You’re viewing a text-only version of this website that uses less data. View the main version of the website including all images and videos.
ਮੈਨੂੰ ਕੋਠੇ 'ਤੇ ਬਿਠਾਉਣ ਲਈ ਛੇਤੀ ਜਵਾਨ ਕਰਨ ਵਾਲੀਆਂ ਦਵਾਈਆਂ ਦਿੱਤੀਆਂ', ਦੇਹ ਵਪਾਰੀਆਂ ਦੇ ਜਾਲ 'ਚ ਫਸੀ ਇੱਕ ਕੁੜੀ ਦੀ ਕਹਾਣੀ
- ਲੇਖਕ, ਪ੍ਰਤੀਕਸ਼ਾ ਦੁਲਾਲ
- ਰੋਲ, ਬੀਬੀਸੀ ਪੱਤਰਕਾਰ, ਨੇਪਾਲੀ ਸੇਵਾ
"ਮੈਨੂੰ ਉਹ ਲਾਲ ਦਵਾਈਆ ਹਰ ਰੋਜ਼ ਦਿੱਤੀਆਂ ਜਾਂਦੀਆਂ ਸਨ। ਦਵਾਈ ਮੈਨੂੰ ਮੁਆਫਕ ਨਹੀਂ ਸੀ ਅਤੇ ਜਦੋਂ ਵੀ ਮੈਂ ਲੈਂਦੀ ਹਰ ਵਾਰ ਉਲਟੀ ਕਰਦੀ।"
ਇੱਕ ਨੇਪਾਲੀ ਕੁੜੀ ਜਿਸਨੂੰ 8 ਸਾਲ ਦੀ ਉਮਰ ਵਿੱਚ ਨੇਪਾਲ ਤੋਂ ਤਸਕਰੀ ਜ਼ਰੀਏ ਭਾਰਤ ਲਿਆਂਦਾ ਗਿਆ ਸੀ ਨੇ ਬੀਬੀਸੀ ਨੂੰ ਇਹ ਦੱਸਿਆ।
ਤਸਕਰੀ ਜ਼ਰੀਏ ਦੇਹ ਵਪਾਰ ਵਿੱਚ ਧੱਕੀਆਂ ਨੇਪਾਲੀ ਕੁੜੀਆਂ ਮੁਤਾਬਕ ਉਨ੍ਹਾਂ ਦੇ ਸਰੀਰੀਕ ਵਿਕਾਸ ਨੂੰ ਤੇਜ਼ ਕਰਨ ਵਾਲੇ ਹਾਰਮੋਨ ਦਿੱਤੇ ਗਏ ਸਨ ਤਾਂ ਕਿ ਉਹ ਜਲਦੀ ਧੰਦੇ ਵਿੱਚ ਲਾਈਆਂ ਜਾ ਸਕਣ।
"ਮੈਨੂੰ ਦਵਾਈ ਪਸੰਦ ਨਹੀਂ ਸੀ ਪਰ ਮਨ੍ਹਾਂ ਕਰਨ 'ਤੇ ਜਿਨ੍ਹਾਂ ਨਾਲ ਮੈਂ ਰਹਿੰਦੀ ਸੀ ਉਹ ਮੈਨੂੰ ਗਾਲਾਂ ਕੱਢਦੇ ਅਤੇ ਕੁੱਟਦੇ ਵੀ ਸਨ। ਉਹ ਮੈਨੂੰ ਕਹਿੰਦੇ ਕਿ ਦਵਾਈ ਮੇਰੀ ਜਲਦੀ ਵੱਡੀ ਹੋਣ ਵਿੱਚ ਮਦਦ ਕਰੇਗੀ ਅਤੇ ਫਿਰ ਮੈਂ ਘਰੇ ਜਾ ਸਕਾਂਗੀ।"
ਇਹ ਵੀ ਪੜ੍ਹੋ꞉
