ਭਾਜਪਾ ਦਾ ਉਹ ਫਾਰਮੂਲਾ, ਜਿਸ ਨੇ ਹਰਿਆਣਾ 'ਚ ਵਿਰੋਧੀਆਂ ਨੂੰ ਕੀਤਾ ਚਿੱਤ

    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਪੰਜਾਬੀ ਲਈ

ਹਰਿਆਣਾ ਵਿੱਚ ਭਾਜਪਾ ਦਾ ਸੋਸ਼ਲ ਇੰਜਨੀਅਰਿੰਗ ਫਾਰਮੂਲਾ ਯਾਨਿ ਕਿ ਸਮਾਜਿਕ ਸੰਤੁਲਨ ਬਣਾ ਕੇ ਰੱਖਣ ਵਾਲਾ ਫਾਰਮੂਲਾ ਬਿਲਕੁਲ ਨਿਸ਼ਾਨੇ 'ਤੇ ਜਾ ਕੇ ਲੱਗਾ ਹੈ।

ਮੇਅਰ ਦੀਆਂ ਚੋਣਾਂ ਵਿੱਚ ਖੇਡਿਆ ਇਹ ਕਾਰਡ ਭਾਜਪਾ ਦੇ ਹੱਕ ਵਿੱਚ ਗਿਆ ਅਤੇ ਪੰਜ ਜ਼ਿਲ੍ਹਿਆਂ ਵਿੱਚ ਮੇਅਰ ਦੀ ਚੋਣ ਭਾਜਪਾ ਨੇ ਜਿੱਤੀ। ਇੱਥੋਂ ਤੱਕ ਰੋਹਤਕ ਵਿੱਚ ਵੀ, ਜਿੱਥੇ ਮੁਕਾਬਲਾ ਸਖ਼ਤ ਸੀ।

16 ਦਸੰਬਰ ਨੂੰ ਰੋਹਤਕ, ਪਾਣੀਪਤ, ਕਰਨਾਲ, ਯਮੁਨਾਨਗਰ ਅਤੇ ਹਿਸਾਰ ਵਿੱਚ ਮਿਊਂਸੀਪਲ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਜਿਸ ਵਿੱਚ ਭਾਜਪਾ ਨੇ ਆਪਣੇ ਚੋਣ ਨਿਸ਼ਾਨ 'ਤੇ ਚੋਣ ਲੜੀ।

ਬੁੱਧਵਾਰ ਨੂੰ ਐਲਾਨੇ ਗਏ ਨਤੀਜਿਆਂ ਵਿੱਚ ਪੰਜਾਂ ਸੀਟਾਂ 'ਤੇ ਭਾਜਪਾ ਨੇ ਜਿੱਤ ਦਰਜ ਕੀਤੀ ਉਹ ਵੀ ਚੰਗੇ ਫਰਕ ਨਾਲ।

ਇਨੈਲੋ ਦੇ ਉਮੀਦਵਾਰਾਂ ਨੇ ਰੋਹਤਕ, ਹਿਸਾਰ ਅਤੇ ਪਾਣੀਪਤ ਸੀਟਾਂ 'ਤੇ ਚੋਣ ਲੜੀ ਜਦਕਿ ਉਨ੍ਹਾਂ ਦੀ ਭਾਈਵਾਲੀ ਪਾਰਟੀ ਦੇ ਉਮੀਦਵਾਰ ਨੇ ਯਮੁਨਾਨਗਰ ਤੋਂ ਚੋਣ ਲੜੀ।

ਇਹ ਵੀ ਪੜ੍ਹੋ:

ਰੋਹਤਕ ਵਿੱਚ ਇਨੈਲੋ ਦੇ ਉਮੀਦਵਾਰ ਸੰਚਿਤ ਨਾਂਦਲ 27,000 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ ਜਦਕਿ ਭਾਜਪਾ ਦੇ ਮਨਮੋਹਨ ਗੋਇਲ ਨੇ 14000 ਵੋਟਾਂ ਦੀ ਲੀਡ ਨਾਲ ਜਿੱਤ ਹਾਸਲ ਕੀਤੀ।

ਸ਼ੁਰੂਆਤ ਵਿੱਚ ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ੋਕ ਤੰਵਰ ਨੇ ਐਲਾਨ ਕੀਤਾ ਸੀ ਕਿ ਉਹ ਪਾਰਟੀ ਦੇ ਚੋਣ ਨਿਸ਼ਾਨ 'ਤੇ ਲੜਨਗੇ ਪਰ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਇਸ ਨਾਲ ਅਸਹਿਮਤੀ ਜਤਾਈ।

ਮੀਡੀਆ ਨੂੰ ਸੰਬੋਧਿਤ ਕਰਦੇ ਉਨ੍ਹਾਂ ਕਿਹਾ ਕਿ ਕਾਂਗਰਸ ਕਦੇ ਵੀ ਪਾਰਟੀ ਦੇ ਚੋਣ ਨਿਸ਼ਾਨ 'ਤੇ ਐਮਸੀ ਦੀਆਂ ਚੋਣਾਂ ਨਹੀਂ ਲੜੀ ਅਤੇ ਇਹ ਰਵਾਇਤ ਬਰਕਰਾਰ ਰੱਖੀ ਜਾਵੇਗੀ।

