IPL 2019: ਕਰੋੜਾਂ ’ਚ ਵਿਕੇ 18 ਸਾਲਾ ਪ੍ਰਭਸਿਮਰਨ ਨੂੰ ਕਿਉਂ ਹੈ ਸੇਧ ਦੀ ਲੋੜ

    • ਲੇਖਕ, ਸੁਨੀਲ ਕਟਾਰੀਆ
    • ਰੋਲ, ਬੀਬੀਸੀ ਪੱਤਰਕਾਰ

ਪਟਿਆਲਾ ਦੇ ਰਹਿਣ ਵਾਲੇ ਪ੍ਰਭਸਿਮਰਨ ਸਿੰਘ ਮਹਿਜ਼ 18 ਸਾਲ ਦੀ ਉਮਰ ਵਿੱਚ ਹੀ ਕਰੋੜਪਤੀ ਬਣ ਗਏ ਹਨ।

ਆਈਪੀਐੱਲ 2019 ਲਈ ਖਿਡਾਰੀਆਂ ਦੀ ਨਿਲਾਮੀ 'ਚ ਪੰਜਾਬ ਦੇ ਇਸ ਨੌਜਵਾਨ ਬੱਲੇਬਾਜ਼ ਦੀ ਕਿਸਮਤ ਖੁੱਲ੍ਹ ਗਈ ਹੈ।

ਜੈਪੁਰ 'ਚ ਹੋਣ ਵਾਲੇ ਆਈਪੀਐੱਲ ਦੇ 12ਵੇਂ ਸੀਜ਼ਨ ਦੀ ਨਿਲਾਮੀ 'ਚ ਪ੍ਰੀਟੀ ਜ਼ਿੰਟਾ ਦੀ ਟੀਮ ਕਿੰਗਜ਼ ਇਲੈਵਨ ਪੰਜਾਬ ਨੇ ਪ੍ਰਭਸਿਮਰਨ ਸਿੰਘ ਨੂੰ 4 ਕਰੋੜ 80 ਲੱਖ ਰੁਪਏ ਵਿੱਚ ਖਰੀਦਿਆ ਹੈ।

ਨੀਲਾਮੀ ਦੌਰਾਨ ਪ੍ਰਭਸਿਮਰਨ ਦਾ ਬੇਸ ਪ੍ਰਾਈਜ਼ 20 ਲੱਖ ਰੁਪਏ ਸੀ।

ਇਹ ਵੀ ਪੜ੍ਹੋ:

ਪ੍ਰਭਸਿਮਰਨ ਸਿੰਘ ਨੇ ਹਾਲ ਹੀ 'ਚ ਇੰਡੀਆ ਐਮਰਜਿੰਗ ਟੀਮ ਕੱਪ 'ਚ ਅਫ਼ਗਾਨਿਸਤਾਨ ਦੀ ਟੀਮ ਖ਼ਿਲਾਫ਼ ਡੈਬਿਊ ਕੀਤਾ ਸੀ।

ਪੰਜਾਬ ਰਣਜੀ ਟੀਮ ਦੇ ਵਿਕਟ ਕੀਪਰ ਬੱਲੇਬਾਜ਼ ਪ੍ਰਭਸਿਮਰਨ ਦੀ ਚਰਚਾ ਚਾਰ-ਚੁਫੇਰੇ ਹੋ ਰਹੀ ਹੈ।

ਕੀ ਕਹਿੰਦੇ ਹਨ ਮਾਹਿਰ?

