ਛੋਟੀ ਉਮਰੇ ਆਏ ਧੌਲਿਆਂ ਨੂੰ ਇਨ੍ਹਾਂ ਫੈਸ਼ਨ ਬਣਾ ਲਿਆ

    • ਲੇਖਕ, ਸਰੋਜ ਸਿੰਘ
    • ਰੋਲ, ਬੀਬੀਸੀ ਪੱਤਰਕਾਰ

"ਜਦੋਂ ਮੈਂ 14-15 ਸਾਲ ਦੀ ਸੀ ਤਾਂ ਮੇਰੇ ਧੌਲੇ ਆਉਣ ਲੱਗ ਪਏ ਸਨ। ਮੈਨੂੰ ਜਾਂ ਮੇਰੇ ਪਿਤਾ ਨੂੰ ਇਸ ਗੱਲ ਤੋਂ ਕੋਈ ਫਰਕ ਨਹੀਂ ਪਿਆ ਪਰ ਮੇਰੀ ਮਾਂ ਪ੍ਰੇਸ਼ਾਨ ਹੋਣ ਲੱਗੀ ਸੀ।''

"ਮਾਂ ਮੈਨੂੰ ਡਾਕਟਰ ਕੋਲ ਲੈ ਗਈ। ਡਾਕਟਰ ਨੇ ਕੈਲਸ਼ੀਅਮ ਸਪਲੀਮੈਂਟਸ ਖਾਣ ਦੀ ਸਲਾਹ ਦਿੱਤੀ ਪਰ ਕੁਝ ਨਹੀਂ ਬਦਲਿਆ। ਇਸ ਗੱਲ ਨੂੰ ਹੁਣ ਤਕਰੀਬਨ 15 ਸਾਲ ਬੀਤ ਚੁੱਕੇ ਹਨ।''

ਇਹ ਕਹਾਣੀ ਹੈ ਚੰਡੀਗੜ੍ਹ ਵਿੱਚ ਰਹਿਣ ਵਾਲੀ ਵਰਣਿਕਾ ਕੁੰਡੂ ਦੀ। ਵਰਣਿਕਾ ਦੇ ਵਾਲ ਛੋਟੇ ਹਨ ਪਰ ਅੱਧੇ ਚਿੱਟੇ ਅਤੇ ਅੱਧੇ ਕਾਲੇ।

ਪਹਿਲੀ ਨਜ਼ਰ ਵਿੱਚ ਇਹ ਉਨ੍ਹਾਂ ਦਾ ਫੈਸ਼ਨ ਸਟੇਟਮੈਂਟ ਲੱਗ ਸਕਦਾ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਵਾਲਾਂ ਲਈ ਉਨ੍ਹਾਂ ਨੇ ਪਾਰਲਰ ਜਾ ਕੇ ਕੁਝ ਨਹੀਂ ਕਰਵਾਇਆ ਹੈ ਬਲਕਿ ਇਹ ਖੁਦ ਹੀ ਹੋਇਆ ਹੈ।

ਇਹ ਵੀ ਪੜ੍ਹੋ :

ਛੋਟੀ ਉਮਰ ਵਿੱਚ ਵਾਲ ਚਿੱਟੇ ਹੋਣਾ ਇੱਕ ਟਰੈਂਡ ਜਿਹਾ ਬਣਦਾ ਜਾ ਰਿਹਾ ਹੈ।

ਗੂਗਲ ਟਰੈਂਡ ਦੇ ਸਰਚ ਇੰਟਰੱਸਟ ਤੋਂ ਪਤਾ ਲੱਗਿਆ ਕਿ ਪਿਛਲੇ ਦਸ ਸਾਲਾਂ ਵਿੱਚ ਗੂਗਲ 'ਤੇ ਗ੍ਰੇਅ ਹੇਅਰ ਯਾਨੀ ਚਿੱਟੇ ਵਾਲਾਂ ਬਾਰੇ ਸਰਚ ਕਰਨ ਵਾਲਿਆਂ ਦੀ ਗਿਣਤੀ ਕਾਫ਼ੀ ਵਧੀ ਹੈ। ਖਾਸ ਤੌਰ 'ਤੇ 2015 ਦੇ ਬਾਅਦ ਤੋਂ।

