ਹੁਣ ਕਿਸ ਹਾਲ ਵਿੱਚ ਹਨ ਇਸਲਾਮਿਕ ਸਟੇਟ ਦੇ ਲੜਾਕੇ?

    • ਲੇਖਕ, ਹੈਲੇਨਾ ਮੈਰੀਮਨ
    • ਰੋਲ, ਪੱਤਰਕਾਰ, ਬੀਬੀਸੀ

ਨਵੰਬਰ, 2016 ਵਿੱਚ ਇਰਾਕ ਦੀ ਫੌਜ ਨੇ ਖੁਦ ਨੂੰ ਇਸਲਾਮਿਕ ਸਟੇਟ ਕਹਿਣ ਵਾਲੀ ਕੱਟੜਪੰਥੀ ਜਥੇਬੰਦੀ ਦੇ ਗੜ੍ਹ ਮੂਸਲ ਨੂੰ ਘੇਰ ਲਿਆ ਸੀ।

ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ 'ਤੇ ਕਬਜ਼ੇ ਦੀ ਲੜਾਈ ਹੋ ਰਹੀ ਸੀ। ਇੱਕ-ਇੱਕ ਮਕਾਨ ਦੀ ਭਾਲ ਕੀਤੀ ਜਾ ਰਹੀ ਸੀ।

ਵੱਢ-ਟੁੱਕ ਤੋਂ ਬਚਣ ਲਈ ਕਈ ਹਜ਼ਾਰ ਲੋਕ ਮੂਸਲ ਸ਼ਹਿਰ ਛੱਡ ਕੇ ਭੱਜ ਰਹੇ ਸਨ। ਹੌਲੀ-ਹੌਲੀ ਇਰਾਕ ਦੀ ਫੌਜ ਨੇ ਮੂਸਲ ਸ਼ਹਿਰ ਨੂੰ ਇਸਲਾਮਿਕ ਸਟੇਟ ਦੇ ਸ਼ਿਕੰਜੇ ਤੋਂ ਛੁਡਾ ਲਿਆ ਸੀ।

ਇਹ ਅੰਜਾਮ ਨਹੀਂ, ਆਗਾਜ਼ ਸੀ। ਸ਼ੁਰੂਆਤ ਸੀ ਨਵੀਂ ਜੰਗ ਅਤੇ ਜੱਦੋ-ਜਹਿਦ ਦੀ। ਇਸਲਾਮਿਕ ਸਟੇਟ ਦੇ ਉਨ੍ਹਾਂ ਲੜਾਕਿਆਂ ਦੀ ਭਾਲ ਕੀਤੀ ਜੋ ਉਸ ਲਈ ਲੜ ਰਹੇ ਸਨ।

ਅਖੀਰ ਕਿੱਥੇ ਗਈ ਬਗਦਾਦੀ ਬ੍ਰਿਗੇਡ? ਇਸਲਾਮਿਕ ਸਟੇਟ ਨੂੰ ਕਈ ਮੋਰਚਿਆਂ 'ਤੇ ਹਾਰ ਮਿਲੀ ਹੈ। ਇਰਾਕ ਅਤੇ ਸੀਰੀਆ ਨਾਲ ਕਮੋਬੇਸ਼ ਖਾਤਮਾ ਹੋ ਚੁੱਕਿਆ ਹੈ।

ਲੜਾਕੇ ਹਨ ਕੈਦ ਵਿੱਚ

ਸਵਾਲ ਇਹ ਹੈ ਕਿ ਅਖੀਰ ਹੁਣ ਇਸਲਾਮਿਕ ਸਟੇਟ ਦੇ ਲੜਾਕਿਆਂ ਦਾ ਕੀ ਹਾਲ ਹੈ? ਇਸਲਾਮਿਕ ਸਟੇਟ ਨੇ ਕਈ ਸਾਲਾਂ ਤੱਕ ਇਰਾਕ ਦੇ ਇੱਕ ਵੱਡੇ ਹਿੱਸੇ 'ਤੇ ਰਾਜ ਕੀਤਾ ਸੀ।

