ਸ੍ਰੀ ਲੰਕਾ ਹਮਲਾ: ਪੂਰੇ ਦੇਸ ਵਿੱਚ ਐਮਰਜੰਸੀ ਦਾ ਐਲਾਨ

ਸ੍ਰੀ ਲੰਕਾ ਦੇ ਰਾਸ਼ਟਰਪਤੀ ਦਫਤਰ ਤੋਂ ਜਾਣਕਾਰੀ ਮਿਲੀ ਹੈ ਕਿ ਰਾਸ਼ਟਰਪਤੀ ਮੈਥਰੀਪਾਲਾ ਸਿਰਿਸੇਨਾ ਸੋਮਵਾਰ ਅੱਧੀ ਰਾਤ ਤੋਂ ਦੇਸ ਵਿੱਚ ਐਮਰਜੰਸੀ ਦਾ ਐਲਾਨ ਕਰਨਗੇ।

ਈਸਾਈ ਭਾਈਚਾਰੇ ਦੇ ਤਿਉਹਾਰ ਈਸਟਰ ਮੌਕੇ ਸ੍ਰੀ ਲੰਕਾ ਵਿੱਚ ਚਰਚਾਂ ਅਤੇ ਹੋਟਲਾਂ ਸਣੇ 8 ਬੰਬ ਧਮਾਕਿਆਂ ਵਿੱਚ ਘੱਟੋ-ਘੱਟ 310 ਲੋਕਾਂ ਦੀ ਮੌਤ ਹੋ ਗਈ ਹੈ ਅਤੇ 500 ਲੋਕ ਜ਼ਖ਼ਮੀ ਹੋ ਗਏ ਹਨ।

ਸੀਨੀਅਰ ਆਗੂ ਰਜਿਥਾ ਸੇਨਾਰਤਨੇ ਨੇ ਕੋਲੰਬੋ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਕੌਮਾਂਤਰੀ ਖੂਫੀਆ ਸੇਵਾਵਾਂ ਨੇ ਅਧਿਕਾਰੀਆਂ ਨੂੰ ਹਮਲੇ ਬਾਰੇ ਦੱਸਿਆ ਸੀ ਪਰ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਤੱਕ ਇਹ ਜਾਣਕਾਰੀ ਨਹੀਂ ਪਹੁੰਚੀ ਸੀ।

ਉਨ੍ਹਾਂ ਕਿਹਾ ਕਿ ਬਿਨਾਂ ਕੌਮਾਂਤਰੀ ਨੈੱਟਵਰਕ ਦੀ ਮਦਦ ਦੇ ਇਹ ਹਮਲੇ ਨਹੀਂ ਹੋ ਸਕਦੇ ਸਨ।

ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਹੇਮਾਸਾਰੀ ਫਰਨੈਂਡੋ ਨੇ ਬੀਬੀਸੀ ਨੂੰ ਦੱਸਿਆ ਕਿ ਖੂਫੀਆਂ ਸੇਵਾਵਾਂ ਨੂੰ ਇਸ ਲਈ ਜ਼ਿੰਮੇਵਾਰ ਨਹੀਂ ਮੰਨਣਾ ਚਾਹੀਦਾ ਹੈ।

ਸ੍ਰੀ ਲੰਕਾ ਦੀ ਸਰਕਾਰ ਨੇ ਇਸਲਾਮਿਕ ਕੱਟੜਵਾਦੀ ਗਰੁੱਪ ਦਿ ਨੈਸ਼ਨਲ ਥੋਵੀਠ ਜਮਾਥ ਨੂੰ ਇਸ ਲਈ ਜ਼ਿੰਮੇਵਾਰ ਠਰਾਇਆ ਹੈ।

ਇਹ ਵੀ ਪੜ੍ਹੋ

24 ਲੋਕਾਂ ਨੂੰ ਹਮਲੇ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਇਹ ਨਹੀਂ ਪਤਾ ਕਿ ਹਮਲੇ ਪਿੱਛੇ ਕਿਸ ਦਾ ਹੱਥ ਹੈ।

