ਆਈਐੱਸ ਨੂੰ ਹਰਾਇਆ, ਹੁਣ ਸੀਰੀਆ ਤੋਂ ਹੋਵੇਗੀ ਫੌਜ ਦੀ ਵਾਪਸੀ - ਟਰੰਪ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਐਲਾਨ ਕਰ ਦਿੱਤਾ ਹੈ ਕਿ ਸੀਰੀਆ ਵਿੱਚ ਆਈਐੱਸ ਨੂੰ ਹਰਾ ਦਿੱਤਾ ਗਿਆ ਹੈ ਤੇ ਸੀਰੀਆ ਵਿੱਚ ਅਮਰੀਕੀ ਫੌਜ ਰੱਖਣ ਦਾ ਮਕਸਦ ਪੂਰਾ ਹੋ ਗਿਆ ਹੈ।

ਅਮਰੀਕੀ ਅਫਸਰਾਂ ਅਨੁਸਾਰ ਸੀਰੀਆ ਵਿੱਚ ਮੌਜੂਦ 2000 ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਉਨ੍ਹਾਂ ਅਨੁਸਾਰ ਇਹ ਕੰਮ ਅਗਲੇ 100 ਦਿਨਾਂ ਵਿੱਚ ਪੂਰਾ ਕਰ ਲਿਆ ਜਾਵੇਗਾ।

ਅਮਰੀਕਾ ਦੇ ਗ੍ਰਹਿ ਮੰਤਰਾਲੇ ਨੇ ਸਾਫ ਕੀਤਾ ਹੈ ਉਨ੍ਹਾਂ ਦੇ ਅਫ਼ਸਰ ਅਗਲੇ 24 ਘੰਟਿਆਂ ਵਿੱਚ ਸੀਰੀਆ ਨੂੰ ਛੱਡ ਦੇਣਗੇ। ਜ਼ਿਆਦਾਤਰ ਅਮਰੀਕੀ ਫੌਜਾਂ ਉੱਤਰ-ਪੂਰਬੀ ਸੀਰੀਆ ਵਿੱਚ ਤਾਇਨਾਤ ਹਨ।

ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਅਮਰੀਕੀ ਫੌਜ ਦੇ ਅਧਿਕਾਰੀ ਚਾਹੁੰਦੇ ਹਨ ਕਿ ਸੀਰੀਆ ਨੂੰ ਨਾ ਛੱਡਿਆ ਜਾਵੇ ਤਾਂ ਜੋ ਅੱਤਵਾਦੀ ਗਰੁੱਪ ਕਿਤੇ ਮੁੜ ਤਾਕਤਵਰ ਨਾ ਹੋ ਜਾਣ।

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਸ ਸਾਲ ਮਾਰਚ ਵਿੱਚ ਕਿਹਾ ਸੀ ਜਲਦ ਹੀ ਅਮਰੀਕੀ ਫੌਜ ਸੀਰੀਆ ਤੋਂ ਹਟਾ ਲਈ ਜਾਵੇਗੀ।

ਹਾਲਾਂਕਿ ਅਜੇ ਪੂਰੇ ਤਰੀਕੇ ਨਾਲ ਅੱਤਵਾਦੀ ਗਰੁੱਪਾਂ ਦਾ ਖਾਤਮਾ ਨਹੀਂ ਹੋਇਆ ਹੈ। ਹਾਲ ਵਿੱਚ ਜਾਰੀ ਇੱਕ ਅਮਰੀਕੀ ਰਿਪੋਰਟ ਵਿੱਚ ਸੀਰੀਆ ਵਿਚਾਲੇ 14,000 ਆਈਐੱਸ ਦੇ ਅੱਤਵਾਦੀ ਹੋਣ ਦਾ ਦਾਅਵਾ ਕੀਤਾ ਗਿਆ ਸੀ। ਗੁਆਂਢੀ ਦੇਸ ਈਰਾਕ ਵਿੱਚ ਇਸ ਤੋਂ ਵੱਧ ਗਿਣਤੀ ਵਿੱਚ ਅੱਤਵਾਦੀ ਮੌਜੂਦ ਹਨ।

ਬੀਤੇ ਹਫ਼ਤੇ ਤੁਰਕੀ ਨੇ ਚੇਤਾਵਨੀ ਦਿੱਤੀ ਸੀ ਕਿ ਉਹ ਸੀਰੀਆ ਵਿੱਚ ਅਮਰੀਕਾ ਹਮਾਇਤੀ ਕੁਰਦ ਲੜਾਕਿਆਂ ਖਿਲਾਫ਼ ਕੁਝ ਦਿਨਾਂ ਵਿੱਚ ਹਮਲੇ ਦੀ ਤਿਆਰੀ ਕਰ ਰਹੇ ਹਨ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)