ਆਈਐੱਸ ਹਮਾਇਤੀਆਂ ਵੱਲੋਂ ਜਾਰੀ ਔਰਤਾਂ ਦੇ ਕਤਲ ਦਾ ਵੀਡੀਓ ਸੱਚ ਸਾਬਿਤ ਹੋਇਆ

ਨੌਰਵੇ ਪੁਲਿਸ ਮੁਤਾਬਕ ਦੋ ਸੈਲਾਨੀਆਂ ਵਿਚੋਂ ਇੱਕ ਦੇ ਕਤਲ ਦੀ ਵੀਡੀਓ ਜੋ ਸਾਹਮਣੇ ਆਈ ਸੀ ਉਹ ਅਸਲ ਸੀ।

ਯੂਨੀਵਰਸਿਟੀ ਵਿਦਿਆਰਥਣਾਂ ਮੈਰਨ ਯੂਲੈਂਡ ਅਤੇ ਲੂਸੀਆ ਵੈਸਟਰੇਂਜਰ ਜੈਸਪਰਸਨ ਦੀਆਂ ਲਾਸ਼ਾਂ ਸੋਮਵਾਰ ਨੂੰ ਐਟਲਸ ਪਹਾੜਾਂ ਵਿੱਚ ਸੈਲਾਨੀਆਂ ਲਈ ਪ੍ਰਸਿੱਧ ਸੈਰ ਸਪਾਟੇ ਵਾਲੀ ਥਾਂ 'ਤੇ ਮਿਲੀਆਂ ਸਨ।

ਵੀਡੀਓ ਵਿੱਚ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਇਹ ਕਤਲ ਸੀਰੀਆ ਦੇ ਬਦਲੇ ਵਜੋਂ ਕੀਤੇ ਗਏ ਹਨ।

ਇਸ ਮਾਮਲੇ ਵਿੱਚ ਚਾਰ ਲੋਕ ਗ੍ਰਿਫ਼ਤਾਰ ਕੀਤੇ ਗਏ ਹਨ। ਪੁਲਿਸ ਨੇ ਕਿਹਾ ਕਿ ਉਹ ਕਤਲ ਤੋਂ ਪਹਿਲਾਂ ਬਣਾਏ ਗਏ ਇੱਕ ਪ੍ਰਚਾਰ ਵੀਡੀਓ ਵਿੱਚ ਨਜ਼ਰ ਆਏ ਹਨ।

ਮੌਰੱਕੋ ਤੋਂ ਇੱਕ ਜਹਾਜ਼ ਇਨ੍ਹਾਂ ਦੀਆਂ ਲਾਸ਼ਾਂ ਲੈ ਕੇ ਡੈਨਮਾਰਕ ਲਈ ਰਵਾਨਾ ਹੋ ਗਿਆ ਹੈ।

ਕੌਣ ਸਨ ਪੀੜਤਾਂ?

24 ਸਾਲਾ ਜੈਸਪਰਸਨ ਡੈਨਮਾਰਕ ਤੋਂ ਸੀ ਅਤੇ ਨੌਰਵੇ ਦੀ 28 ਸਾਲਾਂ ਯੂਲੈਂਡ ਨੌਰਵੇ ਦੀ ਸਾਊਥ ਈਸਟਰਨ ਯੂਨੀਵਰਸਿਟੀ ਵਿੱਚ ਪੜ੍ਹਦੀਆਂ ਸਨ।

ਇਹ ਵੀ ਪੜ੍ਹੋ-

ਉਹ 9 ਦਸੰਬਰ ਨੂੰ ਮੌਰੱਕੋ ਵਿੱਚ ਇੱਕ ਮਹੀਨੇ ਦੀਆਂ ਛੁੱਟੀਆਂ ਲਈ ਗਏ ਸਨ। ਉਨ੍ਹਾਂ ਦੀਆਂ ਲਾਸ਼ਾਂ ਟੈਂਟ ਵਿੱਚ ਮਿਲੀਆਂ ਸਨ।

ਯੂਲੈਂਡ ਦੀ ਮਾਂ ਮੁਤਾਬਕ ਦੋਵਾਂ ਨੇ ਯਾਤਰਾ ’ਤੇ ਜਾਣ ਲਈ ਪੂਰੀ ਤਿਆਰੀ ਕੀਤੀ ਹੋਈ ਸੀ।

ਵੀਡੀਓ ਦਾ ਕੀ ਮਹੱਤਵ ਹੈ?

ਕਥਿਤ ਤੌਰ 'ਤੇ ਇਸਲਾਮਿਕ ਸਟੇਟ ਦੇ ਸਮਰਥਕਾਂ ਵੱਲੋਂ ਇੱਕ ਔਰਤ ਦਾ ਸਿਰ ਵੱਢਦੇ ਹੋਏ ਦਿਖਾਈ ਗਈ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਾ ਰਹੀ ਸੀ।

ਨੌਰਵੇ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਹਾਲਾਂਕਿ ਇਹ ਵੀਡੀਓ ਅਸਲੀ ਦਿਖਾਈ ਦੇ ਰਹੀ ਸੀ ਪਰ ਫੇਰ ਵੀ ਇਸ ਦੀ ਸਮੀਖਿਆ ਕੀਤੀ ਗਈ ਹੈ।

ਜਾਂਚ ਏਜੰਸੀ ਕਰੀਪੋਸ ਨੇ ਇੱਕ ਬਿਆਨ ਵਿੱਚ ਕਿਹਾ ਹੈ, "ਅਜੇ ਤੱਕ ਇਹ ਅਜਿਹਾ ਕੁਝ ਨਹੀਂ ਮਿਲਿਆ ਜਿਸ ਦੇ ਆਧਾਰ 'ਤੇ ਕਿਹਾ ਜਾ ਸਕੇ ਕਿ ਇਹ ਵੀਡੀਓ ਅਸਲੀ ਨਹੀਂ ਹੈ।"

ਇਸ ਵੀਡੀਓ ਵਿੱਚ ਸੁਣਿਆ ਜਾ ਸਕਦਾ ਹੈ ਕਿ ਕਤਲ ਕਰਨ ਵਾਲਾ ਕਹਿ ਰਿਹਾ ਹੈ, "ਇਹ ਸਾਡੇ ਹਾਜਿਨ ਵਿੱਚ ਰਹਿੰਦੇ ਭਰਾਵਾਂ ਦਾ ਬਦਲਾ ਹੈ।"

ਹਾਜਿਨ ਪੂਰਬੀ ਸੀਰੀਆ ਦਾ ਉਹ ਸ਼ਹਿਰ ਹੈ ਜੋ ਆਈਐੱਸ ਨੇ ਅਮਰੀਕਾ ਤੇ ਉਨ੍ਹਾਂ ਦੀਆਂ ਸਹਿਯੋਗੀ ਫੌਜਾਂ ਨਾਲ ਲੜਦੇ ਹੋਏ ਗੁਆ ਦਿੱਤਾ ਸੀ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)