ਇਸ ਦੌਰਾਨ ਆਮ ਲੋਕਾਂ ਨੂੰ ਕਈ ਤਰ੍ਹਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋਣਾ ਪਿਆ। ਸ਼ਰੇਆਮ ਕੋੜੇ ਮਾਰੇ ਗਏ। ਕਿਸੇ ਦਾ ਸਿਰ ਕਲਮ ਕੀਤਾ ਗਿਆ ਤਾਂ ਕਿਸੇ ਦੇ ਹੱਥ-ਪੈਰ।

ਹੁਣ ਇਸਲਾਮਿਕ ਸਟੇਟ ਤੋਂ ਆਜ਼ਾਦੀ ਮਿਲੀ ਹੈ ਤਾਂ ਲੋਕ ਇਨਸਾਫ਼ ਮੰਗ ਰਹੇ ਹਨ। ਉਹ ਚਾਹੁੰਦੇ ਹਨ ਕਿ ਇਸਲਾਮਿਕ ਸਟੇਟ ਲਈ ਲੜਨ ਵਾਲਿਆਂ ਨੂੰ ਚੁਣ-ਚੁਣ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ।

ਇਰਾਕ ਦੀ ਫੌਜ ਨੇ ਬਗਦਾਦੀ ਬ੍ਰਿਗੇਡ ਦੇ ਲੜਾਕਿਆਂ ਦੀ ਸੂਚੀ ਬਣਾਈ ਹੈ। ਇਨ੍ਹਾਂ ਨੂੰ ਦੇਸ ਭਰ ਵਿੱਚ ਭਾਲ ਕਰ ਕੇ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।

ਇਸਲਾਮਿਕ ਸਟੇਟ ਦੇ ਇਨ੍ਹਾਂ ਲੜਾਕਿਆਂ ਨੂੰ ਖਾਲੀ ਪਏ ਮਕਾਨਾਂ ਵਿੱਚ ਕੈਦ ਕਰਕੇ ਰੱਖਿਆ ਜਾ ਰਿਹਾ ਹੈ।

ਅਣਮਨੁੱਖੀ ਹਾਲਾਤ ਵਿੱਚ

ਹਿਊਮਨ ਰਾਈਟਜ਼ ਵਾਚ ਦੀ ਬਿਲਕੀਸ ਵੱਲਾ ਦੱਸਦੀ ਹੈ ਕਿ ਇਸਲਾਮਿਕ ਸਟੇਟ ਨਾਲ ਜੁੜੇ ਲੋਕਾਂ ਨੂੰ ਬੇਹੱਦ ਅਣਮਨੁੱਖੀ ਹਾਲਾਤ ਵਿੱਚ ਕੈਦ ਕਰ ਕੇ ਰੱਖਿਆ ਜਾ ਰਿਹਾ ਹੈ।

ਅਜਿਹਾ ਹੀ ਕੈਦਖਾਨੇ ਦਾ ਦੌਰਾ ਕਰਨ ਤੋਂ ਬਾਅਦ ਬਿਲਕੀਸ ਨੇ ਦੱਸਿਆ ਕਿ ਉਨ੍ਹਾਂ ਨੇ ਦੇਖਿਆ ਕਿ 4 ਮੀਟਰ ਗੁਣਾ 6 ਮੀਟਰ ਦੇ ਇੱਕ ਕਮਰੇ ਵਿੱਚ 300 ਤੋਂ ਵੱਧ ਲੋਕਾਂ ਨੂੰ ਰੱਖਿਆ ਗਿਆ ਸੀ।

ਥਾਂ ਇਨੀ ਘੱਟ ਸੀ ਕਿ ਕਿਸੇ ਲਈ ਖੜ੍ਹਾ ਹੋਣਾ ਵੀ ਮੁਸ਼ਕਿਲ। ਗਰਮੀ ਇਨੀ ਕਿ ਸਰੀਰ ਝੁਲਸ ਜਾਵੇ ਅਤੇ ਬਦਬੂ ਇਸ ਕਦਰ ਕਿ ਇਨਸਾਨ ਸਾਹ ਲੈਣ ਵਿੱਚ ਹੀ ਮਰ ਜਾਵੇ।