ਹਰ ਖਿੱਤੇ ਵਿੱਚ ਵੱਖ-ਵੱਖ ਪੈਮਾਨਾ

20 ਸਾਲ ਦੇ ਸਤਿਅਭਾਨ ਵੀ ਉਨ੍ਹਾਂ ਵਿੱਚੋਂ ਇੱਕ ਹਨ ਜੋ ਗੂਗਲ 'ਤੇ ਇਸ ਉਮਰ ਵਿੱਚ ਚਿੱਟੇ ਵਾਲਾਂ ਬਾਰੇ ਰਿਸਰਚ ਕਰਦੇ ਰਹਿੰਦੇ ਹਨ।

ਸਤਿਅਭਾਨ ਵੀ ਚੜ੍ਹਦੀ ਜਵਾਨੀ ਵਿਚ ਸਨ ਜਦੋਂ ਉਨ੍ਹਾਂ ਨੇ ਆਪਣਾ ਪਹਿਲਾ ਚਿੱਟਾ ਵਾਲ ਦੇਖਿਆ ਸੀ। ਉਸ ਵਕਤ ਦੀ ਆਪਣੀ ਪਹਿਲੀ ਪ੍ਰਤੀਕਿਰਿਆ ਨੂੰ ਯਾਦ ਕਰਦੇ ਹੋਏ ਉਹ ਦੱਸਦੇ ਹਨ, "ਮੈਨੂੰ ਥੋੜ੍ਹੀ ਚਿੰਤਾ ਹੋਈ। ਫਿਰ ਮੈਂ ਗੂਗਲ ਸਰਚ ਕੀਤਾ। ਆਖਿਰ ਇਸ ਦੀ ਕੀ ਵਜ੍ਹਾ ਹੈ?''

"ਮੇਰੇ ਪਿਤਾ ਖੁਦ ਇੱਕ ਕਾਰਡੀਓਲੋਜਿਸਟ ਹਨ। ਉਨ੍ਹਾਂ ਦੀ ਸਲਾਹ 'ਤੇ ਮੈਂ ਇੱਕ ਡਾਕਟਰ ਨੂੰ ਮਿਲਣ ਵੀ ਗਿਆ ਫਿਰ ਪਤਾ ਲਗਿਆ ਕਿ ਮੇਰੇ ਖਾਣ-ਪੀਣ ਦੀਆਂ ਆਦਤਾਂ ਅਤੇ ਵਾਲਾਂ 'ਤੇ ਵੱਖ-ਵੱਖ ਤਰੀਕੇ ਦੇ ਪ੍ਰੋਡਕਟਸ ਇਸਤੇਮਾਲ ਕਰਨ ਕਰਕੇ ਹੋਇਆ ਹੋਵੇਗਾ।''

ਸਕਿਨ ਅਤੇ ਵਾਲਾਂ ਦੇ ਮਾਹਰ ਡਾਕਟਰ ਦੀਪਾਲੀ ਭਾਰਦਵਾਜ ਕਹਿੰਦੇ ਹਨ, "ਘੱਟ ਉਮਰ ਵਿੱਚ ਵਾਲ ਧੌਲੇ ਆਉਣਾ ਇੱਕ ਬਿਮਾਰੀ ਹੈ। ਡਾਕਟਰੀ ਭਾਸ਼ਾ ਵਿੱਚ ਇਸ ਨੂੰ ਕੈਨਾਇਟਿਸ ਕਹਿੰਦੇ ਹਨ।''

