You’re viewing a text-only version of this website that uses less data. View the main version of the website including all images and videos.
ਤੁਸੀਂ ਹਰ ਸਾਲ ਇਲਾਜ ਤੇ ਦਵਾਈਆਂ 'ਤੇ ਕਿੰਨਾਂ ਖ਼ਰਚਾ ਕਰਦੇ ਹੋ?
- ਲੇਖਕ, ਸਰੋਜ ਸਿੰਘ
- ਰੋਲ, ਬੀਬੀਸੀ ਪੱਤਰਕਾਰ
''ਨੌਵਾਂ ਮਹੀਨਾ ਪੂਰਾ ਹੋਣ ਵਿੱਚ ਸਿਰਫ਼ 10 ਦਿਨਾਂ ਦਾ ਸਮਾਂ ਬਚਿਆ ਸੀ, ਸਵੇਰੇ-ਸਵੇਰੇ ਢਿੱਡ 'ਚ ਇਨਾਂ ਦਰਦ ਹੋਇਆ, ਲੱਗਿਆ ਜਿਵੇਂ ਹੁਣੇ ਹੀ ਬੱਚਾ ਨਿੱਕਲ ਜਾਵੇਗਾ। ਇਸ ਹਾਲਤ 'ਚ ਕਿਸੇ ਨਾ ਕਿਸੇ ਤਰੀਕੇ ਘਰ ਤੋਂ ਤਕਰੀਬਨ 10 ਕਿਲੋਮੀਟਰ ਦੂਰ ਘਾਸੜਾ ਪਿੰਡ ਦੇ ਸਰਕਾਰੀ ਹਸਪਤਾਲ ਗਈ। ਉੱਥੇ ਪਹੁੰਚਦੇ ਹੀ ਡਾਕਟਰ ਮੈਡਮ ਬੋਲੀ, ਹਾਲੇ ਸਮਾਂ ਹੈ ਸ਼ਾਮ ਤਕ ਇੰਤਜ਼ਾਰ ਕਰਨਾ ਪਵੇਗਾ।''
ਦੋ ਸਾਲ ਪਹਿਲਾਂ ਦੀ ਆਪਣੀ ਡਿਲੀਵਰੀ ਸਮੇਂ ਦੇ ਦਰਦ ਨੂੰ ਯਾਦ ਕਰਦੇ ਹੋਏ ਪੂਨਮ ਅਚਾਨਕ ਬੇਹੱਦ ਗੁੱਸੇ ਹੋ ਜਾਂਦੀ ਹੈ।
ਉਸੇ ਗੁੱਸੇ ਭਰੇ ਲਹਿਜ਼ੇ 'ਚ ਉਹ ਕਹਿੰਦੀ ਹੈ, ''ਸਾਰਾ ਦਿਨ ਇੰਤਜ਼ਾਰ ਕੀਤਾ ਅਸੀਂ, ਸ਼ਾਮ ਨੂੰ ਡਾਕਟਰ ਮੈਡਮ ਆਈ ਤੇ ਬੋਲੀ ਬੱਚੇਦਾਨੀ ਦਾ ਮੁੰਹ ਖੁੱਲਾ ਹੈ ਅਤੇ ਬੱਚੇ ਦਾ ਭਾਰ ਵੀ ਬਹੁਤ ਜ਼ਿਆਦਾ ਹੈ, ਨੂੰਹ ਜਾਣਾ ਪਵੇਗਾ, ਉੱਥੇ ਹੀ ਡਿਲੀਵਰੀ ਹੋਵੇਗੀ।''
ਦਿੱਲੀ ਤੋਂ ਲਗਭਗ 60 ਕਿਮੀ ਦੂਰ ਮੇਵਾਤ ਦੇ ਛੋਟੇ ਜਿਹੇ ਪਿੰਡ 'ਚ ਰਹਿਣ ਵਾਲੀ ਪੂਨਮ ਆਪਣੇ ਪਿੰਡ ਦੀ ਸਰਪੰਚ ਹੈ।