ਇਸ ਕੈਦਖਾਨੇ ਨੂੰ ਚਲਾਉਣ ਵਾਲੇ ਨੇ ਬਿਲਕੀਸ ਨੂੰ ਦੱਸਿਆ ਕਿ ਬਦਬੂ ਅਤੇ ਗਰਮੀ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਸੀ।

ਇਰਾਕ ਵਿੱਚ ਸੁਰੱਖਿਆ ਮੁਲਾਜ਼ਮ ਅਤੇ ਪ੍ਰਸ਼ਾਸਨ, ਸਥਾਨਕ ਲੋਕਾਂ ਦੀ ਮਦਦ ਨਾਲ ਇਸਲਾਮਿਕ ਸਟੇਟ ਲਈ ਲੜਨ ਵਾਲਿਆਂ ਦੀ ਪਛਾਣ ਕਰਦੇ ਹਨ। ਫਿਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਕੋਰਟ ਵਿੱਚ ਪੇਸ਼ ਕੀਤਾ ਜਾਂਦਾ ਹੈ।

ਇਸ ਤਰ੍ਹਾਂ ਹੁੰਦੀ ਹੈ ਕਾਰਵਾਈ

ਜੇ ਸਥਾਨਕ ਲੋਕਾਂ ਨੂੰ ਇਸ ਬਾਰੇ ਇਹ ਕਹਿ ਦਿੱਤਾ ਜਾਵੇ ਕਿ ਉਹ ਬਗਦਾਦੀ ਬ੍ਰਿਗੇਡ ਨਾਲ ਜੁੜਿਆ ਸੀ ਤਾਂ ਬਿਨਾਂ ਕਿਸੇ ਸਵਾਲ-ਜਵਾਬ ਦੇ ਉਸ ਨੂੰ ਫੜ੍ਹ ਲਿਆ ਜਾਂਦਾ ਹੈ।

ਬਿਲਕੀਸ ਵੱਲਾ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ 'ਤੇ ਤਸ਼ਦੱਦ ਕਰਕੇ ਇਹ ਕਬੂਲ ਕਰਵਾਇਆ ਜਾਂਦਾ ਹੈ ਕਿ ਉਹ ਇਸਲਾਮਿਕ ਸਟੇਟ ਲਈ ਲੜਦੇ ਸਨ।

ਕਈ ਲੋਕਾਂ ਨੇ ਤਾਂ ਮਜਬੂਰੀ ਵਿੱਚ ਇਹ ਮੰਨਿਆ ਕਿ ਉਹ ਬਗਦਾਦੀ ਬ੍ਰਿਗੇਡ ਦਾ ਹਿੱਸਾ ਸਨ।

ਜਦੋਂ ਸ਼ੱਕੀ ਸ਼ਖ਼ਸ ਇਹ ਮੰਨ ਲੈਂਦੇ ਹਨ ਕਿ ਉਹ ਇਸਲਾਮਿਕ ਸਟੇਟ ਲਈ ਲੜਦੇ ਸਨ ਤਾਂ ਫਿਰ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ।

ਉਨ੍ਹਾਂ ਦੇ ਇਕਬਾਲੀਆ ਬਿਆਨ ਨੂੰ ਹੀ ਸੱਚ ਮੰਨ ਕੇ ਫਿਰ ਉਨ੍ਹਾਂ 'ਤੇ ਮੁਕੱਦਮਾ ਚਲਾਇਆ ਜਾਂਦਾ ਹੈ। ਸਰਕਾਰ ਇਨ੍ਹਾਂ ਲੜਾਕਿਆਂ ਨੂੰ ਵਕੀਲ ਤਾਂ ਮੁਹੱਈਆ ਕਰਵਾਉਂਦੀ ਹੈ।

ਇਸਲਾਮਿਕ ਸਟੇਟ ਦੇ ਲੜਾਕੇ

ਬਿਲਕੀਸ ਦਾ ਕਹਿਣਾ ਹੈ ਕਿ ਇਹ ਸਿਰਫ਼ ਖਾਨਾ-ਪੂਰਤੀ ਹੁੰਦੀ ਹੈ। ਜਲਦਬਾਜ਼ੀ ਵਿੱਚ ਮੁਕੱਦਮਾ ਚਲਾ ਕੇ ਇਸਲਾਮਿਕ ਸਟੇਟ ਦੇ ਇਨ੍ਹਾਂ ਸ਼ੱਕੀ ਲੜਾਕਿਆਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ।