ਹਾਲਾਂਕਿ, ਹੁੱਡਾ ਨੇ ਦਾਅਵਾ ਕੀਤਾ ਸੀ ਕਿ ਭਾਜਪਾ ਇਨ੍ਹਾਂ ਪੰਜਾਂ ਸੀਟਾਂ 'ਤੇ ਹਾਰ ਜਾਵੇਗੀ ਅਤੇ ਕਾਂਗਰਸ ਦੀ ਜਿੱਤ ਹੋਵੇਗੀ।

ਰੋਹਤਕ-ਜਾਟ ਲੀਡਰ ਹੁੱਡਾ ਦੇ ਗੜ੍ਹ ਵਿੱਚ ਕਾਂਗਰਸ ਉਮੀਦਵਾਰ ਸੀਤਾਰਾਮ ਸਚਦੇਵਾ ਲਈ ਸਾਂਸਦ ਦੀਪੇਂਦਰ ਸਿੰਘ ਹੁੱਡਾ ਵੱਲੋਂ ਪ੍ਰਚਾਰ ਕਰਨ ਦੇ ਬਾਵਜੂਦ ਉਨ੍ਹਾਂ ਨੇ ਸੀਟ ਗੁਆ ਦਿੱਤੀ।

ਸੀਪੀਐਮ ਦੀ ਮੇਅਰ ਉਮੀਦਵਾਰ ਜਗਮਤੀ ਸਾਂਗਵਾਨ ਦਾ ਕਹਿਣਾ ਹੈ ਕਿ ਈਵੀਐਮ ਦੇ ਕਾਰਨ ਐਮਸੀ ਚੋਣਾਂ ਵਿੱਚ ਵੱਡੇ ਪੱਧਰ 'ਤੇ ਅਨਿਯਮਤਤਾ (ਇਰੈਗੂਲੈਰਟੀ) ਹੋਈ ਹੈ। ਉਨ੍ਹਾਂ ਨੇ ਇਸ ਸਬੰਧੀ ਲਿਖਤ ਵਿੱਚ ਚੋਣ ਕਮਿਸ਼ਨ ਨੂੰ ਦਿੱਤਾ ਹੈ।

ਉਹ ਫੈਕਟਰ ਜਿਨ੍ਹਾਂ ਨੇ ਭਾਜਪਾ ਨੂੰ ਜਿਤਾਇਆ

ਸ਼ਹਿਰੀ ਵੋਟਰਾਂ ਨੂੰ ਧਿਆਨ ਵਿੱਚ ਰੱਖ ਕੇ, ਸੂਬੇ ਦੀ ਭਾਜਪਾ ਨੇ ਪੰਜਾਬੀ ਅਤੇ ਵੈਸ਼ ਭਾਈਚਾਰੇ ਵਿੱਚ ਸੰਤੁਲਨ ਸਥਾਪਿਤ ਕੀਤਾ ਹੈ।

ਜਿੱਥੇ ਵੀ ਉਨ੍ਹਾਂ ਦਾ ਪੰਜਾਬੀ ਵਿਧਾਇਕ ਸੀ, ਉਨ੍ਹਾਂ ਨੇ ਵੈਸ਼ ਭਾਈਚਾਰੇ ਦਾ ਉਮੀਦਵਾਰ ਖੜ੍ਹਾ ਕੀਤਾ।

ਰੋਹਤਕ ਵਿੱਚ ਮਨੀਸ਼ ਗਰੋਵਰ ਪੰਜਾਬੀ ਭਾਈਚਾਰੇ ਦੇ ਵਿਧਾਇਕ ਹਨ। ਇੱਥੇ ਵੈਸ਼ ਭਾਈਚਾਰੇ ਦੇ ਮਨਮੋਹਨ ਗੋਇਲ ਨੂੰ ਮੇਅਰ ਵਜੋਂ ਚੁਣਿਆ ਗਿਆ।

ਬਿਲਕੁਲ ਇਸੇ ਤਰ੍ਹਾਂ ਹੀ ਹਿਸਾਰ ਵਿੱਚ ਹੋਇਆ ਜਿੱਥੇ ਵੈਸ਼ ਭਾਈਚਾਰੇ ਦੇ ਕਮਲ ਗੁਪਤਾ ਮੌਜੂਦਾ ਵਿਧਾਇਕ ਹਨ। ਭਾਜਪਾ ਨੇ ਉੱਥੇ ਪੰਜਾਬੀ ਭਾਈਚਾਰੇ ਦੇ ਗੌਤਮ ਸਰਦਾਨਾ ਨੂੰ ਮੇਅਰ ਦੀ ਟਿਕਟ ਦਿੱਤੀ।

