ਸੀਰੀਆ 'ਚੋਂ ਅਮਰੀਕਾ ਦੀ ਫੌਜ ਦੀ ਵਾਪਸੀ ਮਗਰੋਂ ਆਈਐੱਸ ਨੂੰ ਕਾਬੂ ਕੌਣ ਕਰੇਗਾ

    • ਲੇਖਕ, ਪ੍ਰੋਫੈਸਰ ਮੁਕਤਦਰ ਖ਼ਾਨ
    • ਰੋਲ, ਡੇਲਾਵੇਅਰ ਯੂਨੀਵਰਸਿਟੀ, ਅਮਰੀਕਾ, ਬੀਬੀਸੀ ਲਈ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨੀਂ ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤਈਅਪ ਆਰਦੋਆਨ ਨਾਲ ਫੋਨ 'ਤੇ ਗੱਲ ਕੀਤੀ ਅਤੇ ਇਸੇ ਦੌਰਾਨ ਹੀ ਸੀਰੀਆ ਤੋਂ ਅਮਰੀਕੀ ਸੈਨਾ ਨੂੰ ਵਾਪਸ ਬੁਲਾਉਣ ਦਾ ਫ਼ੈਸਲਾ ਕੀਤਾ।

ਇਸੇ ਫੋਨ ਕਾਲ ਦੌਰਾਨ ਜਦੋਂ ਟਰੰਪ ਨੇ ਆਰਦੋਆਨ ਨੂੰ ਪੁੱਛਿਆ ਕਿ ਜੇਕਰ ਅਮਰੀਕਾ ਸੀਰੀਆ ਤੋਂ ਬਾਹਰ ਨਿਕਲ ਜਾਂਦਾ ਹੈ ਤਾਂ ਕੀ ਤੁਰਕੀ ਕਥਿਤ ਇਸਲਾਮਿਕ ਸਟੇਟ ਦੀ ਬਚੀ ਹੋਈ ਹੋਂਦ ਨੂੰ ਖ਼ਤਮ ਕਰ ਸਕਦਾ ਹੈ। ਆਰਦੋਆਨ ਨੇ ਇਸ ਦੇ ਜਵਾਬ 'ਚ ਹਾਮੀ ਭਰਦਿਆਂ ਕਿਹਾ ਕਿ ਤੁਰਕੀ ਲਈ ਅਜਿਹਾ ਕਰਨਾ ਸੰਭਵ ਹੈ।

ਤੁਰਕੀ ਦੇ ਰਾਸ਼ਟਰਪਤੀ ਦੇ ਇਸ ਜਵਾਬ ਤੋਂ ਬਾਅਦ ਟਰੰਪ ਨੇ ਕਿਸੇ ਕੋਲੋਂ ਸਲਾਹ ਲਏ ਬਿਨਾਂ ਜਵਾਬ ਦਿੱਤਾ ਕਿ ਜੇਕਰ ਤੁਰਕੀ ਅਜਿਹਾ ਕਰ ਸਕਦਾ ਹੈ ਤਾਂ ਅਮਰੀਕਾ ਸੀਰੀਆ ਤੋਂ ਬਾਹਰ ਨਿਕਲ ਰਿਹਾ ਹੈ।

ਇਸ ਕਾਨਫਰੰਸ ਕਾਲ 'ਚ ਟਰੰਪ ਦੇ ਨਾਲ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਵੀ ਮੌਜੂਦ ਸਨ। ਮੈਨੂੰ ਲਗਦਾ ਹੈ ਕਿ ਇਹ ਜਾਣਕਾਰੀ ਬੋਲਟਨ ਦਫ਼ਤਰ ਤੋਂ ਹੀ ਲੀਕ ਹੋਈ ਹੈ।