ਇੰਡੀਅਨ ਜਰਨਲ ਆਫ ਡਰਮੋਟੋਲੌਜੀ ਵਿੱਚ 2016 ਵਿੱਚ ਛਪੀ ਰਿਸਰਚ ਅਨੁਸਾਰ ਭਾਰਤ ਵਿੱਚ ਕੈਨਾਇਟਿਸ ਲਈ 20 ਸਾਲ ਦੀ ਉਮਰ ਤੈਅ ਕੀਤੀ ਗਈ ਹੈ। ਭਾਰਤੀਆਂ ਵਿੱਚ 20 ਸਾਲ ਜਾਂ ਉਸ ਤੋਂ ਪਹਿਲਾਂ ਧੌਲੇ ਆਉਣੇ ਸ਼ੁਰੂ ਹੋ ਜਾਣ ਤਾਂ ਮੰਨਿਆ ਜਾਂਦਾ ਹੈ ਕਿ ਉਸ ਨੂੰ ਇਹ ਬਿਮਾਰੀ ਹੈ।

ਬਿਮਾਰੀ ਦੇ ਕਾਰਨ

ਦਿੱਲੀ ਦੇ ਸਫਦਰਜੰਗ ਵਿੱਚ ਕਈ ਸਾਲਾਂ ਤੱਕ ਪ੍ਰੈਕਟਿਸ ਕਰਨ ਵਾਲੇ ਟ੍ਰਾਈਕੌਲੋਜਿਸਟ (ਵਾਲਾਂ ਦੇ ਡਾਕਟਰ), ਡਾਕਟਰ ਅਮਰੇਂਦਰ ਕੁਮਾਰ ਕਹਿੰਦੇ ਹਨ, "ਕੈਨਾਇਟਿਸ ਵਿੱਚ ਹੇਅਰ ਕਲਰ ਪਿਗਮੇਂਟ ਪੈਦਾ ਕਰਨ ਵਾਲੇ ਸੈੱਲ ਵਿੱਚ ਦਿੱਕਤ ਹੋ ਜਾਂਦੀ ਹੈ ਜਿਸ ਦੀ ਵਜ੍ਹਾ ਕਰਕੇ ਵਾਲ ਚਿੱਟੇ ਹੋਣ ਲੱਗਦੇ ਹਨ।

ਇਸਦੇ ਪਿੱਛੇ ਕਈ ਕਾਰਨ ਹੁੰਦੇ ਹਨ। ਡਾਕਟਰ ਅਮਰੇਂਦਰ ਅਨੁਸਾਰ ਕਈ ਵਾਰ ਘੱਟ ਉਮਰ ਵਿੱਚ ਵਾਲ ਚਿੱਟੇ ਹੋਣ ਦੇ ਜੈਨੇਟਿਕ ਕਾਰਨ ਹੁੰਦੇ ਹਨ ਤਾਂ ਕਈ ਵਾਰ ਖਾਣ-ਪੀਣ ਵਿੱਚ ਪ੍ਰੋਟੀਨ ਅਤੇ ਕਾਪਰ ਦੀ ਕਮੀ ਅਤੇ ਹਾਰਮੌਨਜ਼ ਦੀ ਵਜ੍ਹਾ ਨਾਲ ਵੀ ਇਹ ਦਿੱਕਤ ਪੈਦਾ ਹੋ ਸਕਦੀ ਹੈ।

ਇਹ ਵੀ ਪੜ੍ਹੋ :

ਸਰੀਰ ਵਿੱਚ ਹੀਮੋਗਲੋਬਿਨ ਦਾ ਘੱਟ ਹੋਣਾ, ਐਨੀਮੀਆ, ਥਾਇਰਾਇਡ ਦੀ ਦਿੱਕਤ, ਪ੍ਰੋਟੀਨ ਦੀ ਕਮੀ ਵਰਗੇ ਕਾਰਨਾਂ ਕਰਕੇ ਵਾਲ ਘੱਟ ਉਮਰ ਵਿੱਚ ਚਿੱਟੇ ਹੋ ਸਕਦੇ ਹਨ।

