ਨੇਪਾਲ : ਹੁਣ ਕੌਣ-ਕੌਣ ਨਹੀਂ ਕਰ ਸਕੇਗਾ ਐਵਰੈਸਟ 'ਤੇ ਚੜ੍ਹਾਈ?

ਨੇਪਾਲ ਨੇ ਐਵਰੈਸਟ 'ਤੇ ਪਰਵਰਤਰੋਹੀਆਂ ਦੇ ਇੱਕਲੇ ਚੜ੍ਹਾਈ ਕਰਨ 'ਤੇ ਰੋਕ ਲਗਾ ਦਿੱਤੀ ਹੈ। ਇਹ ਕਦਮ ਚੜ੍ਹਾਈ ਦੌਰਾਨ ਹੁੰਦੇ ਹਾਦਸਿਆਂ ਨੂੰ ਰੋਕਣ ਵਾਸਤੇ ਚੁੱਕਿਆ ਗਿਆ ਹੈ।

ਨਵੇਂ ਨਿਯਮਾਂ ਮੁਤਾਬਕ ਅਪਾਹਜ ਤੇ ਨੇਤਰਹੀਨ ਪਰਵਰਤਰੋਹੀ ਵੀ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ 'ਤੇ ਪਹੁੰਚਣ ਦੀ ਕੋਸ਼ਿਸ਼ ਨਹੀਂ ਕਰ ਸਕਣਗੇ।

ਨੇਪਾਲ ਸਰਕਾਰ ਦੇ ਸੈਰ ਸਪਾਟਾ ਮਹਿਕਮੇ ਦੇ ਅਫ਼ਸਰ ਮੁਤਾਬਕ ਇਹ ਫੈਸਲਾ ਪਰਵਤਾਰੋਹਣ ਨੂੰ ਜ਼ਿਆਦਾ ਸੁਰੱਖਿਅਤ ਬਣਾਉਣ ਤੇ ਮੌਤਾਂ ਘੱਟ ਕਰਨ ਦੇ ਮਕਸਦ ਨਾਲ ਲਿਆ ਗਿਆ ਹੈ।

ਹਾਦਸਿਆਂ ਦਾ ਸਿਲਸਿਲਾ ਨਹੀਂ ਰੁਕਇਆ

ਇਸ ਸਾਲ ਰਿਕਾਰਡ ਗਿਣਤੀ ਦੇ ਲੋਕਾਂ ਵੱਲੋਂ ਐਵਰੈਸਟ ਦੀ ਚੜ੍ਹਾਈ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਇਸ ਰਿਕਾਰਡ ਦੇ ਅੰਕੜਿਆਂ ਵਿੱਚ ਮੌਤਾਂ ਦੀ ਗਿਣਤੀ ਪਹਿਲਾਂ ਵਾਂਗ ਹੀ ਹੈ।

ਇਸ ਸਾਲ ਹੁਣ ਤੱਕ ਮ੍ਰਿਤਕਾਂ ਦੀ ਗਿਣਤੀ 6 ਹੋ ਚੁੱਕੀ ਹੈ। ਇਨ੍ਹਾਂ ਵਿੱਚ 85 ਸਾਲਾ ਮਿਨ ਬਹਾਦੁਰ ਸ਼ੇਰਚਾਨ ਵੀ ਹਨ ਜੋ ਇੱਕ ਵਾਰ ਫ਼ਿਰ ਤੋਂ ਐਵਰੈਸਟ ਨੂੰ ਫਤਿਹ ਕਰਨ ਦੀ ਕੋਸ਼ਿਸ਼ ਵਿੱਚ, ਉੱਥੇ ਪਹੁੰਚਣ ਵਾਲੇ ਸਭ ਤੋਂ ਬਜ਼ੁਰਗ ਸ਼ਖਸ ਬਣਨਾ ਚਾਹੁੰਦੇ ਸਨ।

ਦੁਨੀਆਂ ਦੇ ਮੰਨੇ-ਪਰਮੰਨੇ ਪਰਵਤਰੋਹੀ ਯੂਲੀ ਸਟੇਕ ਜਿਨ੍ਹਾਂ ਨੂੰ ਸਵਿਸ ਮਸ਼ੀਨ ਵੀ ਕਿਹਾ ਜਾਂਦੀ ਸੀ, ਉਨ੍ਹਾਂ ਦੀ ਮੌਤ ਵੀ ਇਸ ਸਾਲ ਇੱਕਲੇ ਚੜ੍ਹਾਈ ਕਰਨ ਦੌਰਾਨ ਹੋਈ ਸੀ।