ਇਹ ਵੀ ਪੜ੍ਹੋ-

ਟਰੰਪ ਦੇ ਫ਼ੈਸਲੇ ਕਰਕੇ ਫਸਿਆ ਤੁਰਕੀ

ਟਰੰਪ ਦੇ ਇਸ ਫ਼ੈਸਲੇ ਨੇ ਤੁਰਕੀ ਲਈ ਵੱਡੀ ਸਮੱਸਿਆ ਨੂੰ ਜਨਮ ਦੇ ਦਿੱਤਾ ਹੈ।

ਤੁਰਕੀ ਇਹ ਚਾਹੁੰਦਾ ਹੈ ਕਿ ਅਮਰੀਕਾ ਕੁਰਦਿਸ਼ ਲੜਾਕਿਆਂ ਦੇ ਇੱਕ ਸੰਗਠਨ ਵਾਈਪੀਜੀ ਨੂੰ ਦਿੱਤੇ ਆਪਣੇ ਹਥਿਆਰ ਵਾਪਸ ਲੈ ਲਵੇ।

ਪਰ ਅਮਰੀਕਾ ਨੇ ਕਿਹਾ ਹੈ ਉਹ ਇਸਲਾਮਿਕ ਸਟੇਟ ਦੇ ਪੂਰੀ ਤਰ੍ਹਾਂ ਖ਼ਤਮ ਹੋਣ ਤੋਂ ਪਹਿਲਾਂ ਹਥਿਆਰ ਵਾਪਸ ਨਹੀਂ ਲਵੇਗਾ।

ਵਾਈਜੀਪੀ ਉਹ ਸੰਗਠਨ ਹੈ ਜੋ ਸੀਰੀਆਈ ਯੁੱਧ ਦੇ ਮੈਦਾਨ 'ਚ ਅਮਰੀਕਾ ਵੱਲੋਂ ਲੜਦਿਆਂ ਅਮਰੀਕੀ ਸਿਪਾਹੀਆਂ ਦੀ ਥਾਂ ਆਪਣਾ ਖ਼ੂਨ-ਪਸੀਨਾ ਵਹਾਉਂਦਾ ਹੈ।

ਇਸ ਖੇਤਰ 'ਚ ਅਮਰੀਕਾ ਦੇ ਸਿਰਫ਼ ਪੰਜ ਹਜ਼ਾਰ ਸੈਨਿਕ ਤਾਇਨਾਤ ਹਨ। ਇਹ ਸੈਨਿਕ ਖ਼ੁਫ਼ੀਆ ਜਾਣਕਾਰੀ ਨੂੰ ਇੱਧਰ-ਉੱਧਰ ਕਰਨ ਅਤੇ ਡਰੋਨ ਨਾਲ ਜੁੜੇ ਆਪਰੇਸ਼ਨਾਂ 'ਚ ਕੰਮ ਕਰਦੇ ਹਨ ਤੇ ਜ਼ਮੀਨ 'ਤੇ ਵਾਈਪੀਜੀ ਦੇ ਲੜਾਕੇ ਯੁੱਧ ਕਰਦੇ ਹਨ।

ਪ੍ਰੋਕਸੀ ਵਾਰ ਦਾ ਦੌਰ

ਸੀਰੀਆ ਦੇ ਯੁੱਧ ਖੇਤਰ 'ਚ ਹਰ ਦੇਸ ਆਪਣੇ ਪੱਧਰ 'ਤੇ ਕਿਸੇ ਨਾ ਕਿਸੇ ਸੰਗਠਨ ਦਾ ਸਮਰਥਨ ਕਰ ਰਿਹਾ ਹੈ।