IPL ਦੇ 12ਵੇਂ ਸੀਜ਼ਨ ਦੀ ਨਿਲਾਮੀ 'ਚ ਨਵੇਂ ਖਿਡਾਰੀ ਪੁਰਾਣੇ ਖਿਡਾਰੀਆਂ 'ਤੇ ਭਾਰੀ ਪੈ ਰਹੇ ਹਨ। 25 ਸਾਲ ਦੇ ਸ਼ਿਵਮ ਦੂਬੇ ਅਤੇ 18 ਸਾਲ ਦੇ ਪ੍ਰਭਸਿਮਰਨ ਸਿੰਘ ਵੀ ਉਨ੍ਹਾਂ ਖਿਡਾਰੀਆਂ ਵਿੱਚੋਂ ਇੱਕ ਹਨ।

ਸ਼ਿਵਮ ਦੂਬੇ ਦਾ ਬੇਸ ਪ੍ਰਾਈਜ਼ 20 ਲੱਖ ਰੁਪਏ ਸੀ ਅਤੇ ਰਾਇਲ ਚੈਲੇਂਜਰਜ਼ ਨੇ ਉਨ੍ਹਾਂ ਨੂੰ 5 ਕਰੋੜ 'ਚ ਖਰੀਦਿਆ। ਦੂਜੇ ਪਾਸੇ ਯੁਵਰਾਜ ਸਿੰਘ ਦਾ ਬੇਸ ਪ੍ਰਾਈਜ਼ ਇੱਕ ਕਰੋੜ ਸੀ ਅਤੇ ਉਹ ਵਿਕੇ ਤੱਕ ਨਹੀਂ।

ਵਰੁਣ ਚਕਰਵਰਤੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 8.4 ਕਰੋੜ ਰੁਪਏ 'ਚ ਖਰੀਦਿਆ।

ਪਟਿਆਲਾ ਦੇ ਪ੍ਰਭਸਿਮਰਨ ਸਿੰਘ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 4.8 ਕਰੋੜ ਰੁਪਏ 'ਚ ਖਰੀਦਿਆ।

ਖੇਡ ਪੱਤਰਕਾਰ ਪ੍ਰਦੀਪ ਮੈਗਜ਼ੀਨ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਆਈਪੀਐੱਲ 2019 ਨਿਲਾਮੀ 'ਚ ਨੌਜਵਾਨ ਕ੍ਰਿਕਟਰਾਂ ਦੀ ਵੱਡੀ ਕੀਮਤ ਲੱਗਣ, ਇਨ੍ਹਾਂ ਦੀ ਖ਼ਾਸੀਅਤ ਅਤੇ ਹੋਰਨਾਂ ਪਹਿਲੂਆਂ 'ਤੇ ਵਿਚਾਰ ਰੱਖੇ...

ਸਵਾਲ - ਨਵੇਂ ਖਿਡਾਰੀਆਂ ਦੀ ਨਿਲਾਮੀ ਕਰੋੜਾਂ 'ਚ ਹੋਣ ਦੀ ਕੀ ਵਜ੍ਹਾ ਹੈ?

ਜਵਾਬ - ਕਈ ਗੱਲਾਂ ਹਨ, ਕੁਝ ਲੋਕ ਕਹਿੰਦੇ ਹਨ ਕਿ ਇਹ ਲਾਟਰੀ ਸਿਸਟਮ ਹੈ...ਕੁਝ ਕਹਿੰਦੇ ਹਨ ਕਿ ਟੀਮ ਕੋਲ ਪੈਸੇ ਹਨ, ਉਨ੍ਹਾਂ ਨੇ ਖਿਡਾਰੀਆਂ ਨੂੰ ਖਰੀਦਣਾ ਹੈ ਤੇ ਪੈਸੇ ਖਰਚ ਕਰਨੇ ਹਨ। ਇਸ ਤਰ੍ਹਾਂ ਖਿਡਾਰੀਆਂ ਦੀ ਕਿਸਮਤ ਖੁੱਲ੍ਹ ਜਾਂਦੀ ਹੈ।

ਸਭ ਤੋਂ ਪਹਿਲਾਂ ਇਨ੍ਹਾਂ ਟੀਮਾਂ ਨੂੰ ਲਗਦਾ ਹੈ ਕਿ ਖਿਡਾਰੀਆਂ 'ਚ ਹੁਨਰ ਹੈ। ਕਾਫ਼ੀ ਲੋਕਾਂ ਨੂੰ ਪਤਾ ਹੀ ਨਹੀਂ ਕਿ ਇਹ ਕਿੰਨੇ ਚੰਗੇ ਹਨ ਅਤੇ ਕਿੰਨੇ ਨਹੀਂ।