ਇਹ ਲੜਾਕੇ ਵੀ ਇਸ ਨੂੰ ਆਪਣਾ ਨਸੀਬ ਮੰਨ ਕੇ ਮਨਜ਼ੂਰ ਕਰ ਲੈਂਦੇ ਹਨ। ਇਰਾਕ ਵਿੱਚ ਦਸਾਂ ਹਜ਼ਾਰ ਇਸਲਾਮਿਕ ਸਟੇਟ ਦੇ ਲੜਾਕੇ ਕੈਦ ਹਨ ਜਿਨ੍ਹਾਂ 'ਤੇ ਅਜਿਹੇ ਹੀ ਮੁਕੱਦਮੇ ਚਲਾਏ ਜਾ ਰਹੇ ਹਨ।

ਇਰਾਕ ਦਾ ਅਪਰਾਧਿਕ ਕਾਨੂੰਨ 9 ਸਾਲ ਦੀ ਉਮਰ ਦੇ ਬੱਚਿਆਂ 'ਤੇ ਲਾਗੂ ਹੁੰਦਾ ਹੈ। ਤਾਂ ਇਸਲਾਮਿਕ ਸਟੇਟ ਦੇ ਇਨ੍ਹਾਂ ਕੈਦ ਲੜਾਕਿਆਂ ਵਿੱਚ ਕਈ ਬੱਚੇ ਵੀ ਹਨ।

ਸਭ ਤੋਂ ਘੱਟ ਉਮਰ ਦੇ ਮੁਲਜ਼ਮ ਦੀ ਉਮਰ ਸਿਰਫ਼ 13 ਸਾਲ ਹੈ। ਜ਼ਾਹਿਰ ਹੈ ਕਿ ਇਨ੍ਹਾਂ ਲੜਾਕਿਆਂ 'ਤੇ ਇਲਜ਼ਾਮ ਭਲੇ ਹੀ ਗੰਭੀਰ ਹੋਣ ਪਰ ਇਨਸਾਫ਼ ਤਾਂ ਉਨ੍ਹਾਂ ਨੂੰ ਵੀ ਨਹੀਂ ਮਿਲ ਰਿਹਾ।

ਸਰਕਾਰੀ ਏਜੰਸੀਆਂ ਸਹੀ ਤਰੀਕੇ ਨਾਲ ਜਾਂਚ ਕੀਤੇ ਬਿਨਾਂ ਹੀ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰ ਰਹੀਆਂ ਹਨ।

ਘਰ ਪਰਤ ਰਹੇ ਹਨ ਲੜਾਕੇ

ਬਿਲਕੀਸ ਕਹਿੰਦੀ ਹੈ ਕਿ ਜੇ ਇਮਾਨਦਾਰੀ ਨਾਲ ਜਾਂਚ ਕੀਤੀ ਜਾਵੇ ਤਾਂ ਸ਼ਾਇਦ ਕਈ ਲੋਕ ਰਿਹਾ ਹੋ ਜਾਣ ਪਰ ਇਸ ਵਿੱਚ ਕਾਫ਼ੀ ਸਮਾਂ ਲੱਗ ਜਾਏਗਾ।

ਇਸਲਾਮਿਕ ਸਟੇਟ ਦੇ ਜ਼ੁਲਮ ਦੇ ਸ਼ਿਕਾਰ ਲੋਕਾਂ ਨੂੰ ਇਹ ਦੇਰੀ ਮਨਜ਼ੂਰ ਨਹੀਂ। ਇਰਾਕ ਵਿੱਚ ਸਿਰਫ਼ ਆਪਣੇ ਨਾਗਰਿਕਾਂ 'ਤੇ ਅਜਿਹੇ ਮੁਕੱਦਮੇ ਨਹੀਂ ਚੱਲ ਰਹੇ ਹਨ।