ਮਿਸਾਲ ਵਜੋਂ ਈਰਾਨ ਨੇ ਸੀਰੀਆ ਅਤੇ ਇਰਾਕ 'ਚ ਹਿਜ਼ਬੁੱਲਾਹ ਦੇ ਲੜਾਕਿਆਂ ਦਾ ਇਸਤੇਮਾਲ ਕੀਤਾ।

ਤੁਰਕੀ ਨੇ ਸੀਰੀਆ ਸਰਕਾਰ ਦੇ ਵਿਰੋਧੀ ਖੇਮੇ ਦਾ ਸਮਰਥਨ ਕੀਤਾ ਅਤੇ ਰੂਸ ਬਸ਼ਰ ਅਲ ਅਸਦ ਦੀ ਸਰਕਾਰ ਦਾ ਸਮਰਥਨ ਕਰਦਾ ਹੈ।

ਅਮਰੀਕਾ ਲਈ ਵਾਈਜੀਪੀ ਸੰਗਠਨ ਕੰਮ ਕਰਦਾ ਹੈ।

ਸੀਰੀਆ ਦੀ ਜ਼ਮੀਨ 'ਤੇ ਅਮਰੀਕਾ ਦੇ ਨਾਮ 'ਤੇ ਵਾਈਜੀਪੀ ਨਾਮ ਦੇ ਇਸੇ ਕੁਰਦਿਸ਼ ਸੰਗਠਨ ਨੇ ਕੰਮ ਕੀਤਾ ਹੈ।

ਅਮਰੀਕਾ ਨੇ ਇਸ ਸੰਗਠਨ ਨੂੰ ਕਾਫ਼ੀ ਮਾਤਰਾ 'ਚ ਹਥਿਆਰ ਦਿੱਤੇ ਹੋਏ ਹਨ, ਜਿਸ ਨਾਲ ਤੁਰਕੀ ਪ੍ਰੇਸ਼ਾਨ ਹੈ।

ਤੁਰਕੀ ਨੂੰ ਲਗਦਾ ਹੈ ਕਿ ਸੀਰੀਆ ਤੋਂ ਅਮਰੀਕਾ ਦੇ ਬਾਹਰ ਨਿਕਲਣ ਤੋਂ ਬਾਅਦ ਕੁਰਦਿਸ਼ ਲੜਾਕੇ ਸੀਰੀਆ ਦੇ ਉੱਤਰ-ਪੂਰਬੀ ਹਿੱਸਿਆਂ ਅਤੇ ਇਰਾਕ ਦੇ ਉੱਤਰ-ਪੱਛਮੀ ਹਿੱਸਿਆਂ 'ਤੇ ਕਬਜ਼ਾ ਕਰਕੇ ਆਪਣਾ ਇੱਕ ਨਵਾਂ ਮੁਲਕ ਖੜਾ ਕਰ ਲੈਣਗੇ।

ਇੱਕ ਨਵੇਂ ਸੰਘਰਸ਼ ਦੀ ਸ਼ੁਰੂਆਤ?

ਅਮਰੀਕਾ ਦੇ ਸੈਨਿਕਾਂ ਨੂੰ ਵਾਪਸ ਬੁਲਾਉਣ ਦੇ ਫ਼ੈਸਲੇ ਤੋਂ ਬਾਅਦ ਸੀਰੀਆ 'ਚ ਇੱਕ-ਦੂਜੇ ਦੇ ਨਾਲ ਸੰਘਰਸ਼ ਕਰ ਰਹੇ ਸੰਗਠਨਾਂ ਨੂੰ ਸੰਭਾਲਣਾ ਬੇਹੱਦ ਮੁਸ਼ਕਲ ਹੋ ਜਾਵੇਗਾ।

ਭਰਮ ਦੀ ਸਥਿਤੀ 'ਚ ਇਹ ਸਪੱਸ਼ਟ ਨਹੀਂ ਹੋਵੇਗਾ ਕਿ ਕਿਹੜਾ ਪੱਖ ਕਿਸ ਲਈ ਲੜ ਰਿਹਾ ਹੈ।

ਅਮਰੀਕਾ ਦੇ ਐਲਾਨ ਤੋਂ ਬਾਅਦ ਵਾਈਜੀਪੀ ਨਾ ਆਪਣੇ ਕੰਟ੍ਰੋਲ ਵਾਲੇ ਮੰਜਿਬ ਕਸਬੇ ਨੂੰ ਸੀਰੀਆ ਦੀ ਸੈਨਾ ਦੇ ਹਵਾਲੇ ਕਰਨ ਦੇ ਸੰਕੇਤ ਦਿੱਤੇ ਹਨ।

