You’re viewing a text-only version of this website that uses less data. View the main version of the website including all images and videos.
ਬਲਾਗ: 'ਪੰਜਾਬ ਯੂਨੀਵਰਸਿਟੀ ’ਚ ਕੁੜੀਆਂ ਦੇ ਹੋਸਟਲ 24 ਘੰਟੇ ਖੁੱਲ੍ਹਣ ’ਤੇ ਮੈਂ ਕਿਉਂ ਡਰ ਰਿਹਾਂ'
- ਲੇਖਕ, ਆਰਿਸ਼ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਔਰਤਾਂ ਤੇ ਉਨ੍ਹਾਂ ਦੇ ਮਸਲਿਆਂ ਬਾਰੇ ਗੱਲ ਕਰਨ ਦਾ ਲਾਇਸੰਸ ਲੈਣਾ ਕੋਈ ਔਖਾ ਨਹੀਂ। ਬਸ ਤੁਹਾਡੀ ਕੋਈ ਭੈਣ ਹੋਣੀ ਚਾਹੀਦੀ ਹੈ।
ਮੇਰੀਆਂ ਤਾਂ ਜੀ, ਤਿੰਨ ਭੈਣਾਂ ਹਨ। ਮੈਂ ਅਕਸਰ ਆਪਣੇ ਆਪ ਨੂੰ ਇਹ ਲਾਇਸੰਸ ਜਾਰੀ ਕਰ ਲੈਂਦਾ ਹਾਂ।
ਅੱਜ ਤਾਂ ਮੈਨੂੰ ਲੱਗ ਰਿਹਾ ਹੈ ਕਿ ਆਪਣੇ ਹੱਕ ਸਾਂਭਣ ਦਾ ਸਮਾਂ ਆ ਗਿਆ ਹੈ।
ਕੀ ਤੁਸੀਂ ਜਾਣਦੇ ਹੋ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟ ਕੌਂਸਲ ਦੀ ਪਹਿਲੀ ਮਹਿਲਾ ਪ੍ਰਧਾਨ ਕਨੂਪ੍ਰਿਆ ਨੂੰ? ਜਦੋਂ ਬਣੀ ਸੀ ਆਪਾਂ ਸਾਰਿਆਂ ਨੇ ਤਾਂ ਤਾੜੀਆਂ ਮਾਰੀਆਂ ਸਨ।
ਉੱਥੇ ਤੱਕ ਠੀਕ ਸੀ, ਹੁਣ ਤਾਂ ਬੀਬੀ ਨੇ ਗੱਡੀ ਬਾਹਲੀ ਅੱਗੇ ਤੋਰ ਲਈ ਹੈ। 'ਦੂਜੀ ਵੱਡੀ ਜਿੱਤ' ਐਲਾਨ ਰਹੀ ਹੈ।
ਬਰਾਬਰੀ ਰੱਖਣ ਲਈ ਅੱਜਕਲ੍ਹ ਮਹਿਲਾ ਕ੍ਰਿਕਟ ਟੀਮ ਦੀ ਜਿੱਤ ਉੱਤੇ ਖੁਸ਼ ਅਤੇ ਹਾਰਨ ’ਤੇ ਦੁਖੀ ਹੋ ਹੀ ਰਹੇ ਹਾਂ। ਦੇਸ਼ਭਗਤੀ ਦੀ ਦੇਸ਼ਭਗਤੀ, ਬਰਾਬਰੀ ਦੀ ਬਰਾਬਰੀ।
ਪਰ ਇਹ ਤਾਂ ਨਵਾਂ ਭੰਬਲਭੂਸਾ ਹੈ, ਆਊਟ ਆਫ ਸਿਲੇਬਸ ਹੈ। ਸੱਚੀ, ਅਸਲ ਗੱਲ ਤਾਂ ਦੱਸੀ ਹੀ ਨਹੀਂ।
ਅਸਲ 'ਚ ਕਨੂਪ੍ਰਿਆ ਦੀ ਅਗਵਾਈ ਵਿੱਚ ਚੱਲ ਰਿਹਾ ਇੱਕ 'ਪਿੰਜਰਾ ਤੋੜ' ਧਰਨਾ ਕਾਮਯਾਬ ਹੋ ਗਿਆ ਹੈ।
ਪੰਜਾਬ ਯੂਨੀਵਰਸਿਟੀ ਵਿੱਚ ਹੁਣ ਕੁੜੀਆਂ ਵੀ ਆਪਣੇ ਹੋਸਟਲਾਂ 'ਚ 24 ਘੰਟੇ ਆ-ਜਾ ਸਕਣਗੀਆਂ।
ਮੈਨੂੰ ਪਤਾ ਹੈ ਕਿ ਇਹ ਵੱਡੀ ਗੱਲ ਹੈ, ਵੱਡਾ ਹੱਕ ਹੈ। ਪਰ ਇਸ ਹੱਕ ਨਾਲ ਜਿਹੜੇ ਸਾਡੇ ਸਦੀਆਂ ਪੁਰਾਣੇ ਹੱਕ ਮਾਰੇ ਜਾਣਗੇ, ਉਹ?