ਪੁਲਿਸ ਦੇ ਬੁਲਾਰੇ ਰੂਆਨ ਗੂਨਾਸੇਕੇਰਾ ਨੇ ਦਾਅਵਾ ਕੀਤਾ ਹੈ ਕਿ ਮ੍ਰਿਤਕਾਂ ਦੀ ਗਿਣਤੀ 310 ਹੋ ਗਈ ਹੈ ਪਰ ਉਨ੍ਹਾਂ ਇਹ ਜਾਣਕਾਰੀ ਨਹੀਂ ਦਿੱਤੀ ਕਿ ਚਰਚ ਵਿੱਚ ਕਿੰਨੀਆਂ ਮੌਤਾਂ ਹੋਈਆਂ ਅਤੇ ਹੋਟਲਾਂ ਵਿੱਚ ਕਿੰਨੇ ਲੋਕਾਂ ਦੀ ਮੌਤ ਹੋਈ।

ਇਸ ਵਿਚਾਲੇ ਅਮਰੀਕੀ ਸਟੇਟ ਡਿਪਾਰਟਮੈਂਟ ਨੇ ਸ੍ਰੀ ਲੰਕਾ ਸਫ਼ਰ ਕਰਨ ਸਬੰਧੀ ਇੱਕ ਨਵੀਂ ਚੇਤਾਵਨੀ ਜਾਰੀ ਕਰਦਿਆਂ ਕਿਹਾ, "ਅੱਤਵਾਦੀ ਸੰਗਠਨਾਂ ਦੇ ਹੋਰ ਹਮਲਿਆਂ ਦਾ ਖਦਸ਼ਾ ਹੈ।"

ਇਸ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਅੱਤਵਾਦੀ ਥੋੜ੍ਹੀ ਜਾਂ ਬਿਨਾਂ ਚੇਤਾਵਨੀ ਦੇ ਹਮਲੇ ਕਰ ਸਕਦੇ ਹਨ ਅਤੇ ਸੈਲਾਨੀਆਂ ਦੀ ਲੋਕੇਸ਼ਨ, ਟਰਾਂਸਪੋਰਟ ਅਤੇ ਹੋਰਨਾਂ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।

6 ਭਾਰਤੀ ਮਾਰੇ ਗਏ- ਅਧਿਕਾਰੀ

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਇਨ੍ਹਾਂ ਧਮਾਕਿਆਂ ਦੌਰਾਨ ਘੱਟੋ-ਘੱਟ 6 ਭਾਰਤੀਆਂ ਦੀ ਮੌਤ ਹੋਈ ਹੈ।

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਤਿੰਨ ਲੋਕਾਂ- ਲਕਸ਼ਮੀ, ਨਾਰਾਇਣ ਚੰਦਰਸ਼ੇਖਰ, ਰਮੇਸ਼ ਦੀ ਪਛਾਣ ਕੀਤੀ ਹੈ।

ਕੇਰਲ ਦੇ ਮੁੱਖ ਮੰਤਰੀ ਨੇ 58 ਸਾਲਾ ਪੀਐਸ ਰਾਸੀਨਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਜੋ ਕਿ ਉਨ੍ਹਾਂ ਦੇ ਸੂਬੇ ਨਾਲ ਸਬੰਧਤ ਸੀ।

ਕੋਲੰਬੋ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਕੇਜੀ ਹਨੂਮਾਨ ਥਰਅੱਪਾ ਅਤੇ ਐਮ ਰੰਗੱਪਾ ਦੀ ਪਛਾਣ ਕੀਤੀ ਹੈ।

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕੋਲੰਬੋ ਵਿੱਚ ਜਾਰੀ ਕੀਤੀ ਹੈਲਪਲਾਈਨ ਬਾਰੇ ਟਵੀਟ ਕੀਤਾ ਹੈ।