ਉੱਥੇ, ਜੇਕਰ ਤੁਰਕੀ ਵਾਈਜੀਪੀ 'ਤੇ ਹਮਲਾ ਕਰਦਾ ਹੈ ਤਾਂ ਉਹ ਰੂਸ ਦੇ ਸਮਰਥਨ ਵਾਲੀ ਸੀਰੀਆਈ ਸੈਨਾ 'ਤੇ ਵੀ ਹਮਲਾ ਕਰੇਗਾ।

ਇਹ ਵੀ ਪੜ੍ਹੋ-

ਇਸੇ ਤਾਲਮੇਲ ਨੂੰ ਬਠਾਉਣ ਲਈ ਰੂਸ ਅਤੇ ਤੁਰਕੀ ਦੇ ਵਿਦੇਸ਼ ਮੰਤਰੀਆਂ ਵਿਚਾਲੇ ਮੁਲਾਕਾਤ ਹੋਈ ਸੀ।

ਅਮਰੀਕਾ ਦੇ ਸੀਰੀਆ ਤੋਂ ਬਾਹਰ ਨਿਕਲਦਿਆਂ ਹੀ ਇਸਰਾਈਲ ਨੇ ਸੀਰੀਆ 'ਚ ਆਪਣੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਇਸੇ ਤਰ੍ਹਾਂ ਹੀ ਸੀਰੀਆਈ ਯੁੱਧ ਖੇਤਰ 'ਚ ਬਾਰਹੀ ਤਾਕਤਾਂ ਦੀ ਗਿਣਤੀ ਓਨੀ ਹੀ ਹੈ, ਜਿੰਨੀ ਅਮਰੀਕਾ ਦੀ ਮੌਜ਼ੂਦਗੀ ਵੇਲੇ ਸੀ।

ਤੁਰਕੀ ਅਤੇ ਰੂਸ ਦੇ ਵਿੱਚ ਤਾਲਮੇਲ

ਸੀਰੀਆ ਯੁੱਧ ਖੇਤਰ 'ਚ ਦੁਨੀਆਂ ਦੇ ਵੱਡੇ ਦੇਸਾਂ ਦੀ ਮੌਜੂਦਗੀ ਦੇ ਕਾਰਨ ਉਨ੍ਹਾਂ ਦੇ ਵੱਖ-ਵੱਖ ਹਿੱਤ ਹੈ। ਰੂਸ ਦਾ ਅਸਲੀ ਹਿੱਤ ਈਰਾਨ ਅਤੇ ਸੀਰੀਆ ਦੇ ਨਾਲ ਹੈ।

ਸੀਰੀਆ 'ਚ ਅਸਦ ਸਰਕਾਰ ਦੀ ਮੌਜੂਦਗੀ ਰੂਸ ਲਈ ਜ਼ਰੂਰੀ ਹੈ। ਕਾਰਨ ਹੈ ਕਿ ਮੱਧ ਪੂਰਬ 'ਚ ਸੀਰੀਆ ਹੀ ਇੱਕ ਮੁਲਕ ਹੈ ਜਿਸ ਦੇ ਕਾਰਨ ਇਸ ਖੇਤਰ 'ਚ ਰੂਸ ਆਪਣੀ ਮੌਜੂਦਗੀ ਦਰਜ ਕਰਾ ਸਕਦਾ ਹੈ।