ਕੁਝ ਖਿਡਾਰੀ ਜੂਨੀਅਰ ਲੈਵਲ 'ਤੇ ਮੈਚਾਂ 'ਚ 4-6 ਛੱਕੇ ਲਗਾ ਲੈਂਦੇ ਹਨ ਤੇ ਮਕਬੂਲ ਹੋ ਜਾਂਦੇ ਹਨ। ਚੰਗੀ ਗੱਲ ਹੈ ਕਿ ਇਹ ਕਿਸਮਤ ਲੈ ਕੇ ਆਏ ਹਨ ਤੇ ਇਹ ਆਪਣੇ ਹੁਨਰ ਨਾਲ ਸਾਬਿਤ ਕਰਨਗੇ ਕਿ ਇਹ ਲਾਟਰੀ ਨਹੀਂ ਸੀ ਉਨ੍ਹਾਂ ਕੋਲ ਹੁਨਰ ਵੀ ਹੈ।

ਸਵਾਲ - ਕਰੋੜਾਂ ਦੀ ਕੀਮਤ ਵਾਲੇ ਪ੍ਰਭਸਿਮਰਨ ਸਿੰਘ, ਵਰੁਣ ਚੱਕਰਵਰਤੀ ਅਤੇ ਸ਼ਿਵਮ ਦੂਬੇ ਵਰਗੇ ਖਿਡਾਰੀ ਹੋਰ ਖਿਡਾਰੀਆਂ ਨਾਲੋਂ ਕਿਵੇਂ ਵੱਖਰੇ ਹਨ?

ਜਵਾਬ - ਦਰਅਸਲ ਖ਼ਾਸੀਅਤ ਇਹ ਹੈ ਕਿ ਭਾਰਤ 'ਚ ਆਈਪੀਐੱਲ ਹੋ ਰਿਹਾ ਹੈ, ਇੱਥੇ ਕ੍ਰਿਕਟ ਬਹੁਤ ਮਸ਼ਹੂਰ ਖੇਡ ਹੈ। IPL 'ਚ ਵੱਡੇ-ਵੱਡੇ ਕਾਰੋਬਾਰੀ ਪੈਸੇ ਲਗਾ ਰਹੇ ਹਨ। ਇਹ ਖਿਡਾਰੀ ਉਸ ਖੇਡ ਦਾ ਹਿੱਸਾ ਹਨ ਜਿਸ 'ਚ ਭਾਰਤ ਦੇ ਕਈ ਖਿਡਾਰੀਆਂ ਦੀ ਕਿਸਮਤ ਜਗਾ ਦਿੱਤੀ ਹੈ।

ਕਰੋੜਾਂ ਰੁਪਏ ਛੋਟੀ ਉਮਰ ਵਿੱਚ ਹੀ ਦੋ ਮਹੀਨੇ ਦੀ ਕ੍ਰਿਕਟ ਲਈ ਹੱਥ 'ਚ ਆ ਜਾਣਾ, ਵੱਡੇ-ਵੱਡੇ ਲੋਕਾਂ ਲਈ ਸਾਰੀ ਉਮਰ ਇਹ ਉਪਲਬਧੀ ਹਾਸਿਲ ਕਰਨਾ ਮੁਮਕਿਨ ਨਹੀਂ ਹੁੰਦਾ।