ਹਮਲੇ ਬਾਰੇ ਜੋ ਕੁਝ ਹੁਣ ਤੱਕ ਜਾਣਦੇ ਹਾਂ

  • ਸ੍ਰੀ ਲੰਕਾ ਸਰਕਾਰ ਮੁਤਾਬਕ ਜਿਹੜੇ ਬੰਬ ਧਮਾਕੇ ਹੋਏ ਹਨ, ਉਹ ਆਤਮਘਾਤੀ ਹਮਲੇ ਹਨ। ਇਸ ਮਾਮਲੇ ਵਿਚ ਪੁਲਿਸ ਨੇ 24 ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
  • ਇਨ੍ਹਾਂ ਧਮਾਕਿਆਂ 'ਚ ਹੁਣ 207 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਿਹਾ ਜਾ ਰਿਹਾ ਹੈ ਕਿ 500 ਲੋਕਾਂ ਜਖ਼ਮੀ ਹੋਏ ਹਨ।
  • ਮ੍ਰਿਤਕਾਂ ਵਿੱਚ 6 ਭਾਰਤੀ ਅਤੇ 5 ਬਰਤਾਨਵੀ ਨਾਗਰਿਕ ਵੀ ਹਨ।
  • ਬਾਟੀਕਲੋਆ ਸਣੇ ਦੇਸ ਵਿੱਚ 8 ਥਾਵਾਂ 'ਤੇ ਬੰਬ ਧਮਾਕੇ ਹੋਏ
  • ਸੈਂਟ ਐਂਥਨੀ ਚਰਚ, ਨੇਗੋਂਬੋ, ਸ਼ਾਂਗਰੀਲਾ ਸਟਾਰ ਹੋਟਲ, ਕਿੰਗਸਬਰੀ ਸਟਾਰ ਹੋਟਲ, ਚਿੰਨਾਮਨਨ ਗਰਾਂਡ ਸਟਾਰ ਹੋਟਲ ਅਤੇ ਬਾਟੀਕਲੋਆ ਨੂੰ ਨਿਸ਼ਾਨਾ ਬਣਾਇਆ ਗਿਆ।
  • ਧਮਾਕਿਆਂ ਤੋਂ ਬਾਅਦ ਦੇਸ ਭਰ 'ਚ ਕਰਫਿਊ ਲਾਗੂ ਕਰ ਦਿੱਤਾ ਗਿਆ।
  • ਅਜੇ ਤੱਕ ਕਿਸੇ ਨੇ ਵੀ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ।
  • ਕੋਲੰਬੋ ਵਿੱਚੋਂ ਬੀਬੀਸੀ ਦੇ ਅਜ਼ਾਮ ਅਮੀਨ ਨੇ ਕਿਹਾ ਕਿ ਅਧਿਕਾਰੀ ਖਦਸ਼ਾ ਜਤਾ ਰਹੇ ਹਨ ਕਿ ਹਮਲਾਵਰ 'ਕੱਟੜਪੰਥੀ ਇਸਲਾਮੀ ਜਥੇਬੰਦੀ' ਨਾਲ ਸਬੰਧਤ ਹਨ।

ਚਰਚ 'ਚ ਪਰਿਵਾਰ ਨੇ 'ਹਮਲਾਵਰ ਦਾਖਿਲ ਹੁੰਦਾ' ਦੇਖਿਆ

ਖ਼ਬਰ ਏਜੰਸੀ ਏਐਫ਼ਪੀ ਮੁਤਾਬਕ ਨੇਗੋਂਬੋ ਵਿੱਚ ਇੱਕ ਸ਼ਖ਼ਸ ਨੇ ਕਿਹਾ ਕਿ ਉਹ ਆਪਣੀ ਪਤਨੀ ਨਾਲ ਸੇਂਟ ਸੇਬੈਸਟੀਅਨ ਚਰਚ ਵਿੱਚ ਇਕੱਠ ਦੇਖਣਾ ਚਾਹੁੰਦੇ ਸੀ।

ਦਿਲੀਪ ਫਰਨਾਂਡੋ ਦਾ ਕਹਿਣਾ ਹੈ, "ਉੱਥੇ ਇੰਨੀ ਭੀੜ ਸੀ ਕਿ ਪੈਰ ਰੱਖਣ ਦੀ ਥਾਂ ਨਹੀਂ ਸੀ। ਇਸ ਲਈ ਅਸੀਂ ਉੱਥੋਂ ਨਿਕਲ ਗਏ ਅਤੇ ਦੂਜੀ ਚਰਚ ਵਿੱਚ ਚਲੇ ਗਏ।"

ਇਸ ਫੈਸਲੇ ਨੇ ਸ਼ਾਇਦ ਉਨ੍ਹਾਂ ਦੀ ਜਾਨ ਬਚਾ ਲਈ। ਦਿਲੀਪ ਦੇ ਪਰਿਵਾਰ ਦੇ ਕੁਝ ਮੈਂਬਰ ਚਰਚ ਅੰਦਰ ਹੀ ਸਨ। ਉਹ ਬਚ ਗਏ ਅਤੇ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਹਮਲਾਵਰ ਨੂੰ ਚਰਚ ਅੰਦਰ ਦਾਖਿਲ ਹੁੰਦੇ ਦੇਖਿਆ।

