ਸ੍ਰੀ ਲੰਕਾ ਹਮਲੇ ਦੀ ਵਜ੍ਹਾ ਦੱਸਦਾ ਆਈਐਸ ਨੇਤਾ ਬਗ਼ਦਾਦੀ ਦਾ ਕਥਿਤ ਵੀਡੀਓ ਆਇਆ ਸਾਹਮਣੇ

ਇਸਲਾਮਿਕ ਸਟੇਟ ਗਰੁੱਪ ਨੇ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵੀਡੀਓ 'ਚ ਨਜ਼ਰ ਆ ਰਿਹਾ ਵਿਅਕਤੀ ਅਬੁ ਬਕਰ ਅਲ-ਬਗ਼ਦਾਦੀ ਹੈ।

ਜੇਕਰ ਇਸ ਵੀਡੀਓ ਦੀ ਤਸਦੀਕ ਹੋ ਜਾਂਦੀ ਹੈ ਤਾਂ ਬੀਤੇ ਪੰਜ ਸਾਲ 'ਚ ਬਗ਼ਦਾਦੀ ਦਾ ਇਹ ਪਹਿਲਾਂ ਵੀਡੀਓ ਹੋਵੇਗਾ।

ਬਗ਼ਦਾਦੀ ਨੂੰ ਆਖ਼ਰੀ ਵਾਰ ਜੁਲਾਈ 2014 'ਚ ਦੇਖਿਆ ਗਿਆ ਸੀ। ਨਵੇਂ ਵੀਡੀਓ 'ਚ ਬਗ਼ਦਾਦੀ ਨੇ ਮੰਨਿਆ ਹੈ ਕਿ ਇਰਾਕ 'ਚ ਇਸਲਾਮਿਕ ਸਟੇਟ ਦਾ ਆਖ਼ਰੀ ਗੜ੍ਹ ਬਾਗ਼ੁਜ਼ ਉਨ੍ਹਾਂ ਦੇ ਹੱਥੋਂ ਨਿਕਲ ਗਿਆ ਹੈ।

ਇਹ ਵੀਡੀਓ ਇਸਲਾਮਿਕ ਸਟੇਟ ਦੇ ਮੀਡੀਆ ਨੈਟਵਰਕ ਅਲ-ਫੁਰਕਾਨ 'ਤੇ ਪੋਸਟ ਕੀਤਾ ਗਿਆ ਹੈ। ਵੀਡੀਓ ਅਪ੍ਰੈਲ 'ਚ ਪੋਸਟ ਕੀਤਾ ਗਿਆ ਹੈ ਪਰ ਇਹ ਨਹੀਂ ਪਤਾ ਕਿ ਇਸ ਵੀਡੀਓ ਨੂੰ ਰਿਕਾਰਡ ਕਦੋਂ ਕੀਤਾ ਗਿਆ।

ਇਸ ਵੀਡੀਓ 'ਚ ਬਾਗ਼ੁਜ਼ ਦੇ ਨਾਲ-ਨਾਲ ਸ੍ਰੀ ਲੰਕਾ 'ਚ ਈਸਟਰ ਸੰਡੇ (21 ਅਪ੍ਰੈਲ) ਮੌਕੇ ਹੋਏ ਹਮਲਿਆਂ ਬਾਰੇ ਵੀ ਗੱਲ ਕੀਤੀ ਹੈ।

ਖ਼ਬਰ ਏਜੰਸੀ ਰਾਇਟਰਜ ਮੁਤਾਬਕ, ''ਬਗ਼ਦਾਦੀ ਦਾ ਕਹਿਣਾ ਹੈ ਕਿ ਇਰਾਕੀ ਸ਼ਹਿਰ ਬਾਗ਼ੁਜ਼ 'ਚ ਹੋਏ ਇਸਲਾਮਿਕ ਸਟੇਟ ਦੇ ਪਤਨ ਦਾ ਬਦਲਾ ਲੈਣ ਲਈ ਸ੍ਰੀ ਲੰਕਾ 'ਚ ਈਸਟਰ ਸੰਡੇ ਮੌਕੇ ਹਮਲੇ ਕੀਤੇ ਗਏ।''