ਕੁੜੀ ਨੇਪਾਲ ਦੇ ਉੱਤਰੀ ਇਲਾਕੇ ਦੀ ਹੈ ਅਤੇ ਉਸਦੇ ਪਰਿਵਾਰ ਵਿੱਚ 8 ਬੱਚੇ ਸਨ। ਪਰਿਵਾਰ ਨੇ ਸਭ ਤੋਂ ਵੱਡੀ ਨੂੰ ਪਿੰਡ ਆਈ ਇੱਕ ਔਰਤ ਦੇ ਕਹਿਣ ਤੇ ਵਧੀਆ ਪੜ੍ਹਾਈ ਲਈ ਕਾਠਮੰਡੂ ਭੇਜਣ ਦਾ ਫੈਸਲਾ ਕੀਤਾ। ਉਸ ਔਰਤ ਨੇ ਮਾਪਿਆਂ ਨਾਲ ਵਾਅਦਾ ਕੀਤਾ ਕਿ ਉਹ ਕੁੜੀ ਦੀ ਪੜ੍ਹਾਈ ਵਿੱਚ ਮਦਦ ਕਰੇਗੀ।
ਕੁੜੀ ਨੂੰ ਕੁਝ ਸਮਾਂ ਹੀ ਕਾਠਮੰਡੂ ਰੱਖਿਆ ਗਿਆ। ਉੱਥੋਂ ਉਸ ਨੂੰ ਭਾਰਤ ਵਿੱਚ ਇੱਕ ਨੇਪਾਲੀ ਪਰਿਵਾਰ ਕੋਲ ਰਹਿਣ ਲਈ ਭੇਜ ਦਿੱਤਾ ਗਿਆ।
ਉੱਥੇ ਇਹ 8 ਸਾਲਾ ਬੱਚੀ ਤੋਂ 4 ਚਾਰ ਜੀਆਂ ਦੇ ਇੱਕ ਪਰਿਵਾਰ ਲਈ ਘਰੇਲੂ ਕੰਮ ਕਰਵਾਇਆ ਗਿਆ। ਦੋ ਸਾਲ ਉਸ ਪਰਿਵਾਰ ਨਾਲ ਰੱਖਣ ਮਗਰੋਂ ਉਸਨੂੰ ਕਿਸੇ ਹੋਰ ਸ਼ਹਿਰ ਭੇਜ ਦਿੱਤਾ ਗਿਆ।
"ਉੱਥੇ ਵੀ ਮੈਂ ਇੱਕ ਨੇਪਾਲੀ ਪਰਿਵਾਰ ਨਾਲ ਲਗਭਗ ਦੋ ਸਾਲ ਰਹੀ। ਇੱਥੇ ਹੀ ਮੈਨੂੰ ਉਹ ਪੀੜਾਦਾਇਕ ਦਵਾਈਆਂ ਲੈਣ ਲਈ ਮਜਬੂਰ ਕੀਤਾ ਗਿਆ। ਉਸ ਮਗਰੋਂ ਉਨ੍ਹਾਂ ਨੇ ਮੈਨੂੰ ਬੁਰੇ ਥਾਂ (ਕੋਠਾ) ਉੱਪਰ ਵੇਚ ਦਿੱਤਾ। ਮੈਂ ਉੱਥੇ ਸਭ ਤੋਂ ਛੋਟੀ ਕੁੜੀ ਸੀ।"
ਨੇਪਾਲ ਬਾਰੇ ਇਹ ਵੀ ਪੜ੍ਹੋ꞉
"ਜਦੋਂ ਮੈਂ ਰੋ ਕੇ ਮਾਲਕਾਂ ਨੂੰ ਉਨ੍ਹਾਂ ਲੋਕਾਂ ਕੋਲ ਨਾ ਭੇਜਣ ਦੀ ਗੁਹਾਰ ਲਾਉਂਦੀ ਤਾਂ ਉਹ ਮੈਨੂੰ ਮਾਰਦੇ ਅਤੇ ਕਹਿੰਦੇ ਕਿ ਉਨ੍ਹਾਂ ਨੂੰ ਪੈਸਾ ਚਾਹੀਦਾ ਹੈ ਜੋ ਉਨ੍ਹਾਂ ਨੇ ਮੈਨੂੰ ਖ਼ਰੀਦਣ ਉੱਪਰ ਖ਼ਰਚ ਕੀਤਾ ਹੈ। ਖ਼ੁਸ਼ਕਿਸਮਤੀ ਨਾਲ ਪੁਲਿਸ ਨੇ ਉਸ ਥਾਂ ਉੱਪਰ ਛਾਪਾ ਮਾਰਿਆ ਅਤੇ ਮੈਂ ਉਸ ਡਰਾਉਣੀ ਥਾਂ ਤੋਂ 6 ਮਹੀਨਿਆਂ ਬਾਅਦ ਬਚ ਨਿਕਲੀ।"