"ਜਿੱਥੇ ਭੀੜ ਖ਼ਤਮ ਹੁੰਦੀ ਹੈ ਉੱਥੇ ਇੱਕ ਨੌਜਵਾਨ ਭਾਰੀ ਬੈਗ ਲੈ ਕੇ ਚਰਚ ਵਿੱਚ ਦਾਖਿਲ ਹੋਇਆ। ਲੰਘਦੇ ਹੋਏ ਉਸ ਨੇ ਮੇਰੀ ਪੋਤੀ ਦੇ ਸਿਰ ਉੱਤੇ ਹੱਥ ਰੱਖਿਆ। ਇਹ ਬੰਬ ਹਮਲਾਵਰ ਸੀ।"

ਇਹ ਵੀ ਪੜ੍ਹੋ

ਸੇਂਟ ਐਂਥਨੀ ਚਰਚ 'ਚ ਪ੍ਰਤਖਦਰਸ਼ੀ ਨੇ ਜੋ ਦੇਖਿਆ

ਪ੍ਰਭਾਤ ਬੁੱਧੀਕਾ ਸੇਂਟ ਐਥਨੀ ਚਰਚ ਨੇੜੇ ਰਹਿੰਦੇ ਹਨ। ਉਨ੍ਹਾਂ ਬੀਬੀਸੀ ਦੀ ਆਈਸ਼ਾ ਪਰੇਰਾ ਨੂੰ ਦੱਸਿਆ ਕਿ ਉਨ੍ਹਾਂ ਨੇ ਐਤਵਾਰ ਨੂੰ ਜਿਵੇਂ ਹੀ ਬੰਬ ਧਮਾਕੇ ਦੀ ਆਵਾਜ਼ ਸੁਣੀ ਤਾਂ ਮਦਦ ਲਈ ਦੌੜੇ।

ਚਰਚ ਅੰਦਰ ਉਨ੍ਹਾਂ ਨੇ ਬੱਚਿਆਂ ਦੀਆਂ ਲਾਸ਼ਾਂ ਦੇਖੀਆਂ। ਉਨ੍ਹਾਂ ਅੱਖਾਂ ਬੰਦ ਕਰ ਲਈਆਂ ਅਤੇ ਰੋ ਪਏ।

ਪ੍ਰਭਾਤ ਬੋਧੀ ਹਨ ਪਰ ਉਨ੍ਹਾਂ ਕਿਹਾ ਕਿ ਸਾਰੇ ਧਰਮ ਚਰਚ ਦੀ ਤਾਕਤ ਨੂੰ ਮੰਨਦੇ ਹਨ।

"ਜਿਨ੍ਹਾਂ ਲੋਕਾਂ ਨੇ ਇਹ ਕੀਤਾ ਉਹ ਮਨੁੱਖ ਨਹੀਂ ਹਨ। ਇਹ ਕੋਈ ਆਮ ਚਰਚ ਨਹੀਂ ਹੈ। ਇਹ ਸ਼ਕਤੀ ਵਾਲੀ ਹੈ। ਉਨ੍ਹਾਂ ਨੂੰ ਇਸ ਦਾ ਨਤੀਜਾ ਭੁਗਤਨਾ ਪਏਗਾ।"

ਹਮਲੇ ਦਾ ਜ਼ਿੰਮੇਵਾਰ ਕੌਣ

ਅਧਿਕਾਰੀਆਂ ਮੁਤਾਬਕ 24 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਪਰ ਹਾਲੇ ਤੱਕ ਕਿਸੇ ਵੀ ਜਥੇਬੰਦੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਸਰਕਾਰ ਦਾ ਕਹਿਣਾ ਹੈ ਕਿ ਸ਼ਾਇਦ ਸੁਸਾਈਡ ਬੰਬਾਂ ਦਾ ਇਸਤੇਮਾਲ ਕੀਤਾ ਗਿਆ ਹੈ।

ਕੋਲੰਬੋ ਵਿੱਚੋਂ ਬੀਬੀਸੀ ਦੇ ਅਜ਼ਾਮ ਅਮੀਨ ਨੇ ਕਿਹਾ ਕਿ ਅਧਿਕਾਰੀ ਖਦਸ਼ਾ ਜਤਾ ਰਹੇ ਹਨ ਕਿ ਹਮਲਾਵਰ 'ਕੱਟੜਪੰਥੀ ਇਸਲਾਮੀ ਜਥੇਬੰਦੀ' ਨਾਲ ਸਬੰਧਤ ਹਨ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)