ਇਹ ਵੀ ਪੜ੍ਹੋ-

ਹਾਲਾਂਕਿ ਇਸ ਵੀਡੀਓ ਦੀ ਤਸਦੀਕ ਨਹੀਂ ਹੋ ਸਕੀ ਹੈ।

ਬੀਬੀਸੀ ਦੇ ਰੱਖਿਆ ਮਾਮਲਿਆਂ ਦੇ ਪੱਤਰਕਾਰ ਫਰੈਂਕ ਗਾਰਡਨਰ ਮੁਤਾਬਕ, ਇਸ ਵੀਡੀਓ ਦਾ ਉਦੇਸ਼ ਇਹ ਦੱਸਣਾ ਹੈ ਕਿ ਹਾਰ ਤੋਂ ਬਾਅਦ ਇਸਲਾਮਿਕ ਸਟੇਟ ਖ਼ਤਮ ਨਹੀਂ ਹੋਇਆ ਹੈ ਅਤੇ ਆਪਣੇ ਸਿਰ 'ਤੇ ਢਾਈ ਕਰੋੜ ਅਮਰੀਕੀ ਡਾਲਰ ਦੇ ਇਨਾਮ ਦੇ ਨਾਲ ਉਸ ਦੇ ਨੇਤਾ ਅਬੁ ਬਕਰ ਅਲ-ਬਗ਼ਦਾਦੀ ਅਜੇ ਵੀ ਜ਼ਿੰਦਾ ਹੈ ਅਤੇ ਪਹੁੰਚ ਤੋਂ ਬਾਹਰ ਹੈ।

ਮੂਲ ਤੌਰ 'ਤੇ ਇਰਾਕ ਦੇ ਰਹਿਣ ਵਾਲੇ ਬਗ਼ਦਾਦੀ ਦਾ ਅਸਲੀ ਨਾਮ ਇਬਰਾਹਿਮ ਅੱਵਾਦ ਇਬਰਾਹਿਮ ਅਲ-ਬਦਰੀ ਹੈ।

ਪਿਛਲੇ ਸਾਲ ਅਗਸਤ 'ਚ ਉਸ ਦੀ ਆਵਾਜ਼ ਇੱਕ ਆਡੀਓ ਰਾਹੀਂ ਸਾਹਮਣੇ ਆਈ ਸੀ।

ਬੀਬੀਸੀ ਦੇ ਮੱਧ-ਪੂਰਬੀ ਪੱਤਰਕਾਰ ਮਾਰਟਿਨ ਪੇਸ਼ੈਂਸ਼ ਦਾ ਕਹਿਣਾ ਹੈ ਕਿ ਉਦੋਂ ਅਜਿਹਾ ਜਾਪਿਆ ਸੀ ਕਿ ਬਗ਼ਦਾਦੀ ਨੇ ਇਸਲਾਮਿਕ ਸਟੇਟ ਨੂੰ ਹੋਏ ਨੁਕਸਾਨ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ ਹੈ।

ਪਰ 18 ਮਿੰਟਾਂ ਦੇ ਤਾਜ਼ਾ ਵੀਡੀਓ 'ਚ ਬਗ਼ਦਾਦੀ ਦਾ ਕਹਿਣਾ ਹੈ, "ਬਾਗ਼ੁਜ਼ ਦੀ ਲੜਾਈ ਖ਼ਤਮ ਹੋ ਚੁੱਕੀ ਹੈ। ਇਸ ਲੜਾਈ ਤੋਂ ਬਾਅਦ ਬਹੁਤ ਕੁਝ ਹੋਣਾ ਬਾਕੀ ਹੈ।"

ਇਹ ਵੀ ਪੜ੍ਹੋ-

ਕੁਝ ਸਾਲ ਪਹਿਲਾਂ ਇਸਲਾਮਿਕ ਸਟੇਟ ਉਸ ਵੇਲੇ ਆਪਣੇ ਪੂਰੇ ਉਭਾਰ 'ਤੇ ਸੀ ਜਦੋਂ ਇਰਾਕ-ਸੀਰੀਆ ਸੀਮਾ ਦੇ ਇੱਕ ਵੱਡੇ ਹਿੱਸੇ 'ਤੇ ਉਨ੍ਹਾਂ ਦਾ ਕੰਟ੍ਰੋਲ ਸੀ।