ਹੁਣ ਜੇ ਕੁੜੀਆਂ ਸੜ੍ਹਕਾਂ ਉੱਪਰ ਹੱਕ ਰੱਖਣਗੀਆਂ ਤਾਂ ਕੀ ਅਸੀਂ ਮਰਦ ਆਪਣੀ ਮਰਦਾਨਗੀ ਦੀ ਪਰਫਾਰਮੈਂਸ ਕੇਵਲ ਘਰ ਵਿੱਚ ਹੀ ਦਿਆਂਗੇ?
ਕੁੜੀਆਂ ਨੂੰ ਤਾਂ ਹੋਸਟਲ ਦੇ ਅੰਦਰ ਰਹਿ ਕੇ ਵੀ ਕੁਝ ਨਾ ਕੁਝ ਕਰਨ ਨੂੰ ਲੱਭ ਜਾਵੇਗਾ। ਅਸੀਂ ਪਹਿਲਾਂ ਵਾਂਗ ਬਾਹਰ ਆਪਣੀ ਮਰਦਾਨਗੀ ਖਿਲਾਰਾਂਗੇ। ਜੇ ਇਹ ਕੰਮ ਵੀ ਚਲਾ ਗਿਆ ਤਾਂ... ਦੱਸੋ, ਬੇਰੁਜ਼ਗਾਰੀ ਪਹਿਲਾਂ ਘੱਟ ਹੈ?
(ਕੁੜੀਆਂ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਹਾਲ ਵਿੱਚ ਬਿਨਾਂ ਰੋਕ-ਟੋਕ 24 ਘੰਟੇ ਆਉਣ-ਜਾਣ ਦੀ ਮਿਲੀ ਇਜਾਜ਼ਤ ’ਤੇ ਇਹ ਵਿਅੰਗ ਹੈ ਜਿਸ ਦੇ ਸ਼ਬਦੀ ਅਰਥਾਂ ’ਤੇ ਨਾ ਜਾਓ, ਸਿਰਫ ਭਾਵ ਸਮਝੋ)
ਮੈਨੂੰ ਗਲਤ ਨਾ ਸਮਝ ਲਿਓ। ਮੈਂ ਬਰਾਬਰੀ ਦੇ ਹੱਕ ਵਿੱਚ ਹਾਂ। ਮੇਰੀਆਂ ਭੈਣਾਂ ਉੱਪਰ ਵੀ ਉਹੀ ਪਾਬੰਦੀਆਂ ਹਨ ਜਿਹੜੀਆਂ ਕਿਸੇ ਵੀ ਹੋਰ ਔਰਤ ਉੱਪਰ ਹਨ।
ਜਿੱਥੇ ਤੱਕ ਸੁਰੱਖਿਆ ਵਾਲਾ ਮਸਲਾ ਹੈ, ਮੈਂ ਤਾਂ ਸ਼ੁਰੂ ਤੋਂ ਹੀ ਇਸ ਦਾ ਮੋਹਰੀ ਰਿਹਾ ਹਾਂ।