ਨਵੇਂ ਨੇਮਾਂ ਮੁਤਾਬਕ ਵਿਦੇਸ਼ੀ ਪਰਤਰੋਹੀਆਂ ਨੂੰ ਆਪਣੇ ਨਾਲ ਗਾਈਡ ਲੈ ਜਾਣਾ ਪਏਗਾ। ਸਥਾਨਕ ਪ੍ਰਸ਼ਾਸਨ ਮੁਤਾਬਕ ਇਸ ਨਾਲ ਨੇਪਾਲੀ ਗਾਈਡਸ ਲਈ ਨੌਕਰੀਆਂ ਦੇ ਮੌਕੇ ਬਣਨਗੇ।

ਫੈਸਲੇ ਦੀ ਨਿਖੇਧੀ ਵੀ

ਸਰਕਾਰ ਵੱਲੋਂ ਅਪਾਹਜ ਤੇ ਨੇਤਰਹੀਨ ਪਰਵਤਰੋਹੀਆਂ ਲਈ ਚੜ੍ਹਾਈ 'ਤੇ ਪਾਬੰਦੀ ਲਾਏ ਜਾਣ ਦੀ ਨਿਖੇਧੀ ਵੀ ਕੀਤੀ ਜਾ ਰਹੀ ਹੈ।

ਪਰਵਤਰੋਹੀ ਹਰੀ ਬੁੱਧਾ ਮਾਗਰ ਜਿਨ੍ਹਾਂ ਨੇ ਅਫਗਾਨਿਸਤਾਨ ਵਿੱਚ ਪੋਸਟਿੰਗ ਦੌਰਾਨ ਆਪਣੀਆਂ ਦੋਹਾਂ ਲੱਤਾਂ ਗੁਆ ਦਿੱਤੀਆਂ ਸੀ, ਉਨ੍ਹਾਂ ਫੇਸਬੁੱਕ 'ਤੇ ਇਸ ਫੈਸਲੇ ਨੂੰ ਭੇਦਭਾਵ ਭਰਿਆ ਤੇ ਬੇਇਨਸਾਫ਼ੀ ਵਾਲਾ ਕਰਾਰ ਦਿੱਤਾ ਹੈ।

ਉਨ੍ਹਾਂ ਕਿਹਾ, "ਸਰਕਾਰ ਜੋ ਵੀ ਫੈਸਲਾ ਲਏ ਮੈਂ ਐਵਰੈਸਟ ਦੀ ਚੜ੍ਹਾਈ ਕਰਾਂਗਾ, ਕੁਝ ਵੀ ਨਾਮੁਮਕਿਨ ਨਹੀਂ ਹੈ।''

1920 ਤੋਂ ਲੈ ਕੇ ਹੁਣ ਤੱਕ 200 ਲੋਕਾਂ ਦੀ ਮੌਤ ਐਵਰੈਸਟ ਦੀ ਚੜ੍ਹਾਈ ਦੌਰਾਨ ਹੋ ਚੁੱਕੀ ਹੈ। ਜ਼ਿਆਦਾਤਰ ਮੌਤਾਂ 1980 ਤੋਂ ਬਾਅਦ ਹੋਈਆਂ ਹਨ।

ਐਵਰੈਸਟ 'ਤੇ ਪਰਵਤਰੋਹੀਆਂ ਦੀ ਮੌਤ ਦੇ ਕਈ ਕਾਰਨ ਰਹੇ ਹਨ ਪਰ 20 ਫੀਸਦ ਤੋਂ ਵੱਧ ਮੌਤਾਂ ਪਹਾੜਾਂ ਨਾਲ ਜੁੜੀਆਂ ਬਿਮਾਰੀਆਂ ਕਰਕੇ ਹੋਈਆਂ ਹਨ।

ਬੀਬੀਸੀ ਨੂੰ 2015 ਵਿੱਚ ਮਿਲੇ ਹਿਮਾਲਿਆ ਡੇਟਾਬੇਸ ਮੁਤਾਬਕ ਸਭ ਤੋਂ ਵੱਧ ਪਰਵਤਰੋਹੀਆਂ ਦੀ ਮੌਤ ਬਰਫ਼ੀਲੇ ਤੂਫ਼ਾਨ ਵਿੱਚ ਫਸਣ ਕਰਕੇ ਹੋਈ ਹੈ (29%) ਅਤੇ ਉਸ ਤੋਂ ਬਾਅਦ 23 ਫੀਸਦ ਮੌਤਾਂ ਪਹਾੜੀ ਤੋਂ ਡਿੱਗਣ ਕਰਕੇ ਹੋਈਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)