ਵਰਣਿਕਾ ਜਦੋਂ ਡਾਕਟਰ ਨੂੰ ਮਿਲੀ ਤਾਂ ਉਨ੍ਹਾਂ ਨੂੰ ਪਤਾ ਲਗਿਆ ਕਿ ਵਾਲਾਂ ਦੀ ਉਨ੍ਹਾਂ ਦੀ ਦਿੱਕਤ ਜੈਨੇਟਿਕ ਹੈ।

ਆਪਣੇ ਪਿਤਾ ਬਾਰੇ ਦੱਸਦੇ ਹੋਏ ਵਰਣਿਕਾ ਕਹਿੰਦੀ ਹੈ, "ਮੇਰੇ ਪਿਤਾ ਦੇ ਵਾਲ ਵੀ ਘੱਟ ਉਮਰ ਵਿੱਚ ਹੀ ਚਿੱਟੇ ਹੋ ਗਏ ਸਨ। ਮੇਰੀ ਛੋਟੀ ਭੈਣ ਵੀ ਹੈ ਤੇ ਉਸਦੇ ਵਾਲ ਵੀ ਮੇਰੇ ਵਾਂਗ ਹੀ ਹਨ। ਸਾਡੇ ਪਰਿਵਾਰ ਵਿੱਚ ਇਹ ਦਿੱਕਤ ਕਈ ਲੋਕਾਂ ਦੇ ਨਾਲ ਹੈ।''

ਜੀਨ ਹਨ ਰੰਗ ਲਈ ਜ਼ਿੰਮੇਵਾਰ

ਦੁਨੀਆਂ ਵਿੱਚ ਕਈ ਥਾਂਵਾਂ 'ਤੇ ਘੱਟ ਉਮਰ ਵਿੱਚ ਚਿੱਟੇ ਵਾਲ ਕਿਉਂ ਹੁੰਦੇ ਹਨ, ਇਸ 'ਤੇ ਵੀ ਰਿਸਰਚ ਹੋਈ ਹੈ।

ਬਰਤਾਨੀਆ ਦੀ ਯੂਨੀਵਰਸਿਟੀ ਆਫ ਬਰੈਡਫੋਰਡ ਦੇ ਪ੍ਰੋਫੈਸਰ ਡੇਸਮੰਡ ਟੋਬੀਨ ਅਨੁਸਾਰ ਯੂਰਪ ਵਿੱਚ ਰਹਿਣ ਵਾਲਿਆਂ ਲਈ 20 ਸਾਲ ਦੀ ਉਮਰ ਵਿੱਚ ਵਾਲ ਚਿੱਟੇ ਹੋਣਾ ਆਮ ਗੱਲ ਹੈ।

ਪ੍ਰੋਫੈਸਰ ਟੋਬੀਨ ਹੇਅਰ ਅਤੇ ਸਕਰੀਨ ਪਿਗਮੈਂਟ ਸਪੈਸ਼ਲਿਸਟ ਹਨ।

ਇਸ ਵਿਸ਼ੇ 'ਤੇ ਕੀਤੀ ਰਿਸਰਚ ਦੇ ਅਧਿਅਨ ਤੋਂ ਬਾਅਦ ਇਸ ਨਤੀਜੇ 'ਤੇ ਪਹੁੰਚੇ ਹਾਂ ਕਿ ਮਨੁੱਖੀ ਸਰੀਰ ਵਿੱਚ ਮਿਲਣ ਵਾਲੇ ਜੀਨ ਸਾਡੇ ਵਾਲਾਂ ਦੇ ਰੰਗ-ਰੂਪ ਲਈ ਜ਼ਿੰਮੇਵਾਰ ਹੁੰਦੇ ਹਨ।