ਇਹ ਵੀ ਜ਼ਰੂਰ ਪੜ੍ਹੋ
ਛੋਟੀ ਉਮਰ ਤੋਂ ਹੀ ਮੈਂ ਆਪਣੀਆਂ ਵੱਡੀਆਂ ਭੈਣਾਂ ਨਾਲ ਉਨ੍ਹਾਂ ਦਾ ਗਾਰਡ ਬਣ ਕੇ ਤੁਰਦਾ ਰਿਹਾ ਹਾਂ।
ਵੱਡੀ ਗੱਲ ਇਹ ਹੈ ਕਿ ਹੁਣ ਪੰਜਾਬ ਯੂਨੀਵਰਸਿਟੀ ਦੇ ਇਸ ਕਦਮ ਨੂੰ ਲੈ ਕੇ ਹੋਰ ਥਾਵਾਂ 'ਤੇ ਵੀ ਜ਼ਮਾਨਾ ਖੁਦ ਨੂੰ ਬਦਲਣ ਦੀ ਕੋਸ਼ਿਸ਼ ਕਰੇਗਾ।
ਅੱਜ ਹੋਸਟਲ ਦੀ ਟਾਈਮਿੰਗ ਹੈ, ਕੱਲ੍ਹ ਕੱਪੜਿਆਂ ਦਾ ਢੰਗ-ਤਰੀਕਾ, ਫਿਰ ਸੰਗੀ-ਸਾਥੀ ਚੁਣਨ ਦੀ ਮਰਜ਼ੀ, ਫਿਰ ਇਕੱਲੇ ਜਿਉਣ ਦੀ ਮਰਜ਼ੀ, ਫਿਰ ਇਹ ਵੀ ਮਰਜ਼ੀ ਕਿ ਅਸੀਂ ਗ਼ਲਤੀ ਵੀ ਕਰਾਂਗੀਆਂ। ਮਤਲਬ, ਗ਼ਲਤੀ ਕਰਨ ਦੀ ਵੀ ਮਰਜ਼ੀ!
ਇੰਝ ਤਾਂ ਸਾਰੀਆਂ ਹੀ ਕੁੜੀਆਂ ਸਾਰੇ ਹੀ ਹੱਕ ਮੰਗਣਗੀਆਂ। ਮੰਗ ਲੈਣ। ਪਰ ਜੇ ਮਿਲ ਗਏ, ਫਿਰ?
ਕੀ ਬਣੇਗਾ ਜੇ ਕੱਲ੍ਹ ਨੂੰ ਕੁੜੀਆਂ ਪੁੱਛਣ ਕਿ ਅਸੀਂ ਆਪਣੇ ਬਜ਼ੁਰਗ ਮਾਪਿਆਂ ਨੂੰ ਕਿਉਂ ਛੱਡ ਕੇ ਆਈਏ, ਵਿਆਹ ਤੋਂ ਬਾਅਦ ਤੂੰ ਕਿਉਂ ਨਹੀਂ ਆ ਸਕਦਾ ਮੇਰੇ ਘਰ? ਤਾਂ ਕੀ ਮੁੰਡੇ ਤੇ ਕੁੜੀਆਂ ਦੇ ਮਾਪੇ ਵੀ ਬਰਾਬਰ ਹੋ ਜਾਣਗੇ?
