ਹਰਿਮੰਦਰ ਸਾਹਿਬ ਦੀ ਤਸਵੀਰ ਵਾਲੇ ਟਾਇਲਟ ਕਵਰ 'ਤੇ ਵਿਵਾਦ, ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਟਵੀਟ

ਈ-ਕੌਮਰਸ ਕੰਪਨੀ ਐਮਾਜ਼ੋਨ 'ਤੇ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਵਾਲੇ ਮੈਟ ਅਤੇ ਟਾਇਲਟ ਸੀਟ ਦੇ ਕਵਰ ਵਿਕੜ ਦੀ ਸਖ਼ਤ ਨਿੰਦਾ ਹੋ ਰਹੀ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਕੇ ਮੈਟ ਬਣਾਉਣ ਵਾਲੀ ਕੰਪਨੀ ਫਿਲੋਫੋਮ ਯੂਨੀਵਰਸਲ ਨੂੰ ਮੁਆਫੀ ਮੰਗਣ ਲਈ ਆਖਿਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ, ''ਫਿਲੋਫੋਮ ਯੂਨੀਵਰਸਲ ਵੱਲੋਂ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਦਾ ਟਾਇਲਟ ਸੀਟ ਕਵਰ ਲਈ ਇਸਤੇਮਾਲ ਕਰਨ ਦੀ ਮੈਂ ਨਿੰਦਾ ਕਰਦਾ ਹਾਂ। ਇਸ ਕਾਰਨ ਦੁਨੀਆਂ ਭਰ ਦੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।''

''ਮੈਂ ਚਾਹੁੰਦਾ ਹਾਂ ਕਿ ਜਲਦ ਤੋਂ ਜਲਦ ਇਸ ਨੂੰ ਹਟਾਇਆ ਜਾਵੇ ਤੇ ਮੁਆਫੀ ਮੰਗੀ ਜਾਵੇ।''

ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਨੇ ਸਖ਼ਤ ਨੋਟਿਸ ਲੈਂਦਿਆਂ ਕੰਪਨੀ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਮੁੱਖ ਸਕੱਤਰ ਨੇ ਕਿਹਾ ਕਿ ਕੰਪਨੀ ਦੀ ਇਹ ਕਾਰਵਾਈ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ:

ਇਸ ਸਬੰਧੀ ਦੇਸ ਵਿਦੇਸ਼ ਤੋਂ ਸਿੱਖ ਸੰਗਤ ਵੱਲੋਂ ਸਖ਼ਤ ਇਤਰਾਜ਼ ਪ੍ਰਗਟਾਇਆ ਗਿਆ ਹੈ। ਸੋਸ਼ਲ ਮੀਡੀਆ 'ਤੇ ਆਮ ਲੋਕਾਂ ਨੇ ਵੀ ਨਾਰਾਜ਼ਗੀ ਜਤਾਈ ਹੈ।

ਰਾਜਗੋਪਾਲ ਨਾਂ ਦੇ ਯੂਜ਼ਰ ਨੇ ਲਿਖਿਆ, ''ਸਿਰਫ ਸਿੱਖਾਂ ਹੀ ਨਹੀਂ ਹਰ ਸਹੀ ਸੋਚ ਵਾਲੇ ਬੰਦੇ ਨੂੰ ਠੇਸ ਪਹੁੰਚੀ ਹੈ।''

ਜੀਤ ਨੇ ਟਵੀਟ ਕੀਤਾ, ''ਪਤਾ ਨਹੀਂ ਲੋਕਾਂ ਨੂੰ ਦੂਜਿਆਂ ਦੇ ਧਰਮ ਨਾਲ ਮਜ਼ਾਕ ਕਰਕੇ ਕੀ ਮਿਲਦਾ ਹੈ?''

ਸੁਸ਼ੀਲ ਸਿੰਘ ਰਾਠੌੜ ਨੇ ਲਿਖਿਆ, ''ਕੀ ਭਾਰਤ ਦੇ ਸੰਵਿਧਾਨ ਵਿੱਚ ਅਜਿਹਾ ਕੋਈ ਕਾਨੂੰਨ ਹੈ ਜੋ ਇਨ੍ਹਾਂ ਖਿਲਾਫ ਕਾਰਵਾਈ ਕੀਤੀ ਜਾ ਸਕੇ?''

ਪ੍ਰੇਮ ਸ਼ਾਰਦਾ ਨਾਂ ਦੇ ਯੂਜ਼ਰ ਨੇ ਟਵੀਟ ਕੀਤਾ, ''ਕਈ ਦੇਸਾਂ ਵਿੱਚ ਲੋਕ ਭਾਰਤੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ ਝਿਜਕਦੇ ਨਹੀਂ।''

''ਅਮਰੀਕਾ ਵਰਗੇ ਐਡਵਾਂਸ ਦੇਸਾਂ ਵਿੱਚ ਵੀ ਕਈ ਵਾਰ ਮਾਰਕੀਟਿੰਗ ਦੀਆਂ ਅਜਿਹੀਆਂ ਸਟ੍ਰੈਟੇਜੀਜ਼ ਹੁੰਦੀਆਂ ਹਨ।''

ਇਹ ਵੀ ਪੜ੍ਹੋ:

ਫਿਲਹਾਲ ਕੰਪਨੀ ਵੱਲੋਂ ਇਸ ਬਾਰੇ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)