ਬਗਦਾਦੀ ਬ੍ਰਿਗੇਡ ਦੇ ਕਈ ਵਿਦੇਸ਼ੀ ਲੜਾਕਿਆਂ ਨੂੰ ਵੀ ਮੌਤ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਕਈ ਵਿਦੇਸ਼ੀ ਇਸਲਾਮਿਕ ਸਟੇਟ ਫਾਈਟਰ ਬਚ ਕੇ ਆਪਣੇ ਮੁਲਕ ਪਰਤ ਰਹੇ ਹਨ।

ਇਹ ਇਨਾ ਸੌਖਾ ਕੰਮ ਨਹੀਂ ਹੁੰਦਾ। ਰੂਸ, ਕਿਰਗਿਸਤਾਨ, ਤਜਕਿਸਤਾਨ ਅਤੇ ਤੁਰਕੀ ਵਰਗੇ ਦੇਸ਼ਾਂ ਦੇ ਕਈ ਨਾਗਰਿਕਾਂ ਨੇ ਇਸਲਾਮਿਕ ਸਟੇਟ ਵੱਲੋਂ ਜੰਗ ਵਿੱਚ ਹਿੱਸਾ ਲਿਆ ਸੀ।

ਹੁਣ ਜੰਗ ਖ਼ਤਮ ਹੋਣ ਤੋਂ ਬਾਅਦ ਜਦੋਂ ਇਹ ਲੜਾਕੇ ਆਪਣੇ ਘਰ ਪਰਤਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਉਨ੍ਹਾਂ ਦੇ ਦੇਸ਼ ਦੀ ਸੁਰੱਖਿਆ ਮੁਲਾਜ਼ਮ ਅਤੇ ਖੁਫ਼ੀਆਂ ਏਜੰਸੀਆਂ ਉਨ੍ਹਾਂ ਦੀ ਭਾਲ ਕਰ ਰਹੀਆਂ ਹਨ।

ਆਪਣੇ ਦੇਸ ਵਿੱਚ ਮੁਕੱਦਮਾ

ਇਨ੍ਹਾਂ ਲੜਾਕਿਆਂ 'ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਇਰਾਕ ਤੋਂ ਪਰਤ ਰਹੇ ਆਪਣੇ ਪਰਿਵਾਰ ਨੂੰ ਪ੍ਰਸ਼ਾਸਨ ਦੇ ਹਵਾਲੇ ਕਰਨ। ਇਨ੍ਹਾਂ ਲੋਕਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ।

ਇਨ੍ਹਾਂ ਦੇ ਖਿਲਾਫ਼ ਜੋ ਇਲਜ਼ਾਮ ਹੁੰਦੇ ਹਨ ਉਨ੍ਹਾਂ ਦੀ ਪੜਤਾਲ ਹੁੰਦੀ ਹੈ। ਜੇ ਸਬੂਤ ਹਨ ਤਾਂ ਫਿਰ ਇਸਲਾਮਿਕ ਸਟੇਟ ਦੇ ਇਨ੍ਹਾਂ ਸਾਬਕਾ ਲੜਾਕਿਆਂ 'ਤੇ ਉਨ੍ਹਾਂ ਦੇ ਆਪਣੇ ਦੇਸ ਵਿੱਚ ਮੁਕੱਦਮਾ ਚਲਾਇਆ ਜਾਂਦਾ ਹੈ।

ਹਾਲਾਂਕਿ ਸਬੂਤ ਨਾ ਹੋਣ 'ਤੇ ਕਈ ਵਾਰੀ ਇਨ੍ਹਾਂ ਨੂੰ ਆਪਣੇ ਦੇਸ ਵਿੱਚ ਮੁਆਫ਼ ਵੀ ਕੀਤਾ ਜਾਂਦਾ ਹੈ।

ਹਾਲ ਹੀ ਵਿੱਚ ਤਜਕਿਸਤਾਨ ਨੇ ਇਰਾਕ ਤੋਂ ਪਰਤੇ ਸੈਂਕੜੇ ਇਸਲਾਮਿਕ ਸਟੇਟ ਦੇ ਲੜਾਕਿਆਂ ਨੂੰ ਰਿਹਾਅ ਕਰ ਦਿੱਤਾ ਸੀ।