ਐਨੇਂ ਪੈਸੇ ਆਉਣ ਤੋਂ ਬਾਅਦ ਖਿਡਾਰੀਆਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਇਸ ਦੀ ਵਰਤੋਂ ਸਹੀ ਤਰੀਕੇ ਨਾਲ ਹੋਵੇ, ਇਨ੍ਹਾਂ ਦੀ ਕਾਊਂਸਲਿੰਗ ਸਹੀ ਤਰੀਕੇ ਨਾਲ ਹੋਵੇ ਅਤੇ ਦਿਮਾਗ ਨੂੰ ਜ਼ਮੀਨ 'ਤੇ ਰੱਖਣਾ ਲਾਜ਼ਮੀ ਹੋਵੇ। ਜ਼ਿੰਦਗੀ 'ਚ ਅਨੁਸ਼ਾਸਨ ਨਾਲ ਹੀ ਚੰਗਾ ਖਿਡਾਰੀ ਬਣਿਆ ਜਾ ਸਕਦਾ ਹੈ।

ਸਵਾਲ - ਨਵੇਂ ਖਿਡਾਰੀਆਂ ਦੀ ਕੀਮਤ ਵੱਡੀ ਪਰ ਪੁਰਾਣੇ ਸਟਾਰ ਖਿਡਾਰੀਆਂ ਦੀ ਕੀਮਤ ਘੱਟ ਕਿਉਂ?

ਜਵਾਬ - ਜ਼ਿੰਦਗੀ ਦੇ ਨਾਲ-ਨਾਲ ਖੇਡਾਂ ਵਿੱਚ ਵੀ ਹਰ ਇੱਕ ਦਾ ਸਮਾਂ ਹੁੰਦਾ ਹੈ। ਖਿਡਾਰੀਆਂ ਦਾ ਸਮਾਂ ਥੋੜ੍ਹਾ ਘੱਟ ਹੁੰਦਾ ਹੈ, 18 ਸਾਲ ਤੋਂ ਇਨ੍ਹਾਂ ਦੀ ਚੜ੍ਹਾਈ ਸ਼ੁਰੂ ਹੁੰਦੀ ਹੈ ਅਤੇ 30-35 ਸਾਲ ਤੱਕ ਜਾ ਕੇ ਗਿਰਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ।

ਯੁਵਰਾਜ ਸਿੰਘ, ਮਹਿੰਦਰ ਸਿੰਘ ਧੋਨੀ, ਸੌਰਵ ਗਾਂਗੁਲੀ ਜਾਂ ਸਚਿਨ ਤੇਂਦੂਲਕਰ ਕਿਉਂ ਨਾ ਹੋਣ, ਇੱਕ ਸਮੇਂ ਇਨ੍ਹਾਂ ਦੀ ਵੀ ਚੜ੍ਹਾਈ ਹੁੰਦੀ ਸੀ ਪਰ ਹੁਣ ਇਹ ਕ੍ਰਿਕਟ ਤੋਂ ਰਿਟਾਇਰਮੈਂਟ ਲੈ ਚੁੱਕੇ ਹਨ।

ਇਹ ਲੋਕ ਵੀ ਆਈਪੀਐੱਲ ਖੇਡਣਾ ਚਾਹੁੰਦੇ ਹਨ ਪਰ ਇਨ੍ਹਾਂ ਦੀ ਕੀਮਤ ਘੱਟ ਚੁੱਕੀ ਹੈ। ਸੋ ਕ੍ਰਿਕਟ ਦੀ ਜ਼ਿੰਦਗੀ ਇਸ ਤਰ੍ਹਾਂ ਹੀ ਹੈ।