ਉੱਥੇ ਹੀ ਈਰਾਨ ਸ਼ਿਆ ਦੇਸਾਂ ਦੀ ਚੌਧਰ ਚਾਹੁੰਦਾ ਹੈ। ਈਰਾਨ ਚਾਹੁੰਦਾ ਹੈ ਕਿ ਸੀਰੀਆ, ਇਰਾਕ ਤੋਂ ਲੈ ਕੇ ਯਮਨ ਅਤੇ ਬਹਿਰੀਨ ਤੱਕ ਸ਼ਿਆ ਸਮਰਥਿਤ ਦੇਸਾਂ ਦਾ ਇੱਕ ਸੰਗਠਨ ਬਣਾਇਆ ਜਾਵੇ।

ਤੁਰਕੀ ਦਾ ਹਿੱਤ ਇਸ ਵਿੱਚ ਹੈ ਕਿ ਇਸ ਖੇਤਰ 'ਚ ਕੋਈ ਕੁਰਦਿਸ਼ ਰਾਜ ਉਭਰ ਕੇ ਨਾ ਆ ਸਕੇ।

ਇਨ੍ਹਾਂ ਸਾਰੇ ਪੱਖਾਂ 'ਚ ਅਮਰੀਕਾ ਇੱਕ ਅਜਿਹੀ ਤਾਕਤ ਹੈ ਜੋ ਇਸਲਾਮਿਕ ਸਟੇਟ ਦੇ ਨਾਲ ਸੰਘਰਸ਼ ਕਰਨਾ ਚਾਹੁੰਦੀ ਹੈ।

ਅਮਰੀਕਾ ਦੇ ਸੀਰੀਆ ਤੋਂ ਨਿਕਲਣ ਤੋਂ ਬਾਅਦ ਤੁਰਕੀ ਅਤੇ ਸੀਰੀਆ ਇਸਲਾਮਿਕ ਸਟੇਟ ਤੋਂ ਉਸ ਤਰ੍ਹਾਂ ਸੰਘਰਸ਼ ਕਰਨਗੇ ਜਿਸ ਤਰ੍ਹਾਂ ਅਮਰੀਕਾ ਕਰ ਰਿਹਾ ਸੀ।

ਰੂਸ ਅਤੇ ਸੀਰੀਆ ਦੀ ਸੈਨਾ ਇਸਲਾਮਿਕ ਸਟੇਟ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਦੀ ਥਾਂ ਅਸਦ ਸਰਕਾਰ ਦੇ ਵਿਰੋਧੀ ਖੇਮੇ ਨੂੰ ਖ਼ਤਮ ਕਰਨ ਦੀ ਕੋਸ਼ਿਸ਼ 'ਚ ਲੱਗੀ ਹੋਈ ਹੈ।

ਕਿੰਨਾ ਤਾਕਤਵਰ ਹੈ ਇਸਲਾਮਿਕ ਸਟੇਟ?

ਇਸਲਾਮਿਕ ਸਟੇਟ ਨੂੰ ਲੈ ਕੇ ਇਹ ਖਦਸ਼ੇ ਜਤਾਏ ਜਾ ਰਹੇ ਹਨ ਕਿ ਇਨ੍ਹਾਂ ਹਲਾਤਾਂ 'ਚ ਇਸਲਾਮਿਕ ਸਟੇਟ ਦੇ ਲੜਾਕੇ ਵਾਪਸੀ ਕਰ ਸਕਦੇ ਹਨ।

ਲੰਬੇ ਸੰਘਰਸ਼ ਤੋਂ ਬਾਅਦ ਉਨ੍ਹਾਂ ਦੇ ਕਬਜ਼ੇ ਵਾਲੇ ਸ਼ਹਿਰਾਂ ਨੂੰ ਹਾਸਿਲ ਕੀਤਾ ਗਿਆ ਹੈ ਪਰ ਅਜੇ ਵੀ ਉਨ੍ਹਾਂ ਕੋਲ ਕਰੀਬ 30 ਹਜ਼ਾਰ ਲੜਾਕਿਆਂ ਦੀ ਤਾਕਤ ਹੈ।