ਰੂਸ ਦੇ ਨੇੜੇ 4 ਹਜ਼ਾਰ ਨਾਗਰਿਕ ਇਰਾਕ ਵਿੱਚ ਇਸਲਾਮਿਕ ਸਟੇਟ ਲਈ ਲੜ ਰਹੇ ਸਨ। ਹੁਣ ਰੂਸ ਦੀ ਸਰਕਾਰ ਇਰਾਕ ਦੀ ਮਦਦ ਨਾਲ ਇਨ੍ਹਾਂ ਲੜਾਕਿਆਂ ਨੂੰ ਦੇਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।

ਜ਼ਿੰਦਗੀ ਬਰਬਾਦ ਹੋ ਜਾਂਦੀ ਹੈ...

ਰੂਸ ਦੀ ਸਰਕਾਰ ਦੀ ਕੋਸ਼ਿਸ਼ ਇਹ ਪਤਾ ਲਾਉਣ ਦੀ ਹੈ ਕਿ ਅਖੀਰ ਇਨ੍ਹਾਂ ਨੂੰ ਕਿਸ ਤਰ੍ਹਾਂ ਬਗਦਾਦੀ ਬ੍ਰਿਗੇਡ ਵਿੱਚ ਭਰਤੀ ਕੀਤਾ ਗਿਆ? ਉਹ ਕਿਸ ਦੇ ਇਸ਼ਾਰੇ 'ਤੇ ਵਿਦੇਸ਼ ਲੜਨ ਗਏ?

ਕਿਸ ਤਰ੍ਹਾਂ ਦੇ ਸਾਹਿਤ ਨਾਲ ਉਨ੍ਹਾਂ ਦਾ ਝੁਕਾਅ ਇਸਲਾਮਿਕ ਸਟੇਟ ਵੱਲ ਹੋਇਆ? ਇਨ੍ਹਾਂ ਰੂਸੀ ਲੜਾਕਿਆਂ ਤੋਂ ਇਨ੍ਹਾਂ ਸਵਾਲਾਂ ਦੇ ਜਵਾਬ ਹਾਸਿਲ ਕਰਨ ਤੋਂ ਬਾਅਦ ਰੂਸ ਦੀ ਸਰਕਾਰ ਉਨ੍ਹਾਂ ਨੂੰ ਜੇਲ੍ਹ ਭੇਜੇਗੀ।

ਰੂਸ ਸਰਕਾਰ ਇਸਲਾਮਿਕ ਸਟੇਟ ਦੇ ਇਨ੍ਹਾਂ ਲੜਾਕਿਆਂ ਤੋਂ ਆਪਣਾ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।

ਇਨ੍ਹਾਂ ਜ਼ਰੀਏ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਇਸਲਾਮਿਕ ਸਟੇਟ ਕਾਫ਼ੀ ਬੁਰੀ ਚੀਜ਼ ਹੈ। ਉਨ੍ਹਾਂ ਦੇ ਝਾਂਸੇ ਵਿੱਚ ਆਉਣ ਨਾਲ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ।ਪਰਿਵਾਰ ਬਰਬਾਦ ਹੋ ਜਾਂਦਾ ਹੈ।

ਸਊਦੀ ਅਰਬ ਵਿੱਚ ਹੈਂਡ ਬੁੱਕ

ਇਨ੍ਹਾਂ ਸਾਬਕਾ ਲੜਾਕਿਆਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਇਸਲਾਮ ਦੇ ਨਾਮ 'ਤੇ ਉਨ੍ਹਾਂ ਨੂੰ ਵਰਗਲਾਇਆ ਗਿਆ।

ਸਊਡੀ ਅਰਬ ਦੇ ਦਹਿਸ਼ਤਗਰਦਾਂ ਦੀ ਘਰ ਵਾਪਸੀ ਵਾਲੇ ਇਸ ਪ੍ਰੋਗਰਾਮ ਨੂੰ ਰਿਆਦ ਦੇ ਡਾਕਟਰ ਅਬਦੁੱਲਾ ਅਲ ਸਊਦ ਨੇ ਨੇੜਿਓਂ ਦੇਖਿਆ ਹੈ।

