You’re viewing a text-only version of this website that uses less data. View the main version of the website including all images and videos.
ਕੰਮ-ਧੰਦਾ: ਭਵਿੱਖ 'ਚ ਕਿੱਥੇ ਮਿਲਣਗੀਆਂ ਵੱਧ ਨੌਕਰੀਆਂ?
ਭਾਰਤ ਵਿੱਚ ਨੌਕਰੀਆਂ ਦੀ ਕਮੀ ਦੇ ਮੁੱਦੇ ਨੇ ਅੱਜ ਕੱਲ ਸਭ ਦਾ ਧਿਆਨ ਆਪਣੇ ਵੱਲ ਖਿਚਿਆ ਹੋਇਆ ਹੈ। ਦੇਸ਼ ਦੀ ਆਬਾਦੀ ਵਿੱਚ ਨੌਜਵਾਨਾਂ ਦੀ ਕਾਫ਼ੀ ਹਿੱਸੇਦਾਰੀ ਹੈ, ਜਿਸ ਕਰਕੇ ਬੇਰੁਜ਼ਗਾਰੀ ਦਾ ਮੁੱਦਾ ਹੋਰ ਵੀ ਅਹਿਮ ਹੋ ਜਾਂਦਾ ਹੈ।
ਇਸੇ ਲਈ 'ਕੰਮ-ਧੰਦਾ' ਵਿੱਚ ਨੌਕਰੀਆਂ ਅਤੇ ਭਾਰਤ ਵਿੱਚ ਨੌਕਰੀਆਂ ਦੇ ਭਵਿੱਖ ਦੀ ਗੱਲ ਕਰਾਂਗੇ।
ਇਹ ਵੀ ਜਾਣਾਂਗੇ ਕਿ ਭਵਿੱਖ ਵਿੱਚ ਕਿੱਥੇ ਕਿੱਥੇ ਨੌਕਰੀਆਂ ਮਿਲਣਗੀਆਂ।
ਆਟੋਮੇਸ਼ਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀਆਂ ਨਵੀਆਂ ਤਕਨੀਕਾਂ ਕਰਕੇ ਕਈ ਸੈਕਟਰਜ਼ ਵਿੱਚ ਨੌਕਰੀਆਂ ਘਟਣ ਦਾ ਵੀ ਡਰ ਹੈ। ਨਵੀਆਂ ਨੌਕਰੀਆਂ ਆ ਤਾਂ ਰਹੀਆਂ ਹਨ ਪਰ ਕਈ ਖੇਤਰਾਂ ਵਿੱਚ ਛਾਂਟੀ ਵੀ ਕੀਤੀ ਜਾ ਰਹੀ ਹੈ।
ਕੌਮਾਂਤਰੀ ਕਿਰਤ ਸੰਗਠਨ ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਵਿਸ਼ਵ ਅਤੇ ਦੱਖਣੀ ਏਸ਼ੀਆਈ ਖਿੱਤੇ ਤੋਂ ਕਿਤੇ ਵੱਧ ਹੈ।
ਭਾਰਤ ਵਿੱਚ ਸਭ ਤੋਂ ਵੱਡੀ ਚਿੰਤਾ ਪੂਰੇ ਰੁਜ਼ਗਾਰ ਦੀ ਹੈ ਜੋ 2017 ਤੋਂ ਲੈ ਕੇ 2019 ਤੱਕ 3.4 ਤੋਂ 3.5 ਫੀਸਦ ਰਹੇਗਾ।
ਸਭ ਤੋਂ ਵੱਧ ਬੇਰੁਜ਼ਗਾਰੀ 15 ਤੋਂ 24 ਸਾਲ ਦੇ ਨੌਜਵਾਨਾਂ ਲਈ ਹੈ।
ਸੰਗਠਨ ਮੁਤਾਬਕ 2017 'ਚ ਭਾਰਤ ਵਿੱਚ ਕਰੀਬ ਇੱਕ ਕਰੋੜ 83 ਲੱਖ ਲੋਕ ਬੇਰੁਜ਼ਗਾਰ ਸਨ ਅਤੇ 2018 ਵਿੱਚ ਇਹ ਗਿਣਤੀ ਇੱਕ ਕਰੋੜ 86 ਲੱਖ ਅਤੇ 2019 ਵਿੱਚ ਇੱਕ ਕਰੋੜ 89 ਲੱਖ ਹੋ ਸਕਦੀ ਹੈ।
ਵਧੇਰੇ ਲੋਕ ਗੈਰ-ਸੰਗਠਿਤ ਖੇਤਰਾਂ ਵਿੱਚ ਕੰਮ ਕਰਨ ਲਈ ਮਜਬੂਰ ਹਨ।