ਨੇਪਾਲ ਦੇ ਇੱਕ ਤਸਕਰੀ ਵਿਰੋਧੀ ਗੈਰ-ਸਰਕਾਰੀ ਸੰਗਠਨ 'ਮੈਤੀ ਨੇਪਾਲ' ਦੇ ਨਿਰਦੇਸ਼ਕ ਬਿਸ਼ਵੋਰਾਮ ਖਾਡਕੇ ਨੇ ਦੱਸਿਆ ਕਿ ਪੁਲਿਸ ਅਤੇ ਹੋਰ ਤਸਕਰੀ ਵਿਰੋਧੀ ਸੰਗਠਨਾਂ ਨੇ ਭਾਰਤ-ਨੇਪਾਲ ਸਰਹੱਦ ਉੱਪਰ ਆਪਣੀ ਚੌਕਸੀ ਵਧਾਈ ਹੈ। ਇਸ ਕਰਕੇ ਤਸਕਰਾਂ ਨੇ ਹੁਣ ਛੋਟੀਆਂ ਬੱਚੀਆਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
"ਅਲੱੜ੍ਹ ਕੁੜੀਆਂ ਸੌਖੀਆਂ ਪਛਾਣੀਆਂ ਜਾਂਦੀਆਂ ਹਨ ਪਰ ਨਿੱਕੀਆਂ ਬੱਚੀਆਂ ਨਾਲ ਬਾਰਡਰ ਪਾਰ ਕਰਨਾ ਸੌਖਾ ਹੈ। ਜੇ ਪੁਛਗਿੱਛ ਹੁੰਦੀ ਹੈ ਤਾਂ ਉਹ ਬੱਚੀ ਆਪਣੀ ਦੱਸ ਕੇ ਸੌਖਿਆਂ ਹੀ ਬਚ ਨਿਕਲਦੇ ਹਨ।"
ਖਾਡਕੇ ਮੁਤਾਬਕ ਤਸਕਰ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ। ਉਹ ਮਾਪਿਆਂ ਨੂੰ ਕੁੜੀਆਂ ਦੀ ਬਿਹਤਰ ਪੜ੍ਹਾਈ ਦਾ ਝਾਂਸਾ ਦੇ ਕੇ ਫਸਾ ਲੈਂਦੇ ਹਨ।
ਤਸਕਰੀ ਤੋਂ ਬਚ ਨਿਕਲੀਆਂ ਕੁੜੀਆਂ ਵੱਲੋਂ ਬਣਾਏ ਇੱਕ ਹੋਰ ਸੰਗਠਨ ਸ਼ਕਤੀ ਸਮੂਹ ਦੀ ਸੰਸਥਾਪਕ ਅਤੇ ਨਿਰਦੇਸ਼ਕ ਸੁਨੀਤਾ ਦਾਨੁਵਰ ਨੇ ਵੀ ਇੱਕ ਕੁੜੀ ਦੇਖੀ ਸੀ, ਜਿਸ ਨੂੰ ਵਾਧਾ ਤੇਜ਼ ਕਰਨ ਲਈ, ਗਰੋਥ ਹਾਰਮੋਨ ਦਿੱਤੇ ਗਏ ਸਨ।
"ਜਿੱਥੇ ਅਸੀਂ ਰਹਿੰਦੇ ਸੀ ਉੱਥੋਂ ਲਗਭਗ ਨੌਂ ਸਾਲਾਂ ਦੀ ਉਮਰ ਦੀ ਕੁੜੀ ਨੂੰ ਲਿਜਾਇਆ ਗਿਆ ਪਰ ਜਦੋਂ ਦੋ ਕੁ ਮਹੀਨਿਆਂ ਬਾਅਦ ਉਹ ਵਾਪਸ ਆਈ ਤਾਂ ਉਹ ਦੇਖਣ ਨੂੰ ਅਜੀਬ ਜਿਹੀ ਵੱਡੀ ਲੱਗ ਰਹੀ ਸੀ। ਉਸ ਦਾ ਸਰੀਰ ਭਰ ਗਿਆ ਸੀ ਪਰ ਉਸ ਦੀ ਆਵਾਜ ਛੋਟੀ ਬੱਚੀ ਵਾਲੀ ਹੀ ਸੀ।"
ਕੀ ਕਰਦੇ ਹਨ ਹਾਰਮੋਨ