ਉਸ ਦੇ ਤਿੰਨ ਬੱਚੇ ਹਨ। ਸਭ ਤੋਂ ਛੋਟਾ ਦੋ ਸਾਲ ਦਾ ਹੈ, ਪਰ ਆਖਰੀ ਬੱਚੇ ਦੀ ਇੱਕ ਡਿਲੀਵਰੀ ਖ਼ਾਤਰ ਦੋ ਹਸਪਤਾਲਾਂ ਦੇ ਚੱਕਰ ਕੱਟਣ 'ਤੇ ਉਸ ਨੂੰ ਦਰਦ ਵੀ ਸੀ ਅਤੇ ਗੁੱਸਾ ਵੀ।
ਉਸ ਨੇ ਦੱਸਿਆ ਕਿ ਜਲਦੀ-ਜਲਦੀ 'ਚ ਕਿਵੇਂ ਉਸ ਦੇ ਘਰ ਵਾਲਿਆਂ ਨੇ ਜੀਪ ਦਾ ਇੰਤਜ਼ਾਮ ਕੀਤਾ।
''ਹਰ ਖੱਡੇ 'ਤੇ ਜਦੋਂ ਜੀਪ ਹੌਲੀ ਹੁੰਦੀ ਤਾਂ ਫਿਰ ਉੱਤੇ ਨੂੰ ਉਛਲਦੀ ਤਾਂ ਲਗਦਾ, ਜਿਵੇਂ ਬੱਚਾ ਹੁਣੇ ਬਾਹਰ ਆ ਜਾਵੇਗਾ...ਟੁੱਟੇ ਭੱਜੇ ਰਾਹਾਂ ਤੋਂ ਲੰਘਦੇ ਹੋਇਆਂ ਰਾਤ ਨੂੰ ਨੂੰਹ ਦੇ ਸਰਕਾਰੀ ਹਸਪਤਾਲ ਪਹੁੰਚੀ। ਪਰ ਡਾਕਟਰ ਨੇ ਉੱਥੇ ਵੀ ਇੰਤਜ਼ਾਰ ਕਰਨ ਲਈ ਕਿਹਾ।''
ਇਹ ਕਹਿੰਦੇ ਹੋਏ ਪੂਨਮ ਦੇ ਚਿਹਰੇ 'ਤੇ ਉਸ ਦਿਨ ਦਾ ਦਰਦ ਅਤੇ ਉਸ ਦਾ ਅਸਰ ਦੁਬਾਰਾ ਸਾਫ਼ ਦਿਖ ਰਿਹਾ ਸੀ।
ਪਰ ਗੱਲ ਦੋ ਹਸਪਤਾਲਾਂ 'ਤੇ ਆ ਕੇ ਨਹੀਂ ਰੁਕੀ। ਨੂੰਹ ਵਿੱਚ ਵੀ ਡਾਕਟਰ ਨੇ ਡਿਲੀਵਰੀ ਦੇ ਲਈ ਇਨਕਾਰ ਕਰ ਦਿੱਤਾ।
ਇਸ ਪਿੱਛੇ ਕਾਰਨ ਦੱਸਦੇ ਹੋਏ ਪੂਨਮ ਕਹਿੰਦੀ ਹੈ, ''ਉੱਥੇ ਆਪਰੇਸ਼ਨ ਨਾਲ ਬੱਚਾ ਪੈਦਾ ਕਰਨ ਦੇ ਪੂਰੇ ਇੰਤਜ਼ਾਮ ਨਹੀਂ ਸਨ, ਬੱਚੇ ਦਾ ਭਾਰ 4 ਕਿੱਲੋਂ ਤੋਂ ਜ਼ਿਆਦਾ ਸੀ, ਇਸ ਲਈ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ।''
ਔਰਤਾਂ ਤੱਕ ਸਿਹਤ ਸੇਵਾਵਾਂ ਦੀ ਪਹੁੰਚ
ਨੈਸ਼ਨਲ ਫੈਮਿਲੀ ਹੈਲਥ ਸਰਵੇਅ 2017 ਮੁਤਾਬਿਕ 66 ਫੀਸਦੀ ਭਾਰਤੀ ਔਰਤਾਂ ਦੀ ਪਹੁੰਚ, ਆਪਣੇ ਗੁਆਂਢ ਦੇ ਸਰਕਾਰੀ ਹਸਪਤਾਲ ਤੱਕ ਨਹੀਂ ਹੈ।
ਦੇਸ ਵਿੱਚ ਪੂਨਮ ਵਰਗੀਆਂ ਔਰਤਾਂ ਦਾ ਇਹੀ ਦਰਦ ਹੈ।
ਇਸ ਰਿਪੋਰਟ 'ਚ ਇਸ ਦੇ ਪਿੱਛੇ ਕਾਰਨ ਵੀ ਦੱਸੇ ਗਏ ਹਨ।