ਇਸ ਲਈ, ਵਾਸ਼ਿੰਗਟਨ 'ਚ ਇਸ ਗੱਲ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ ਕਿ ਉਹ ਵਾਪਸ ਆ ਕੇ ਇਰਾਕ ਜਾਂ ਸੀਰੀਆ ਦੇ ਦੋ-ਤਿੰਨ ਵੱਡੇ ਸ਼ਹਿਰਾਂ 'ਤੇ ਕਬਜ਼ਾ ਕਰ ਲੈਣਗੇ।

ਉੱਥੇ ਹੀ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਕਹਿਣਾ ਹੈ ਕਿ ਉਹ ਦੂਜੇ ਦੇਸਾਂ ਦੇ ਹਿੱਤ 'ਚ ਯੁੱਧ ਲੜਦਾ ਹੈ, ਜਿਸ 'ਚ ਉਸ ਦਾ ਪੈਸਾ ਖਰਚ ਹੁੰਦਾ ਹੈ ਅਤੇ ਉਹ ਚਾਹੁੰਦੇ ਹਨ ਕਿ ਦੂਜੇ ਮੁਲਕ ਆਪਣੀ ਰੱਖਿਆ ਆਸ ਕਰਨ ਅਤੇ ਜੇਕਰ ਅਮਰੀਕਾ ਸ਼ਾਮਿਲ ਹੋਵੇ ਤਾਂ ਉਨ੍ਹਾਂ ਦੇਸਾਂ ਨੂੰ ਆਰਥਿਕ ਤੌਰ 'ਤੇ ਅਮਰੀਕਾ ਦੀ ਮਦਦ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ

ਜੇਕਰ ਅਮਰੀਕੀ ਖਰਚ ਦੀ ਗੱਲ ਕਰੀਏ ਤਾਂ ਇੱਕ ਵੇਲਾ ਸੀ ਜਦੋਂ ਅਮਰੀਕਾ ਪ੍ਰਤੀ ਦਿਨ ਇਰਾਕ 'ਚ 70 ਅਰਬ ਰੁਪਏ ਖਰਚ ਕਰ ਰਿਹਾ ਸੀ। ਅਜੇ ਵੀ ਅਮਰੀਕਾ ਸਾਲਾਨਾ 7 ਹਜ਼ਾਰ ਅਰਬ ਰੁਪਏ ਖਰਚ ਕਰ ਰਿਹਾ ਹੈ।

ਪਰ ਸੀਰੀਆ ਤੋਂ ਲੈ ਕੇ ਇਰਾਕ ਅਤੇ ਰੂਸ ਦੀ ਵੀ ਇਹ ਹੈਸੀਅਤ ਨਹੀਂ ਹੈ ਕਿ ਉਹ ਆਰਥਿਕ ਤੌਰ 'ਤੇ ਅਮਰੀਕਾ ਦਾ ਅਹਿਸਾਨ ਉਤਾਰ ਦੇਵੇਗਾ।

ਕੀ ਸੀਰੀਆ ਸੰਕਟ ਦਾ ਹੱਜਲਦ ਨਿਕਲੇਗਾ?

ਸੀਰੀਆ ਖੇਤਰ ਦੀ ਗੱਲ ਕਰੀਏ ਤਾਂ ਬਸ਼ਰ ਅਲ ਅਸਦ ਨੇ 50 ਫੀਸਦ ਤੋਂ ਜ਼ਿਆਦਾ ਹਿੱਸੇ ਨੂੰ ਆਪਣੇ ਕਬਜ਼ੇ 'ਚ ਲਿਆ ਹੈ। ਪਰ ਅਜੇ ਵੀ ਸੀਰੀਆ ਦੇ ਤੇਲ ਦੇ ਖੂਹ ਅਸਦ ਸਰਕਾਰ ਦੇ ਕਬਜ਼ੇ 'ਚ ਨਹੀਂ ਹਨ।

