ ਰਹੇ।

ਇਸ ਲਈ ਕੱਟੇ ਹੋਏ ਅੰਗ ਨੂੰ ਸਲਾਇਨ ਜਾਂ ਸਾਫ਼ ਪਾਣੀ ਨਾਲ ਧੋਵੋ। ਫਿਰ ਸਾਫ਼ ਕੱਪੜੇ 'ਚ ਹਲਕਾ ਲਪੇਟ ਦਿਓ।

ਕੱਪੜੇ ਨਾਲ ਕੱਸ ਕੇ ਨਾ ਬੰਨ੍ਹੋ, ਬਸ ਲਪੇਟੋ। ਜਿਵੇਂ ਰੁਮਾਲ ਜਾਂ ਗਿੱਲੇ ਤੌਲੀਏ ਦਾ ਇਸਤੇਮਾਲ ਕਰ ਸਕਦੇ ਹੋ। ਫਿਰ ਉਸ ਨੂੰ ਇੱਕ ਪਾਲੀਥੀਨ 'ਚ ਪਾ ਦਿਓ।

ਇਸ ਪਾਲੀਥੀਨ ਨੂੰ ਫਿਰ ਇੱਕ-ਦੂਜੀ ਪਾਲੀਥੀਨ 'ਚ ਪਾਉਣਾ ਹੈ, ਜਿਸ ਵਿੱਚ ਠੰਢਾ ਪਾਣੀ ਅਤੇ ਬਰਫ਼ ਹੋਵੇ। ਇਸ ਨਾਲ ਕੱਟਿਆਂ ਹੋਇਆ ਹਿੱਸਾ ਠੰਢਾ ਰਹੇ ਪਰ ਬਰਫ਼ ਨਾਲ ਉਸ ਦਾ ਸਿੱਧਾ ਸੰਪਰਕ ਵੀ ਨਹੀਂ ਹੋਵੇਗਾ।

ਉਸ ਕੱਟੇ ਹੋਏ ਅੰਗ 'ਤੇ ਸਿੱਧਾ ਬਰਫ਼ ਨਹੀਂ ਲਗਾਉਣੀ ਚਾਹੀਦੀ। ਬਰਫ਼ ਜੰਮ ਜਾਣ ਨਾਲ ਉਹ ਖ਼ਰਾਬ ਹੋ ਜਾਵੇਗਾ।

ਉਸ ਨੂੰ ਕੋਲਡ ਇੰਜਰੀ ਹੋ ਸਕਦੀ ਹੈ। ਠੰਢਾ ਰੱਖਣ ਨਾਲ ਉਸ ਦਾ ਮੈਟਾਬੌਲਿਜਮ ਬਣਿਆ ਰਹਿੰਦਾ ਹੈ ਅਤੇ ਬੇਜਾਨ ਹੋਣ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ। ਇਸ ਨਾਲ ਸਰਜਰੀ ਦੇ ਸਫ਼ਲ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।

ਉੱਥੇ, ਜੋ ਹਿੱਸਾ ਸਰੀਰ ਨਾਲ ਜੁੜਿਆ ਹੈ ਉਸ ਨੂੰ ਗਿੱਲੇ ਸਾਫ਼ ਕੱਪੜੇ ਨਾਲ ਲਪੇਟ ਦਿਓ ਤਾਂ ਜੋ ਖ਼ੂਨ ਵਗਣਾ ਰੁੱਕ ਜਾਵੇ। ਉਸ 'ਤੇ ਹਲਕੇ ਪ੍ਰੈਸ਼ਰ ਵਾਲੀ ਡ੍ਰੈਸਿੰਗ ਕਰ ਦਿਓ।

ਜੇਕਰ ਖ਼ੂਨ ਵਗਣਾ ਨਹੀਂ ਰੁਕਿਆ ਤਾਂ ਜਾਨ ਦਾ ਖ਼ਤਰਾ ਹੋ ਸਕਦਾ ਹੈ। ਗੁਪਤ ਅੰਗਾਂ ਦੇ ਕੱਟੇ ਜਾਣ 'ਤੇ ਵੀ ਇਹੀ ਪ੍ਰਕਿਰਿਆ ਹੁੰਦੀ ਹੈ।