ਇਹ ਤਾਂ ਜ਼ਿਆਦਾ ਡਰਾਉਣੀ ਗੱਲ ਹੋ ਗਈ।
ਮੈਂ ਪਹਿਲਾਂ ਹੀ ਕਿਹਾ ਹੈ, ਗੱਲ ਤਾਂ ਬਸ ਸੇਫ਼ਟੀ ਦੀ ਹੈ ਜੀ। ਕਈ ਕੁੜੀਆਂ ਇਸ ਤੱਥ ਨੂੰ ਵੀ ਕੱਖ ਨਹੀਂ ਮੰਨਦੀਆਂ, ਸਗੋਂ ਕਹਿੰਦੀਆਂ ਹਨ ਕਿ ਜੇ ਅਸੀਂ ਆਮ ਥਾਵਾਂ 'ਤੇ ਜਾਵਾਂਗੀਆਂ ਤਾਂ ਹੀ ਆਮ ਥਾਵਾਂ 'ਤੇ ਹੱਕ ਰੱਖ ਕੇ ਸੁਰੱਖਿਅਤ ਵੀ ਰਹਾਂਗੀਆਂ।
ਸੋਚੋ, ਕੀ ਚੰਡੀਗੜ੍ਹ ਦੇ 'ਗੇੜੀ ਰੂਟ' ਉੱਤੇ ਵੀ ਕੁੜੀਆਂ ਹੱਕ ਰੱਖਣਗੀਆਂ? ਗੇੜੀ ਰੂਟ ਬਾਰੇ ਤਾਂ ਤੁਹਾਨੂੰ ਪਤਾ ਹੋ ਹੋਣਾ ਹੈ। ਨਹੀਂ ਪਤਾ ਤਾਂ ਦੱਸ ਦਿੰਦੇ ਹਾਂ। ਇੱਕ ਸੱਪ ਵਰਗੀ ਸੜ੍ਹਕ ਹੈ ਜਿਹੜੀ ਚੰਡੀਗੜ੍ਹ ਦੇ ਪੌਸ਼ ਜਾਂ ਮਹਿੰਗੇ ਸੈਕਟਰਾਂ ਵਿੱਚੋਂ ਲੰਘਦੀ ਹੈ।
ਹੁਣ ਗੇੜੀ ਰੂਟ ਦੀ ਵੀ ਸ਼ਾਮਤ ਆਵੇਗੀ?
ਇੱਥੇ ਮੁੰਡੇ ਆਪਣਾ ਹੁਨਰ ਵਿਖਾਉਂਦੇ ਹਨ। ਬਹੁਤੇ ਸਿਆਣਿਆਂ ਵਾਂਗ ਕਹੀਏ ਤਾਂ ਮੁੰਡੇ ਇੱਥੇ ਕੁੜੀਆਂ ਦਾ ਪਿੱਛਾ ਕਰ ਕੇ ਤੰਗ ਕਰਦੇ ਹਨ। 'ਗੇੜੀ' ਉਂਝ 'ਗੇੜਾ' ਸ਼ਬਦ ਦਾ ਮਹਿਲਾ ਸਰੂਪ ਹੈ। ਗੇੜਾ ਘੋੜੇ ਉੱਤੇ ਬਹਿ ਕੇ ਖੇਤਾਂ ਨੂੰ ਲਗਦਾ ਹੈ, ਗੇੜੀ ਦਾ ਭਾਵ ਜ਼ਰਾ ਵੱਖ ਹੈ।
ਇਹ ਵੀ ਜ਼ਰੂਰ ਪੜ੍ਹੋ
ਪਿਛਲੇ ਸਾਲ ਕੁੜੀਆਂ ਦੀ ਇੱਕ 'ਬੇਖੌਫ ਆਜ਼ਾਦੀ' ਮੁਹਿੰਮ ਤੋਂ ਬਾਅਦ ਇਸ ਦਾ ਨਾਂ ਤਾਂ ਬਦਲ ਕੇ ਗੂਗਲ ਮੈਪ 'ਚ 'ਆਜ਼ਾਦੀ ਰੂਟ' ਰੱਖ ਲਿਆ ਗਿਆ ਹੈ। ਮੈਂ ਖੁਸ਼ ਹੋ ਕੇ ਫੇਸਬੁੱਕ ਕਮੈਂਟ ਵੀ ਪਾਇਆ ਸੀ। ਮੈਂ ਉਦੋਂ ਵੀ ਦੱਸਿਆ ਸੀ ਕਿ ਮੇਰੀਆਂ ਤਿੰਨ ਭੈਣਾਂ ਹਨ!