ਰਿਸਰਚ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਵੱਖ-ਵੱਖ ਨਸਲ ਦੇ ਲੋਕਾਂ ਵਿੱਚ ਵੱਖ-ਵੱਖ ਸਮੇਂ 'ਤੇ ਵਾਲ ਚਿੱਟੇ ਹੋਣ ਦਾ ਟਰੈਂਡ ਹੈ। ਅਫਰੀਕਾ ਅਤੇ ਪੂਰਬੀ ਏਸ਼ੀਆਈ ਨਸਲਾਂ ਵਿੱਚ ਇੱਕ ਉਮਰ ਤੋਂ ਬਾਅਦ ਹੀ ਧੌਲੇ ਆਉਣੇ ਸ਼ੁਰੂ ਹੋ ਜਾਂਦੇ ਹਨ।

ਭਾਰਤ ਵਿੱਚ 40 ਸਾਲ ਦੀ ਉਮਰ ਤੋਂ ਬਾਅਦ ਜੇ ਵਾਲ ਚਿੱਟੇ ਹੋਣ ਤਾਂ ਇਸ ਨੂੰ ਬਿਮਾਰੀ ਨਹੀਂ ਮੰਨਿਆ ਜਾਂਦਾ।

ਸਮੱਸਿਆ ਲਈ ਵੱਖ-ਵੱਖ ਨਜ਼ਰੀਆ

ਘੱਟ ਉਮਰ ਵਿੱਚ ਚਿੱਟੇ ਵਾਲਾਂ ' ਵਾਲੇ ਵੱਖ-ਵੱਖ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਵੱਖ-ਵੱਖ ਹਨ।

ਕਈ ਲੋਕ ਘੱਟ ਉਮਰ ਵਿੱਚ ਚਿੱਟੇ ਵਾਲਾਂ ਨੂੰ ਸਵੀਕਾਰ ਕਰਕੇ ਉਸ ਨੂੰ ਲੁਕਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਕਈ ਲੋਕ ਇਸ ਨੂੰ ਫੈਸ਼ਨ ਸਟੇਟਮੈਂਟ ਜਾਂ ਫਿਰ ਸਟਾਈਲ ਸਟੇਟਮੈਂਟ ਵਿੱਚ ਬਦਲ ਦਿੰਦੇ ਹਨ।

ਸਤਿਅਭਾਨ ਉਨ੍ਹਾਂ ਵਿੱਚੋਂ ਹਨ ਜੋ 20 ਸਾਲ ਦੀ ਉਮਰ ਵਿੱਚ ਧੌਲੇ ਵਾਲਾਂ ਦੇ ਨਾਲ ਨਹੀਂ ਰਹਿਣਾ ਚਾਹੁੰਦੇ, ਇਸ ਲਈ ਉਨ੍ਹਾਂ ਨੇ ਵਾਲ ਡਾਈ ਕਰਨਾ ਸ਼ੁਰੂ ਕਰ ਦਿੱਤੇ ਹਨ।

ਡਾਕਟਰ ਦੀਪਾਲੀ ਇਸ ਨੂੰ ਸਹੀ ਨਹੀਂ ਮੰਨਦੀ। ਉਨ੍ਹਾਂ ਅਨੁਸਾਰ ਇਸ ਨਾਲ ਵਾਲਾਂ ਨੂੰ ਵੱਧ ਨੁਕਸਾਨ ਪਹੁੰਚਦਾ ਹੈ।

ਥੋੜ੍ਹੇ ਵਕਤ ਲਈ ਇਹ ਅਸਰ ਜ਼ਰੂਰ ਦਿਖਦੇ ਹਨ ਪਰ ਜਿਵੇਂ ਹੀ ਤੁਸੀਂ ਇਨ੍ਹਾਂ ਦਾ ਇਸਤੇਮਾਲ ਕਰਨਾ ਬੰਦ ਕਰ ਦਿੰਦੇ ਹੋ ਤਾਂ ਉਹ ਵਾਲ ਮੁੜ ਚਿੱਟੇ ਹੋਣ ਲੱਗਦੇ ਹਨ।