10 ਵਿੱਚੋਂ ਸੱਤ ਆਦਮੀ ਗੈਰ-ਸੰਗਠਿਤ ਖੇਤਰਾਂ ਵਿੱਚ ਕੰਮ ਕਰ ਰਹੇ ਹਨ ਜਿਨ੍ਹਾਂ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਸਮਾਜਿਕ ਸੁਰੱਖਿਆ ਨਹੀਂ ਹੈ।
ਜ਼ਿਆਦਾਤਰ ਲੋਕ ਬਿਨਾਂ ਕਿਸੇ ਲਿਖਤੀ ਕੰਟ੍ਰੈਕਟ ਦੇ ਹੀ ਕੰਮ ਕਰ ਰਹੇ ਹਨ।
ਮਾਹੌਲ ਵਿੱਚ ਸਿਰਫ ਮਾਯੂਸੀ ਅਤੇ ਨਿਰਾਸ਼ਾ ਨਹੀਂ ਹੈ। ਪਿਛਲੇ ਸਾਲ ਦਾ ਟਰੈਂਡ ਵੇਖੀਏ ਤਾਂ ਸੰਗਠਿਤ ਖੇਤਰਾਂ ਵਿੱਚ ਸਭ ਤੋਂ ਵੱਧ ਨੌਕਰੀਆਂ ਆਈਆਂ ਹਨ।
ਨਵੀਆਂ ਨੌਕਰੀਆਂ ਦਾ ਮਾਹੌਲ
ਭਾਰਤੀ ਵਣਜ ਅਤੇ ਉਦਯੋਗ ਮਹਾਸੰਘ ਫਿਕੀ ਅਤੇ ਵਪਾਰੀਆਂ, ਉਦਯੋਗਪਤੀਆਂ ਦੇ ਸੰਗਠਨ ਨੈਸਕੌਮ ਦੀ ਹਾਲ ਹੀ ਵਿੱਚ ਆਈ ਇੱਕ ਰਿਪੋਰਟ ਮੁਤਾਬਕ ਅਗਲੇ ਚਾਰ ਸਾਲਾਂ ਵਿੱਚ ਕੁੱਲ ਕੰਮਕਾਜੀ ਲੋਕਾਂ ਵਿੱਚੋਂ 37 ਫੀਸਦ ਨਵੇਂ ਰੁਜ਼ਗਾਰ ਉੱਤੇ ਲੱਗਣਗੇ।
ਇਸ ਰਿਪੋਰਟ ਅਨੁਸਾਰ ਸਾਲ 2022 ਤੱਕ ਆਈਟੀ ਅਤੇ ਬੀਪੀਓ ਸੈਕਟਰ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਸਕਿੱਲਜ਼ ਵਿੱਚ ਭਾਰੀ ਬਦਲਾਅ ਹੋਵੇਗਾ।
ਇਸ ਤੋਂ ਇਲਾਵਾ ਬੈਂਕਿੰਗ, ਫਾਈਨੈਂਸ਼ਿਅਲ ਸਰਵੀਸਿਜ਼, ਇੰਸ਼ੋਰੈਂਸ, ਆਟੋਮੋਟਿਵ ਸੈਕਟਰ ਵਿੱਚ ਵੀ ਲੋਕਾਂ ਨੂੰ ਵੱਡੇ ਪੈਮਾਨੇ 'ਤੇ ਨੌਕਰੀਆਂ ਮਿਲਣਗੀਆਂ।
ਰਿਪੋਰਟ ਮੁਤਾਬਕ ਸਾਲ 2022 ਤੱਕ ਸੰਗਠਿਤ ਖੇਤਰਾਂ ਵਿੱਚ ਉਤਪਾਦਨ ਅਤੇ ਸਰਵਿਸ ਸੈਕਟਰ ਵਿੱਚ ਇੱਕ ਕਰੋੜ ਤੋਂ ਵੱਧ ਰੁਜ਼ਗਾਰ ਦੇ ਮੌਕੇ ਮਿਲਣਗੇ।
ਨਾਲ ਹੀ ਭਾਰਤ ਵਿੱਚ ਸਟਾਰਟ-ਅਪਸ ਲਈ ਵੀ ਚੰਗਾ ਮਾਹੌਲ ਹੈ।
ਮਾਰਕੀਟ ਵਿੱਚ ਡਿਮਾਂਡ ਦੇ ਹਿਸਾਬ ਨਾਲ ਨੌਕਰੀ ਲੱਭਣ ਵਾਲਿਆਂ ਨੂੰ ਵੀ ਖੁਦ ਨੂੰ ਬਦਲਣਾ ਪਵੇਗਾ।
ਲੋਕ ਫੌਰਮਲ ਅਤੇ ਵੱਧ ਸਮੇਂ ਦੀ ਨੌਕਰੀ ਤੋਂ ਫਲੈਕਸੀਬਲ ਅਤੇ ਸ਼ੌਰਟ ਟਰਮ ਨੌਕਰੀ ਪਸੰਦ ਕਰ ਰਹੇ ਹਨ।
ਨਾਲ ਹੀ ਨੌਕਰੀਆਂ ਵਿੱਚ ਮਲਟੀ-ਟਾਸਕਿੰਗ ਅਤੇ ਸਕਿੱਲ ਡੈਵਲਪਮੈਂਟ 'ਤੇ ਵੱਧ ਧਿਆਨ ਦਿੱਤਾ ਜਾਵੇਗਾ।