ਪਰ ਗੇੜੀ/ਆਜ਼ਾਦੀ ਰੂਟ 'ਤੇ ਹੱਕ ਰੱਖ ਕੇ ਕੁੜੀਆਂ ਕਰਨਗੀਆਂ ਕੀ? ਕੀ ਸਾਡੇ ਪਿੱਛੇ ਗੇੜੀ ਲਾਉਣਗੀਆਂ, ਕਮੈਂਟ ਮਾਰਣਗੀਆਂ, ਇਸ਼ਾਰੇ ਕਰਨਗੀਆਂ? ਅਸੀਂ ਕੀ ਕਰਾਂਗੇ? ਫਿਰ ਗੇੜੀ ਨੂੰ ਗੇੜੀ ਹੀ ਆਖਾਂਗੇ? ਜਾਂ ਗੇੜੀ ਲਈ ਕੋਈ ਬਰਾਬਰਤਾ ਵਾਲੀ ਵਿਆਕਰਣ ਵਰਤਣੀ ਪਵੇਗੀ?
ਹੋਸਟਲ ਦੀ ਗੱਲ 'ਤੇ ਵਾਪਸ ਚੱਲਦੇ ਹਾਂ।
ਰਾਤੀ ਹੋਸਟਲੋਂ ਬਾਹਰ ਰਹਿ ਕੇ ਕੁੜੀਆਂ ਜਾਣਗੀਆਂ ਕਿੱਥੇ? ਸਤਾਰਾਂ ਸੈਕਟਰ ਦੇ ਬਸ ਸਟੈਂਡ 'ਤੇ ਇਕੱਲੀਆਂ ਪਰੌਂਠੇ ਖਾਣ ਜਾਣਗੀਆਂ? ਕੁੱਕ ਵੀ ਕਨਫਿਊਜ਼ ਹੋ ਜਾਏਗਾ, ਸੋਚੇਗਾ, 'ਨਾਲ ਮੁੰਡਾ ਤਾਂ ਕੋਈ ਹੈ ਨਹੀਂ, ਪਰੌਂਠੀਆਂ ਪਕਾਵਾਂ ਜਾਂ ਪਰੌਂਠੇ?' ਛੱਡੋ, ਹਾਸਾ ਵੀ ਨਹੀਂ ਆ ਰਿਹਾ ਹੁਣ ਤਾਂ।
ਹੁਣ ਬਸ ਫਿਕਰ ਹੈ ਕਿ, ਕੀ ਹੁਣ ਤੁਸੀਂ ਮੰਨ ਜਾਓਗੇ ਕਿ ਮੈਂ ਇਹ ਲੇਖ ਮਜ਼ਾਕੀਆ ਲਹਿਜੇ 'ਚ, ਵਿਅੰਗ ਦੇ ਤੌਰ 'ਤੇ ਲਿਖਣ ਦੀ ਗੁਸਤਾਖੀ ਕੀਤੀ ਹੈ? ਜਾਂ ਮੰਨਣਾ ਪਊ ਕੀ ਮੇਰੇ ਅੰਦਰਲੀ ਡਰੀ ਹੋਈ ਮਰਦਾਨਾ ਆਵਾਜ਼ ਹੀ ਲਿਖ-ਬੋਲ ਰਹੀ ਹੈ?
ਜੇ ਸਮਾਂ ਵਾਕਈ ਬਦਲ ਗਿਆ ਤਾਂ ਮੈਂ ਆਪਣੇ ਭਾਣਜੇ ਨੂੰ ਕੀ ਕਹੂੰਗਾ ਜਦੋਂ ਉਹ ਕੋਈ ਕਮਜ਼ੋਰੀ ਵਾਲੀ ਗੱਲ ਕਰੇਗਾ, 'ਓਏ, ਕੁੜੀਆਂ ਵਾਂਗ ਨਾ ਕਰ' ਤਾਂ ਹੁਣ ਚੱਲਣਾ ਨਹੀਂ!
ਅਜੇ ਵੀ ਸਮਾਂ ਹੈ, ਸਮਝ ਜਾਓ। ਇਸ ਕਨੂਪ੍ਰਿਆ ਦੀ ਨਾ ਮੰਨੋ। ਮੇਰੀ ਮੰਨੋ। ਮੈਨੂੰ ਇਨ੍ਹਾਂ ਮਾਮਲਿਆਂ ਦਾ ਪਤਾ ਹੈ। ਮੈਂ ਤੁਹਾਨੂੰ ਕਿੰਨੀ ਵਾਰ ਦੱਸਾਂ? ਮੇਰੀਆਂ ਤਿੰਨ ਭੈਣਾਂ ਹਨ।