ਪਰ ਵਰਣਿਕਾ ਕੁੰਡੂ ਉਨ੍ਹਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਪਹਿਲੇ ਦਿਨ ਤੋਂ ਹੀ ਇਸ ਨੂੰ ਸਵੀਕਾਰ ਕਰ ਲਿਆ।

ਬੀਬੀਸੀ ਨਾਲ ਗੱਲਬਾਤ ਵਿੱਚ ਵਰਣਿਕਾ ਕਹਿੰਦੀ ਹੈ, "ਕੁਝ ਲੋਕਾਂ ਨੂੰ ਲੱਗਦਾ ਹੈ ਕਿ ਮੈਂ ਵਾਲ ਹਾਈ-ਲਾਈਟ ਕਰਵਾਏ ਹਨ ਪਰ ਅਜਿਹਾ ਬਿਲਕੁੱਲ ਵੀ ਨਹੀਂ ਹੈ। ਕੁਝ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਮੇਰੇ ਵਰਗੇ ਵਾਲ ਚਾਹੀਦੇ ਹਨ ਪਰ ਮੈਂ ਉਨ੍ਹਾਂ ਨੂੰ ਕਿਵੇਂ ਸਮਝਾਵਾਂ ਕਿ ਇਹ ਕੁਦਰਤੀ ਹਨ।''

ਕੀ ਉਨ੍ਹਾਂ ਦੇ ਚਿੱਟੇ ਵਾਲਾਂ ਨੂੰ ਉਨ੍ਹਾਂ ਦੀ ਉਮਰ ਨਾਲ ਜੋੜ ਕੇ ਵੀ ਦੇਖਿਆ ਗਿਆ?

ਵਰਣਿਕਾ ਪਹਿਲਾਂ ਤਾਂ ਜ਼ੋਰ ਨਾਲ ਹੱਸਦੀ ਹੈ ਫਿਰ ਕਹਿੰਦੀ ਹੈ ਇੱਕ ਵਾਰ ਨਹੀਂ ਕਈ ਵਾਰ।

ਕਈ ਵਾਰ ਲੋਕ ਮੈਨੂੰ ਦੇਖ ਕੇ ਪਹਿਲੀ ਨਜ਼ਰ ਵਿੱਚ ਹੀ ਉਮਰਦਰਾਜ ਸਮਝਣ ਲੱਗਦੇ ਹਨ ਅਤੇ ਫਿਰ ਗੱਲਬਾਤ ਵਿੱਚ ਜਦੋਂ ਉਨ੍ਹਾਂ ਨੂੰ ਮੇਰੀ ਸਹੀ ਉਮਰ ਦਾ ਪਤਾ ਲਗਦਾ ਹੈ ਤਾਂ ਉਹ ਮੁਆਫ਼ੀ ਵੀ ਮੰਗਦੇ ਹਨ ਪਰ ਇਨ੍ਹਾਂ ਗੱਲਾਂ ਨੂੰ ਮੈਂ ਕਦੇ ਦਿਲ 'ਤੇ ਨਹੀਂ ਲਿਆ ਅਤੇ ਨਾ ਹੀ ਵਧੇਰੇ ਤਵੱਜੋ ਦਿੱਤੀ।

ਕਈ ਲੋਕ ਇਸ ਬਿਮਾਰੀ ਦੇ ਕਾਰਨ ਸਟਰੈਸ ਤੇ ਸਦਮੇ ਵਿੱਚ ਚਲੇ ਜਾਂਦੇ ਹਨ।

ਡਾਕਟਰ ਅਮਰੇਂਦਰ ਅਨੁਸਾਰ ਦੁਨੀਆਂ ਵਿੱਚ ਤਕਰੀਬਨ 5 ਤੋਂ 10 ਫੀਸਦੀ ਲੋਕ ਕੈਨਾਇਟਿਸ ਦੇ ਸ਼ਿਕਾਰ ਹਨ।

ਕੀ ਹੈ ਸਮੱਸਿਆ ਦਾ ਹੱਲ?