ਦਾਨੁਵਰ ਨੇ ਅੱਗੇ ਦੱਸਿਆ ਕਿ ਆਮ ਤੌਰ 'ਤੇ ਨੌਂ ਤੋਂ ਬਾਰਾਂ ਸਾਲਾਂ ਦੀਆਂ ਲੜਕੀਆਂ ਨੂੰ ਗਰੋਥ ਹਾਰਮੋਨ ਦਿੱਤੇ ਜਾਂਦੇ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਕੁੜੀਆਂ ਨੂੰ ਇਹ ਹਾਰਮੋਨ ਟੀਕੇ ਰਾਹੀਂ ਦਿੱਤੇ ਜਾਂਦੇ ਹਨ, ਜਿਸ ਕਰਕੇ ਉਨ੍ਹਾਂ ਦੀਆਂ ਛਾਤੀਆਂ ਅਤੇ ਪਿੱਠ ਦਾ ਵਾਧਾ ਤੇਜ਼ ਹੋ ਜਾਂਦਾ ਹੈ।
ਡਾਕਟਰ ਅਰੁਣਾ ਉਪਰੇਟੀ ਨੇ ਦੱਸਿਆ, "ਇਹ ਦਵਾਈਆਂ ਨਿੱਕੀਆਂ ਬੱਚੀਆਂ ਦੇ ਸਰੀਰ ਨੂੰ ਅੱਲੜਾਂ ਦੇ ਸਰੀਰ ਵਿੱਚ ਬਦਲ ਦਿੰਦੀਆਂ ਹਨ, ਜਿਸ ਕਰਕੇ ਉਨ੍ਹਾਂ ਨੂੰ ਉਮਰ ਭਰ ਸਿਹਤ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ। ਇਸ ਕਰਕੇ ਉਨ੍ਹਾਂ ਦੀਆਂ ਹੱਡੀਆਂ ਅਤੇ ਬੱਚੇਦਾਨੀ ਵਿੱਚ ਸਮੱਸਿਆ ਹੋ ਜਾਂਦੀ ਹੈ।"
ਉਪਰੇਟੀ ਨੇ ਆਪਣਾ ਇੱਕ ਔਰਤ ਨੂੰ ਮਿਲਣ ਦਾ ਤਜਰਬਾ ਸਾਂਝਾ ਕੀਤਾ ਜਿਸ ਨੂੰ ਇਹ ਦਵਾਈਆਂ ਦਿੱਤੀਆਂ ਗਈਆਂ ਸਨ। "ਕੁਝ ਸਾਲ ਪਹਿਲਾਂ, ਮੈਂ ਭਾਰਤ ਵਿੱਚ ਇੱਕ ਕਾਨਫਰੰਸ ਵਿੱਚ ਸੀ ਕਿ ਜਦੋਂ ਮੈਂ ਇੱਕ ਬਹੁਤ ਵੱਡੀਆਂ ਛਾਤੀਆਂ ਵਾਲੀ ਕੁੜੀ ਨੂੰ ਮਿਲੀ ਸੀ। ਉਸਨੇ ਸਾਨੂੰ ਦੱਸਿਆ ਕਿ ਉਸਨੂੰ ਨਿੱਕੀ ਉਮਰ ਵਿੱਚ ਹੀ ਤਸਕਰੀ ਕਰਕੇ ਲਿਆਂਦਾ ਗਿਆ ਸੀ ਅਤੇ ਉਸ ਨੂੰ ਦਵਾਈ ਤਦ ਤੱਕ ਦਿੱਤੀ ਗਈ ਸੀ ਜਦੋਂ ਤੱਕ ਕਿ ਉਹ ਕੋਠੇ 'ਤੇ ਕੰਮ ਕਰਨ ਲਾਇਕ ਵੱਡੀ ਨਹੀਂ ਦਿਸਣ ਲੱਗ ਪਈ।"