ਸਮਾਜਿਕ ਸੰਤੁਲਨ ਬਣਾ ਕੇ ਰੱਖਣ ਵਾਲੇ ਫਾਰਮੂਲਾ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ ਜਿਸ ਨਾਲ ਦੋਵਾਂ ਭਾਈਚਾਰਿਆਂ ਦੇ ਵੋਟਰਾਂ ਦਾ ਝੁਕਾਅ ਉਨ੍ਹਾਂ ਵੱਲ ਹੋ ਗਿਆ।

ਇਹ ਵੀ ਪੜ੍ਹੋ:

ਨਤੀਜੇ ਵਜੋਂ ਹਿਸਾਰ ਵਿੱਚ ਸਾਬਕਾ ਮੰਤਰੀ ਅਤੇ ਭਜਨ ਲਾਲ ਦੇ ਪਰਿਵਾਰ ਨਾਲ ਖੜ੍ਹੇ ਉਮੀਦਵਾਰ ਅਤੇ ਰੋਹਤਕ ਵਿੱਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਸਮਰਥਨ ਨਾਲ ਖੜ੍ਹੇ ਉਮੀਦਵਾਰਾਂ ਨੂੰ ਮੂੰਹ ਦੀ ਖਾਣੀ ਪਾਈ।

ਜਾਟ ਵੋਟਰਾਂ ਦੀ ਸ਼ਾਸ਼ਨ ਵਿਰੋਧੀ ਲਹਿਰ ਕਾਰਨ ਇਨ੍ਹਾਂ ਵਾਰਡਾਂ ਵਿੱਚ ਭਾਜਪਾ ਉਮੀਦਵਾਰ ਨੂੰ ਬਹੁਤ ਘੱਟ ਵੋਟ ਮਿਲੇ ਜਦਕਿ ਇਨੈਲੋ ਦੇ ਉਮੀਦਵਾਰ ਨੂੰ ਇੱਥੇ ਵਧੇਰੇ ਵੋਟਾਂ ਮਿਲੀਆਂ। ਹੁੱਡਾ ਦਾ ਜਾਦੂ ਪੂਰੀ ਤਰ੍ਹਾਂ ਫੇਲ ਹੋ ਗਿਆ।

ਦਿੱਲੀ ਦੀ ਪੋਲੀਟੀਕਲ ਮੈਨੇਜਮੈਂਟ ਕੰਪਨੀ ਜਨਮਤ ਰਿਸਰਚ ਫਾਊਂਡੇਸ਼ਨ, ਜਿਸ ਨੂੰ ਹਰਿਆਣਾ ਦੇ ਸਾਬਕਾ ਪੱਤਰਕਾਰ ਵਿਨੋਦ ਮਹਿਤਾ ਚਲਾ ਰਹੇ ਹਨ, ਭਾਜਪਾ ਵੱਲੋਂ ਇਸ ਤੋਂ ਲੋਕਾਂ ਦਾ ਮੂਡ ਟੈਸਟ ਕਰਵਾਉਣ ਲਈ ਸਰਵੇਖਣ ਕਰਵਾਇਆ ਗਿਆ ਸੀ।

ਇਸ ਤੋਂ ਬਾਅਦ ਹਰਿਆਣਾ ਵਿੱਚ ਸ਼ਹਿਰੀ ਵੋਟਰਾਂ, ਖਾਸ ਕਰਕੇ ਪਿੱਛੜੇ ਵਰਗ ਨੂੰ, ਰਾਸ਼ਨ ਕਾਰਡ ਅਤੇ ਡਰਾਈਵਰ ਲਾਇਸੈਂਸ ਮੁਹੱਈਆ ਕਰਵਾਉਣ ਵਿੱਚ ਰਾਹਤ ਦਿੱਤੀ ਗਈ।

ਹਰਿਆਣਾ ਵਿੱਚ ਅਣਅਧਿਕਾਰਤ ਕਲੋਨੀਆਂ ਨੂੰ ਨਿਯਮਤ ਕਰਨ ਕਾਰਨ ਵੀ ਭਾਜਪਾ ਨੇ ਚੰਗੇ ਵੋਟ ਬਟੋਰੇ ਹਨ।

ਪੁਲਿਸ ਵਿੱਚ ਪਾਰਦਰਸ਼ਤਾ, ਕਲੈਰੀਕਲ ਅਤੇ ਫਰਸਟ ਕਲਾਸ ਨੌਕਰੀਆਂ ਨੇ ਵੋਟਰਾਂ 'ਚ ਭਰੋਸਾ ਵਧਾ ਦਿੱਤਾ ਹੈ। ਇਸ ਨਾਲ ਮੁੱਖ ਮੰਤਰੀ ਮਨੋਹਰ ਲਾਲ ਦਾ ਅਕਸ ਵੀ ਚੰਗਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ:

2019 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਸੂਬੇ ਵਿੱਚ 50,000 ਸਰਕਾਰੀ ਨੌਕਰੀਆਂ ਦੇਣ ਦੇ ਲਾਲਚ ਨੇ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)