ਡਾ਼ ਅਬਦੁੱਲਾ ਸਊਦ ਦੱਸਦੇ ਹਨ ਕਿ ਹਾਲ ਹੀ ਵਿੱਚ ਸਊਦੀ ਅਰਬ ਨੇ ਇੱਕ ਹੈਂਡਬੁੱਕ ਛਾਪੀ ਹੈ।

ਇਸ ਹੈਂਡਬੁੱਕ ਵਿੱਚ ਇਸਲਾਮੀ ਵਿਦਵਾਨਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਇਸਲਾਮਿਕ ਸਟੇਟ ਨੇ ਇਸਲਾਮ ਧਰਮ ਨੂੰ ਤੋੜ-ਮਰੋੜ ਕੇ ਲੋਕਾਂ ਨੂੰ ਹਿੰਸਾ ਲਈ ਵਰਗਲਾਇਆ ਹੈ।

ਜੇਲ੍ਹ ਵਿੱਚ ਕੈਦ ਲੜਾਕਿਆਂ ਵਿੱਚ ਜੇ ਕੋਈ ਬਦਲਾਅ ਦੇਖਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਜੇਲ੍ਹਾਂ ਤੋਂ ਦੂਰ ਚੰਗੀਆਂ ਸਹੂਲਤਾਂ ਵਾਲੀਆਂ ਥਾਵਾਂ ਤੇ ਰੱਖਿਆ ਜਾਂਦਾ ਹੈ।

ਕਲਚਰ ਥੈਰੇਪੀ

ਡਾ. ਅਬਦੁੱਲਾ ਅਲ ਸਊਦ ਇਨ੍ਹਾਂ ਨੂੰ ਐਂਟੀ ਟੈਰਰ ਰਿਹੈਬੀਲੀਟੇਸ਼ਨ ਸੈਂਟਰ ਯਾਨਿ ਕਿ ਦਹਿਸ਼ਤਗਰਦੀ ਨਿਰੋਧਕ ਸੁਧਾਰ ਕੇਂਦਰ ਕਹਿੰਦੇ ਹਨ। ਇੱਥੇ ਸਾਬਕਾ ਦਹਿਸ਼ਤਗਰਦਾਂ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਦਿੱਤਾ ਜਾਂਦਾ ਹੈ। ਆਰਟ ਥੈਰੇਪੀ ਜ਼ਰੀਏ ਉਹ ਆਪਣੇ ਗੁੱਸੇ ਅਤੇ ਦਰਦ ਨੂੰ ਬਿਆਨ ਕਰਦੇ ਹਨ।

ਇੱਥੇ ਉਨ੍ਹਾਂ ਦੀ ਪਚਾਣ ਬਦਲਦੀ ਹੈ। ਉਨ੍ਹਾਂ ਦੇ ਨਾਮ ਬਦਲਦੇ ਹਨ। ਉਸ ਤੋਂ ਬਾਅਦ ਉਨ੍ਹਾਂ ਦੀ ਕਲਚਰਲ ਥੈਰੇਪੀ ਕੀਤੀ ਜਾਂਦੀ ਹੈ।

ਕਿੰਨੇ ਕਰਦੇ ਹਨ ਵਾਪਿਸੀ?

ਇਨ੍ਹਾਂ ਵਿੱਚੋਂ 20 ਫੀਸਦੀ ਹੀ ਮੁੜ ਤੋਂ ਹਿੰਸਾ ਦੇ ਰਾਹ ਤੇ ਪਰਤਦੇ ਹਨ। ਹਾਲਾਂਕਿ ਇਸ ਪ੍ਰੋਗਰਾਮ ਦੇ ਵਿਰੋਧੀ ਕਹਿੰਦੇ ਹਨ ਕਿ ਇਹ ਪ੍ਰੋਗਰਾਮ ਸਊਦੀ ਅਰਬ ਦੇ ਆਪਣੇ ਅਕਸ ਨੂੰ ਚਮਕਾਉਣ ਦੀ ਕੋਸ਼ਿਸ਼ ਹੀ ਹੁੰਦੀ ਹੈ।