ਇਸ ਸਵਾਲ ਦੇ ਜਵਾਬ ਵਿੱਚ ਡਾਕਟਰ ਅਮਰੇਂਦਰ ਕਹਿੰਦੇ ਹਨ, "ਇਸ ਬਿਮਾਰੀ ਦਾ ਇਲਾਜ ਮੁਸ਼ਕਲ ਹੈ। ਇੱਕ ਵਾਰ ਵਾਲ ਚਿੱਟੇ ਹੋਣਾ ਸ਼ੁਰੂ ਹੋ ਗਏ ਤਾਂ ਜਿਨ੍ਹਾਂ ਮੁਸ਼ਕਿਲ ਉਨ੍ਹਾਂ ਨੂੰ ਮੁੜ ਕਾਲਾ ਕਰਨਾ ਹੈ ਉਨ੍ਹਾਂ ਹੀ ਮੁਸ਼ਕਿਲ ਬਾਕੀ ਬਚੇ ਵਾਲਾਂ ਦਾ ਚਿੱਟੇ ਹੋਣ ਤੋਂ ਰੋਕਣਾ ਹੈ।''

ਕੈਨਾਇਟਿਸ ਲਈ ਦਵਾਈਆਂ ਅਤੇ ਸ਼ੈਂਪੂ ਵੀ ਬਾਜ਼ਾਰ ਵਿੱਚ ਉਪਲਬਧ ਹਨ ਪਰ ਉਨ੍ਹਾਂ ਨਾਲ ਸਿਰਫ 20 ਤੋਂ 30 ਫੀਸਦ ਸਫਲਤਾ ਮਿਲ ਸਕਦੀ ਹੈ।

ਡਾ ਦੀਪਾਲੀ ਦੀ ਮੰਨੀਏ ਤਾਂ ਘੱਟ ਉਮਰ ਵਿੱਚ ਵਾਲ ਚਿੱਟੇ ਨਾ ਹੋਣ ਇਸ ਲਈ ਖਾਣ-ਪੀਣ 'ਤੇ ਸ਼ੁਰੂਆਤ ਤੋਂ ਹੀ ਧਿਆਨ ਦੇਣ ਦੀ ਲੋੜ ਹੈ।

ਖਾਣੇ ਵਿੱਚ ਬਾਇਓਟੀਨ ( ਇੱਕ ਤਰੀਕੇ ਦਾ ਵਿਟਾਮਿਨ ਹੁੰਦਾ ਹੈ) ਦਾ ਇਸਤੇਮਾਲ ਕਰਨ। ਵਾਲਾਂ ਵਿੱਚ ਕਿਸੇ ਤਰੀਕੇ ਦਾ ਕੈਮੀਕਲ ਨਾ ਲਾਉਣ।

ਅਕਸਰ ਐਂਟੀ ਡੈਂਡਰਫ ਸ਼ੈਂਪੂ ਵਿੱਚ ਵਾਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੈਮੀਕਲ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਅਜਿਹੇ ਸ਼ੈਂਪੂ ਹਫਤੇ ਵਿੱਚ ਸਿਰਫ਼ ਦੋ ਵਾਰ ਹੀ ਲਾਉਣ। ਡਾ. ਦੀਪਾਲੀ ਅਨੁਸਾਰ ਵਾਲਾਂ ਵਿੱਚ ਵੱਧ ਤੇਲ ਲਾਉਣ ਨਾਲ ਇਸ ਬਿਮਾਰੀ ਵਿੱਚ ਕੋਈ ਫ਼ਰਕ ਨਹੀਂ ਪੈਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)