ਪਰ ਸਾਲ 2016 'ਚ ਅਤੇ ਉਸ ਦੇ ਅਗਲੇ ਸਾਲ ਹੀ, ਇਰਾਕ ਦਾ ਮੋਸੁਲ ਉਸ ਦੇ ਹੱਥੋਂ ਨਿਕਲ ਗਿਆ।

ਸਾਲ 2017 ਦੇ ਅਕਤੂਬਰ 'ਚ ਸੀਰੀਆ ਦੇ ਰਾਕਾ ਤੋਂ ਵੀ ਉਨ੍ਹਾਂ ਨੂੰ ਪੁੱਟ ਸੁੱਟਿਆ ਗਿਆ ਸੀ।

ਕੁਰਦਾਂ ਦੀ ਅਗਵਾਈ ਵਾਲੀ ਸੀਰੀਆਈ ਡੇਮੋਕ੍ਰੇਟਿਕ ਫੋਜਾਂ ਦਾ ਦਾਅਵਾ ਹੈ ਕਿ ਇਰਾਕ ਦਾ ਬਾਗ਼ੁਜ਼ ਸ਼ਹਿਰ ਵੀ ਹੁਣ ਉਨ੍ਹਾਂ ਦੇ ਕੰਟ੍ਰੋਲ 'ਚ ਹੈ।

ਕੌਣ ਹੈ ਅਬੂ ਬਕਰ ਅਲ-ਬਗ਼ਦਾਦੀ?

ਦੱਸਿਆ ਜਾਂਦਾ ਹੈ ਕਿ ਬਗ਼ਦਾਦੀ ਦਾ ਜਨਮ ਸਾਲ 1971 'ਚ ਇਰਾਕ ਦੇ ਬਗ਼ਦਾਦ ਸ਼ਹਿਰ ਦੇ ਉੱਤਰ 'ਚ ਸਥਿਤ ਸਮਾਰਾ 'ਚ ਹੋਇਆ।

ਕੁਝ ਪੁਰਾਣੀਆਂ ਰਿਪੋਰਟਾਂ ਮੁਤਾਬਕ ਸਾਲ 2003 'ਚ ਜਦੋਂ ਅਮਰੀਕੀ ਫੌਜਾਂ ਇਰਾਕ 'ਚ ਦਾਖ਼ਲ ਹੋਈਆਂ ਤਾਂ ਉਦੋਂ ਬਗ਼ਦਾਦੀ ਸ਼ਹਿਰ ਦੀ ਇੱਕ ਮਸਜਿਦ 'ਚ ਮੌਲਵੀ ਸੀ।

ਸਾਲ 2014 ਦੀਆਂ ਰਿਪੋਰਟਾਂ ਮੁਤਾਬਕ ਇਸਲਾਮੀ ਕੱਟੜਪੰਥੀ ਸੰਗਠਿ ਇਸਲਾਮਿਕ ਸਟੇਟ ਇਨ ਇਰਾਕ ਐਂਡ ਅਲ-ਸ਼ਾਮ (ਆਈਐਸਆਈਐਸ ਨੇ ਇਰਾਕ ਅਤੇ ਸੀਰੀਆ 'ਚ ਆਪਣੇ ਕਬਜ਼ੇ ਵਾਲੇ ਇਲਾਕੇ 'ਚ 'ਖ਼ਿਲਾਫ਼ਤ' ਯਾਨਿ ਇਸਲਾਮੀ ਰਾਜ ਦਾ ਐਲਾਨ ਕੀਤਾ ਸੀ।

ਸੰਗਠਨ ਨੇ ਆਪਣੇ ਮੁਖੀ ਅਬੁ ਬਕਰ ਅਲ-ਬਗ਼ਦਾਦੀ ਨੂੰ 'ਖ਼ਲੀਫ਼ਾ' ਅਤੇ ਦੁਨੀਆਂ 'ਚ ਮੁਸਲਮਾਨਾਂ ਦੀ ਨੇਤਾ ਐਲਾਨਿਆ ਸੀ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।