ਫਿਰ ਵੀ ਯੂਰਪੀ ਦੇਸਾਂ ਵਿੱਚ ਸਊਦੀ ਅਰਬ ਦੇ ਇਸ ਪ੍ਰੋਗਰਾਮ ਨੂੰ ਦਿਲਚਸਪੀ ਨਾਲ ਦੇਖਿਆ ਜਾ ਰਿਹਾ ਹੈ।

ਅਸਲ ਵਿੱਚ ਤਕਰੀਬਨ ਸੱਤ ਹਜ਼ਾਰ ਯੂਰਪੀ ਨਾਗਰਿਕ ਵੀ ਇਸਲਾਮਿਕ ਸਟੇਟ ਲਈ ਲੜਨ ਮੱਧ ਪੂਰਬ ਦੇ ਦੇਸਾਂ ਵਿੱਚ ਗਏ ਸਨ।

ਹੁਣ ਤਕਰੀਬਨ 2000 ਦੇਸ ਪਰਤੇ ਹਨ ਤਾਂ ਯੂਰਪੀ ਦੇਸਾਂ ਵਿੱਚ ਵੀ ਇਨ੍ਹਾਂ ਨੂੰ ਵਾਪਿਸ ਲਿਆਉਣ ਦੀ ਚੁਣੌਤੀ ਹੈ।

ਮਾਰਸ਼ਿਲ ਆਰਟ ਦੀ ਸਿਖਲਾਈ

ਇਸ ਸੁਧਾਰ ਮੁਹਿੰਮ ਵਿੱਚ ਕੈਦੀਆਂ ਦੇ ਪਰਿਵਾਰਾਂ ਨੂੰ ਵੀ ਜੋੜਿਆ ਜਾਂਦਾ ਹੈ। ਯੂਕੇ ਵਿੱਚ ਇਸਲਾਮਿਕ ਸਟੇਟ ਦੇ ਸਾਬਕਾ ਲੜਾਕਿਆਂ ਨੂੰ ਮਾਰਸ਼ਲ ਆਰਟ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਤਾਕਿ ਉਨ੍ਹਾਂ ਦੀ ਲੜਨ ਦੀ ਆਦਤ ਦਾ ਚੰਗਾ ਇਸਤੇਮਾਲ ਕੀਤਾ ਜਾ ਸਕੇ।

ਪਰ ਯੂਰਪ ਤੋਂ 7 ਹਜ਼ਾਰ ਬਗਦਾਦੀ ਲੜਨ ਗਏ ਸਨ ਉਨ੍ਹਾਂ ਵਿੱਚੋਂ ਇੱਕ ਚੌਥਾਈ ਔਰਤਾਂ ਸਨ। ਇਹ ਔਰਤਾਂ ਆਪਣੇ ਨਾਲ ਬੱਚੇ ਲੈ ਕੇ ਮੁੜੀਆਂ ਹਨ।

ਜਾਂ ਤਾਂ ਉਹ ਨਾਲ ਬੱਚੇ ਲੈ ਕੇ ਗਈਆਂ ਸਨ ਜਾਂ ਉਨ੍ਹਾਂ ਦੇ ਇਰਾਕ ਵਿੱਚ ਰਹਿੰਦੇ ਹੋਏ ਬੱਚੇ ਹੋਏ। ਇਨ੍ਹਾਂ ਬੱਚਿਆਂ ਦੀ ਗਿਣਤੀ ਸੈਂਕੜੇ ਹੈ।

ਇਨ੍ਹਾਂ ਨਾਲ ਇਸਲਾਮਿਕ ਸਟੇਟ ਦਾ ਨਾਮ ਜੁੜਿਆ ਹੈ। ਇਨ੍ਹਾਂ ਬੱਚਿਆਂ ਨੂੰ ਇਹ ਵੀ ਨਹੀਂ ਪਤਾ ਕਿ ਇਹ ਇਰਾਕ ਜਾਂ ਸੀਰੀਆ ਵਿੱਚ ਜਨਮੇ ਹਨ ਪਰ ਸਮਾਜ ਉਨ੍ਹਾਂ ਨੂੰ ਚੰਗੀ ਨਜ਼ਰ ਨਾਲ ਨਹੀਂ ਦੇਖਦਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)