ਪ੍ਰਭਸਿਮਰਨ ਦੇ ਅਭਿਆਸ ਲਈ ਪਿਤਾ ਨੇ ਕੀਤੀ ਸੀ ਗੇਂਦਬਾਜ਼ੀ

ਕ੍ਰਿਕਇਨਫੋ ਡਾਟ ਕਾਮ ਮੁਤਾਬਕ ਇਸ ਸਾਲ ਜੂਨ ਮਹੀਨੇ 'ਚ ਪ੍ਰਭਸਿਮਰਨ ਸਿੰਘ ਇਸ ਗੱਲ ਕਾਰਨ ਨਿਰਾਸ਼ ਸਨ ਕਿ ਉਨ੍ਹਾਂ ਨੂੰ ਅੰਡਰ-19 ਲਈ ਨਹੀਂ ਚੁਣਿਆ ਗਿਆ। ਉਨ੍ਹਾਂ ਨੇ ਆਪਣਾ ਗੁੱਸਾ ਅੰਡਰ-23 ਇੰਟਰ-ਡਿਸਟ੍ਰਿਕਟ ਵਿੱਚ ਅੰਮ੍ਰਿਤਸਰ ਖ਼ਿਲਾਫ਼ 301 ਗੇਂਦਾਂ 'ਚ 298 ਦੌੜਾਂ ਬਣਾ ਕੇ ਉਤਾਰਿਆ ਸੀ।

ਅਗਲੇ ਹੀ ਮਹੀਨੇ ਉਨ੍ਹਾਂ ਨੂੰ ਐਨਸੀਏ ਕੈਂਪ ਲਈ ਸੱਦਿਆ ਗਿਆ ਅਤੇ ਉਸ ਤੋਂ ਬਾਅਦ ਅੰਡਰ-19 ਟੀਮ ਲਈ ਬਤੌਰ ਕਪਤਾਨ ਨਾਮ ਆਇਆ ਜਿਸ ਤੋਂ ਬਾਅਦ ਏਸ਼ੀਆ ਕੱਪ ਲਈ ਬੰਗਲਾਦੇਸ਼ ਵੱਲ ਰੁਖ ਕੀਤਾ।

ਸਤੰਬਰ ਮਹੀਨੇ ਵਿੱਚ ਪ੍ਰਭਸਿਮਰਨ ਸਿੰਘ ਨੂੰ ਕਿੰਗਜ਼ ਇਲੈਵਨ ਪੰਜਾਬ ਟ੍ਰਾਇਲ ਲਈ ਬੱਲੇਬਾਜ਼ੀ ਕਰਨ ਨੂੰ ਕਿਹਾ ਗਿਆ।

ਇਸ ਦੌਰਾਨ ਉਨ੍ਹਾਂ ਪ੍ਰਦਰਸ਼ਨ ਦਿਖਾਇਆ ਅਤੇ ਕਿਹਾ, ''ਉਸ ਸਮੇਂ ਮੈਂ ਸੋਚਿਆ ਕਿ ਮੈਂ ਆਪਣਾ ਚੰਗਾ ਪ੍ਰਦਰਸ਼ਨ ਦਿਖਾਇਆ ਹੈ, ਜੇ ਮੇਰੀ ਚੋਣ ਹੋਈ ਤਾਂ ਚੰਗਾ ਹੈ, ਜੇ ਮੈਂ ਨਹੀਂ ਚੁਣਿਆ ਗਿਆ ਤਾਂ ਹੋਰ ਸਖ਼ਤ ਮਿਹਨਤ ਕਰਾਂਗਾ।''

ਪਟਿਆਲਾ ਦੇ ਇੱਕ ਸਾਂਝੇ ਪਰਿਵਾਰ 'ਚ ਵੱਡੇ ਹੋਏ ਪ੍ਰਭਸਿਮਰਨ ਸਿੰਘ ਤੇ ਉਨ੍ਹਾਂ ਦੇ ਭਰਾ ਅਨਮੋਲਪ੍ਰੀਤ ਦੋਵੇਂ ਹੀ ਬੱਲੇਬਾਜ਼ ਸਨ ਅਤੇ ਦੋਵਾਂ ਨੂੰ ਗੇਂਦਬਾਜ਼ੀ ਲਈ ਕੋਈ ਨਾ ਕੋਈ ਚਾਹੀਦਾ ਸੀ। ਇਸ ਦੌਰਾਨ ਦੋਵਾਂ ਦੇ ਪਿਤਾ ਅਭਿਆਸ ਕਰਵਾਉਣ ਲਈ 'ਗੇਂਦਬਾਜ਼' ਬਣੇ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)