ਡਾਟੇ ਮੁਤਾਬਕ ਮਨੁੱਖੀ ਤਸਕਰੀ ਵਿੱਚ ਵਾਧਾ ਹੋ ਰਿਹਾ ਹੈ। ਨੇਪਾਲੀ ਪੁਲਿਸ ਮੁਤਾਬਕ, ਪਿਛਲੇ ਚਾਰ ਸਾਲਾਂ ਦੌਰਾਨ ਸ਼ਿਕਾਇਤਾਂ 181 ਤੋਂ ਵਧ ਕੇ 268 ਹੋ ਗਈਆਂ ਹਨ, ਜਿਨ੍ਹਾਂ ਵਿੱਚੋਂ 80 ਫੀਸਦੀ ਸ਼ਿਕਾਇਤਾਂ ਔਰਤਾਂ ਵੱਲੋਂ ਦਰਜ ਕਰਵਾਈਆਂ ਗਈਆਂ ਹਨ।
ਨੇਪਾਲ ਪੁਲਿਸ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਤਸਕਰਾਂ ਵੱਲੋਂ ਔਰਤਾਂ ਨੂੰ ਅਕਸਰ ਖਾੜੀ ਦੇਸਾਂ ਵਿੱਚ ਘਰੇਲੂ ਕੰਮਾਂ ਬਦਲੇ ਵੱਡੀਆਂ ਤਨਖਾਹਾਂ, ਕਈ ਯੂਰਪੀ ਦੇਸਾਂ ਅਤੇ ਅਮਰੀਕਾ ਵਿੱਚ ਪੱਕੀ ਰਹਾਇਸ਼ ਦੇ ਵਾਅਦੇ ਕਰਕੇ ਭਰਮਾਇਆ ਜਾਂਦਾ ਹੈ।
ਪੁਲਿਸ ਕੋਲ ਹਾਰਮੋਨ ਬਾਰੇ ਸ਼ਿਕਾਇਤ ਨਹੀਂ
ਉਨ੍ਹਾਂ ਨੇ ਹਾਲਾਂਕਿ ਇਹ ਵੀ ਦੱਸਿਆ ਕਿ ਗਰੋਥ ਹਾਰਮੋਨ ਦਿੱਤੇ ਜਾਣ ਬਾਰੇ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ।
ਇਸ ਪਾਸੇ ਕੰਮ ਕਰ ਰਹੇ ਕਾਰਕੁਨਾਂ ਮੁਤਾਬਕ ਪਿਛਲੇ ਸਮੇਂ ਦੌਰਾਨ ਤਸਕਰੀ ਦਾ ਰੂਪ ਬਦਲਿਆ ਹੈ। ਉਨ੍ਹਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਅਧਿਕਾਰੀਆਂ ਨੂੰ ਤਾਜ਼ਾ ਰੁਝਾਨਾਂ ਬਾਰੇ ਜਾਣਕਾਰੀ ਦੇਵੇ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਮਹਿਜ ਕਾਨੂੰਨ ਅਤੇ ਨੀਤੀਆਂ ਬਣਾਉਣ ਨਾਲ ਇਹ ਨਹੀਂ ਰੁਕੇਗੀ। ਉਨ੍ਹਾਂ ਦੀ ਮੰਗ ਹੈ ਕਿ ਇਸ ਬਾਰੇ ਸਮੁੱਚੇ ਦੇਸ ਵਿੱਚ ਹੀ ਇੱਕ ਕਾਰਗਰ ਜਾਗਰੂਕਤਾ ਪ੍ਰੋਗਰਾਮ ਚਲਾਉਣ ਦੀ ਲੋੜ ਹੈ ਜਿਸ ਵਿੱਚ ਇਸ ਬਾਰੇ ਤਾਜ਼ਾ ਰੁਝਾਨ ਅਤੇ ਇਸ ਤੋਂ ਬਚਣ ਦੇ ਢੰਗਾਂ ਬਾਰੇ ਦੱਸਿਆ ਜਾਵੇ।