ਇਹ ਵੀ ਪੜ੍ਹੋ-

ਬਚਾਉਣ ਲਈ ਕਿੰਨਾ ਸਮਾਂ

ਕੱਟੇ ਹੋਏ ਅੰਗ ਦੀ ਕਿੰਨੇ ਸਮੇਂ ਤੱਕ ਸਰਜਰੀ ਹੋ ਜਾਣੀ ਚਾਹੀਦੀ ਹੈ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕਿਹੜਾ ਅੰਗ ਕੱਟਿਆ ਹੈ।

ਜਿਵੇਂ ਉਂਗਲੀ ਕੱਟੀ ਜਾਂਦੀ ਹੈ ਤਾਂ ਉਸ ਨੂੰ ਚੰਗੀ ਤਰ੍ਹਾਂ ਪ੍ਰੀ਼ਜ਼ਰਵ ਕਰਨ 'ਤੇ 10 ਤੋਂ 12 ਘੰਟਿਆਂ ਦਾ ਸਮਾਂ ਵੀ ਮਿਲ ਜਾਂਦਾ ਹੈ। ਕਈ ਵਾਰ 24 ਘੰਟੇ ਤੱਕ ਵੀ ਉਂਗਲੀ ਬਚਾਈ ਜਾ ਸਕਦੀ ਹੈ।

ਪਰ ਜਿੰਨਾ ਉਪਰ ਦਾ ਅੰਗ ਹੁੰਦਾ ਹੈ, ਉਸ ਨੂੰ ਬਚਾਉਣ ਦਾ ਸਮਾਂ ਵੀ ਘੱਟ ਹੁੰਦਾ ਜਾਂਦਾ ਹੈ। ਜਿਵੇਂ ਕਿ ਕੁਹਣੀ, ਬਾਂਹ ਜਾਂ ਪੂਰਾ ਹੱਥ ਕੱਟ ਜਾਵੇ ਤਾਂ ਵਧੇਰੇ ਸਮਾਂ 4 ਘੰਟੇ ਤੱਕ ਹੋ ਸਕਦਾ ਹੈ।

ਇੰਨੇ ਸਮੇਂ 'ਚ ਹੱਥ ਨੂੰ ਜੋੜਨਾ ਜ਼ਰੂਰੀ ਹੈ ਕਿਉਂਕਿ ਜਿਸ ਅੰਗ 'ਚ ਜਿੰਨੀ ਜ਼ਿਆਦਾ ਮਾਂਸਪੇਸ਼ੀਆਂ ਹੋਣਗੀਆਂ, ਉਸ ਨੂੰ ਬਚਾਉਣ ਦਾ ਸਮਾਂ ਵੀ ਘੱਟ ਹੋਵੇਗਾ।

ਕਿਵੇਂ ਹੁੰਦਾ ਹੈ ਆਪਰੇਸ਼

ਇਸ ਸਰਜਰੀ 'ਚ ਸਾਧਾਰਣ ਟੰਕੇ ਨਹੀਂ ਲਗਦੇ ਬਲਕਿ ਇਹ ਮਾਈਕ੍ਰੋਵੈਸਕਿਊਲਰ ਸਰਜਰੀ ਹੁੰਦੀ ਹੈ।

ਇਹ ਇੱਕ ਨਸ ਜੋੜਨ ਵਾਲੀ ਪ੍ਰਕਿਰਿਆ ਹੈ। ਇਸ ਵਿੱਚ ਬਹੁਤ ਬਾਰੀਕ ਨਸਾਂ ਅਤੇ ਨਾੜੀਆਂ ਨੂੰ ਜੋੜਿਆ ਜਾਂਦਾ ਹੈ।

ਇਹ ਸਰਜਰੀ ਆਪਰੇਟਿੰਗ ਮਾਈਕ੍ਰੋਸਪੋਕ ਨਾਲ ਹੁੰਦੀ ਹੈ ਅਤੇ ਇਸ ਵਿੱਚ ਵਾਲ ਨਾਲੋਂ ਵੀ ਪਤਲੇ ਧਾਗੇ ਨਾਲ ਸਿਲਾਈ ਕੀਤੀ ਜਾਂਦੀ ਹੈ ਤਾਂ ਜੋ ਖ਼ੂਨ ਦਾ ਪ੍ਰਵਾਹ ਫਿਰ ਤੋਂ ਸ਼ੁਰੂ ਹੋ ਸਕੇ।