ਅਜਿਹੇ 'ਚ ਇਹ ਹੋਵੇਗਾ 60 ਤੋਂ 70 ਫੀਸਦੀ ਹਿੱਸਾ ਅਸਦ ਸਰਕਾਰ ਦੇ ਕਬਜ਼ੇ 'ਚ ਹੋਵੇਗਾ। ਬਾਕੀ ਹਿੱਸੇ ਦਾ ਕੰਟ੍ਰੋਲ ਇਸਲਾਮਿਕ ਸਟੇਟ ਅਤੇ ਵਾਈਜੀਪੀ ਵਰਗੇ ਸੰਗਠਨਾਂ ਕੋਲ ਹੋਵੇਗਾ।

ਇਸ ਕਰਕੇ ਵਾਈਜੀਪੀ ਅਤੇ ਤੁਰਕੀ ਦੀਆਂ ਸੈਨਾਵਾਂ ਵਿਚਾਲੇ ਜੰਗ ਹੁੰਦੀ ਰਹੇਗੀ।

ਪਰ ਅਰਬ ਦੁਨੀਆਂ ਨੇ ਇੱਕ ਵਾਰ ਫਿਰ ਅਸਦ ਨੂੰ ਸਵੀਕਾਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਯੂਏਈ ਨੇ ਇੱਕ ਵਾਰ ਫਿਰ ਦਮਿਸ਼ਕ 'ਚ ਆਪਣਾ ਦੂਤਾਵਾਸ ਸ਼ੁਰੂ ਲਿਆ ਹੈ। ਸੂਡਾਨ ਦੇ ਰਾਸ਼ਟਰਪਤੀ ਜਨਰਲ ਬਸ਼ੀਰ ਨੇ ਅਸਦ ਨਾਲ ਮੁਲਾਕਾਤ ਕੀਤੀ ਹੈ।

ਮੈਨੂੰ ਲਗਦਾ ਹੈ ਕਿ 2019 ਦੇ ਅੰਤ 'ਚ ਮੱਧ-ਪੂਰਬ ਉਵੇਂ ਹੀ ਦਿਖੇਗਾ, ਜਿਵੇਂ 2010 'ਚ ਦਿੱਖ ਰਿਹਾ ਸੀ।

ਹਰ ਥਾਂ ਲੋਕਤਾਂਤਰਿਕ ਵਿਕਾਸ ਦੀ ਥਾਂ ਸੈਨਿਕ ਤਾਨਾਸ਼ਾਹ ਦਿਖਣਗੇ।

ਮਿਸਰ 'ਚ ਮੁਬਾਰਕ ਹੋਸਨੀ ਦੀ ਥਾਂ ਅਲ ਸੀਸੀ ਅਤੇ ਸੀਰੀਆ 'ਚ ਅਸਦ ਦੀ ਥਾਂ ਅਸਦ ਮੌਜੂਦ ਹੈ। ਹਾਲਾਂਕਿ, ਇਰਾਕ ਅਤੇ ਟਿਊਨੀਸ਼ੀਆ 'ਚ ਲੋਕਤੰਤਰ ਝਲਕ ਮਿਲ ਰਹੀ ਹੈ।

ਪਰ ਇੰਨੀ ਗੱਲ ਜ਼ਰੂਰ ਹੈ ਕਿ ਸੀਰੀਆ ਪਹਿਲਾ ਵਾਂਗ ਸੰਪੂਰਨ ਮੁਲਕ ਬਣਨ ਦੀ ਥਾਂ ਮੱਧ-ਪੂਰਬ ਦੇ ਅਫ਼ਗਾਨਿਸਤਾਨ 'ਚ ਤਬਦੀਲ ਹੋ ਜਾਵੇਗਾ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)