ਕਿਤੇ-ਕਿਤੇ ਘਰ ਤੋਂ ਸਰਕਾਰੀ ਹਸਪਤਾਲ ਦੀ ਦੂਰੀ ਇਨੀਂ ਜ਼ਿਆਦਾ ਹੁੰਦੀ ਹੈ ਕਿ ਔਰਤਾਂ ਹਸਪਤਾਲ ਜਾਣ ਦੀ ਥਾਂ ਘਰੇਲੂ ਇਲਾਜ ਦਾ ਸਹਾਰਾ ਲੈਣ ਨੂੰ ਵੱਧ ਤਰਜੀਹ ਦਿੰਦੀਆਂ ਹਨ।
ਇਸ ਤੋਂ ਇਲਾਵਾ ਸਰਕਾਰੀ ਹਸਪਤਾਲ 'ਚ ਔਰਤ ਡਾਕਟਰ ਦਾ ਨਾ ਹੋਣਾ, ਡਾਕਟਰ ਦਾ ਨਾ ਹੋਣਾ, ਦਵਾਈਆਂ ਦੀ ਘਾਟ ਵੀ ਕੁਝ ਅਜਿਹੇ ਮੁੱਦੇ ਹਨ ਜਿਸ ਕਾਰਨ ਔਰਤਾਂ ਸਰਕਾਰੀ ਸਿਹਤ ਸੇਵਾਵਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਦੀਆਂ ਹਨ।
ਪੂਨਮ ਦੇ ਮਾਮਲੇ 'ਚ ਸਮੱਸਿਆ, ਪੈਸੇ ਅਤੇ ਦੂਰੀ ਦੀ ਸੀ। ਘਰ ਤੋਂ ਨੇੜਲਾ ਸਰਕਾਰੀ ਹਸਪਤਾਲ 10 ਕਿਲੋਮੀਟਰ ਦੀ ਦੂਰੀ 'ਤੇ ਸੀ, ਪਰ ਉੱਥੇ ਡਾਕਟਰ ਇੱਕ ਸੀ ਅਤੇ ਮਰੀਜ਼ ਕਈ।
ਪੂਨਮ ਨੂੰ ਅਖੀਰ ਡਿਲੀਵਰੀ ਲਈ ਗੁਰੂਗ੍ਰਾਮ ਜਾਣਾ ਪਿਆ। ਪਰ ਰਾਹਤ ਦੀ ਗੱਲ ਇਹ ਰਹੀ ਕਿ ਨੂੰਹ ਦੇ ਹਸਪਤਾਲ ਵਾਲਿਆਂ ਨੇ ਆਪਣੀ ਐਂਬੂਲੈਂਸ ਸੇਵਾ ਦੇ ਇਸਤੇਮਾਲ ਦੀ ਇਜਾਜ਼ਤ ਦਿੱਤੀ। ਪੂਨਮ ਦਾ ਨੂੰਹ ਤੋਂ ਗੁਰੂਗ੍ਰਾਮ ਜਾਣ ਦਾ ਪੈਸਾ ਬਚ ਗਿਆ।
ਪਰ ਬਿਹਾਰ ਦੇ ਦਰਭੰਗਾ 'ਚ ਰਹਿਣ ਵਾਲੀ ਗੁੜੀਆ ਦੇਵੀ ਇਨੀਂ ਖੁਸ਼ਨਸੀਬ ਨਹੀਂ ਸੀ।
ਪਿਛਲੇ ਸਾਲ ਦਸੰਬਰ ਦੀ ਠੰਡ 'ਚ ਗੁੜੀਆ ਆਪਣੇ ਪੇਕੇ ਘਰ ਆਈ ਸੀ। ਨੌਵਾਂ ਮਹੀਨਾ ਚੱਲ ਰਿਹਾ ਸੀ।
ਉਸ ਦੇ ਪਿਤਾ ਨੇ ਸਰਕਾਰੀ ਹਸਪਤਾਲ ਜਾ ਕੇ ਐਂਬੂਲੈਂਸ ਦਾ ਨੰਬਰ ਪਹਿਲਾਂ ਹੀ ਲੈ ਲਿਆ ਸੀ। ਪਰ ਜਦੋਂ ਡਿਲੀਵਰੀ ਦਾ ਸਮਾਂ ਆਇਆ ਤਾਂ ਐਂਬੂਲੈਂਸ ਵਾਲਾ ਹੀ ਨਹੀਂ ਆਇਆ।
ਭਾਰਤ ਸਰਕਾਰ ਦੀ ਜਨਣੀ ਸੁਰੱਖਿਆ ਸਕੀਮ ਦੇ ਤਹਿਤ ਗਰਭਵਤੀ ਔਰਤਾਂ ਦਾ ਪੂਰਾ ਇਲਾਜ ਮੁਫ਼ਤ ਹੁੰਦਾ ਹੈ।
