ਚੀਫ਼ ਜਸਟਿਸ ਖਿਲਾਫ ਜਿਨਸੀ ਸ਼ੋਸ਼ਣ ਦੇ ਇਲਜ਼ਾਮ: ਪੂਰਾ ਮਸਲਾ ਸਮਝੋ

ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਰੰਜਨ ਗੋਗੋਈ 'ਤੇ ਇੱਕ ਔਰਤ ਨੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਗਾਏ ਹਨ।

ਸ਼ਿਕਾਇਤ ਕਰਨ ਵਾਲੀ ਔਰਤ ਨੇ ਚੀਫ਼ ਜਸਟਿਸ ਦੇ ਦਫ਼ਤਰ 'ਚ ਬਤੌਰ ਜੂਨੀਅਰ ਅਸਿਸਟੈਂਟ ਵਜੋਂ ਕੰਮ ਕੀਤਾ ਹੈ।

ਸ਼ਿਕਾਇਤ ਕਰਨ ਵਾਲੀ ਮਹਿਲਾ ਨੇ ਸੁਪਰੀਮ ਕੋਰਟ ਦੇ 22 ਜੱਜਾਂ ਨੂੰ ਲਿਖੀ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ, ਇਤਰਾਜ਼ ਕਰਨ 'ਤੇ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।

ਮਹਿਲਾ ਦਾ ਕਹਿਣਾ ਹੈ ਕਿ ਉਹ ਚੀਫ ਜਸਟਿਸ ਗੋਗੋਈ ਦੇ ਘਰ ਵਿੱਚ ਬਣੇ ਦਫ਼ਤਰ ਵਿੱਚ ਕੰਮ ਕਰਦੀ ਸੀ। ਇਹ ਘਟਨਾ ਵੀ ਉੱਥੇ ਹੋਈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ।

ਚੀਫ ਜਸਟਿਸ ਗੋਗੋਈ ਨੇ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕੀਤਾ ਹੈ।

ਇਹ ਵੀ ਪੜ੍ਹੋ:

ਜਸਟਿਸ ਗੋਗੋਈ ਨੇ ਇੱਕ ਤਿੰਨ-ਮੈਂਬਰੀ ਬੈਂਚ ਦੀ ਐਮਰਜੈਂਸੀ ਬੈਠਕ ਬੁਲਾ ਕੇ ਖ਼ੁਦ 'ਤੇ ਲੱਗੇ ਜਿਣਸੀ ਸ਼ੋਸ਼ਣ ਦੇ ਇਲਜ਼ਾਮਾਂ ਨੂੰ ਗ਼ਲਤ ਦੱਸਿਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਸਰੀਰਕ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਵਾਲੀ ਮਹਿਲਾ ਪਿੱਛੇ ਕੁਝ ਵੱਡੀਆਂ ਤਾਕਤਾਂ ਹਨ।

ਗੋਗੋਈ ਕਹਿੰਦੇ ਹਨ ਕਿ ਜੇ ਜੱਜਾਂ ਨੂੰ ਇਸ ਤਰੀਕੇ ਦੇ ਹਾਲਾਤ ਵਿੱਚ ਕੰਮ ਕਰਨਾ ਪਿਆ ਤਾਂ ਚੰਗੇ ਲੋਕ ਕਦੇ ਅਦਾਲਤ ਵਿੱਚ ਨਹੀਂ ਆਉਣਗੇ।

ਕਿੰਨਾ ਵੱਡਾ ਅਹੁਦਾ?

ਚੀਫ਼ ਜਸਟਿਸ 'ਤੇ ਲਗਿਆ ਇਲਜ਼ਾਮ ਨਿਆਂ ਪਾਲਿਕਾ ਦੇ ਸਾਹਮਣੇ ਇੱਕ ਵੱਡੀ ਪ੍ਰੀਖਿਆ ਹੈ।

ਅਜਿਹੇ ਵਿੱਚ ਇਹ ਜਾਣਨਾ ਜ਼ਰੂਰੀ ਹੈ ਕਿ ਚੀਫ਼ ਜਸਟਿਸ ਹੁੰਦਾ ਕੌਣ ਹੈ ਅਤੇ ਇਹ ਕਿੰਨਾ ਮਹੱਤਵਪੂਰਨ ਅਹੁਦਾ ਹੈ।

ਚੀਫ ਜਸਟਿਸ ਦੇਸ ਦੇ ਸਾਰੇ ਜੱਜਾਂ ਦੇ ਮੁਖੀ ਹੁੰਦੇ ਹਨ। ਸੁਪਰੀਮ ਕੋਰਟ ਦੇ ਦੂਜੇ ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਚੀਫ਼ ਜਸਟਿਸ ਦੀ ਸਲਾਹ ਨਾਲ ਕਰਦੇ ਹਨ ਹੈ।

ਦੇਸ ਦੇ ਸਾਰੇ ਮਹੱਤਵਪੂਰਨ ਕੇਸ ਕਿਸ ਜੱਜ ਕੋਲ ਸੁਣਵਾਈ ਲਈ ਜਾਣਗੇ, ਇਸ ਦਾ ਫ਼ੈਸਲਾ ਵੀ ਉਹੀ ਕਰਦੇ ਹਨ।

ਇਸ ਤੋਂ ਇਲਾਵਾ ਜੇਕਰ ਦੇਸ ਦੇ ਰਾਸ਼ਟਰਪਤੀ ਅਤੇ ਉੱਪ ਰਾਸ਼ਟਰਪਤੀ ਦੀ ਮੌਤ ਜਾਂ ਕਿਸੇ ਹੋਰ ਕਾਰਨ ਕਰਕੇ ਇਹ ਅਹੁਦਾ ਖਾਲੀ ਹੋ ਜਾਵੇ ਤਾਂ ਚੀਫ਼ ਜਸਟਿਸ ਆਰਜੀ ਤੌਰ 'ਤੇ ਦੇਸ ਦੇ ਰਾਸ਼ਟਰਪਤੀ ਦੀ ਭੂਮਿਕਾ ਨਿਭਾ ਸਕਦਾ ਹੈ।

ਹੁਣ ਮਾਮਲਾ ਕਿੱਥੇ ਹੈ?

ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੀ ਇੱਕ ਤਿੰਨ ਜੱਜਾਂ ਦੀ ਕਮੇਟੀ ਕਰ ਰਹੀ ਹੈ।

ਹੁਣ ਇਸ ਕਮੇਟੀ ਵਿੱਚ ਜਸਟਿਸ ਐੱਸ.ਏ. ਬੋਬੜੇ ਤੋਂ ਇਲਾਵਾ ਦੋ ਮਹਿਲਾਵਾਂ ਹਨ, ਜਸਟਿਸ ਇੰਦਰਾ ਬੈਨਰਜੀ ਅਤੇ ਜਸਟਿਸ ਇੰਦੂ ਮਲਹੋਤਰਾ।

ਜਸਟਿਸ ਮਲਹੋਤਰਾ ਇਸ ਦੇ ਮੈਂਬਰ ਉਦੋਂ ਬਣੇ ਜਦੋਂ ਜਸਟਿਸ ਐੱਨ.ਵੀ ਰਮੰਨਾ ਨੇ ਆਪਣੇ ਆਪ ਨੂੰ ਕਮੇਟੀ ਤੋਂ ਹਟਾ ਲਿਆ।

ਹੁਣ ਕਾਨੂੰਨ ਦੇ ਹਿਸਾਬ ਨਾਲ ਵੀ ਇਹ ਸਹੀ ਹੋ ਗਿਆ ਹੈ ਕਿਉਂਕਿ ਅਜਿਹੀ ਅੰਦਰੂਨੀ ਜਾਂਚ ਕਮੇਟੀ ਵਿੱਚ ਘੱਟੋ-ਘੱਟ ਅੱਧੇ ਮੈਂਬਰ ਔਰਤਾਂ ਹੋਣੀਆਂ ਜ਼ਰੂਰੀ ਹਨ।

ਇਹ ਸਾਜ਼ਿਸ਼ ਵਾਲਾ ਮਸਲਾ ਕੀ ਹੈ?

ਸੁਪਰੀਮ ਕੋਰਟ ਦੇ ਇੱਕ ਵਕੀਲ, ਉਤਸਵ ਬੈਂਸ ਨੇ ਖ਼ਬਰਾਂ ਛਪਣ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਲਿਖਿਆ ਕਿ ਉਨ੍ਹਾਂ ਨੂੰ ਕਿਸੇ ਨੇ ਪੈਸੇ ਦੇ ਬਦਲੇ ਚੀਫ ਜਸਟਿਸ ਉੱਪਰ ਇਲਜ਼ਾਮ ਲਗਾਉਣ ਦੀ ਪ੍ਰੈਸ ਕਾਨਫਰੰਸ ਕਰਨ ਲਈ ਆਖਿਆ ਸੀ।

ਇਸ ਤੋਂ ਬਾਅਦ ਬੈਂਸ ਨੇ ਕੋਰਟ ਵਿੱਚ ਕੁਝ ਕਾਗਜ਼ਾਤ ਵੀ ਦਿੱਤੇ ਹਨ ਪਰ ਇਸ ਦੀ ਤਫ਼ਸੀਲ ਅਜੇ ਬਾਹਰ ਨਹੀਂ ਆਈ ਹੈ।

ਬੱਤੀ ਸਾਲਾਂ ਦੇ ਬੈਂਸ ਮਨੁੱਖੀ ਅਧਿਕਾਰਾਂ ਦੇ ਵਕੀਲ ਆਰ.ਐੱਸ. ਬੈਂਸ ਦੇ ਪੁੱਤਰ ਹਨ ਅਤੇ ਉਨ੍ਹਾਂ ਦੇ ਦਾਦਾ ਵੀ ਕੋਰਟ ਦੇ ਜੱਜ ਰਹਿ ਚੁੱਕੇ ਹਨ।

ਉਹ ਧਰਮ ਗੁਰੂ ਆਸਾਰਾਮ ਖਿਲਾਫ ਜਿਨਸੀ ਸ਼ੋਸ਼ਣ ਦੇ ਕੇਸ ਵਿੱਚ ਵੀ ਕਈ ਗਵਾਹਾਂ ਲਈ ਵਕੀਲ ਹਨ। ਹੁਣ ਇਸ 'ਸਾਜ਼ਿਸ਼' ਵਾਲੇ ਐਂਗਲ ਦੀ ਤਫਤੀਸ਼ ਲਈ ਕੋਰਟ ਨੇ ਏ.ਕੇ. ਪਟਨਾਇਕ ਨੂੰ ਜਾਂਚ ਲਈ ਲਗਾਇਆ ਹੈ।

ਇਹ ਤਫਤੀਸ਼ ਵੱਖ ਹੈ, ਜਦਕਿ ਚੀਫ਼ ਜਸਟਿਸ ਖਿਲਾਫ ਲੱਗੇ ਮੂਲ ਇਲਜ਼ਾਮਾਂ ਦੀ ਜਾਂਚ ਤਾਂ ਕੋਰਟ ਦੀ ਤਿੰਨ-ਮੈਂਬਰੀ ਆਂਤਰਿਕ ਕਮੇਟੀ ਕਰ ਰਹੀ ਹੈ।

ਇਹ ਵੀ ਪੜ੍ਹੋ

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)