ਇਹ ਟੰਕੇ ਸਾਧਾਰਣ ਜਖ਼ਮਾਂ 'ਤੇ ਲੱਗਣ ਵਾਲੇ ਧਾਗੇ ਨਾਲ ਨਹੀਂ ਲਗਾਏ ਜਾ ਸਕਦੇ ਅਤੇ ਨਾ ਹੀ ਇਨ੍ਹਾਂ ਨੂੰ ਖੋਲ੍ਹਿਆ ਜਾਂਦਾ ਹੈ।

ਇਹ ਸਰੀਰ 'ਚ ਹੀ ਰਹਿ ਕੇ ਜੋੜੀਆਂ ਗਈਆਂ ਮਾਂਸਪੇਸ਼ੀਆਂ ਨੂੰ ਸਹਿਯੋਗ ਦਿੰਦੇ ਹਨ। ਇਹ ਸਰਜਰੀ ਉਹ ਪਲਾਸਟਿਕ ਸਰਜਨ ਹੀ ਕਰ ਸਕਦੇ ਹਨ ਜੋ ਮਾਇਕ੍ਰੋਵੈਸਕਿਊਲਰ ਸਰਜਰੀ ਦੇ ਮਾਹਿਰ ਹੋਣ।

ਸਰਜਰੀ ਤੋਂ ਬਾਅਦ

ਕੱਟੇ ਹੋਏ ਅੰਗ ਨੂੰ ਠੀਕ ਹੋਣ 'ਚ ਕਿੰਨਾ ਸਮਾਂ ਲੱਗੇਗਾ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਸੱਟ ਕਿੰਨੀ ਡੂੰਘੀ ਹੈ।

ਜਿੰਨੀ ਡੂੰਘੀ ਸੱਟ ਹੋਵੇਗੀ ਉਸ ਨੂੰ ਠੀਕ ਹੋਣ 'ਚ ਵੀ ਓਨਾਂ ਹੀ ਸਮਾਂ ਲਗਦਾ ਹੈ।

ਅੱਗੇ ਦਾ ਰਸਤਾ ਵੀ ਥੋੜ੍ਹਾ ਮੁਸ਼ਕਿਲ ਹੁੰਦਾ ਹੈ ਪਰ ਹੌਲੀ-ਹੌਲੀ ਰਿਕਵਰੀ ਹੋ ਜਾਂਦੀ ਹੈ। ਬਾਅਦ 'ਚ ਛੋਟੀ-ਮੋਟੀ ਸਰਜਰੀ ਦੀ ਲੋੜ ਪੈ ਸਕਦੀ ਹੈ।

ਜੁੜਨ ਤੋਂ ਬਾਅਦ ਸਰੀਰ ਦਾ ਉਹ ਹਿੱਸਾ ਬੇਜਾਨ ਲਗਦਾ ਹੈ ਅਤੇ ਉਸ ਵਿੱਚ ਹਰਕਤ ਆਉਣ 'ਚ 4 ਤੋਂ 6 ਮਹੀਨੇ ਦਾ ਸਮਾਂ ਲਗ ਜਾਂਦਾ ਹੈ।

ਜੇਕਰ ਸਰਜਰੀ ਚੰਗੀ ਤਰ੍ਹਾਂ ਕੀਤੀ ਗਈ ਹੋਵੇ ਤਾਂ ਆਮ ਤੌਰ 'ਤੇ ਅੰਗ 'ਚ ਸੈਂਸੇਸ਼ਨ ਆ ਜਾਂਦਾ ਹੈ। ਵਿੱਚ-ਵਿੱਚ ਸੈਂਸੇਸ਼ਨ ਘੱਟ-ਵੱਧ ਹੁੰਦਾ ਰਹਿੰਦਾ ਹੈ। ਇਸ ਇਲਾਜ 'ਚ ਆਰਥੋਪੈਡਿਕ ਡਾਕਟਰ ਅਤੇ ਫਿਜਿਓਥੈਰੇਪਿਸਟ ਦੀ ਵੀ ਲੋੜ ਹੁੰਦੀ ਹੈ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।