ਪਰ ਗੁੜੀਆ ਨੂੰ ਹਸਪਤਾਲ ਆਸ਼ਾ ਦੀਦੀ ਤੋਂ ਲੈ ਕੇ ਸਫ਼ਾਈ ਕਰਨ ਵਾਲੇ ਕਰਮਚਾਰੀ ਅਤੇ ਰਜਿਸਟ੍ਰੇਸ਼ਨ ਕਰਨ ਵਾਲੇ ਬਾਬੂ ਤਕ ਨੂੰ ਪੈਸੇ ਦੇਣੇ ਪਏ।
ਬੀਬੀਸੀ ਨਾਲ ਗੱਲ ਕਰਦਿਆਂ ਗੁੜੀਆ ਕਹਿੰਦੀ ਹੈ, ''ਸ਼ਾਮ ਦੇ 7 ਵਜੇ ਦਾ ਸਮਾਂ ਸੀ, ਜਿਵੇਂ ਹੀ ਹਸਪਤਾਲ ਪਹੁੰਚੀ ਸਾਰੇ ਸੌਣ ਦੀ ਤਿਆਰੀ 'ਚ ਲੱਗੇ ਹੋਏ ਸਨ। ਵੱਡੀ ਡਾਕਟਰ ਮੈਡਮ ਤਾਂ ਮੈਨੂੰ ਦੇਖਣ ਪਹੁੰਚੀ ਹੀ ਨਹੀਂ, ਮਾਂ ਨੇ ਕਈ ਵਾਰ ਉਨ੍ਹਾਂ ਨੂੰ ਹੱਥ ਫੜ ਕੇ ਬੁਲਾਉਣ ਦੀ ਕੋਸ਼ਿਸ਼ ਕੀਤੀ। ਭਲਾ ਹੋਵੇ ਆਸ਼ਾ ਦੀਦੀ ਦਾ, ਪੁੱਤਰ ਤੇ ਮੇਰੀ ਜਾਣ ਬਚਾ ਲਈ।''
ਫਿਰ ਦਿਲ ਦੀ ਭੜਾਸ ਅੱਗੇ ਕੱਢਦੇ ਹੋਏ ਉਹ ਬੋਲੀ, ''ਉਹ ਦਿਨ ਸੀ ਤੇ ਅੱਜ ਦਾ ਦਿਨ ਹੈ, ਨਾ ਕੋਈ ਦਵਾਈ ਅਸੀਂ ਹਸਪਤਾਲ ਤੋਂ ਲੈਣ ਗਏ, ਤੇ ਨਾ ਹੀ ਆਪਣੇ ਪੁੱਤਰ ਨੂੰ ਉੱਥੇ ਦਿਖਾਇਆ।''
ਇਹ ਪੁੱਛਣ 'ਤੇ ਕਿ ਫਿਰ ਇਲਾਜ ਅਤੇ ਦਵਾਈਆਂ ਕਿੱਥੋਂ ਲੈਂਦੇ ਹੋ, ਗੁੜੀਆ ਦੀ ਮਾਂ ਨੇ ਤੁਰੰਤ ਜਵਾਬ ਦਿੱਤਾ, ''ਹੁਣ ਅਸੀਂ ਵੱਡੇ ਹਸਪਤਾਲ ਜਾਂਦੇ ਹਾਂ।''
ਵੱਡੇ ਹਸਪਤਾਲ ਤੋਂ ਉਨ੍ਹਾਂ ਦਾ ਮਤਲਬ ਨਿੱਜੀ ਹਸਪਤਾਲ ਹੈ।
ਕਿੱਥੇ ਕਰਦੇ ਹਨ ਭਾਰਤੀ ਸਭ ਤੋਂ ਵੱਧ ਖ਼ਰਚ
ਨੈਸ਼ਨਲ ਹੈਲਥ ਅਕਾਊਂਟਸ ਦੇ ਅੰਕੜਿਆਂ ਮੁਤਾਬਕ ਸਿਹਤ ਸੇਵਾਵਾਂ 'ਚ ਭਾਰਤੀ ਸਭ ਤੋਂ ਵੱਧ ਦਵਾਈਆਂ 'ਤੇ ਖ਼ਰਚ ਕਰਦੇ ਹਨ।
ਇਸ ਦਾ ਇੱਕ ਨਤੀਜਾ ਇਹ ਵੀ ਕੱਢਿਆ ਜਾ ਸਕਦਾ ਹੈ ਕਿ ਕਿਸੇ ਇਲਾਜ ਲਈ ਟੈਸਟ ਅਤੇ ਹਸਪਤਾਲ ਤੋਂ ਪਹਿਲਾਂ ਭਾਰਤੀ, ਦਵਾਈ ਖਰੀਦਣਾ ਜ਼ਿਆਦਾ ਪਸੰਦ ਕਰਦੇ ਹਨ।
ਅੰਕੜਿਆ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਨਿੱਜੀ ਹਸਪਤਾਲਾਂ 'ਚ ਇਲਾਜ ਕਰਵਾਉਣ 'ਤੇ ਭਾਰਤੀਆਂ ਦਾ ਜ਼ਿਆਦਾ ਜ਼ੋਰ ਰਹਿੰਦਾ ਹੈ।
ਭਾਰਤੀ ਨਿੱਜੀ ਹਸਪਤਾਲਾਂ 'ਚ ਇਲਾਜ 'ਤੇ ਲਗਭਗ 28 ਫੀਸਦੀ ਖ਼ਰਚ ਕਰਦੇ ਹਨ।
ਜਦੋਂ ਕਿ ਨਿੱਜੀ ਹਸਪਤਾਲ 'ਚ ਇਲਾਜ ਕਰਵਾਉਣਾ ਸਰਕਾਰੀ ਹਸਪਤਾਲ 'ਚ ਇਲਾਜ ਕਰਵਾਉਣ ਦੇ ਮੁਕਾਬਲੇ ਚਾਰ ਗੁਣਾ ਵੱਧ ਮਹਿੰਗਾ ਹੈ।
ਸਿਹਤ ਸੇਵਾਵਾਂ 'ਤੇ ਖ਼ਰਚਾ
ਵਰਲਡ ਹੈਲਥ ਆਰਗਨਾਇਜ਼ੇਸ਼ਨ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਹਰ ਭਾਰਤੀ ਲਗਭਗ 75 ਡਾਲਰ ਯਾਨਿ 4869 ਰੁਪਏ ਆਪਣੀ ਸਿਹਤ 'ਤੇ ਸਲਾਨਾ ਖਰਚ ਕਰਦੇ ਹਨ।
ਯਾਨਿ ਮਹੀਨੇ ਦਾ ਹਿਸਾਬ ਕੱਢਿਆ ਜਾਵੇ ਤਾਂ ਭਾਰਤੀ ਹਰ ਮਹੀਨੇ 400 ਰੁਪਏ ਸਿਹਤ 'ਤੇ ਖ਼ਰਚ ਕਰਦੇ ਹਨ।
ਇਹ ਔਸਤ ਖ਼ਰਚਾ ਹੈ, ਇਸ ਦਾ ਅਰਥ ਬਿਲਕੁਲ ਨਹੀਂ ਲਗਾਇਆ ਜਾ ਸਕਦਾ ਕਿ ਹਰ ਭਾਰਤੀ ਇਲ਼ਾਜ 'ਤੇ ਇੰਨਾਂ ਖ਼ਰਚ ਕਰਦਾ ਹੀ ਹੈ।
ਦੇਸ ਦੇ ਪਿੰਡ ਦੇ ਹਿਸਾਬ ਨਾਲ ਦੇਖੀਏ ਤਾਂ ਇਹ ਬਹੁਤ ਜ਼ਿਆਦਾ ਹੈ, ਪਰ ਸ਼ਹਿਰ ਦੇ ਹਿਸਾਬ ਨਾਲ ਨਹੀਂ।
ਪਰ ਦੁਨੀਆਂ ਦੇ ਕੁਝ ਦੂਜੇ ਦੇਸਾਂ 'ਚ ਲੋਕ ਆਪਣੀ ਸਿਹਤ 'ਤੇ ਭਾਰਤੀਆਂ ਤੋਂ ਵੱਧ ਖ਼ਰਚ ਕਰਦੇ ਹਨ।
ਅਰਥਚਾਰੇ ਦੇ ਆਕਾਰ ਦੇ ਹਿਸਾਬ ਨਾਲ ਭਾਰਤ ਵਰਗੇ ਦੇਸਾਂ 'ਚ ਇਹ ਖ਼ਰਚਾ 900 ਡਾਲਰ ਤੋਂ ਸ਼ੁਰੂ ਹੁੰਦਾ ਹੈ।
ਬ੍ਰਿਕਸ ਦੇਸਾਂ 'ਚ ਬ੍ਰਾਜ਼ੀਲ ਅਤੇ ਦੱਖਣ ਅਫ਼ਰੀਕਾ ਵਰਗੇ ਦੇਸ ਸਲਾਨਾ ਲਗਭਗ 900 ਡਾਲਰ ਯਾਨਿ 58,549 ਰੁਪਏ ਖ਼ਰਚ ਕਰਦੇ ਹਨ।